ਬੇਮੌਸਮੀ ਹੋਈ ਬਾਰਿਸ ਨਾਲ ਕਣਕ ਦੀ ਫ਼ਸਲ ਦੇ ਹੋਏ ਵੱਡੇ ਨੁਕਸਾਨ ਦਾ ਸਰਕਾਰ ਫੌਰੀ ਸੈਟੇਲਾਇਟ ਰਾਹੀ ਗਰਦਾਵਰੀ ਕਰਵਾਕੇ ਮੁਆਵਜਾ ਦੇਵੇ : ਮਾਨ

ਫ਼ਤਹਿਗੜ੍ਹ ਸਾਹਿਬ, 08 ਅਪ੍ਰੈਲ ( ) “ਜਿੰਮੀਦਾਰਾਂ ਵੱਲੋਂ ਪੈਦਾ ਕੀਤੀ ਜਾਣ ਵਾਲੀ ਕਣਕ ਦੀ ਫ਼ਸਲ ਅਜੇ ਹਰੀ ਹੀ ਖੜ੍ਹੀ ਹੈ ਜਦੋਕਿ ਬੇਮੌਸਮੀ ਬਾਰਿਸ ਦਾ ਤੀਜੀ ਵਾਰ ਹੋਣ ਨਾਲ ਸਮੁੱਚੇ ਪੰਜਾਬ ਅਤੇ ਆਲੇ ਦੁਆਲੇ ਦੇ ਇਲਾਕਿਆ ਵਿਚ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਡਿੱਗ ਗਈ ਹੈ ਅਤੇ ਬਹੁਤ ਵੱਡਾ ਮਾਲੀ ਨੁਕਸਾਨ ਹੋਇਆ ਹੈ । ਉਸ ਨਾਲ ਕਿਸਾਨ ਵਰਗ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰ ਵੱਡੀ ਚਿੰਤਾ ਵਿਚ ਹਨ ਕਿ ਉਹ ਕਿਸ ਤਰ੍ਹਾਂ ਆਪਣਾ ਗੁਜਾਰਾ ਤੇ ਜੀਵਨ ਨਿਰਵਾਹ ਕਰਨਗੇ ? ਇਸ ਲਈ ਸਰਕਾਰ ਨੂੰ ਕਿਸਾਨ ਵਰਗ ਨਾਲ ਸੰਬੰਧਤ ਇਸ ਅਤਿ ਗੰਭੀਰ ਵਿਸੇ ਉਤੇ ਫੌਰੀ ਗੌਰ ਕਰਦੇ ਹੋਏ ਸੈਟੇਲਾਇਟ ਰਾਹੀ ਗਰਦਾਵਰੀਆਂ ਕਰਵਾਕੇ, ਨੁਕਸਾਨੀ ਗਈ ਕਣਕ ਦੀ ਫ਼ਸਲ ਦੇ ਕਾਸਤਕਾਰਾਂ ਤੇ ਜ਼ਮੀਨ ਦੇ ਮਾਲਕਾਂ ਨੂੰ ਬਣਦਾ ਮੁਆਵਜਾ ਜਿੰਨੀ ਜਲਦੀ ਹੋ ਸਕੇ ਉਨ੍ਹਾਂ ਦੇ ਹੱਥਾਂ ਵਿਚ ਪਹੁੰਚਦਾ ਕਰਨਾ ਚਾਹੀਦਾ ਹੈ । ਤਾਂ ਕਿ ਜਿੰਮੀਦਾਰ ਪਰਿਵਾਰਾਂ ਉਤੇ ਪਏ ਮਾਨਸਿਕ ਅਤੇ ਮਾਲੀ ਬੋਝ ਨੂੰ ਦੂਰ ਕਰਦੇ ਹੋਏ ਉਨ੍ਹਾਂ ਦੀ ਸਹਾਇਤਾ ਹੋ ਸਕੇ ਅਤੇ ਉਨ੍ਹਾਂ ਪਰਿਵਾਰਾਂ ਦੀ ਆਪਣੇ ਜੀਵਨ ਸੰਬੰਧੀ ਵੱਡੀ ਚਿੰਤਾ ਖਤਮ ਹੋ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫ਼ਤਹਿਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਮਲੇਰਕੋਟਲਾ ਆਦਿ ਜਿ਼ਲ੍ਹਿਆਂ ਦੇ ਇਲਾਕਿਆ ਵਿਚ ਕਣਕ ਦੀ ਫ਼ਸਲ ਡਿੱਗ ਜਾਣ ਕਾਰਨ ਵੱਡੇ ਪੱਧਰ ਤੇ ਜਿੰਮੀਦਾਰ ਵਰਗ ਲਈ ਪੈਦਾ ਹੋਈ ਚਿੰਤਾ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਫੌਰੀ ਸੈਟੇਲਾਇਟ ਰਾਹੀ ਗਰਦਾਵਰੀਆਂ ਦੀ ਪੜਤਾਲ ਕਰਦੇ ਹੋਏ ਘੱਟੋ-ਘੱਟ 12 ਹਜਾਰ ਪਰ ਏਕੜ ਦੇ ਹਿਸਾਬ ਨਾਲ ਪੀੜ੍ਹਤ ਜਿੰਮੀਦਾਰਾਂ ਨੂੰ ਮੁਆਵਜਾ ਦੇਣ ਸੰਬੰਧੀ ਇੰਡੀਆ ਦੇ ਖੇਤੀਬਾੜੀ ਵਜੀਰ ਸ੍ਰੀ ਨਰਿੰਦਰ ਸਿੰਘ ਤੋਮਰ ਨੂੰ ਲਿਖੇ ਗਏ ਇਕ ਗੰਭੀਰ ਪੱਤਰ ਵਿਚ ਮੰਗ ਕਰਦੇ ਹੋਏ ਕਿਸਾਨਾਂ ਦੇ ਖਾਤੇ ਵਿਚ ਸਿੱਧੇ ਤੌਰ ਤੇ ਪੈਸੇ ਪਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਰੂਸ ਤੇ ਯੂਕਰੇਨ ਦੀ ਚੱਲ ਰਹੀ ਲੜਾਈ ਦੀ ਬਦੌਲਤ ਸਮੁੱਚੇ ਸੰਸਾਰ ਵਿਚ ਕਣਕ, ਸੂਰਜਮੁੱਖੀ ਅਤੇ ਹੋਰ ਫ਼ਸਲਾਂ ਦੀ ਪੈਦਾਵਾਰ ਦੀ ਬੜੀ ਵੱਡੀ ਕਿੱਲਤ ਆ ਗਈ ਹੈ । ਇਨ੍ਹਾਂ ਦੋਵਾਂ ਮੁਲਕਾਂ ਵਿਚ ਇਹ ਫ਼ਸਲਾਂ ਅਕਸਰ ਅਗਸਤ ਵਿਚ ਬੀਜੀਆਂ ਜਾਂਦੀਆ ਹਨ ਲੇਕਿਨ ਇਸ ਚੱਲ ਰਹੀ ਲੜਾਈ ਦੇ ਅਜੇ ਬੰਦ ਹੋਣ ਦੀ ਕੋਈ ਸੰਭਾਵਨਾ ਨਹੀ । ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਇਥੋ ਦੇ ਜਿੰਮੀਦਾਰਾਂ ਉਤੇ ਪਏ ਵੱਡੇ ਮਾਲੀ ਬੋਝ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵੱਧਦੀ ਚਿੰਤਾ ਨੂੰ ਮੁੱਖ ਰੱਖਦੇ ਹੋਏ ਇਹ ਮੁਆਵਜਾ ਜਿੰਨੀ ਜਲਦੀ ਹੋ ਸਕੇ, ਪੀੜ੍ਹਤ ਜਿੰਮੀਦਾਰਾਂ ਕੋਲ ਪਹੁੰਚਦਾ ਕੀਤਾ ਜਾਵੇ । ਅਜਿਹੀ ਜਿੰਮੇਵਾਰੀ ਪੂਰਨ ਕਰਦੇ ਹੋਏ ਬੇਸੱਕ ਸੈਟਰ ਸਰਕਾਰ ਉਤੇ ਬਹੁਤ ਵੱਡਾ ਮਾਲੀ ਬੋਝ ਪਵੇਗਾ, ਪ੍ਰੰਤੂ ਇਹ ਉੱਦਮ ਮੁਸਕਿਲ ਵੇਲੇ ਵਿਚ ਫਸੇ ਕਿਸਾਨਾਂ ਅਤੇ ਮੁਲਕ ਨੂੰ ਗੰਭੀਰ ਸਥਿਤੀ ਵਿਚੋਂ ਕੱਢਣ ਲਈ ਸਹਾਈ ਹੋਵੇਗਾ ਅਤੇ ਇਸ ਨਾਲ ਕਿਸਾਨ ਵਰਗ ਆਪਣੀ ਸਾਊਣੀ ਦੀ ਫਸਲ ਜੋ ਹੁਣ ਬੀਜੀ ਜਾਣੀ ਹੈ, ਉਸ ਲਈ ਤਿਆਰ ਹੋਣਗੇ । ਜੇਕਰ ਮੂੰਗੀ, ਮੱਕੀ ਆਦਿ ਫਸਲਾਂ ਸਮੇ ਨਾਲ ਬੀਜੀਆ ਜਾ ਸਕਣ, ਤਾਂ ਇਹ ਦਿੱਤੇ ਜਾਣ ਵਾਲਾ ਮੁਆਵਜਾ ਇਸ ਕੰਮ ਵਿਚ ਕਿਸਾਨਾਂ ਲਈ ਵੱਡਾ ਮਦਦਗਾਰ ਸਾਬਤ ਹੋਵੇਗਾ । ਸਰਕਾਰ ਦਾ ਇਹ ਮੁੱਢਲਾ ਫਰਜ ਵੀ ਬਣ ਜਾਂਦਾ ਹੈ ਕਿ ਜਦੋਂ ਕਿਸਾਨ ਵਰਗ ਬੁਰੇ ਵਕਤ ਵਿਚ ਲੰਘ ਰਿਹਾ ਹੈ, ਉਸ ਸਮੇਂ ਪੀੜ੍ਹਤ ਕਿਸਾਨ ਵਰਗ ਦੀ ਬਾਂਹ ਫੜਕੇ ਕਿਸਾਨ ਅਤੇ ਮੁਲਕ ਨੂੰ ਇਸ ਵੱਡੀ ਮੁਸਕਿਲ ਵਿਚੋ ਕੱਢਣ ਦੀ ਜਿੰਮੇਵਾਰੀ ਨਿਭਾਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਨਰਿੰਦਰ ਤੋਮਰ ਅਤੇ ਸੈਟਰ ਸਰਕਾਰ ਸਾਡੇ ਵੱਲੋ ਪੰਜਾਬ ਸੂਬੇ ਦੇ ਕਿਸਾਨਾਂ ਦੀ ਫ਼ਸਲ ਦੇ ਹੋਏ ਨੁਕਸਾਨ ਲਈ ਮੁਆਵਜਾ ਪ੍ਰਵਾਨ ਕਰਨ ਦੀ ਕੀਤੀ ਗਈ ਬੇਨਤੀ ਨੂੰ ਪਹਿਲ ਦੇ ਆਧਾਰ ਤੇ ਵਿਚਾਰਦੇ ਹੋਏ ਕਿਸਾਨ ਵਰਗ ਨੂੰ ਫੌਰੀ ਮਦਦ ਭੇਜ ਦਿੱਤੀ ਜਾਵੇਗੀ ।

Leave a Reply

Your email address will not be published. Required fields are marked *