ਸਾਡੀ ਸਰਕਾਰ ਬਣਨ ਉਤੇ ਮੰਨੂਵਾਦੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਜ਼ਾਵਾਂ ਦਿੱਤੀਆ ਜਾਣਗੀਆਂ, ਮੰਨੂਵਾਦੀ ਸੋਚ ਨੂੰ ਪਣਪਨ ਨਹੀ ਦਿੱਤਾ ਜਾਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ ( ) “ਜੋ ਸਿਆਸਤਦਾਨ ਬੀਜੇਪੀ-ਆਰ.ਐਸ.ਐਸ ਜਾਂ ਹੋਰ ਜਮਾਤਾਂ ਤੋਂ ਮੰਨੂਵਾਦੀ ਸੋਚ ਅਧੀਨ ਬਿਆਨਬਾਜੀ ਕਰਦੇ ਹਨ ਜਾਂ ਅਮਲ ਕਰਦੇ ਹਨ, ਸਾਡੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਰਕਾਰ ਹੋਂਦ ਵਿਚ ਆਉਣ ਤੇ ਇਨ੍ਹਾਂ ਸਭ ਮਨੁੱਖਤਾ ਵਿਰੋਧੀ ਕਾਰਵਾਈਆ ਕਰਨ ਵਾਲਿਆ ਵਿਰੁੱਧ ਕੇਵਲ ਸਖਤੀ ਨਾਲ ਹੀ ਪੇਸ਼ ਨਹੀ ਆਇਆ ਜਾਵੇਗਾ ਬਲਕਿ ਇਨ੍ਹਾਂ ਨੂੰ ਕਾਨੂੰਨ ਅਨੁਸਾਰ ਸਖਤ ਤੋ ਸਖਤ ਸਜਾਵਾਂ ਵੀ ਦਿੱਤੀਆ ਜਾਣਗੀਆ । ਕਿਉਂਕਿ ਇਹ ਲੋਕ ਜਾਤ-ਪਾਤ ਦੀ ਸਮਾਜ ਵਿਰੋਧੀ ਅਤੇ ਕਾਨੂੰਨ ਵਿਰੋਧੀ ਗੱਲ ਨੂੰ ਉਛਾਲਕੇ ਵੱਖ-ਵੱਖ ਫਿਰਕਿਆ, ਕੌਮਾਂ, ਧਰਮਾਂ, ਕਬੀਲਿਆ ਵਿਚ ਨਫ਼ਰਤ ਪੈਦਾ ਕਰਕੇ ਇਥੇ ਸਾਜਸੀ ਢੰਗ ਨਾਲ ਮਨੁੱਖਤਾ ਦਾ ਕਤਲੇਆਮ ਹੀ ਨਹੀ ਕਰਵਾ ਰਹੇ ਬਲਕਿ ਅਜਿਹੀਆ ਕਾਰਵਾਈਆ ਅਧੀਨ ਇਥੋ ਦੇ ਨਿਵਾਸੀਆ ਵਿਚ ਡੂੰਘੀ ਨਫਰਤ ਭਰੀ ਲਕੀਰ ਖਿੱਚਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਵੰਡੀਆ ਪਾਉਣ ਵਿਚ ਮਸਰੂਫ ਹਨ । ਜੋ ਮਨੁੱਖੀ ਅਧਿਕਾਰਾਂ ਤੇ ਇੰਡੀਅਨ ਵਿਧਾਨ ਦੀ ਘੋਰ ਉਲੰਘਣਾ ਕਰ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੱਟੜਵਾਦੀ ਮੰਨੂਵਾਦੀ ਸੋਚ ਉਤੇ ਅਮਲ ਕਰਕੇ ਬੀਜੇਪੀ-ਆਰ.ਐਸ.ਐਸ ਜਾਂ ਹੋਰ ਫਿਰਕੂ ਸੰਗਠਨਾਂ ਨਾਲ ਸੰਬੰਧਤ ਆਗੂਆਂ ਤੇ ਕਾਰਕੁੰਨਾ ਵੱਲੋ ਕੀਤੀਆ ਜਾ ਰਹੀਆ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਕਾਰਵਾਈਆ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਰਕਾਰ ਬਣਨ ਉਤੇ ਸਖਤ ਅਮਲ ਕਰਨ ਲਈ ਇਨ੍ਹਾਂ ਨੂੰ ਖਬਰਦਾਰ ਕਰਦੇ ਹੋਏ ਅਤੇ ਸਖਤ ਸਜਾਵਾਂ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਲੋਕ ਜੋ ਖੁਦ ਹੀ ਇੰਡੀਅਨ ਵਿਧਾਨ ਦੀ ਗੱਲ ਕਰਦੇ ਹਨ, ਇਹ ਉਸ ਵਿਚ ਦਰਜ ਨਿਯਮਾਂਵਾਲੀ, ਧਰਾਵਾਂ ਦੀ ਉਲੰਘਣਾ ਕਰਕੇ ਆਪਣੇ ਹੀ ਵਿਧਾਨ ਅਤੇ ਕਾਨੂੰਨ ਦਾ ਮਜਾਕ ਬਣਾ ਰਹੇ ਹਨ । ਇਥੇ ਤਾਨਾਸਾਹੀ ਫਿਰਕੂ ਸੋਚ ਅਧੀਨ ਅਜਿਹਾ ਮਾਹੌਲ ਪੈਦਾ ਕਰ ਰਹੇ ਹਨ ਜਿਸ ਨਾਲ ਘੱਟ ਗਿਣਤੀ ਕੌਮਾਂ ਵਿਰੁੱਧ ਬਹੁਗਿਣਤੀ ਵਿਚ ਵੱਡੀ ਨਫਰਤ ਖੜ੍ਹੀ ਹੋ ਜਾਵੇ ਅਤੇ ਫਿਰ ਉਸ ਬਹੁਗਿਣਤੀ ਨੂੰ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਅਧੀਨ ਦੁਰਵਰਤੋ ਕਰਦੇ ਰਹਿਣ । ਜੋ ਹੁਣ ਮਨਮਾਨੀਆ ਕਰਦੇ ਹੋਏ ਘੱਟ ਗਿਣਤੀਆਂ ਨੂੰ ਅਤੇ ਰੰਘਰੇਟਿਆ ਨੂੰ ਨਿਸ਼ਾਨਾਂ ਬਣਾਇਆ ਹੋਇਆ ਹੈ, ਉਹ ਅਸੀ ਆਪਣਾ ਰਾਜ ਭਾਗ ਆਉਣ ਤੇ ਇਨ੍ਹਾਂ ਸਭ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਵੀ ਦਿਵਾਵਾਂਗੇ ਅਤੇ ਮੰਨੂਵਾਦੀ ਸੋਚ ਨੂੰ ਇਥੇ ਬਿਲਕੁਲ ਵੀ ਪਣਪਨ ਨਹੀ ਦਿੱਤਾ ਜਾਵੇਗਾ । ਸ. ਮਾਨ ਨੇ ਸਮੁੱਚੀਆਂ ਘੱਟ ਗਿਣਤੀ ਕੌਮਾਂ, ਰੰਘਰੇਟਿਆ, ਕਬੀਲਿਆ, ਆਦਿਵਾਸੀਆ ਆਦਿ ਜੋ ਬਹੁਗਿਣਤੀ ਹੁਕਮਰਾਨਾਂ ਦੇ ਜ਼ਬਰ ਜੁਲਮ ਦਾ ਸਿਕਾਰ ਹੁੰਦੇ ਆ ਰਹੇ ਹਨ, ਉਨ੍ਹਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਸ ਝੰਡੇ ਹੇਠ ਅਤੇ ਪਲੇਟਫਾਰਮ ਤੇ ਇਕੱਤਰ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ । ਜਿਸ ਅਧੀਨ ਇਥੇ ਸਭ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਦੇ ਮਾਣ-ਸਨਮਾਨ ਨੂੰ ਕਾਇਮ ਰੱਖਦੇ ਹੋਏ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੇ ਹੋਏ ‘ਹਲੀਮੀ ਰਾਜ’ ਕਾਇਮ ਕਰਨ ਦਾ ਮਿਸਨ ਹੈ, ਉਸਨੂੰ ਹਰ ਪੱਖੋ ਸਹਿਯੋਗ ਕਰਨ ਤੇ ਮੰਨੂਵਾਦੀਆ ਵਿਰੁੱਧ ਡੱਟਕੇ ਖਲੋਣ ਦੀ ਅਪੀਲ ਕੀਤੀ ।

Leave a Reply

Your email address will not be published. Required fields are marked *