ਕਾਂਗਰਸ ਜਮਾਤ ਜੋ ਪੰਜਾਬੀਆਂ ਜਾਂ ਸਿੱਖਾਂ ਦੀ ਖੈਰ ਗਵਾਹ ਬਣਦੀ ਨਜਰ ਆ ਰਹੀ ਹੈ, ਉਸਨੇ ਹੀ ਤਾਂ ਅਣਮਨੁੱਖੀ ਜ਼ਬਰ ਜੁਲਮ ਕਰਨ ਦੀ ਸੁਰੂਆਤ ਕੀਤੀ ਸੀ : ਮਾਨ
ਫ਼ਤਹਿਗੜ੍ਹ ਸਾਹਿਬ, 26 ਮਾਰਚ ( ) “ਅੱਜ ਕਾਂਗਰਸ ਜਮਾਤ ਪੰਜਾਬੀਆਂ ਤੇ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਦੀ ਸਵਾਰਥੀ ਸੋਚ ਅਧੀਨ ਇਨ੍ਹਾਂ ਦੀ ਵੱਡੀ ਖੈਰ ਗਵਾਹ ਬਣਕੇ ਕਦੀ ਭਾਜਪਾਈਆ, ਕਦੀ ਆਮ ਆਦਮੀ ਪਾਰਟੀ ਵਿਰੁੱਧ ਜੋਰ ਸੋਰ ਨਾਲ ਅਖਬਾਰਾਂ ਤੇ ਮੀਡੀਏ ਵਿਚ ਬਿਆਨਬਾਜੀ ਕਰਦੀ ਨਜਰ ਆ ਰਹੀ ਹੈ । ਤਾਂ ਕਿ ਪੰਜਾਬੀਆਂ ਤੇ ਸਿੱਖਾਂ ਦੀ ਹਮਦਰਦ ਸਾਬਤ ਕੀਤਾ ਜਾ ਸਕੇ। ਜਦੋਕਿ ਸਭ ਤੋ ਜਿਆਦਾ ਪੰਜਾਬੀਆਂ ਤੇ ਸਿੱਖਾਂ ਦਾ ਖੂਨ ਖਰਾਬਾ, ਕਤਲੇਆਮ, ਗੈਰ ਕਾਨੂੰਨੀ ਪੁਲਿਸ ਜ਼ਬਰ, ਝੂਠੇ ਪੁਲਿਸ ਮੁਕਾਬਲੇ, ਸਾਡੀਆ ਧੀਆਂ ਭੈਣਾਂ ਨਾਲ ਜ਼ਬਰ ਜਨਾਹ ਅਤੇ ਸਿੱਖ ਨੌਜਵਾਨੀ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਤੇ ਨਿਸ਼ਾਨਾਂ ਬਣਾਉਣ ਦੀਆਂ ਸਾਜਿਸਾਂ ਰਚਦੀ ਰਹੀ ਹੈ । ਇਸ ਤੋ ਇਲਾਵਾ ਸਾਡੇ ਪੰਜਾਬ ਦੇ ਕੀਮਤੀ ਪਾਣੀਆਂ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਾ ਦੇ ਕੇ ਅਤੇ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਤੋ ਬਾਹਰ ਰੱਖਕੇ ਸਭ ਮਸਲੇ ਕਾਂਗਰਸ ਦੀ ਹੀ ਦੇਣ ਹੈ । ਫਿਰ ਇਹ ਅੱਜ ਜਾਲਮ ਜਮਾਤ ਪੰਜਾਬੀਆਂ ਤੇ ਸਿੱਖ ਕੌਮ ਦੀ ਹਮਦਰਦ ਕਿਵੇ ਹੋ ਸਕਦੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬੀਆਂ ਤੇ ਸਿੱਖਾਂ ਉਤੇ ਲੰਮੇ ਸਮੇ ਤੋਂ ਨਿਰੰਤਰ ਜ਼ਬਰ ਢਾਹੁਣ ਤੇ ਕਤਲੇਆਮ ਕਰਨ ਵਾਲੇ ਕਾਂਗਰਸੀਆਂ ਵੱਲੋਂ ਅੱਜ ਭਾਜਪਾ ਜਾਂ ਆਮ ਆਦਮੀ ਪਾਰਟੀ ਵਿਰੁੱਧ ਜੋਰ ਸੋਰ ਨਾਲ ਪ੍ਰਚਾਰ ਕਰਨ ਅਤੇ ਆਪਣੇ ਆਪ ਨੂੰ ਪੰਜਾਬੀਆਂ ਤੇ ਸਿੱਖਾਂ ਦੀ ਵੱਡੀ ਹਮਦਰਦ ਸਾਬਤ ਕਰਨ ਦੇ ਗੁੰਮਰਾਹਕੁੰਨ ਅਮਲਾਂ ਉਤੇ ਹੈਰਾਨੀ ਜਾਹਰ ਕਰਦੇ ਹੋਏ ਅਤੇ ਪੰਜਾਬੀਆਂ ਤੇ ਸਿੱਖਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਬਲਿਊ ਸਟਾਰ ਦਾ ਸਾਡੇ ਗੁਰਧਾਮਾਂ ਉਤੇ ਫੌਜੀ ਹਮਲਾ ਕਰਵਾਉਣ ਵਾਲੀ ਕਾਂਗਰਸ ਸੰਘ ਪਾੜ-ਪਾੜਕੇ ਬੋਲ ਰਹੀ ਹੈ, ਫਿਰ ਉਹ ਇੰਡੀਆਂ ਦੀਆਂ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ ਵੱਲੋ ਇਕ ਡੂੰਘੀ ਸਾਜਿਸ ਤਹਿਤ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ, ਪੰਜਾਬ ਵਿਚ ਕਤਲ ਕੀਤੇ ਜਾਣ ਵਾਲੇ, ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਸੰਬੰਧੀ ਕਿਉਂ ਨਹੀਂ ਬੋਲ ਰਹੀ ? ਉਨ੍ਹਾਂ ਸਿੱਖ ਕੌਮ ਦੇ ਇਤਿਹਾਸ ਦੀ ਇਕ ਸੱਚੀ ਉਸ ਘਟਨਾ ਜਿਸ ਰਾਹੀ ਇਕ ਰਾਜੇ ਦੀ ਧੀ ਰਜਨੀ ਜਿਸਨੂੰ ਰਾਜੇ ਨੇ ਨਿਰਾਸ ਹੋ ਕੇ ਇਕ ਪਿਗਲੇ ਗਰੀਬ ਨਾਲ ਇਸ ਲਈ ਵਿਆਹ ਦਿੱਤਾ ਸੀ ਕਿਉਂਕਿ ਇਸ ਬੀਬੀ ਨੇ ਇਹ ਸੱਚ ਪ੍ਰਤੱਖ ਕਰ ਦਿੱਤਾ ਸੀ ਕਿ ਮੈਂ ਰਾਜੇ ਦਾ ਨਹੀ ਖਾਂਦੀ ਉਸ ਅਕਾਲ ਪੁਰਖ ਵੱਲੋ ਦਿੱਤਾ ਖਾਂਦੀ ਹਾਂ । ਉਸ ਬੀਬੀ ਨੇ ਉਸ ਪਿਗਲੇ ਨਾਲ ਵਿਆਹ ਕਰਨ ਉਪਰੰਤ ਸ੍ਰੀ ਦਰਬਾਰ ਸਾਹਿਬ ਨਮਸਕਾਰ ਕਰਨ ਗਈ ਅਤੇ ਆਪਣੇ ਪਤੀ ਪਿਗਲੇ ਨੂੰ ਬਾਹਰ ਸਰੋਵਰ ਕੋਲ ਛੱਪੜੀ ਵਿਚ ਬਿਠਾਕੇ ਚਲੀ ਗਈ । ਜਦੋ ਪਿਗਲੇ ਨੇ ਵੇਖਿਆ ਕਿ ਕਾਂ ਸਰੋਵਰ ਵਿਚ ਡੁਬਕੀ ਮਾਰਕੇ ਚਿੱਟੇ ਹੰਸ ਬਣ ਜਾਂਦੇ ਹਨ ਤਾਂ ਉਸਨੇ ਸਿਰ ਤੇ ਚੁੱਕਣ ਵਾਲੀ ਛੱਪੜੀ ਵਿਚੋ ਆਪਣੇ ਆਪ ਨੂੰ ਅਲੱਗ ਕਰਕੇ ਸਰੋਵਰ ਵਿਚ ਇਸਨਾਨ ਕੀਤਾ ਅਤੇ ਆਪਣੇ ਹੱਥ ਉਤੇ ਫੁੱਟੇ ਕੋਹੜ ਨੂੰ ਪਾਣੀ ਤੋ ਬਾਹਰ ਰੱਖਿਆ ਤਾਂ ਕਿ ਉਸਦੀ ਪਤਨੀ ਉਸਨੂੰ ਪਹਿਚਾਣ ਲਵੇ। ਉਸੇ ਤਰ੍ਹਾਂ ਹੁਣ ਸਿੱਖ ਕੌਮ ਤੇ ਪੰਜਾਬੀਆਂ ਦੀ ਗੱਲ ਕਰਕੇ ਇਹ ਜਾਬਰ ਤੇ ਜਾਲਮ ਪੰਜਾਬੀਆਂ ਦਾ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਪੰਜਾਬੀਆਂ ਤੇ ਸਿੱਖਾਂ ਦੇ ਸੋਹਲੇ ਗਾਕੇ ਆਪਣੇ ਆਪ ਨੂੰ ਉਨ੍ਹਾਂ ਵੱਡੇ ਦੋਸ਼ਾਂ ਤੋ ਮੁਕਤ ਕਰਨਾ ਚਾਹੁੰਦੀ ਹੈ । ਜੋ ਕਿ ਕਦ ਵੀ ਨਹੀ ਹੋ ਸਕਦਾ ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਤੇ ਸਿੱਖਾਂ ਦੇ ਹੱਕ ਵਿਚ ਗੱਲ ਕਰਨ ਵਾਲੇ ਕਾਂਗਰਸੀ ਜਿੰਮੀਦਾਰਾਂ ਅਤੇ ਖੇਤ ਮਜਦੂਰਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਖੁੱਲ੍ਹ ਵਪਾਰ ਕਰਨ ਲਈ ਖੋਲਣ ਉਤੇ ਅਮਲ ਕਿਉਂ ਨਹੀਂ ਕਰ ਰਹੀ ? ਫਿਰ ਇਨ੍ਹਾਂ ਨੇ ਭਾਜਪਾਈਆ ਅਤੇ ਹਿੰਦੂਤਵ ਤਾਕਤਾਂ ਨਾਲ ਰਲਕੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਢਹਿ ਢੇਰੀ ਕੀਤਾ । ਰਾਮ ਮੰਦਰ ਦੇ ਉਦਘਾਟਨ ਸਮੇਂ ਨਾ ਇਹ ਮੁਸਲਿਮ ਕੌਮ ਦੇ ਵਿਰੁੱਧ ਬੋਲੇ ਅਤੇ ਨਾ ਹੀ ਹੱਕ ਵਿਚ ਬੋਲੇ । ਜਿਸ ਦੋਸ਼ ਤੋ ਇਹ ਕਦੀ ਵੀ ਨਹੀ ਬਚ ਸਕਦੇ । ਇਹ ਕਾਂਗਰਸ ਜਮਾਤ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਦਰਪੇਸ ਆ ਰਹੇ ਗੰਭੀਰ ਮਸਲਿਆ ਨੂੰ ਹੱਲ ਕਰਨ ਲਈ ਨਾ ਤਾਂ ਆਵਾਜ ਉਠਾਉਦੀ ਹੈ, ਨਾ ਕੋਈ ਅਮਲ ਕਰਦੀ ਹੈ ਅਤੇ ਨਾ ਹੀ ਹੱਲ ਕਰਨ ਲਈ ਸੰਜ਼ੀਦਾ ਹੈ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਕਰਨ ਹਿੱਤ ਹੀ ਟੈ-ਟੈ ਕਰਨ ਵਾਲੇ ਉਹ ਬਰਸਾਤੀ ਡੱਡੂ ਹਨ ਜੋ ਵੋਟਾਂ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਹਮਦਰਦ ਸਾਬਤ ਕਰਨ ਦੀ ਤਾਕ ਵਿਚ ਹਨ । ਜਦੋਕਿ ਵੋਟ ਪ੍ਰਕਿਰਿਆ ਖਤਮ ਹੁੰਦੇ ਹੀ ਇਹ ਆਪੋ ਅਪਾਣੇ ਸੈਟਰ ਰੂਪੀ ਟੋਭਿਆ ਵਿਚ ਛੁੱਪ ਜਾਣਗੇ ਅਤੇ 5 ਸਾਲ ਦੇ ਸਮੇ ਲਈ ਪੰਜਾਬੀਆਂ ਤੇ ਸਿੱਖ ਕੌਮ ਨੂੰ ਨਜਰ ਨਹੀ ਆਉਣਗੇ ।