ਹਿੰਦੂਤਵ ਹੁਕਮਰਾਨਾਂ ਨੂੰ ਫ਼ੌਜੀ ਅਤੇ ਸਿੱਖ ਮਾਮਲਿਆ ਵਿਚ ਕਤਈ ਦਖ਼ਲ ਨਹੀ ਦੇਣਾ ਚਾਹੀਦਾ, ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੀ ਸੋਚ ਤੋਂ ਤੋਬਾ ਕਰ ਲੈਣੀ ਚਾਹੀਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 23 ਮਾਰਚ ( ) “ਹਿੰਦੂਤਵ ਹੁਕਮਰਾਨਾਂ ਵੱਲੋਂ ਨਿਰੰਤਰ ਲੰਮੇ ਸਮੇ ਤੋਂ ਇੰਡੀਅਨ ਫ਼ੌਜ ਦੀ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਦੀ ਪੂਰਤੀ ਲਈ ਦੁਰਵਰਤੋ ਕੀਤੀ ਜਾਂਦੀ ਆ ਰਹੀ ਹੈ । ਜਦੋਕਿ ਫ਼ੌਜ ਵਾਲਾ ਮਾਮਲਾ ਬਿਲਕੁਲ ਨਿਰਪੱਖ ਅਤੇ ਬਿਨ੍ਹਾਂ ਦਖਲ ਤੋਂ ਫ਼ੌਜੀ ਕਾਨੂੰਨਾਂ ਤੇ ਨਿਯਮਾਂ ਅਨੁਸਾਰ ਫ਼ੌਜ ਨੂੰ ਬਾਹਰੀ ਖ਼ਤਰੇ, ਹਮਲਿਆ ਲਈ ਅਤੇ ਮੁਲਕ ਦੀ ਰੱਖਿਆ ਲਈ ਹੀ ਵਰਤੋ ਕੀਤੀ ਜਾਵੇ ਨਾ ਕਿ ਉਸਦੀ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਲਈ । ਉਸੇ ਤਰ੍ਹਾਂ ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਕੌਮ ਨੇ ਆਪਣੇ ਜਨਮ ਤੋ ਲੈਕੇ ਅੱਜ ਤੱਕ ਕਦੀ ਵੀ ਆਪਣੇ ਕੌਮੀ ਅਤੇ ਧਰਮੀ ਮਸਲਿਆ ਵਿਚ ਕਿਸੇ ਵੀ ਹੁਕਮਰਾਨ ਜਾਂ ਕਿਸੇ ਗੈਰ ਸਿੱਖ ਧਿਰ ਦੇ ਬਿਨ੍ਹਾਂ ਵਜਹ ਦਖਲਅੰਦਾਜੀ ਨੂੰ ਪ੍ਰਵਾਨ ਨਹੀ ਕੀਤਾ । ਕਿਉਂਕਿ ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਇਸਦੇ ਜਨਮ ਤੋ ਹੀ ਬਾਦਸਾਹੀ, ਵੱਖਰੀ, ਅਣਖੀਲੀ ਅਤੇ ਸਤਿਕਾਰਿਤ ਪਹਿਚਾਣ ਦਿੱਤੀ ਹੈ । ਇਹ ਆਪਣੀ ਵੱਖਰੀ ਪਹਿਚਾਣ ਤੇ ਆਪਣੀਆ ਰਵਾਇਤਾ ਵਿਚ ਕਿਸੇ ਵੀ ਤਾਕਤ ਦੇ ਦਖ਼ਲ ਨੂੰ ਪ੍ਰਵਾਨ ਨਹੀ ਕਰਦੀ । ਪਰ ਦੁੱਖ ਅਤੇ ਅਫਸੋਸ ਹੈ ਕਿ ਹੁਕਮਰਾਨ ਨਿਰੰਤਰ ਫ਼ੌਜੀ ਪ੍ਰਬੰਧ ਵਿਚ ਵੀ ਅਤੇ ਸਿੱਖ ਕੌਮ ਦੇ ਅੰਦਰੂਨੀ ਮਸਲਿਆ ਵਿਚ ਵੀ ਜ਼ਬਰੀ ਦਖਲ ਵੀ ਦਿੰਦਾ ਆ ਰਿਹਾ ਹੈ ਅਤੇ ਫ਼ੌਜ ਦੀ ਦੁਰਵਰਤੋ ਵੀ ਕਰਦਾ ਆ ਰਿਹਾ ਹੈ । ਇਹੀ ਵਜਹ ਹੈ ਕਿ ਹੁਕਮਰਾਨ ਬਹੁਗਿਣਤੀ ਨਾਲ ਸੰਬੰਧਤ ਹੁੰਦੇ ਹੋਏ ਵੀ ਆਪਣੇ ਰਾਜ ਭਾਗ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਇਥੇ ਵੱਸਣ ਵਾਲੀਆ ਸਭ ਧਿਰਾਂ ਤੇ ਵਰਗਾਂ ਦੀ ਆਪਣੇ ਵਿਚ ਪ੍ਰਵਾਨਗੀ ਲੈਣ ਵਿਚ ਕਾਮਯਾਬ ਨਹੀ ਹੋ ਸਕਿਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਬਹੁਗਿਣਤੀ ਹੁਕਮਰਾਨਾਂ ਵੱਲੋ ਰਾਜ ਭਾਗ ਉਤੇ ਬੈਠਣ ਦੇ ਬਾਵਜੂਦ ਵੀ ਹਕੂਮਤੀ ਸਥਿਰਤਾ ਨਾ ਹੋਣ ਅਤੇ ਇਥੇ ਵੱਸਣ ਵਾਲੀਆ ਸਭ ਕੌਮਾਂ, ਵਰਗਾਂ ਦੀ ਸੰਤੁਸਟੀ ਕਾਇਮ ਨਾ ਹੋਣ ਲਈ ਹੁਕਮਰਾਨਾਂ ਵੱਲੋ ਫ਼ੌਜੀ ਪ੍ਰਬੰਧ ਅਤੇ ਸਿੱਖ ਕੌਮ ਦੇ ਮਸਲਿਆ ਵਿਚ ਬੇਲੋੜੀ ਦਖਲਅੰਦਾਜੀ ਕਰਨ ਅਤੇ ਫ਼ੌਜ ਦੀ ਆਪਣੇ ਹੀ ਨਾਗਰਿਕਾਂ ਉਤੇ ਹਮਲੇ ਤੇ ਕਤਲੇਆਮ ਕਰਨ ਲਈ ਦੁਰਵਰਤੋ ਕਰਨ ਨੂੰ ਮੁੱਖ ਕਾਰਨ ਦੱਸਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਫੌ਼ਜ ਦੇ ਮੁੱਖ ਜਰਨੈਲ ਮਨੋਜ ਪਾਂਡੇ ਨੇ ਇਹ ਮੰਨਿਆ ਹੈ ਕਿ ਫ਼ੌਜ ਵਿਚ 45% ਪੁਰਾਣਾ ਜਾਂ ਸੜਿਆ ਹੋਇਆ ਮਨੀਸਨ, ਹਥਿਆਰ ਅਤੇ ਜਹਾਜ਼ ਹਨ । ਸਿਪਾਹੀਆ ਨੂੰ ਲੋੜੀਦੇ ਗੁਣਾਤਮਕ ਖਾਂਣਾ ਵੀ ਨਹੀ ਦਿੱਤਾ ਜਾਂਦਾ ਅਤੇ ਆਧੁਨਿਕ ਹਥਿਆਰਾਂ ਨਾਲ ਲੈਂਸ ਨਹੀ ਕੀਤਾ ਜਾ ਰਿਹਾ, ਸਿਪਾਹੀਆ ਦੀ ਬਿਹਤਰੀ ਲਈ ਅਮਲ ਨਹੀ ਕੀਤੇ ਜਾ ਰਹੇ । ਉਸ ਪਾਸੇ ਤਾਂ ਹੁਕਮਰਾਨ ਧਿਆਨ ਨਹੀ ਦੇ ਰਿਹਾ ਪਰ ਫ਼ੌਜ ਦੀ ਦੁਰਵਰਤੋ ਕਰਕੇ ਖੁਦ ਹੀ ਵੱਖ-ਵੱਖ ਸੂਬਿਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਉਣ ਤੇ ਉਨ੍ਹਾਂ ਦੇ ਹੱਕ ਕੁੱਚਲਣ ਲਈ ਦੁਰਵਰਤੋ ਕਰਦਾ ਆ ਰਿਹਾ ਹੈ । ਇਹੀ ਵਜਹ ਹੈ ਕਿ ਹੁਕਮਰਾਨ ਅੱਜ ਤੱਕ ਸਥਿਰ ਤੇ ਅਮਨਮਈ ਰਾਜ ਪ੍ਰਬੰਧ ਨਹੀ ਦੇ ਸਕਿਆ । ਦੂਸਰਾ ਸਰਹੱਦੀ ਸੂਬੇ ਪੰਜਾਬ ਜਿਥੇ ਸਿੱਖ ਵਸੋ ਵੱਸਦੀ ਹੈ, ਉਸਦੇ ਲੰਮੇ ਸਮੇ ਤੋ ਲਟਕਦੇ ਆ ਰਹੇ ਮਸਲਿਆ ਜਿਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣਾ, ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੱਖਾਂ ਦੀ ਫੌ਼ਰੀ ਰਿਹਾਈ, ਬੀਤੇ 12 ਸਾਲਾਂ ਤੋ ਸਿੱਖ ਕੌਮ ਦੀ ਪਾਰਲੀਮੈਟ ਦੀ ਜਰਨਲ ਚੋਣ ਨਾ ਕਰਵਾਉਣ, ਪੰਜਾਬੀਆਂ ਤੇ ਸਿੱਖਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਹਰ ਤਰ੍ਹਾਂ ਦੇ ਵਪਾਰ ਲਈ ਖੋਲ੍ਹਣ, ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਜ਼ਬਰੀ ਖੋਹੇ ਗਏ ਕੀਮਤੀ ਪਾਣੀਆ ਦੇ ਹੱਕ ਵਾਪਸ ਕਰਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ, ਪੰਜਾਬ ਦੇ ਹੈੱਡਵਰਕਸ ਦਾ ਕੰਟਰੋਲ ਪੰਜਾਬ ਹਵਾਲੇ ਕਰਨ ਆਦਿ ਅਨੇਕਾ ਹੋਰ ਮਸਲੇ ਹੱਲ ਕਰਕੇ ਹੀ ਹੁਕਮਰਾਨ ਆਪਣੇ ਰਾਜ ਪ੍ਰਬੰਧ ਵਿਚ ਪੈਦਾ ਹੋਈ ਅਫਰਾ-ਤਫਰੀ ਨੂੰ ਕਾਫੀ ਹੱਦ ਤੱਕ ਖਤਮ ਕਰ ਸਕਦਾ ਹੈ ਜੋ ਕਿ ਬਦਨੀਤੀ ਨਾਲ ਨਹੀ ਕੀਤੇ ਜਾ ਰਹੇ । ਹੁਣ ਜੋ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਨੂੰ ਜ਼ਬਰੀ ਅਸਾਮ ਦੇ ਦਿਬੜੂਗੜ੍ਹ ਵਿਖੇ ਭੇਜਿਆ ਗਿਆ ਹੈ, ਇਹ ਵੀ ਬਦਨੀਤੀ ਦਾ ਹਿੱਸਾ ਹੈ । ਇਸ ਅਮਲ ਵਿਚ ਏਅਰਫੋਰਸ ਦੇ ਹਵਾਈ ਜਹਾਜ ਦੀ ਦੁਰਵਰਤੋ ਕਰਨਾ ਵੀ ਇਥੋ ਦੇ ਅਮਨ ਚੈਨ ਤੇ ਜਮਹੂਰੀਅਤ ਨਾਲ ਸੰਬੰਧਤ ਵਿਸਾ ਹੈ ।

