ਪੰਜਾਬ ਦੇ ਇਤਿਹਾਸਿਕ, ਧਾਰਮਿਕ ਸਥਾਨਾਂ ਉਤੇ ਲਗਾਏ ਗਏ ਅਰਧ ਸੈਨਿਕ ਬਲ ਅਤੇ ਪੁਲਿਸ ਦੇ ਘੇਰੇ ਨੂੰ ਖ਼ਤਮ ਕਰਕੇ ਸਰਕਾਰੀ ਦਹਿਸਤ ਵਾਲੇ ਮਾਹੌਲ ਨੂੰ ਖ਼ਤਮ ਕੀਤਾ ਜਾਵੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 06 ਅਪ੍ਰੈਲ ( ) “ਜਦੋਂ ਪੰਜਾਬ ਸੂਬੇ ਵਿਚ ਕਿਸੇ ਤਰ੍ਹਾਂ ਦਾ ਜਾਤੀ, ਕੌਮੀ, ਧਰਮੀ ਆਦਿ ਕਿਸੇ ਤਰ੍ਹਾਂ ਦਾ ਕੋਈ ਝਗੜਾ ਜਾਂ ਨਫਰਤ ਨਹੀ ਹੈ, ਸਭ ਵਰਗ ਪਹਿਲੇ ਦੀ ਤਰ੍ਹਾਂ ਪਿਆਰ ਅਤੇ ਸਦਭਾਵਨਾ ਨਾਲ ਵਿਚਰ ਰਹੇ ਹਨ, ਤਾਂ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋ ਪਹਿਲੇ ਸੈਟਰ ਤੋਂ ਬਿਨ੍ਹਾਂ ਵਜਹ ਅਰਧ ਸੈਨਿਕ ਬਲਾਂ ਦੀਆਂ 20 ਕੰਪਨੀਆਂ ਦੀ ਮੰਗ ਕਰਕੇ ਇਥੇ ‘ਆ ਬੈਲ ਮੁਝੈ ਮਾਰ’ ਦੀ ਪੰਜਾਬੀ ਕਹਾਵਤ ਨੂੰ ਪੂਰਨ ਕਰਨ ਦੀ ਬਜਰ ਗੁਸਤਾਖੀ ਕੀਤੀ ਗਈ ਹੈ । ਸੈਟਰ ਦੇ ਪੰਜਾਬ, ਪੰਜਾਬੀਆਂ ਤੇ ਸਿੱਖ ਕੌਮ ਪ੍ਰਤੀ ਮੰਦਭਾਵਨਾ ਰੱਖਣ ਵਾਲੇ ਹੁਕਮਰਾਨਾਂ ਨੂੰ ਆਪਣੇ ਹੱਸਦੇ-ਵੱਸਦੇ ਘਰ ਵਿਚ ਦਖਲ ਦੇਣ ਦਾ ਸੱਦਾ ਦੇ ਕੇ ਜੋ ਪੰਜਾਬ ਵਿਚ ਸਥਿਤ ਵੱਡੇ ਇਤਿਹਾਸਿਕ, ਧਾਰਮਿਕ ਸਥਾਨਾਂ ਜਿਵੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ, ਤਰਨਤਾਰਨ ਸ੍ਰੀ ਦਰਬਾਰ ਸਾਹਿਬ ਆਦਿ ਹੋਰ ਅਨੇਕਾ ਸਥਾਨਾਂ ਉਤੇ ਅਰਧ ਸੈਨਿਕ ਬਲਾਂ ਤੇ ਫੌ਼ਜ ਦੀਆਂ ਕੰਪਨੀਆ ਦੁਆਰਾ ਘੇਰਕੇ ਸਰਕਾਰੀ ਦਹਿਸਤ ਪੈਦਾ ਕਰਨ ਦੀ ਗੱਲ ਕੀਤੀ ਗਈ ਹੈ, ਅਜਿਹੇ ਪੰਜਾਬ ਦੇ ਅਮਨ ਚੈਨ ਵਾਲੇ ਸੂਬੇ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀਆ ਹਕੂਮਤੀ ਕਾਰਵਾਈਆ ਹਨ । ਇਸ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਦਾ ਮਾਹੌਲ ਪਹਿਲੇ ਦੀ ਤਰ੍ਹਾਂ ਸਹਿਜ ਤੇ ਖੁਸਗਵਾਰ ਬਣਿਆ ਰਹੇ, ਇਹ ਗੁਰੂਘਰਾਂ ਉਤੇ ਲਗਾਈਆ ਗਈਆ ਫੋਰਸਾਂ ਦੁਆਰਾ ਪੈਦਾ ਕੀਤੀ ਜਾ ਰਹੀ ਦਹਿਸਤ ਨੂੰ ਖਤਮ ਕਰਨ ਲਈ ਇਹ ਘੇਰਾਬੰਦੀ ਤੁਰੰਤ ਸ. ਭਗਵੰਤ ਸਿੰਘ ਮਾਨ ਖਤਮ ਕਰਨ ਦੀ ਇਖਲਾਕੀ ਜਿੰਮੇਵਾਰੀ ਨਿਭਾਉਣ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋ ਸੈਟਰ ਦੇ ਹੁਕਮਰਾਨਾਂ ਦੀ ਗੁਲਾਮੀਅਤ ਨੂੰ ਪੂਰਨ ਰੂਪ ਵਿਚ ਪ੍ਰਵਾਨ ਕਰਕੇ, ਉਨ੍ਹਾਂ ਅੱਗੇ ਹਰ ਤਰ੍ਹਾਂ ਸਮਰਪਿਤ ਕਰਨ ਅਤੇ ਪੰਜਾਬ ਸੂਬੇ ਦੇ ਅਮਨਮਈ ਮਾਹੌਲ ਨੂੰ ਖੁਦ ਹੀ ਗੰਧਲਾ ਕਰਨ ਵਿਚ ਹਿੱਸੇਦਾਰ ਬਣਨ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਥੋ ਦੇ ਧਾਰਮਿਕ ਸਥਾਨਾਂ ਦੇ ਆਲੇ ਦੁਆਲੇ ਘੇਰੇ ਦੇ ਰੂਪ ਵਿਚ ਲਗਾਈਆ ਗਈਆ ਫੋਰਸਾਂ, ਅਰਧ ਸੈਨਿਕ ਬਲਾਂ ਨੂੰ ਤੁਰੰਤ ਵਾਪਸ ਭੇਜਣ ਦੀ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਪੰਜਾਬ ਵਿਚ ਕਿਸੇ ਤਰ੍ਹਾਂ ਦਾ ਅਣਸੁਖਾਵਾ ਮਾਹੌਲ ਨਹੀ ਹੈ, ਫਿਰ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਜਾਣਬੁੱਝ ਕੇ ਫ਼ੌਜ, ਅਰਧ ਸੈਨਿਕ ਬਲ ਅਤੇ ਪੁਲਿਸ ਦੀ ਨਫਰੀ ਵਧਾਕੇ, ਮੀਡੀਆ ਤੇ ਪ੍ਰੈਸ ਵਿਚ ਪੰਜਾਬ ਦਾ ਮਾਹੌਲ ਵਿਸਫੋਟਕ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ‘ਸਰਕਾਰੀ ਦਹਿਸਤ’ ਕਿਉਂ ਪੈਦਾ ਕੀਤੀ ਜਾ ਰਹੀ ਹੈ ? ਜੇਕਰ ਕਿਸੇ ਵੱਲੋ ਕੋਈ ਛੋਟੀ-ਮੋਟੀ ਕਾਰਵਾਈ ਹੋਈ ਹੈ, ਤਾਂ ਉਸਨੂੰ ਕਾਨੂੰਨ ਅਨੁਸਾਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸਹਿਜੇ ਹੀ ਵਿਚਾਰਦੇ ਹੋਏ ਕਾਬੂ ਕਰਨ ਦੇ ਸਮਰੱਥ ਹੈ । ਕੀ 2024 ਦੀਆਂ ਲੋਕ ਸਭਾ ਚੋਣਾਂ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਹੁਕਮਰਾਨ ਜਾਣਬੁੱਝ ਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਆਪਣੇ ਸਵਾਰਥੀ ਸਿਆਸੀ ਹਿੱਤਾ ਦੀ ਪੂਰਤੀ ਕਰਨ ਲਈ ਮਨਸੂਬੇ ਨਹੀ ਘੜ ਰਹੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਬਦਨਾਮ ਕਰਕੇ ਉਨ੍ਹਾਂ ਉਤੇ ਜ਼ਬਰ ਜੁਲਮ ਢਾਹਕੇ ਬਹੁਗਿਣਤੀ ਆਪਣੇ ਵੋਟ ਬੈਂਕ ਨੂੰ ਸੁਰੱਖਿਅਤ ਕਰਨ ਲਈ ਮਨੁੱਖਤਾ ਵਿਰੋਧੀ ਸਾਜਿਸਾ ਉਤੇ ਅਮਲ ਕਰਕੇ ਸਮੁੱਚੇ ਮੁਲਕ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਲਈ ਜਿੰਮੇਵਾਰ ਨਹੀ ? ਇਨ੍ਹਾਂ ਪ੍ਰਸ਼ਨਾਂ ਦਾ ਜੁਆਬ ਮੁਲਕ ਦੇ ਸਮੁੱਚੇ ਬੁੱਧੀਜੀਵੀ ਅਤੇ ਪੰਜਾਬੀ ਹਰ ਪੱਖੋ ਚੱਲ ਰਹੇ ਸਰਕਾਰੀ ਵਰਤਾਰੇ ਨੂੰ ਰਿੜਕੇ ਨਿਚੋੜ ਕੱਢਣ ਤੇ ਫਿਰ ਅਜਿਹੇ ਮਨਸੂਬਿਆ ਨੂੰ ਅਸਫਲ ਬਣਾਉਣ ਲਈ ਸਮੂਹਿਕ ਤੌਰ ਤੇ ਇਕੱਤਰ ਹੋ ਕੇ ਆਵਾਜ ਬੁਲੰਦ ਕਰਨ ਦੀ ਜਿੰਮੇਵਾਰੀ ਨਿਭਾਉਣ ਤਾਂ ਕਿ ਪੰਜਾਬੀਆਂ ਤੇ ਸਿੱਖ ਕੌਮ ਉਤੇ ਕੋਈ ਵੀ ਤਾਕਤ ਜ਼ਬਰ ਜੁਲਮ ਨਾ ਢਾਹ ਸਕੇ ।

Leave a Reply

Your email address will not be published. Required fields are marked *