ਕੌਮਾਂਤਰੀ ਪੱਧਰ ਦੇ ਜਰਲਿਸਟ ਨਾਲ ਸੰਬੰਧਤ ਪੁਲਿਟਜ਼ਰ ਸਨਮਾਨ ਜੇਤੂ ਬੀਬੀ ਸਾਨਾ ਇਰਸ਼ਾਦ ਮੱਟੂ ਨੂੰ ਪੈਰਿਸ ਜਾਣ ਤੋਂ ਰੋਕਣਾ ਗੈਰ ਵਿਧਾਨਿਕ ਅਤੇ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 04 ਜੁਲਾਈ ( ) “ਇਥੋਂ ਦੇ ਜ਼ਾਬਰ ਘੱਟ ਗਿਣਤੀ ਵਿਰੋਧੀ ਹੁਕਮਰਾਨ ਮੁਸਲਿਮ, ਸਿੱਖ, ਇਸਾਈ, ਰੰਘਰੇਟਿਆ, ਕਬੀਲਿਆ, ਆਦਿਵਾਸੀਆ ਨੂੰ ਕਿਸ ਤਰ੍ਹਾਂ ਹਰ ਖੇਤਰ ਵਿਚ ਬੇਇਨਸਾਫ਼ੀਆਂ, ਵਿਤਕਰੇ, ਜ਼ਬਰ-ਜੁਲਮ ਕੀਤੇ ਜਾ ਰਹੇ ਹਨ, ਉਹ ਇਸ ਗੱਲ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਜੰਮੂ-ਕਸ਼ਮੀਰ ਸੂਬੇ ਨਾਲ ਸੰਬੰਧਤ ਇਕ ਬਹੁਤ ਹੀ ਸੂਝਵਾਨ ਪੜ੍ਹੀ-ਲਿਖੀ ਕਸ਼ਮੀਰੀ ਪੱਤਰਕਾਰ ਬੀਬੀ ਸਾਨਾ ਇਰਸ਼ਾਦ ਮੱਟੂ ਜਿਸਨੇ ਬੀਤੇ ਸਮੇਂ ਵਿਚ ਫੋਟੋਗ੍ਰਾਂਫੀ ਦੇ ਖੇਤਰ ਵਿਚ ਕੌਮਾਂਤਰੀ ਪੱਧਰ ਦਾ ਸਾਨਾਮੱਤਾ ਆਵਾਰਡ ਪੁਲਿਟਜ਼ਰ ਜਿੱਤਿਆ ਹੈ, ਕਸ਼ਮੀਰ ਸੂਬੇ ਦੇ ਕੌਮਾਂਤਰੀ ਪੱਧਰ ਦੇ ਮਾਣ ਵਿਚ ਵਾਧਾ ਕੀਤਾ ਹੈ, ਉਹ ਜਦੋ ਆਪਣਾ ਇਹ ਸਨਮਾਨ ਲੈਣ ਲਈ ਦਿੱਲੀ ਏਅਰਪੋਰਟ ਤੋ ਪੈਰਿਸ ਲਈ ਜਾ ਰਹੀ ਸੀ ਤਾਂ ਦਿੱਲੀ ਹਵਾਈ ਅੱਡੇ ਤੇ ਇਨ੍ਹਾਂ ਹੁਕਮਰਾਨਾਂ ਦੀਆਂ ਰਖੇਲ ਬਣੀਆ ਖੂਫੀਆ ਏਜੰਸੀਆ, ਪੁਲਿਸ ਨੇ ਇਸ ਬੀਬਾ ਨੂੰ ਹਵਾਈ ਯਾਤਰਾ ਵਿਚ ਜਾਣ ਤੋ ਮੰਦਭਾਵਨਾ ਅਧੀਨ ਰੋਕ ਲਿਆ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਕੌਮਾਂਤਰੀ ਪੱਧਰ ਦੀਆਂ 10 ਹਸਤੀਆ ਵਿਚੋਂ ਇਹ ਬੀਬੀ ਸਨਮਾਨ ਪ੍ਰਾਪਤ ਕਰਨ ਵਾਲੀ ਇਕ ਹੈ । ਉਸਨੂੰ ਇਹ ਵੀ ਨਹੀ ਦੱਸਿਆ ਜਾ ਰਿਹਾ ਕਿ ਕਿਸ ਵਜਹ ਕਾਰਨ ਰੋਕਿਆ ਜਾ ਰਿਹਾ ਹੈ, ਜਦੋਕਿ ਉਸਨੇ ਆਪਣੇ ਕਸ਼ਮੀਰ ਵਿਖੇ ਉਥੋ ਦੀ ਸੀ.ਆਈ.