ਮੁੱਖ ਚੋਣ ਕਮਿਸਨਰ ਗੁਰਦੁਆਰਾ ਚੋਣਾਂ ਜਸਟਿਸ ਐਸ.ਐਸ. ਸਾਰੋ ਵੱਲੋਂ ਵੋਟਾਂ ਬਣਾਉਣ ਦਾ ਸਮਾਂ 30 ਅਪ੍ਰੈਲ ਤੱਕ ਵਧਾਉਣ ਲਈ ਧੰਨਵਾਦ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 28 ਫਰਵਰੀ ( ) “ਜਸਟਿਸ ਐਸ.ਐਸ. ਸਾਰੋ ਮੁੱਖ ਚੋਣ ਕਮਿਸਨਰ ਗੁਰਦੁਆਰਾ ਚੋਣਾਂ ਵੱਲੋਂ ਐਸ.ਜੀ.ਪੀ.ਸੀ. ਚੋਣਾਂ ਲਈ ਜੋ ਵੋਟਾਂ ਬਣਾਉਣ ਦਾ ਸਮਾਂ 30 ਅਪ੍ਰੈਲ ਤੱਕ ਵਧਾਉਣ ਦੇ ਹੁਕਮ ਕੀਤੇ ਹਨ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਜਸਟਿਸ ਸਾਰੋ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ । ਕਿਉਂਕਿ ਸਮੁੱਚੇ ਪੰਜਾਬ, ਚੰਡੀਗੜ੍ਹ ਆਦਿ ਵਿਚ ਬਹੁਤ ਹੀ ਘੱਟ ਵੋਟਾਂ ਬਣੀਆ ਸਨ । ਜਿਨ੍ਹਾਂ ਦੀ ਗਿਣਤੀ ਪੰਜਾਬ ਸੂਬੇ ਵਿਚ ਕੇਵਲ 23 ਲੱਖ ਵੋਟਾਂ ਤੱਕ ਹੀ ਪਹੁੰਚੀ ਹੈ । ਜੋ ਕਿ ਪਿਛਲੀ ਵਾਰ ਬਣੀਆ ਵੋਟਾਂ ਦੇ ਅੱਧ ਨਾਲੋ ਵੀ ਬਹੁਤ ਜਿਆਦਾ ਘੱਟ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਨਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪਾਰਟੀ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਜਸਟਿਸ ਐਸ.ਐਸ. ਸਾਰੋ ਮੁੱਖ ਚੋਣ ਕਮਿਸਨਰ ਗੁਰਦੁਆਰਾ ਚੋਣਾਂ ਦਾ ਤਹਿ ਦਿਲੋ ਧੰਨਵਾਦ ਕਰਦੇ ਹੋਏ ਅਤੇ ਐਸ.ਜੀ.ਪੀ.ਸੀ ਚੋਣਾਂ ਲਈ ਸਾਡੇ ਵੱਲੋ ਦਿੱਤੇ ਜਾਣ ਵਾਲੇ ਸੁਝਾਵਾਂ ਉਤੇ ਅਮਲ ਕਰਨ ਹਿੱਤ ਵਿਸੇਸ ਤੌਰ ਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਬੀਤੇ ਕੱਲ੍ਹ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਉਚੇਚੇ ਤੌਰ ਤੇ ਇਕ ਲਿਖਤੀ ਯਾਦ ਪੱਤਰ ਆਪਣੇ ਚੰਡੀਗੜ੍ਹ ਸਟੇਟ ਦੇ ਪ੍ਰਧਾਨ ਸ. ਗੋਪਾਲ ਸਿੰਘ ਝਾੜੋ ਰਾਹੀ ਗੁਰਦੁਆਰਾ ਚੋਣ ਕਮਿਸਨ ਦਾਖਲ ਕਰਦੇ ਹੋਏ ਇਹ ਮੰਗ ਕੀਤੀ ਗਈ ਸੀ ਕਿ ਸਹੀ ਢੰਗ ਨਾਲ ਪੰਜਾਬ ਸਰਕਾਰ ਅਤੇ ਉਸਦੇ ਅਧਿਕਾਰੀਆਂ ਵੱਲੋ ਜਿੰਮੇਵਾਰੀ ਨਾ ਨਿਭਾਉਣ ਅਤੇ ਸਿੱਖ ਕੌਮ ਵੱਲੋ ਕੁਝ ਦਿਲਚਸਪੀ ਘੱਟ ਹੋਣ ਕਾਰਨ ਵੋਟਾਂ ਬਹੁਤ ਘੱਟ ਬਣੀਆ ਹਨ ਅਤੇ ਆਉਣ ਵਾਲੇ ਕੱਲ੍ਹ 29 ਫਰਵਰੀ ਨੂੰ ਵੋਟਾਂ ਬਣਨ ਦਾ ਸਮਾਂ ਖਤਮ ਹੋਣ ਜਾ ਰਿਹਾ ਹੈ, ਇਸ ਲਈ ਸਾਡੀ ਬੇਨਤੀ ਹੈ ਕਿ ਵੋਟਾਂ ਬਣਾਉਣ ਦਾ ਸਮਾਂ 2 ਮਹੀਨੇ ਲਈ ਹੋਰ ਵਧਾਇਆ ਜਾਵੇ । ਇਸਦੇ ਨਾਲ ਹੀ ਇਹ ਵੀ ਮੰਗ ਕੀਤੀ ਗਈ ਸੀ ਕਿ ਜਿਵੇ ਪਾਰਲੀਮੈਟ, ਅਸੈਬਲੀਆਂ, ਮਿਊਸੀਪਲ ਕਾਰਪੋਰੇਸਲਂਾ, ਮਿਊਸੀਪਲ ਕੌਸਲਾਂ, ਜਿ਼ਲ੍ਹਾ ਪ੍ਰੀਸ਼ਦਾਂ, ਪੰਚਾਇਤਾਂ ਦੀਆਂ ਜਰਨਲ ਚੋਣਾਂ ਹੋਣ ਸਮੇ ਮਾਲ ਵਿਭਾਗ ਦੇ ਅਧਿਕਾਰੀ ਤਹਿਸੀਲਦਾਰ, ਕਾਨੂੰਗੋ, ਪਟਵਾਰੀ, ਬੀ.ਐਲ.ਓ, ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਵੱਲੋ ਘਰ-ਘਰ ਜਾ ਕੇ ਵੋਟਾਂ ਬਣਾਉਣ ਦੀ ਜਿੰਮੇਵਾਰੀ ਪੂਰੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਂਸ ਲਈ ਆਉਣ ਵਾਲੀਆ ਚੋਣਾਂ ਲਈ ਉਪਰੋਕਤ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਰਾਹੀ ਹੁਕਮ ਕਰਕੇ ਇਹ ਵੋਟਾਂ ਘਰ-ਘਰ ਜਾ ਕੇ ਬਣਾਉਣ ਦਾ ਵੀ ਪ੍ਰਬੰਧ ਕੀਤਾ ਜਾਵੇ । ਸ. ਟਿਵਾਣਾ ਨੇ ਜਿਥੇ ਜਸਟਿਸ ਸਾਰੋ ਦਾ ਇਸ ਕੀਤੇ ਜਾ ਰਹੇ ਉੱਦਮ ਲਈ ਧੰਨਵਾਦ ਕੀਤਾ, ਉਥੇ ਸਮੁੱਚੀ ਪਾਰਟੀ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਉਚੇਚੇ ਤੌਰ ਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਗ੍ਰਹਿ ਸਕੱਤਰ ਜਾਂ ਹੋਰ ਵਿਸੇਸ ਸਕੱਤਰਾਂ ਨੂੰ ਹੁਕਮ ਕਰਕੇ ਐਸ.ਜੀ.ਪੀ.ਸੀ ਦੀਆਂ ਆਉਣ ਵਾਲੀਆ ਚੋਣਾਂ ਲਈ ਹਰ ਪਿੰਡ, ਸਹਿਰ ਦੇ ਹਰ ਸਿੱਖ ਘਰ ਵਿਚ ਜਾ ਕੇ ਉਪਰੋਕਤ ਅਧਿਕਾਰੀਆ ਤੋ ਵੋਟਾਂ ਬਣਾਉਣ ਦੀ ਜਿੰਮੇਵਾਰੀ ਨੂੰ ਪੂਰਨ ਕਰਵਾਉਣਗੇ ਅਤੇ ਆਉਣ ਵਾਲੀਆ ਐਸ.ਜੀ.ਪੀ.ਸੀ ਚੋਣਾਂ ਵਿਚ ਹਰ ਸਿੱਖ ਨੂੰ ਆਪਣੇ ਵੋਟ ਹੱਕ ਰਾਹੀ ਨਵੀ ਸਿੱਖ ਪਾਰਲੀਮੈਟ ਬਣਾਉਣ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਗੇ ।