ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ 75ਵਾਂ ਜਨਮ ਦਿਹਾੜਾ ਧੂੰਮਧਾਮ ਨਾਲ ਮਨਾਉਣ ਲਈ ਧੰਨਵਾਦ : ਮਾਨ
ਫ਼ਤਹਿਗੜ੍ਹ ਸਾਹਿਬ, 12 ਫਰਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦਾ ਜਨਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਜੀ ਦੀ ਕੌਮੀ ਆਜ਼ਾਦੀ ਦੀ ਪ੍ਰਾਪਤੀ ਦੇ ਮਿਸ਼ਨ ਨੂੰ ਲੈਕੇ ਹੋਇਆ ਸੀ । ਇਸ ਲਈ ਹੀ ਸਾਡੀ ਪਾਰਟੀ ਬੀਤੇ ਲੰਮੇ ਸਮੇ ਤੋ ਹਰ ਸਾਲ ਫ਼ਤਹਿਗੜ੍ਹ ਸਾਹਿਬ ਵਿਖੇ ਉਨ੍ਹਾਂ ਦੇ ਜਨਮ ਦਿਹਾੜੇ ਦੇ ਸਮਾਗਮ ਉਤੇ ਇਕੱਤਰ ਹੋ ਕੇ ਉਨ੍ਹਾਂ ਨੂੰ ਯਾਦ ਵੀ ਕਰਦੀ ਹੈ ਅਤੇ ਉਨ੍ਹਾਂ ਵੱਲੋ ਪਾਏ ਮਨੁੱਖਤਾ ਪੱਖੀ ਪੂਰਨਿਆ ਤੇ ਚੱਲਣ ਲਈ ਆਪਣੇ ਦ੍ਰਿੜ ਵਿਸ਼ਵਾਸ ਨੂੰ ਪੱਕਾ ਵੀ ਕਰਦੀ ਹੈ । ਪਰ ਇਸ ਵਾਰੀ ਸਮੁੱਚੀ ਪਾਰਟੀ ਮੈਬਰਾਂ ਵੱਲੋ ਵਿਧਾਨ ਸਭਾ ਪੰਜਾਬ ਦੀਆਂ ਚੋਣਾਂ ਵਿਚ ਰੁਝੇ ਹੋਣ ਦੇ ਕਾਰਨ ਪਾਰਟੀ ਨੇ ਬਹੁਤ ਪਹਿਲੇ ਇਹ ਸੁਨੇਹਾ ਦੇ ਦਿੱਤਾ ਸੀ ਕਿ ਇਸ ਵਾਰੀ ਇਹ ਜਨਮ ਦਿਹਾੜਾ ਬਰਗਾੜੀ ਵਿਖੇ ਮਨਾਉਣ ਦੇ ਨਾਲ-ਨਾਲ ਬਾਕੀ ਸਭ ਪਾਰਟੀ ਮੈਬਰ ਅਤੇ ਸਿੱਖ ਕੌਮ ਆਪੋ-ਆਪਣੇ ਪਿੰਡਾਂ, ਸ਼ਹਿਰਾਂ ਦੇ ਗੁਰੂਘਰਾਂ ਵਿਚ ਅਰਦਾਸ ਕਰਦੇ ਹੋਏ ਮਨਾਏਗੀ । ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਮੁੱਚੀ ਸਿੱਖ ਕੌਮ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਤੇ ਮੈਬਰਾਂ ਅਤੇ ਪੰਜਾਬੀਆ ਨੇ ਜਿਸ ਆਨ-ਸਾਨ ਨਾਲ ਆਪੋ-ਆਪਣੇ ਗੁਰੂਘਰਾਂ ਵਿਚ ਇਸ ਜਨਮ ਦਿਹਾੜੇ ਨੂੰ ਮਨਾਉਦੇ ਹੋਏ ਜਿ਼ੰਮੇਵਾਰੀਆ ਨਿਭਾਈਆ ਹਨ ਅਤੇ ਉਨ੍ਹਾਂ ਦੀ ਆਜਾਦੀ ਦੀ ਸੋਚ ਉਤੇ ਦ੍ਰਿੜ ਰਹਿਣ ਦਾ ਪ੍ਰਣ ਕੀਤਾ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਮੁੱਚੇ ਪੰਜਾਬੀਆ, ਸਿੱਖ ਕੌਮ ਅਤੇ ਪਾਰਟੀ ਅਹੁਦੇਦਾਰਾਂ ਤੇ ਮੈਬਰਾਂ ਦਾ ਧੰਨਵਾਦ ਕਰਦੀ ਹੈ ।”
ਇਹ ਧੰਨਵਾਦ ਅੱਜ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਲਈ ਬਿਆਨ ਜਾਰੀ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ, ਜਰਨੈਲ ਸ਼ਾਮ ਸਿੰਘ ਅਟਾਰੀਵਾਲੇ, ਬਾਬਾ ਬਘੇਲ ਸਿੰਘ, ਸ਼ਹੀਦ ਬਾਬਾ ਦੀਪ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੂਵਾਲੀਆ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਕੌਮ ਦੇ ਮਹਾਨ ਨਾਇਕ ਹੋਏ ਹਨ । ਅਜਿਹੀਆ ਸਖਸ਼ੀਅਤਾਂ ਅਤੇ ਆਤਮਾਵਾ ਨੂੰ ਜਿਹੜੀਆ ਕੌਮਾਂ ਯਾਦ ਰੱਖਦੀਆ ਹੋਈਆ ਦਿਨ ਮਨਾਉਦੀਆ ਹਨ, ਉਨ੍ਹਾਂ ਕੌਮਾਂ ਨੂੰ ਆਪਣੀ ਮੰਜਿਲ ਉਤੇ ਪਹੁੰਚਣ ਤੋ ਦੁਨੀਆ ਦੀ ਕੋਈ ਵੀ ਤਾਕਤ ਨਹੀ ਰੋਕ ਸਕਦੀ । ਭਾਵੇਕਿ ਇਥੋ ਦੇ ਹੁਕਮਰਾਨਾਂ ਦੀਆਂ ਡੂੰਘੀਆ ਸਾਜਿਸਾਂ ਅਤੇ ਜ਼ਬਰ-ਜੁਲਮਾਂ ਦੀ ਬਦੌਲਤ ਖ਼ਾਲਸਾ ਪੰਥ ਤੇ ਸਿੱਖ ਕੌਮ ਦੀ ਮੰਜਿਲ ਪ੍ਰਾਪਤੀ ਦਾ ਸਮਾਂ ਕੁਝ ਲੰਮਾਂ ਹੋ ਗਿਆ ਹੈ, ਪਰ ਸਾਡਾ ਇਤਿਹਾਸ ਹੀ ਐਨਾ ਫਖ਼ਰ ਵਾਲਾ ਅਤੇ ਸਾਨੂੰ ਸਹੀ ਦਿਸ਼ਾ ਵੱਲ ਅਗਵਾਈ ਦੇਣ ਵਾਲਾ ਹੈ ਕਿ ਅਜਿਹੀਆ ਰੁਕਾਵਟਾਂ ਜਾਂ ਜ਼ਬਰ-ਜੁਲਮ ਸਾਨੂੰ ਆਪਣੇ ਰਾਹਾਂ ਤੋ ਕਦੀ ਨਹੀਂ ਮੋੜ ਸਕਦੇ । ਸਾਡੀ ਮੰਜਿ਼ਲ ਪ੍ਰਾਪਤੀ ਦੇ ਵੱਖ-ਵੱਖ ਪੜਾਅ ਤਾਂ ਹੋ ਸਕਦੇ ਹਨ, ਲੇਕਿਨ ਇਹ ਠਹਿਰਾਅ ਨਹੀਂ ਹੋ ਸਕਦੇ । ਸੋ ਜਿਨ੍ਹਾਂ ਸਿੱਖਾਂ ਤੇ ਪੰਜਾਬੀਆਂ ਨੇ ਅੱਜ ਦੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਆਪੋ-ਆਪਣੇ ਗੁਰੂਘਰਾਂ ਵਿਚ ਅਰਦਾਸਾਂ ਕੀਤੀਆ ਹਨ। ਇਹ ਅਰਦਾਸਾਂ ਕੌਮ ਨੂੰ ਅਵੱਸ ਮੰਜਿਲ ਤੇ ਪਹੁੰਚਾਉਣਗੀਆ । ਇਹ ਚੋਣਾਂ ਦੀ ਲੜਾਈ ਵੀ ਸਾਡੀ ਮੰਜਿ਼ਲ ਪ੍ਰਾਪਤੀ ਦੇ ਪੜਾਅ ਅਤੇ ਠਹਿਰਾਅ ਹਨ । ਹੁਕਮਰਾਨਾਂ ਦੇ ਜ਼ਬਰ-ਜੁਲਮ ਜਾਂ ਬੇਇਨਸਾਫ਼ੀਆਂ ਜਾਂ ਸਾਜਿਸਾਂ ਸਾਡੇ ਰਾਹ ਵਿਚ ਰੁਕਾਵਟਾਂ ਨਹੀਂ ਬਣ ਸਕਦੀਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅਜਿਹਾ ਰਾਜ ਭਾਗ ਦੇਣ ਲਈ ਜਮਹੂਰੀਅਤ ਢੰਗ ਨਾਲ ਸੰਘਰਸ਼ ਕਰ ਰਹੀ ਹੈ । ਜਿਸ ਵਿਚ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਨਾਲ ਕੋਈ ਬੇਇਨਸਾਫ਼ੀ ਨਹੀਂ ਹੋ ਸਕੇਗੀ, ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਹਾਸਿਲ ਹੋਣਗੇ । ਕਾਨੂੰਨ ਸਭ ਲਈ ਬਰਾਬਰ ਹੋਵੇਗਾ । ਇਨਸਾਫ਼ ਦਾ ਰਾਜ ਹੋਵੇਗਾ, ਹਰ ਧੀ-ਭੈਣ ਦੀ ਦਿਨ-ਰਾਤ ਦੀ ਸੁਰੱਖਿਆ ਦੀ ਜਿ਼ੰਮੇਵਾਰੀ ਸਾਡੀ ਹਲੀਮੀ ਰਾਜ ਦੀ ਸਰਕਾਰ ਦੀ ਹੋਵੇਗੀ । ਇਸ ਲਈ ਉਸ ਮੰਜਿਲ ਤੇ ਪਹੁੰਚਣ ਲਈ 20 ਫਰਵਰੀ ਨੂੰ ਹੋ ਰਹੀਆ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਾਡੀ ਪਾਰਟੀ ਵੱਲੋ ਖੜ੍ਹੇ ਕੀਤੇ ਗਏ 93 ਉਮੀਦਵਾਰਾਂ ਨੂੰ ਸਾਨ ਨਾਲ ਜਿਤਾਕੇ ਪੰਜਾਬ ਅਸੈਬਲੀ ਵਿਚ ਭੇਜਿਆ ਜਾਵੇ, ਅਗਲੀ ਜਿ਼ੰਮੇਵਾਰੀ ਪੂਰਨ ਕਰਨਾ ਸਾਡੀ ਇਖਲਾਕੀ ਜਿ਼ੰਮੇਵਾਰੀ ਹੋਵੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਨਿਵਾਸੀ ਇਹ ਜਿ਼ੰਮੇਵਾਰੀ ਪੂਰੀ ਸੰਜ਼ੀਦਗੀ ਤੇ ਦ੍ਰਿੜਤਾ ਨਾਲ ਪੂਰਨ ਕਰਕੇ ਪੰਜਾਬੀਆਂ ਦੀ ਆਪਣੀ ਪੰਥਕ ਸਰਕਾਰ ਕਾਇਮ ਕਰਨ ਵਿਚ ਯੋਗਦਾਨ ਪਾਉਣਗੇ।