ਆਪਣੇ-ਆਪ ਨੂੰ ਪੰਥਕ ਸਾਬਤ ਕਰਨ ਲੱਗਿਆ ਬਾਦਲ ਦਲ ਖਡੂਰ ਸਾਹਿਬ ਅਤੇ ਸੰਗਰੂਰ ਵਿਖੇ ਉਮੀਦਵਾਰ ਦੇ ਕੇ ਕਿਹੜੀ ਪੰਥ ਹਿਤੈਸੀ ਗੱਲ ਕਰ ਰਿਹੈ ? : ਟਿਵਾਣਾ
ਅੰਮ੍ਰਿਤਸਰ, 29 ਅਪ੍ਰੈਲ ( ) “ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਕਿਸਾਨ, ਖੇਤ-ਮਜਦੂਰ ਵਿਰੋਧੀ 3 ਕਾਲੇ ਕਾਨੂੰਨਾਂ ਦੇ ਹੱਕ ਵਿਚ ਭੁਗਤਕੇ ਮੁਤੱਸਵੀ ਬੀਜੇਪੀ ਜਮਾਤ ਨੂੰ ਖੁਸ਼ ਕਰਨ ਵਾਲਾ, ਪੰਜਾਬ ਦੇ ਪਾਣੀਆਂ, ਬਿਜਲੀ, ਹੈੱਡਵਰਕਸ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆ ਨੂੰ ਦੂਸਰੇ ਸੂਬਿਆਂ ਤੇ ਸੈਂਟਰ ਦੇ ਸਪੁਰਦ ਕਰਨ ਵਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਵਿਰੁੱਧ ਸਰਕਾਰ ਹੁੰਦੇ ਹੋਏ ਕਾਰਵਾਈ ਨਾ ਕਰਨ ਵਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਸਿਰਸੇਵਾਲੇ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਤੋ ਮੁਆਫ਼ੀ ਦਿਵਾਉਣ, 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲਾ, ਬਹਿਬਲ ਕਲਾਂ ਦੇ ਕਾਤਲਾਂ ਨੂੰ ਸਜਾਵਾਂ ਨਾ ਦੇਣ ਵਾਲਾ, ਬੀਜੇਪੀ-ਆਰ.ਐਸ.ਐਸ. ਦਾ ਗੁਲਾਮ ਬਣਕੇ ਅੱਜ ਪੰਜਾਬ ਸੂਬੇ ਅਤੇ ਪੰਥ ਵਿਰੋਧੀ ਕਾਰਵਾਈਆ ਕਰਨ ਵਾਲਾ ਬਾਦਲ ਦਲ ਸਿਆਸੀ ਪਲੇਟਫਾਰਮ ਦੇ ਹਾਸੀਏ ਤੇ ਪਹੁੰਚ ਚੁੱਕਿਆ ਹੈ । ਆਪਣੇ ਆਪ ਨੂੰ ਪੰਥਕ ਸਾਬਤ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾ ਰਿਹਾ ਹੈ । ਪਰ ਦੂਸਰੇ ਪਾਸੇ ਖਡੂਰ ਸਾਹਿਬ ਅਤੇ ਸੰਗਰੂਰ ਵਰਗੀਆਂ ਪਾਰਲੀਮੈਟ ਚੋਣ ਹਲਕਿਆ ਜਿਥੇ ਪੰਥਕ ਸਖਸ਼ੀਅਤਾਂ ਖੜ੍ਹੀਆ ਹਨ, ਉਨ੍ਹਾਂ ਵਿਰੁੱਧ ਬਾਦਲ ਦਲ ਵੱਲੋ ਆਪਣੇ ਉਮੀਦਵਾਰ ਉਤਾਰਕੇ ਕਿਹੜੇ ਪੰਥ ਹਿਤੈਸੀ ਅਮਲ ਕੀਤੇ ਜਾ ਰਹੇ ਹਨ ? ਇਹ ਕਾਰਵਾਈ ਬੀਜੇਪੀ-ਆਰ.ਐਸ.