ਹਾਈਕੋਰਟ ਦਿੱਲੀ ਦੇ ਮੁੱਖ ਜੱਜ ਪੰਡਿਤ ਸਤੀਸ ਚੰਦਰਾ ਸ਼ਰਮਾ ਵੱਲੋਂ ਹਵਾਈ ਯਾਤਰਾਵਾਂ ਵਿਚ ਸਿੱਖਾਂ ਨੂੰ ਕਿਰਪਾਨ ਦੀ ਖੁੱਲ੍ਹ ਮਿਲਣ ‘ਤੇ, ਸੁਣਵਾਈ ਕਰਨਾ ਮੰਦਭਾਵਨਾ ਭਰੀ ਸੋਚ : ਮਾਨ

ਫ਼ਤਹਿਗੜ੍ਹ ਸਾਹਿਬ, 20 ਅਗਸਤ ( ) “ਜਦੋਂ ਇੰਡੀਆਂ ਦੀ ਸੁਪਰੀਮ ਕੋਰਟ ਨੇ ਸਿੱਖ ਕੌਮ ਨੂੰ ਘਰੇਲੂ ਹਵਾਈ ਯਾਤਰਾਵਾਂ ਵਿਚ ਇੰਡੀਆਂ ਦੇ ਵਿਧਾਨ ਅਨੁਸਾਰ ਜੋ ਸਿੱਖ ਕਿਰਪਾਨ ਪਹਿਨ ਸਕਦੇ ਹਨ, ਨਾਲ ਲਿਜਾ ਸਕਦੇ ਹਨ, ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਯਾਤਰਾਵਾਂ ਵਿਚ ਕਿਰਪਾਨ ਪਹਿਨਣ ਦੀ ਕਾਨੂੰਨੀ ਖੁੱਲ੍ਹ ਦੇ ਦਿੱਤੀ ਹੈ, ਤਾਂ ਇਕ ਹਰਸ ਵਿਭੋਰ ਸਿੰਗਲ ਕੱਟੜਵਾਦੀ ਹਿੰਦੂ ਵੱਲੋਂ ਪਾਈ ਗਈ ਪਟੀਸਨ ਉਤੇ ਕਾਰਵਾਈ ਕਰਦੇ ਹੋਏ ਜੋ ਰੋਕ ਲਗਾਉਣ ਦੀ ਗੱਲ ਕੀਤੀ ਹੈ, ਇਕ ਤਾਂ ਇਹ ਸੁਪਰੀਮ ਕੋਰਟ ਇੰਡੀਆਂ ਅਤੇ ਉਸਦੇ ਜੱਜਾਂ ਦੀ ਤੋਹੀਨ ਕਰਨ ਵਾਲੀ ਕਾਰਵਾਈ ਹੈ । ਦੂਸਰਾ ਘੱਟ ਗਿਣਤੀ ਸਿੱਖ ਕੌਮ ਵਿਰੋਧੀ ਮੰਦਭਾਵਨਾ ਵਾਲੇ ਫਿਰਕੂ ਅਮਲ ਹਨ । ਜੇਕਰ ਸਾਡੇ ਧਾਰਮਿਕ ਚਿੰਨ੍ਹ ਕਿਰਪਾਨ ਜਿਸਨੂੰ ਇੰਡੀਆਂ ਦਾ ਵਿਧਾਨ ਪਹਿਨਣ, ਰੱਖਣ ਦੀ ਕਾਨੂੰਨੀ ਖੁੱਲ੍ਹ ਦਿੰਦਾ ਹੈ, ਉਸ ਉਤੇ ਹਵਾਈ ਯਾਤਰਾਵਾ ਵਿਚ ਉਸਨੂੰ ਇਕ ਹਥਿਆਰ ਮੰਨਕੇ ਰੋਕ ਲਗਾਉਣ ਦੇ ਸਿੱਖ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੇ ਅਮਲ ਕੀਤੇ ਜਾਂਦੇ ਹਨ, ਫਿਰ ਜੋ ਹਿੰਦੂ ਨਿਵਾਸੀ ਆਪਣਾ ਧਾਰਮਿਕ ਚਿੰਨ੍ਹ ਜਨੇਊ ਪਹਿਨਦੇ ਹਨ, ਉਸ ਵਿਚ ਚੀਨੀ ਡੋਰ ਪਾ ਕੇ ਹਵਾਈ ਯਾਤਰਾ ਕਰਦੇ ਹੋਏ ਉਹ ਕਿਸੇ ਵੀ ਹਵਾਈ ਯਾਤਰਾ ਦੇ ਅਧਿਕਾਰੀ, ਪਾਇਲਟ, ਸਹਿ-ਪਾਇਲਟ ਜਾਂ ਹੋਰ ਸਟਾਫ ਦੀ ਗਰਦਨ ਉਤੇ ਰੱਖਕੇ ਖਿੱਚਕੇ ਧੜ ਅਤੇ ਸਰੀਰ ਅਲੱਗ ਕਰ ਸਕਦੇ ਹਨ ਜੋ ਕਿ ਕਿਰਪਾਨ ਨਾਲੋ ਵੀ ਵੱਡਾ ਖਤਰਨਾਕ ਹਥਿਆਰ ਹੋ ਸਕਦਾ ਹੈ । ਫਿਰ ਸਿੱਖ ਕੌਮ ਦੇ ਧਾਰਮਿਕ ਚਿੰਨ੍ਹਾਂ ਉਤੇ ਜੇਕਰ ਮੰਦਭਾਵਨਾ ਅਧੀਨ ਹੁਕਮਰਾਨ ਜਾਂ ਅਦਾਲਤਾਂ ਰੋਕ ਲਗਾਉਦੀਆ ਹਨ, ਤਾਂ ਉਸ ਉਤੇ ਵੀ ਬਤੌਰ ਹਥਿਆਰ ਰੋਕ ਲਗਾਈ ਜਾਵੇ, ਵਰਨਾ ਮੰਦਭਾਵਨਾ ਅਧੀਨ ਸਾਡੇ ਸਿੱਖ ਕੌਮ ਦੇ ਧਾਰਮਿਕ ਚਿੰਨ੍ਹਾਂ ਨੂੰ ਨਿਸ਼ਾਨਾਂ ਬਣਾਉਣ ਤੋ ਤੋਬਾ ਕੀਤੀ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਦਿੱਲੀ ਦੀ ਹਾਈਕੋਰਟ ਦੇ ਮੁੱਖ ਜੱਜ ਪੰਡਿਤ ਸਤੀਸ ਚੰਦਰਾ ਸ਼ਰਮਾ ਵੱਲੋ ਇਕ ਕੱਟੜਵਾਦੀ ਹਿੰਦੂ ਦੀ ਉਹ ਪਟੀਸਨ ਜਿਸ ਉਤੇ ਸੁਪਰੀਮ ਕੋਰਟ ਨੇ ਵਿਚਾਰ ਕਰਦਿਆ ਪਹਿਲੋ ਹੀ ਰੱਦ ਕਰ ਦਿੱਤੀ ਹੈ, ਉਸ ਉਤੇ ਕਾਰਵਾਈ ਕਰਦੇ ਹੋਏ ਸਾਡੇ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਨੂੰ ਘਰੇਲੂ ਹਵਾਈ ਯਾਤਰਾਵਾ ਵਿਚ ਰੋਕ ਲਗਾਉਣ ਦੇ ਕੀਤੇ ਗਏ ਮੰਦਭਾਵਨਾ ਭਰੇ ਫੈਸਲੇ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਇਸਦੇ ਨਾਲ ਹੀ ਹਿੰਦੂ ਧਾਰਮਿਕ ਚਿੰਨ੍ਹ ਜਨੇਊ ਜਿਸ ਵਿਚ ਚੀਨੀ ਡੋਰ ਰਾਹੀ ਹਵਾਈ ਯਾਤਰਾਵਾ ਦੌਰਾਨ ਵੱਡਾ ਕਾਂਡ ਹੋ ਸਕਦਾ ਹੈ, ਉਸ ਉਤੇ ਵੀ ਪਾਬੰਦੀ ਲਗਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਪੰਡਿਤ ਜੱਜ ਸਾਹਿਬਾਨ ਅਤੇ ਹੋਰ ਕੱਟੜਵਾਦੀਆਂ ਨੂੰ ਇਸ ਗੱਲ ਦੀ ਭਰਪੂਰ ਵਾਕਫੀਅਤ ਹੋਣੀ ਚਾਹੀਦੀ ਹੈ ਕਿ ਜਿਸ ਕਿਰਪਾਨ ਨੇ ਬੀਤੇ ਸਮੇ ਵਿਚ ਮੁਗਲਾਂ ਵੱਲੋ ਹਿੰਦੂ ਧੀਆਂ-ਭੈਣਾਂ ਨੂੰ ਜ਼ਬਰੀ ਚੁੱਕ ਕੇ ਲਿਜਾਣ ਦੇ ਗੈਰ ਇਖਲਾਕੀ ਅਮਲਾਂ ਦੀ ਰੋਕ ਕਰਦੇ ਹੋਏ ਸਿੱਖਾਂ ਵੱਲੋ ਇਨ੍ਹਾਂ ਹਿੰਦੂ ਧੀਆਂ-ਭੈਣਾਂ ਨੂੰ ਮੁਗਲਾਂ ਤੋ ਛੁਡਵਾਕੇ ਬਾਇੱਜ਼ਤ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੋਵੇ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵੱਲੋ ਪੂਰਨ ਰੂਪ ਵਿਚ ਇਸ ਜਨੇਊ ਦਾ ਖੰਡਨ ਕਰਨ ਉਪਰੰਤ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਹਿੰਦੂ ਚਿੰਨ੍ਹ ਜਨੇਊ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਵਿਚ ਦਿੱਤੀ ਹੋਵੇ, ਉਸ ਮਨੁੱਖਤਾ ਦੀ ਰਾਖੀ ਕਰਨ ਵਾਲੀ ਕਿਰਪਾਨ ਨਾਲ ਇਥੋ ਦੇ ਹੁਕਮਰਾਨ ਅਤੇ ਅਦਾਲਤਾਂ ਐਨੀ ਭੈੜੀ ਮੰਦਭਾਵਨਾ ਰੱਖਦੇ ਹੋਣ ਇਹ ਤਾਂ ਬਹੁਤ ਹੀ ਸ਼ਰਮਨਾਕ ਅਤੇ ਅਕ੍ਰਿਤਘਣਤਾ ਵਾਲੀ ਕਾਰਵਾਈ ਹੈ ।

ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਡੂੰਘਾਂ ਦੁੱਖ ਹੈ ਕਿ ਸਾਨੂੰ ਇੰਡੀਅਨ ਵਿਧਾਨ ਵੱਲੋਂ ਆਪਣੀ ਕਿਰਪਾਨ ਪਹਿਨਣ ਅਤੇ ਨਾਲ ਲਿਜਾਣ ਦੀ ਕਾਨੂੰਨ ਇਜਾਜਤ ਦਿੰਦਾ ਹੈ, ਇਸਦੇ ਬਾਵਜੂਦ ਵੀ ਮੈਨੂੰ ਬਤੌਰ ਮੈਬਰ ਪਾਰਲੀਮੈਟ ਦੇ ਇੰਡੀਅਨ ਪਾਰਲੀਮੈਟ ਵਿਚ ਮੇਰੇ ਧਾਰਮਿਕ ਚਿੰਨ੍ਹ ਕਿਰਪਾਨ ਨਾਲ ਹੁਕਮਰਾਨ ਦਾਖਲ ਨਹੀ ਹੋਣ ਦਿੰਦੇ ਜੋ ਕਿ ਮੇਰੀ ਨਹੀ ਬਲਕਿ ਮੇਰੀ ਸਮੁੱਚੀ ਸਿੱਖ ਕੌਮ ਦੀ ਤੋਹੀਨ ਅਤੇ ਜ਼ਲਾਲਤ ਕਰਨ ਵਾਲੀਆ ਕਾਰਵਾਈਆ ਹਨ । ਜਦੋਕਿ ਮਰਹੂਮ ਇੰਦਰਾ ਗਾਂਧੀ ਦੇ ਸਮੇ ਸ੍ਰੀ ਯਾਸਿਰ ਅਰਾਫਤ ਆਪਣੀ ਨਿੱਜੀ ਪਿਸਟਲ ਨਾਲ ਲੈਕੇ ਇਸ ਇੰਡੀਅਨ ਪਾਰਲੀਮੈਟ ਵਿਚ ਦਾਖਲ ਹੋਏ ਸਨ । ਇਹ ਤਾਂ ਹੁਕਮਰਾਨਾਂ ਦਾ ਘੱਟ ਗਿਣਤੀ ਸਿੱਖ ਕੌਮ, ਸਿੱਖ ਧਰਮ ਦੇ ਸਰਬੱਤ ਦੇ ਭਲੇ ਵਾਲੇ ਮਿਸਨ ਅਤੇ ਸੋਚ ਵਿਰੁੱਧ ਇਕ ਸਾਜਸੀ ਨਫਰਤ ਉਸਾਰਨ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਉਣ ਵਾਲੇ ਅਮਲ ਹਨ । ਜਿਨ੍ਹਾਂ ਨੂੰ ਅਸੀ ਕਤਈ ਬਰਦਾਸਤ ਨਹੀ ਕਰ ਸਕਦੇ । ਜੇਕਰ ਹੁਕਮਰਾਨ ਅਤੇ ਅਦਾਲਤਾਂ ਸਾਡੀ ਸਿੱਖ ਕੌਮ ਦੀ ਮਨੁੱਖਤਾ ਪੱਖੀ ਤੇ ਇਨਸਾਨੀ ਕਦਰਾਂ-ਕੀਮਤਾਂ ਪੱਖੀ ਚੜ੍ਹਤ ਤੋਂ ਈਰਖਾਵਾਦੀ ਸੋਚ ਰੱਖਕੇ ਸਾਨੂੰ ਆਪਣੇ ਚਿੰਨ੍ਹ ਪਹਿਨਣ ਉਤੇ ਪਾਬੰਦੀਆ ਲਗਾ ਰਹੇ ਹਨ ਤਾਂ ਉਸੇ ਪ੍ਰੀਭਾਸਾਂ ਦੇ ਪ੍ਰੀਪੇਖ ਵਿਚ ਜਨੇਊ ਕਿਰਪਾਨ ਤੋ ਵੱਡਾ ਖਤਰਨਾਕ ਹਥਿਆਰ ਸਾਬਤ ਹੋ ਸਕਦਾ ਹੈ । ਉਸ ਉਤੇ ਵੀ ਇਸੇ ਤਰ੍ਹਾਂ ਪਾਬੰਦੀ ਲਗਾਈ ਜਾਵੇ ਜਾਂ ਫਿਰ ਸਾਨੂੰ ਵੀ ਆਪਣੇ ਧਾਰਮਿਕ ਚਿੰਨ੍ਹ ਪਹਿਨਣ, ਰੱਖਣ, ਲਿਜਾਣ ਦੀ ਇਖਲਾਕੀ ਕਦਰਾਂ-ਕੀਮਤਾਂ ਤੇ ਵਿਧਾਨ ਅਨੁਸਾਰ ਖੁੱਲ੍ਹ ਦਿੱਤੀ ਜਾਵੇ ।

Leave a Reply

Your email address will not be published. Required fields are marked *