ਜਦੋ ਵੀ ਕੋਈ ਗੈਰ ਵਿਧਾਨਿਕ, ਅਣਮਨੁੱਖੀ ਅਮਲ ਹੁਕਮਰਾਨਾਂ ਵੱਲੋ ਹੁੰਦਾ ਹੈ, ਤਾਂ ਮੁਲਕ ਦੀ ਸੁਪਰੀਮ ਕੋਰਟ ਵੱਲੋ ਅਜਿਹੇ ਸਮਿਆ ਉਤੇ ਨਿਰਪੱਖਤਾ ਨਾਲ ਤੇ ਦ੍ਰਿੜਤਾ ਨਾਲ ਵਿਧਾਨਿਕ ਲੀਹਾਂ ਨੂੰ ਮੁੱਖ ਰੱਖਦੇ ਹੋਏ ਸਟੈਂਡ ਲੈਣਾ ਬਣਦਾ ਹੈ । ਜੋ ਕਿ ਲੰਮੇ ਸਮੇ ਤੋ ਅਜਿਹਾ ਨਹੀ ਹੋ ਰਿਹਾ । ਇਹੀ ਵਜਹ ਹੈ ਕਿ ਅਜੇ ਤੱਕ 25-25, 30-30 ਸਾਲਾਂ ਤੋ ਵੱਧ ਸਜ਼ਾ ਭੁਗਤ ਚੁੱਕੇ ਸਿੱਖਾਂ ਨੂੰ ਇਨਸਾਫ਼ ਦਿੰਦੇ ਹੋਏ ਰਿਹਾਅ ਨਹੀ ਕੀਤਾ ਗਿਆ । ਪੰਜਾਬ ਸੂਬੇ ਅਤੇ ਸਿੱਖਾਂ ਦੇ ਵਿਧਾਨਿਕ ਹੱਕਾਂ ਦੀ ਸੁਪਰੀਮ ਕੋਰਟ ਵੱਲੋ ਸਹੀ ਸਮੇ ਤੇ ਰਾਖੀ ਨਹੀ ਕੀਤੀ ਗਈ, ਸਰਹੱਦੀ ਸੂਬੇ ਦੀ ਸੰਜ਼ੀਦਗੀ ਨੂੰ ਸਮਝਿਆ ਨਹੀ ਗਿਆ । ਇਹੀ ਹਕੂਮਤੀ ਵਿਤਕਰੇ ਅਤੇ ਜ਼ਬਰ ਦਾ ਕਾਰਨ ਹੈ ਕਿ ਅੱਜ ਆਸਟ੍ਰੇਲੀਆ, ਬਰਤਾਨੀਆ, ਅਮਰੀਕਾ ਆਦਿ ਮੁਲਕਾਂ ਵਿਚ ਸਿੱਖ ਹਿੰਦੂਤਵੀ ਕੂਟਨੀਤਿਕ ਮੰਦਭਾਵਨਾ ਭਰੇ ਮਿਸਨ ਵਿਰੁੱਧ ਪ੍ਰਦਰਸਨ ਕਰ ਰਹੇ ਹਨ ਅਤੇ ਇਹ ਮੁਲਕ ਸਮਝ ਚੁੱਕੇ ਹਨ ਕਿ ਹਿੰਦੂਤਵ ਹੁਕਮਰਾਨ, ਉਨ੍ਹਾਂ ਦੀ ਪ੍ਰੈਸ-ਮੀਡੀਆ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਘੱਟ ਗਿਣਤੀ ਸਿੱਖ ਕੌਮ ਦਾ ਗੈਰ ਵਿਧਾਨਿਕ ਢੰਗ ਰਾਹੀ ਜ਼ਬਰ ਵੀ ਕਰ ਰਹੇ ਹਨ ਅਤੇ ਸਿਕਾਰ ਵੀ ਕਰ ਰਹੇ ਹਨ । ਮੈਂ ਅੱਜ ਪਾਰਲੀਮੈਟ ਵਿਚ ਇਕ ਪੱਤਰਕਾਰ ਦੁਆਰਾ ਕੀਤੇ ਗਏ ਪ੍ਰਸ਼ਨ ਦਾ ਜੁਆਬ ਦਿੰਦੇ ਹੋਏ ਕਿਹਾ ਕਿ ਜੋ ਸਿੱਖ ਖ਼ਾਲਿਸਤਾਨ ਦੀ ਮੰਗ ਕਰ ਰਹੇ ਹਨ, ਉਹ ਕਾਨੂੰਨੀ ਅਤੇ ਸੰਵਿਧਾਨਿਕ ਤੌਰ ਤੇ ਬਿਲਕੁਲ ਸਹੀ ਹਨ ਕਿਉਂਕਿ ਵਿਧਾਨ ਦਾ ਆਰਟੀਕਲ 51 ਇਹ ਕਹਿੰਦਾ ਹੈ ਕਿ ਹਿੰਦੂ ਭਾਰਤੀ ਰਾਜ, ਸੰਯੁਕਤ ਰਾਸਟਰ ਦੇ ਉਨ੍ਹਾਂ ਕਾਨੂੰਨਾਂ, ਸੰਮੇਲਨਾਂ, ਨਿਯਮਾਂ, ਪ੍ਰੋਟੋਕੋਲ ਨੂੰ ਪ੍ਰਵਾਨ ਕਰਨ ਲਈ ਬਚਨਬੰਧ ਹੈ ਜਿਨ੍ਹਾਂ ਵਿਚ ਸਵੈ ਨਿਰਣੇ ਦਾ ਅਧਿਕਾਰ ਵੀ ਯੂ.ਐਨ. ਦੇ ਚਾਰਟਰ ਵਿਚ ਦਰਜ ਹੈ । ਇਸ ਤੋ ਇਲਾਵਾ ਇੰਡੀਆ ਦੇ ਪਹਿਲੇ ਵਜ਼ੀਰ-ਏ-ਆਜਮ ਜਵਾਹਰ ਲਾਲ ਨਹਿਰੂ ਨੇ 01 ਜਨਵਰੀ 1948 ਨੂੰ ਯੂ.ਐਨ. ਦੀ ਸਕਿਊਰਟੀ ਕੌਂਸਲ ਵਿਚ ਹਾਜਰ ਹੋ ਕੇ ਕਸ਼ਮੀਰ ਦੀ ਰਾਏਸੁਮਾਰੀ ਕਰਵਾਉਣ ਦੀ ਮੰਗ ਕੀਤੀ ਸੀ । ਜਿਸ ਸੰਬੰਧੀ ਸੁਰੱਖਿਆ ਕੌਸਲ ਨੇ ਮਤਾ ਪਾਸ ਕੀਤਾ ਸੀ ਪਰ ਅੱਜ 75 ਸਾਲ ਗੁਜਰਣ ਉਪਰੰਤ ਵੀ ਹੁਕਮਰਾਨਾਂ ਵੱਲੋ ਆਪ ਪਾਸ ਕਰਵਾਏ ਗਏ ਉਪਰੋਕਤ ਸਵੈ ਨਿਰਣੇ ਦੇ ਮਤੇ ਨੂੰ ਕਸਮੀਰ ਵਿਚ ਲਾਗੂ ਨਾ ਕਰਨਾ ਵੱਡੀ ਬੇਈਮਾਨੀ ਅਤੇ ਧੋਖਾ ਹੈ ਅਤੇ ਇਥੋ ਦੇ ਨਿਵਾਸੀਆ ਵਿਚ ਬੇਵਿਸਵਾਸੀ ਨੂੰ ਵਧਾਉਣ ਦੀ ਵਜਹ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮਾਂਤਰੀ ਪੱਧਰ ਤੇ ਇਹ ਮੰਗ ਕਰਦਾ ਹੈ ਕਿ ਇੰਡੀਆ ਵਿਚ ਸਿੱਖ ਕੌਮ ਦੇ ਕੀਤੇ ਜਾ ਰਹੇ ਸਿਕਾਰ ਖਤਮ ਹੋਵੇ । ਕਿਉਂਕਿ ਸਿੱਖ ਹਿੰਸਾ ਜਾਂ ਤਬਾਹੀ ਨਹੀ ਚਾਹੁੰਦੇ । ਪਰ ਸਿੱਖ ਕਦੀ ਹਾਰ ਨੂੰ ਵੀ ਪ੍ਰਵਾਨ ਨਹੀਂ ਕਰਦੇ । ਇਹ ਗੱਲ ਵੀ ਹੁਕਮਰਾਨਾਂ ਨੂੰ ਆਪਣੇ ਜਹਿਨ ਵਿਚ ਰੱਖਣੀ ਚਾਹੀਦੀ ਹੈ ।

Leave a Reply

Your email address will not be published. Required fields are marked *