ਐਸ ਮੁਤੱਸਵੀ ਹਿੰਦੂ ਜਮਾਤਾਂ ਨੂੰ ਖੁਸ਼ ਕਰਨ ਤੇ ਉਨ੍ਹਾਂ ਦੀ ਪੰਥ ਵਿਰੋਧੀ ਸੋਚ ਨੂੰ ਮਜਬੂਤ ਕਰਨ ਵਾਲੀਆ ਨਿੰਦਣਯੋਗ ਕਾਰਵਾਈਆ ਹਨ । ਜਿਸਦਾ ਖਮਿਆਜਾ ਬਾਦਲ ਦਲੀਆ ਨੂੰ ਇਨ੍ਹਾਂ ਪਾਰਲੀਮੈਂਟ ਚੋਣਾਂ ਵਿਚ ਭੁਗਤਣਾ ਪਵੇਗਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ-ਆਪ ਨੂੰ ਪੰਥ ਹਿਤੈਸੀ ਸਾਬਤ ਕਰਨ ਵਾਲੇ ਬਾਦਲ ਦਲੀਆ ਵੱਲੋ ਖਡੂਰ ਸਾਹਿਬ ਤੋ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਅਤੇ ਸੰਗਰੂਰ ਤੋਂ ਸ. ਸਿਮਰਨਜੀਤ ਸਿੰਘ ਮਾਨ ਦੀ ਸਖਸੀਅਤ ਵਿਰੁੱਧ ਉਮੀਦਵਾਰ ਖੜ੍ਹੇ ਕਰਨ ਉਤੇ ਜਨਤਾ ਦੀ ਕਚਹਿਰੀ ਵਿਚ ਬਾਦਲ ਦਲੀਆ ਨੂੰ ਖੜ੍ਹਾ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਨਾਮ ਤੇ ਲੋਕ ਸਭਾ ਸੀਟ ਉਤੇ ਬਾਦਲ ਦਲ ਨੇ ਪੰਥਕ ਮੁਖੋਟਾ ਚਾੜੇ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦਿੱਤੀ ਹੈ, ਜਿਸਨੇ ਸੰਤ ਭਿੰਡਰਾਂਵਾਲਿਆ ਸਮੇ ਇਹ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰਕੇ ਉਥੇ ਝੋਨਾ ਬੀਜ ਦੇਣਾ ਚਾਹੀਦਾ ਹੈ ਅਤੇ ਇਸੇ ਚੰਦੂਮਾਜਰੇ ਨੇ ਸਿਰਸੇਵਾਲੇ ਸਾਧ ਲਈ ਜੋ ਸ. ਸੁਖਬੀਰ ਸਿੰਘ ਬਾਦਲ ਵੱਲੋ ਸੁਨਿਹਰੀ ਪੁਸਾਕ ਤਿਆਰ ਕੀਤੀ ਗਈ ਸੀ, ਉਸਨੂੰ ਸਿਰਸੇਵਾਲੇ ਸਾਧ ਕੋਲ ਪਹੁੰਚਾਉਣ ਵਾਲੇ ਅਤੇ ਸਿਰਸੇਵਾਲੇ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਮੁਆਫ਼ੀ ਦਿਵਾਉਣ ਤੇ ਸਵਾਗਤ ਕਰਨ ਵਾਲੇ ਵੀ ਸ. ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਚੇਹਰੇ ਹੀ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਬਾਦਲ ਦਲੀਆ ਅਤੇ ਪੰਥਕ ਮੁਖੋਟਾ ਚਾੜੇ ਆਗੂਆਂ ਦੇ ਮਨ-ਆਤਮਾ ਵਿਚ ਸਿੱਖ ਕੌਮ ਦੀਆਂ ਮਹਾਨ ਮਰਿਯਾਦਾਵਾਂ ਅਤੇ ਸੰਸਥਾਵਾਂ ਦਾ ਕੋਈ ਮਹੱਤਵ ਨਹੀ । ਇਹ ਤਾਂ ਕੇਵਲ ਇਨ੍ਹਾਂ ਸੰਸਥਾਵਾਂ ਤੇ ਮਰਿਯਾਦਾਵਾ ਦਾ ਘਾਣ ਕਰਕੇ ਆਪਣੇ ਦਿੱਲੀ ਬੈਠੇ ਪੰਥ ਵਿਰੋਧੀ ਅਕਾਵਾਂ ਨੂੰ ਨਿਰੰਤਰ ਖੁਸ ਕਰਨ ਦੇ ਅਮਲ ਕਰਦੇ ਆ ਰਹੇ ਹਨ ਅਤੇ ਨਾਲ ਹੀ ਗੈਰ ਇਖਲਾਕੀ ਤੇ ਗੈਰ ਇਨਸਾਨੀ ਢੰਗਾਂ ਨਾਲ ਧਨ-ਦੌਲਤਾਂ, ਜਾਇਦਾਦਾਂ ਦੇ ਭੰਡਾਰ ਇਕੱਤਰ ਕਰਨ ਅਤੇ ਸਿਆਸੀ ਚੌਧਰਾਂ ਕਾਇਮ ਕਰਨ ਵਿਚ ਮਸਰੂਫ ਹਨ । ‘ਮੈਂ ਮਰਾਂ ਪੰਥ ਜੀਵੇ’ ਦੀ ਮਹਾਨ ਇਤਿਹਾਸਿਕ ਭਾਵਨਾ ਇਨ੍ਹਾਂ ਵਿਚ ਖਤਮ ਹੋ ਚੁੱਕੀ ਹੈ । ਇਹੀ ਕਾਰਨ ਹੈ ਕਿ ਪੰਜਾਬੀਆਂ ਤੇ ਸਿੱਖ ਕੌਮ ਨੇ ਬਾਦਲ ਦਲੀਆ ਨੂੰ ਆਪਣੇ ਮਨਾਂ ਵਿਚ ਸਿਆਸੀ ਅਤੇ ਧਾਰਮਿਕ ਤੌਰ ਤੇ ਕੱਢ ਦਿੱਤਾ ਹੈ । ਪੰਜਾਬ ਸੂਬੇ ਦਾ ਵੋਟਰ ਤੇ ਸਿੱਖ ਕੌਮ ਜਿਥੇ ਇਨ੍ਹਾਂ ਪਾਰਲੀਮੈਟ ਚੋਣਾਂ ਵਿਚ ਅਜਿਹੇ ਪੰਥ ਦੇ ਮੁਖੋਟੇ ਪਹਿਨੇ ਆਗੂਆਂ ਦੇ ਚੇਹਰੇ ਤੋ ਆਪਣੀ ਵੋਟ ਸ਼ਕਤੀ ਰਾਹੀ ਨਕਾਬ ਉਤਾਰੇਗਾ, ਉਥੇ ਬੀਜੇਪੀ-ਆਰ.ਐਸ.ਐਸ. ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਵਾਲੀ ਤੇ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਅਤੇ ਬੀਤੇ ਸਮੇ ਤੋ ਇਨ੍ਹਾਂ ਦੀ ਬੀ-ਟੀਮ ਬਣਕੇ ਵਿਚਰਦੀ ਆ ਰਹੀ ਆਮ ਆਦਮੀ ਪਾਰਟੀ ਦੀਆਂ ਦਿਸ਼ਾਹੀਣ ਨੀਤੀਆ ਵਿਰੁੱਧ ਵੀ ਆਪਣਾ ਰੋਸ ਪ੍ਰਤੱਖ ਜਾਹਰ ਕਰੇਗਾ । ਇਨ੍ਹਾਂ ਤਾਕਤਾਂ ਦਾ ਖਾਤਮਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋ 13 ਦੀਆਂ 13 ਸੀਟਾਂ ਤੇ ਖੜੇ ਹੋਣ ਵਾਲੇ ਉਮੀਦਵਾਰਾਂ ਨੂੰ ਜਿਤਾਕੇ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਆਪਣੀ ਪੰਜਾਬ ਸੂਬੇ ਪ੍ਰਤੀ ਜਿੰਮੇਵਾਰੀ ਨੂੰ ਸੁਹਿਰਦਤਾ ਨਾਲ ਜਿਥੇ ਪੂਰਨ ਕਰਨ, ਉਥੇ ਉਪਰੋਕਤ ਪੰਜਾਬ ਤੇ ਸਿੱਖ ਕੌਮ ਵਿਰੋਧੀ ਤਾਕਤਾਂ ਨੂੰ ਕਰਾਰੀ ਹਾਰ ਦੇ ਕੇ ਆਪਣੇ ਸਿਧਾਤਾਂ ਤੇ ਮਹਾਨ ਸੋਚ ਤੇ ਪਹਿਰਾ ਦੇਣ ।