ਆਈ.ਟੀ.ਬੀ.ਪੀ. ਦੇ ਅਸਿਸਟੈਂਟ ਕਮਾਡੈਂਟ ਸ. ਤਿੱਕਮ ਸਿੰਘ ਨੇਗੀ ਦੇ ਹੋਏ ਦਿਹਾਂਤ ਤੇ ਅਫ਼ਸੋਸ, ਉਨ੍ਹਾਂ ਦੇ ਪਰਿਵਾਰ ਨੂੰ 5 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 06 ਅਪ੍ਰੈਲ ( ) “ਇੰਡੀਅਨ ਤਿੱਬਤ ਬਾਰਡਰ ਪੁਲਿਸ ਇਕ ਬਹੁਤ ਹੀ ਵਧੀਆ ਫੋਰਸ ਹੈ ਜੋ ਅਕਸਰ ਲਦਾਖ-ਕਸਮੀਰ ਵਰਗੇ ਪਹਾੜੀ ਇਲਾਕਿਆ ਅਤੇ ਸਰਹੱਦਾਂ ਉਤੇ ਜੋਖਮ ਭਰੀ ਜਿੰਮੇਵਾਰੀ ਨਿਭਾਉਦੀ ਹੈ । ਇਸ ਆਈ.ਟੀ.ਬੀ.ਪੀ ਦੇ ਲਦਾਖ ਵਿਚ ਸੇਵਾ ਨਿਭਾਅ ਰਹੇ ਉਤਰਾਖੰਡ ਦੇ ਅਸਿਸਟੈਂਟ ਕਮਾਡੈਂਟ ਸ. ਤਿੱਕਮ ਸਿੰਘ ਨੇਗੀ ਆਪਣੀ ਡਿਊਟੀ ਨਿਭਾਉਦੇ ਹੋਏ ਲਦਾਖ ਵਿਚ ਅਕਾਲ ਚਲਾਣਾ ਕਰ ਗਏ ਹਨ । ਜਿਸ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ, ਮਿੱਤਰਾਂ-ਦੋਸਤਾਂ ਨੂੰ ਇਕ ਨਾ ਪੂਰਾ ਹੋਣ ਵਾਲਾ ਅਸਹਿ ਘਾਟਾ ਪਿਆ ਹੈ । ਇਸ  ਡੂੰਘੇ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮ੍ਰਿਤਕ ਪੀੜ੍ਹਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਨੇਕ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦਾ ਹੈ, ਉਤੇ ਇਸ ਵੱਡੀ ਪੀੜ੍ਹਾ ਤੋਂ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਤਿੱਕਮ ਸਿੰਘ ਨੇਗੀ ਦੇ ਪਰਿਵਾਰਿਕ ਮੈਬਰਾਂ ਨਾਲ ਆਤਮਿਕ ਤੌਰ ਤੇ ਦੁੱਖ ਸਾਂਝਾ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਨੇਗੀ ਪਰਿਵਾਰ ਨੂੰ ਸਰਕਾਰ ਵੱਲੋ ਫੌਰੀ 5 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਹੋਣੀ ਚਾਹੀਦੀ ਹੈ ਅਤੇ ਇਸਦੇ ਨਾਲ ਹੀ ਸ. ਤਿੱਕਮ ਸਿੰਘ ਦੇ ਬੱਚਿਆਂ ਨੂੰ ਕਿਸੇ ਵੀ ਸੈਨਿਕ ਸਕੂਲ ਜਿਵੇ ਨਾਭਾ ਜਾਂ ਕਪੂਰਥਲਾ ਵਿਚ ਮੁਫਤ ਵਿਦਿਆ ਪ੍ਰਦਾਨ ਕਰਨ ਦਾ ਵੀ ਸਰਕਾਰ ਵੱਲੋ ਪ੍ਰਬੰਧ ਹੋਣਾ ਅਤਿ ਜ਼ਰੂਰੀ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਤਿੱਕਮ ਸਿੰਘ ਨੇਗੀ ਜਿਸ ਲਦਾਖ ਦੇ ਸਥਾਂਨ ਤੇ ਆਪਣੀ ਡਿਊਟੀ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਉਹ ਲਦਾਖ ਦਾ ਇਲਾਕਾ 1834 ਵਿਚ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਫ਼ਤਹਿ ਕਰਕੇ ਆਪਣੇ ਖਾਲਸਾ ਰਾਜ ਵਿਚ ਸਾਮਿਲ ਕੀਤਾ ਸੀ । ਇਸ ਇਲਾਕੇ ਵਿਚ ਹੀ ਉਹ ਗੁਰੂ ਨੂੰ ਪਿਆਰੇ ਹੋ ਗਏ ਹਨ । ਸਿੱਖਾਂ ਨੇ ਮੁਲਕ ਦੀ ਹਰ ਔਖੀ ਘੜੀ ਵਿਚ ਸਾਥ ਵੀ ਦਿੱਤਾ ਹੈ ਅਤੇ ਇਸਦੀ ਰੱਖਿਆ ਲਈ ਵੱਡੀਆ ਸ਼ਹਾਦਤਾਂ ਵੀ ਦਿੱਤੀਆ ਹਨ । ਇਸ ਲਈ ਡੀਜੀਪੀ ਆਈ.ਟੀ.ਬੀ.ਪੀ ਅਤੇ ਸਰਕਾਰ ਵੱਲੋ ਸ. ਤਿੱਕਮ ਸਿੰਘ ਨੇਗੀ ਦੇ ਪਰਿਵਾਰ ਨੂੰ ਉਪਰੋਕਤ ਮਾਲੀ ਸਹਾਇਤਾ ਅਤੇ ਬੱਚਿਆਂ ਦੀ ਪੜ੍ਹਾਈ ਦੀ ਸਹਾਇਤਾ ਪਹਿਲ ਦੇ ਆਧਾਰ ਤੇ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ ।

Leave a Reply

Your email address will not be published. Required fields are marked *