ਡੀ ਅਤੇ ਹੋਰ ਪੁਲਿਸ ਅਫਸਰਾਂ ਨਾਲ ਗੱਲਬਾਤ ਕਰਦੇ ਹੋਏ ਪੁੱਛਿਆ ਕਿ ਉਸ ਉਤੇ ਕੀ ਹੋ ਰਿਹਾ ਹੈ, ਤਾਂ ਉਨ੍ਹਾਂ ਕਿਹਾ ਕਿ ਤੁਹਾਡੇ ਉਤੇ ਕਿਸੇ ਤਰ੍ਹਾਂ ਦਾ ਕੋਈ ਕੇਸ ਨਹੀ। ਫਿਰ ਵੀ ਜੇਕਰ ਇਕ ਜਰਨਲਿਸਟ ਨੂੰ ਜ਼ਬਰੀ ਰੋਕਿਆ ਜਾ ਰਿਹਾ ਹੈ ਅਤੇ ਉਸਦਾ ਸਨਮਾਨ ਪ੍ਰਾਪਤ ਨਾ ਕਰਨ ਲਈ ਰੁਕਾਵਟ ਪਾਈ ਜਾ ਰਹੀ ਹੈ ਤਾਂ ਇਹ ਹੁਕਮਰਾਨਾਂ ਦੀ ਮੁਸਲਿਮ ਕੌਮ ਵਿਸ਼ੇਸ਼ ਤੌਰ ਤੇ ਕਸ਼ਮੀਰੀਆਂ ਨਾਲ ਵੀ ਉਸੇ ਤਰ੍ਹਾਂ ਦਾ ਅਪਮਾਨਜ਼ਨਕ ਵਿਵਹਾਰ ਕੀਤਾ ਜਾ ਰਿਹਾ ਹੈ ਜਿਵੇ ਇਥੋ ਦੇ ਹੁਕਮਰਾਨ ਲੰਮੇ ਸਮੇ ਤੋ ਸਿੱਖ ਕੌਮ ਤੇ ਹੋਰ ਘੱਟ ਗਿਣਤੀਆ ਨਾਲ ਕਰਦੇ ਆ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਹੋਈ ਗੈਰ ਵਿਧਾਨਿਕ ਕਾਰਵਾਈ ਦੀ ਜਿਥੇ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਅਸੀ ਘੱਟ ਗਿਣਤੀਆ ਨਾਲ ਅਜਿਹੇ ਵਿਵਹਾਰ ਨੂੰ ਬਿਲਕੁਲ ਸਹਿਣ ਨਹੀ ਕਰਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰ ਸੂਬੇ ਦੀ ਇਕ ਕਸ਼ਮੀਰਨ ਸੂਝਵਾਨ ਜਰਨਲਿਸਟ ਬੀਬੀ ਨੂੰ ਆਪਣਾ ਕੌਮਾਂਤਰੀ ਪੱਧਰ ਦਾ ਸਨਮਾਨ ਆਵਾਰਡ ਪ੍ਰਾਪਤ ਕਰਨ ਲਈ ਦਿੱਲੀ ਹਵਾਈ ਅੱਡੇ ਤੋ ਪੈਰਿਸ ਜਾਣ ਤੋ ਬਿਨ੍ਹਾਂ ਵਜਹ ਰੋਕਣ ਦੇ ਗੈਰ ਵਿਧਾਨਿਕ ਅਮਲਾਂ ਦੀ ਅਤੇ ਘੱਟ ਗਿਣਤੀ ਕੌਮਾਂ ਨਾਲ ਬੇਇਨਸਾਫ਼ੀਆਂ ਕਰਨ ਦੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਵਿਰੁੱਧ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਇਕੱਤਰ ਹੋ ਕੇ ਸਮੂਹਿਕ ਰੂਪ ਵਿਚ ਆਵਾਜ ਬੁਲੰਦ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਲੰਮੇ ਸਮੇ ਤੋ ਜੋ ਹੁਕਮਰਾਨਾਂ ਨੇ ਇਕ ਸੋਚੀ ਸਮਝੀ ਸਾਜਿਸ ਅਧੀਨ ਕਸ਼ਮੀਰੀਆ, ਸਿੱਖਾਂ, ਰੰਘਰੇਟਿਆ, ਆਦਿਵਾਸੀਆ ਅਤੇ ਜੰਗਲਾਂ ਵਿਚ ਵੱਸਣ ਵਾਲੇ ਕਬੀਲਿਆ ਵਿਰੁੱਧ ‘ਹਿੰਦੂਰਾਸਟਰ’ ਕਾਇਮ ਕਰਨ ਦੀ ਸੋਚ ਅਧੀਨ ਵਿਧਾਨ ਦੀ ਧਾਰਾ 14, 19 ਅਤੇ 21 ਦੀ ਘੋਰ ਉਲੰਘਣਾ ਕਰਦੇ ਹੋਏ ਇਨ੍ਹਾਂ ਦੇ ਮੁੱਢਲੇ ਵਿਧਾਨਿਕ ਅਧਿਕਾਰਾਂ ਨੂੰ ਕੁੱਚਲਣ ਦੀ ਕਾਰਵਾਈ ਸੁਰੂ ਕੀਤੀ ਹੋਈ ਹੈ ਇਸ ਨਾਲ ਸਮੁੱਚੇ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਚ ਬਹੁਤ ਵੱਡੀ ਬੇਚੈਨੀ ਅਤੇ ਰੋਹ ਉੱਠਦਾ ਜਾ ਰਿਹਾ ਹੈ । ਇਸ ਲਈ ਹੁਕਮਰਾਨਾਂ ਨੂੰ ਅਸੀ ਇਸ ਪ੍ਰੈਸ ਰੀਲੀਜ ਰਾਹੀ ਖ਼ਬਰਦਾਰ ਕਰਨਾ ਆਪਣਾ ਫਰਜ ਸਮਝਦੇ ਹਾਂ ਕਿ ਉਹ ਘੱਟ ਗਿਣਤੀਆ ਵਿਰੋਧੀ ਗੈਰ ਵਿਧਾਨਿਕ ਅਮਲ ਤੁਰੰਤ ਬੰਦ ਕਰਨ ਅਤੇ ਬੀਬੀ ਸਾਨਾ ਇਰਸ਼ਾਦ ਮੱਟੂ ਨੂੰ ਉਸਦਾ ਕੌਮਾਂਤਰੀ ਪੱਧਰ ਦਾ ਸਨਮਾਨ ਪ੍ਰਾਪਤ ਕਰਨ ਲਈ ਪੈਰਿਸ ਜਾਣ ਦੀ ਲਗਾਈ ਗਈ ਜੁਬਾਨੀ ਰੋਕ ਨੂੰ ਖਤਮ ਕਰਕੇ ਇਸਨੂੰ ਜਾਣ ਦੀ ਇਜਾਜਤ ਦੇਣ ।

ਸ. ਮਾਨ ਨੇ ਸ੍ਰੀ ਕਪਿਲ ਸਿੱਬਲ ਮੈਬਰ ਰਾਜ ਸਭਾ ਵੱਲੋ ਇਕ ਆਲਟ ਨਿਊਜ ਦੇ ਸਹਿਬਾਨੀ ਮੁਸਲਿਮ ਜਨਾਬ ਮੁਹੰਮਦ ਜੁਬੇਰ ਨਾਮ ਦੇ ਇਨਸਾਨ ਨੂੰ ਉਸ ਵੱਲੋ 4 ਸਾਲ ਪਹਿਲੇ ਇਕ ਦਿੱਤੇ ਗਏ ਟਵੀਟ ਜੋ ਕਿ ਕਿਸੇ ਤਰ੍ਹਾਂ ਦਾ ਵੀ ਗੈਰ ਕਾਨੂੰਨੀ ਜਾਂ ਅਪਰਾਧਿਕ ਕਾਰਵਾਈ ਨਹੀ ਹੈ, ਉਸਨੂੰ ਇਸ ਝੂਠ ਦਾ ਆਧਾਰ ਬਣਾਕੇ ਗ੍ਰਿਫ਼ਤਾਰ ਕਰਨ ਦੀ ਫਿਰਕੂ ਕਾਰਵਾਈ ਵਿਰੁੱਧ ਆਵਾਜ ਉਠਾਉਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ, ਉਸਦਾ ਅਸੀ ਪੂਰੀ ਤਰ੍ਹਾਂ ਸਮਰਥਨ ਕਰਦੇ ਹੋਏ ਜਨਾਬ ਜੁਬੇਰ ਵੱਲੋ ਦਿੱਤੀ ਗਈ ਜਮਾਨਤ ਦੀ ਅਰਜੀ ਨੂੰ ਅਦਾਲਤ ਵੱਲ ਰੱਦ ਕਰਨ ਦੇ ਅਮਲਾਂ ਨੂੰ ਹਕੂਮਤੀ ਸਾਜਿਸ ਦਾ ਹਿੱਸਾ ਕਰਾਰ ਦਿੰਦੇ ਹੋਏ ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਉਥੇ ਅਜਿਹੇ ਇਨਸਾਨ ਨੂੰ 14 ਦਿਨ ਦਾ ਰਿਮਾਡ ਦੇਣ ਦੀ ਵੀ ਕਾਰਵਾਈ ਨੂੰ ਬਦਲੇ ਦੀ ਭਾਵਨਾ ਕਰਾਰ ਦਿੰਦੇ ਹੋਏ ਹੁਕਮਰਾਨਾਂ ਵੱਲੋ ਮੁਸਲਿਮ ਕੌਮ, ਸਿੱਖਾਂ ਅਤੇ ਘੱਟ ਗਿਣਤੀ ਕੌਮਾਂ ਨਾਲ ਘਸੀਆ-ਪਿੱਟਿਆ ਦਲੀਲਾਂ ਦਾ ਸਹਾਰਾ ਲੈਕੇ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਉਤੇ ਝੂਠੇ ਕੇਸ ਦਰਜ ਕਰਕੇ ਦਹਿਸਤ ਪਾਉਣ ਅਤੇ ਉਨ੍ਹਾਂ ਦੀਆਂ ਮੰਦਭਾਵਨਾ ਭਰੀਆ ਅਜਿਹੀਆ ਕਾਰਵਾਈਆ ਨੂੰ ਨਾ ਤਾਂ ਮੁਸਲਿਮ ਕੌਮ ਅਤੇ ਨਾ ਹੀ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਪ੍ਰਵਾਨ ਕਰਨਗੀਆ । ਇਸ ਲਈ ਬਿਹਤਰ ਹੋਵੇਗਾ ਹੁਕਮਰਾਨ ਘੱਟ ਗਿਣਤੀ ਵਿਰੋਧੀ ਸੋਚ ਅਤੇ ਅਮਲਾਂ ਤੋ ਤੋਬਾ ਕਰਕੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਵਿਧਾਨ, ਕਾਨੂੰਨ ਅਨੁਸਾਰ ਬਹੁਗਿਣਤੀ ਦੇ ਬਰਾਬਰ ਇਨਸਾਫ਼ ਦੇਣ ਦੀ ਗੱਲ ਕਰਨ ਨਾ ਕਿ ਵਿਤਕਰੇ ਅਤੇ ਜ਼ਬਰ-ਜੁਲਮ ਕਰਨ । ਅਸੀ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਹੁਕਮਰਾਨਾਂ ਨੇ ਆਪਣੀ ਸਿਆਸੀ ਅਤੇ ਮਾਲੀ ਧੋਸ ਜਮਾਉਣ ਲਈ ਜੋ ਡਿਫੈਕਟੋ ਐਮਰਜੈਸੀ ਘੱਟ ਗਿਣਤੀ ਕੌਮਾਂ ਉਤੇ ਲਾਗੂ ਕੀਤੀ ਹੋਈ ਹੈ, ਅਸਲੀਅਤ ਵਿਚ ਉਸਦਾ ਸਹਾਰਾ ਲੈਕੇ ਘੱਟ ਗਿਣਤੀ ਕੌਮਾਂ ਨੂੰ ਦਬਾਉਣਾ ਤੇ ਗੁਲਾਮ ਬਣਾਉਣਾ ਚਾਹੁੰਦੇ ਹਨ ਜਿਸ ਵਿਚ ਉਹ ਕਦਾਚਿੱਤ ਕਾਮਯਾਬ ਨਹੀ ਹੋ ਸਕਣਗੇ ।

Leave a Reply

Your email address will not be published. Required fields are marked *