ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿਚ ਕੈਨੇਡਾ ਦੀ ਟਰੂਡੋ ਹਕੂਮਤ ਨੂੰ ਮੋਦੀ ਹਕੂਮਤ ਵੱਲੋ ਸਹਿਯੋਗ ਨਾ ਦੇਣਾ, ਸਿੱਖਾਂ ਪ੍ਰਤੀ ਸੋਚ ਨੂੰ ਪ੍ਰਤੱਖ ਕਰਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 30 ਮਾਰਚ ( ) “ਜਦੋਂ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਨੇ ਪੁਖਤਾ ਸਬੂਤਾਂ ਸਮੇਤ ਆਪਣੀ ਕੈਨੇਡੀਅਨ ਪਾਰਲੀਮੈਟ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੇ ਇੰਡੀਅਨ ਏਜੰਸੀਆ ਵੱਲੋ ਕੀਤੇ ਕਤਲ ਦਾ ਸੱਚ ਦੁਨੀਆ ਸਾਹਮਣੇ ਪੇਸ ਕਰ ਦਿੱਤਾ ਹੈ ਅਤੇ ਇਸਦੀ ਚੱਲ ਰਹੀ ਜਾਂਚ ਵਿਚ ਇੰਡੀਆ ਤੋ ਸਹਿਯੋਗ ਦੀ ਮੰਗ ਕੀਤੀ ਹੈ, ਤਾਂ ਹੁਣ ਇੰਡੀਅਨ ਹੁਕਮਰਾਨ ਤੇ ਉਸਦੀਆਂ ਏਜੰਸੀਆ ਜੋ ਬਾਹਰਲੇ ਮੁਲਕਾਂ ਵਿਚ ਵੱਸਦੇ ਸਿੱਖਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਲਈ ਨਿਰੰਤਰ ਨਿਸ਼ਾਨਾਂ ਬਣਾਉਦੀਆ ਆ ਰਹੀਆ ਹਨ, ਉਹ ਭਾਈ ਨਿੱਝਰ ਦੇ ਕੇਸ ਵਿਚ ਕੈਨੇਡਾ ਵੱਲੋ ਮੰਗੇ ਜਾ ਰਹੇ ਦਸਤਾਵੇਜ ਜਾਂ ਹੋਰ ਸੱਚ ਨੂੰ ਸਾਹਮਣੇ ਲਿਆਉਣ ਵਿਚ ਸਹਿਯੋਗ ਕਰਨ ਤੋ ਕਿਉਂ ਭੱਜ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕੈਨੇਡਾ ਵਿਚ ਹੋਏ ਇੰਡੀਅਨ ਏਜੰਸੀਆ ਦੁਆਰਾ ਕਤਲ ਵਿਚ ਹੁਕਮਰਾਨਾਂ ਵੱਲੋ ਕੈਨੇਡਾ ਦੀ ਸਰਕਾਰ ਅਤੇ ਜਸਟਿਨ ਟਰੂਡੋ ਨੂੰ ਸਹਿਯੋਗ ਨਾ ਕਰਨ ਉਤੇ ਗਹਿਰਾ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਅਤੇ ਇਸ ਦਾਲ ਵਿਚ ਕੁਝ ਨਾ ਕੁਝ ਕਾਲਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇੰਡੀਆ ਦੀ ਮੋਦੀ ਹਕੂਮਤ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਬਾਹਰਲੇ ਮੁਲਕਾਂ ਵਿਚ ਸਥਾਪਿਤ ਹੋਣ ਵਾਲੇ ਸਿੱਖਾਂ ਦੇ ਇਸ ਉੱਦਮ ਵਿਚ ਇੰਡੀਆ ਦੇ ਹੁਕਮਰਾਨਾਂ ਜਾਂ ਸਰਕਾਰ ਦੀ ਕੀ ਦੇਣ ਹੈ ਅਤੇ ਉਹ ਇਸ ਵਿਸੇ ਉਤੇ ਕੀ ਕਰ ਰਹੀ ਹੈ ? ਜੇਕਰ ਅੱਜ ਇੰਡੀਆ ਦੇ ਹੁਕਮਰਾਨਾਂ ਤੇ ਪੰਜਾਬ ਦੇ ਹੁਕਮਰਾਨਾਂ ਦੀਆਂ ਦਿਸ਼ਾਹੀਣ ਨੀਤੀਆ ਦੀ ਬਦੌਲਤ ਸਿੱਖ ਤੇ ਪੰਜਾਬੀ ਨੌਜਵਾਨ ਆਪਣੇ ਰੁਜਗਾਰ ਲਈ ਬਾਹਰਲੇ ਮੁਲਕਾਂ ਵਿਚ ਆਪਣਾ ਘਰ ਬਾਰ ਛੱਡਕੇ ਅਤੇ ਵੱਡੀ ਕੀਮਤ ਦੇ ਕੇ ਸਥਾਪਿਤ ਹੋ ਰਹੇ ਹਨ, ਫਿਰ ਇਹ ਹੁਕਮਰਾਨ ਉਨ੍ਹਾਂ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਮਾਰ ਦੇਣ ਦੇ ਅਣਮਨੁੱਖੀ ਅਮਲ ਕਿਉਂ ਕਰ ਰਹੀ ਹੈ ? ਉਨ੍ਹਾਂ ਕਿਹਾ ਕਿ ਜਦੋ ਤੱਕ ਬਾਹਰਲੇ ਮੁਲਕਾਂ, ਪੰਜਾਬ, ਹਰਿਆਣਾ ਵਿਚ ਮਾਰੇ ਜਾਣ ਵਾਲੇ ਸਿੱਖ ਨੌਜਵਾਨਾਂ ਦੇ ਕਤਲ ਕੇਸਾਂ ਨੂੰ ਕਾਨੂੰਨ ਅਨੁਸਾਰ ਸਿੱਖਰ ਤੇ ਲਿਜਾਕੇ ਉਨ੍ਹਾਂ ਨੂੰ ਸਜਾਵਾਂ ਦੇਣ ਦਾ ਪ੍ਰਬੰਧ ਨਹੀ ਹੁੰਦਾ ਉਸ ਸਮੇ ਤੱਕ ਸਿੱਖਾਂ ਦੇ ਇਸ ਤਰ੍ਹਾਂ ਸਾਜਸੀ ਢੰਗ ਨਾਲ ਹੋਣ ਵਾਲੇ ਕਤਲ ਨਹੀ ਰੁਕ ਸਕਣਗੇ । ਇਸ ਲਈ ਕੈਨੇਡਾ, ਅਮਰੀਕਾ, ਯੂ.ਐਨ, ਮਨੁੱਖੀ ਅਧਿਕਾਰ ਸੰਗਠਨ ਅਤੇ ਦੂਰ ਅੰਦੇਸ਼ੀ ਸੋਚ ਰੱਖਣ ਵਾਲੇ ਸਿੱਖ ਵਕੀਲਾਂ, ਬੁੱਧੀਜੀਵੀਆਂ ਨੂੰ ਸਮੂਹਿਕ ਤੌਰ ਤੇ ਅਜਿਹੇ ਅਮਲ ਕਰਨੇ ਪੈਣਗੇ ਜਿਸ ਨਾਲ ਸਿੱਖ ਕੌਮ ਦੇ ਕਾਤਲ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਹੋ ਕੇ ਸਜ਼ਾਂ ਭੁਗਤ ਸਕਣ ।