ਸੁਖਬੀਰ ਸਿੰਘ ਉਰਫ ਗੋਰਾ ਨੂੰ ਜੀਰਾ ਵਿਖੇ ਪੁਲਿਸ ਮੁਕਾਬਲਾ ਦਿਖਾਕੇ ਮਾਰਨਾ ਅਤਿ ਨਿੰਦਣਯੋਗ, ਮਨੁੱਖੀ ਅਧਿਕਾਰ ਸੰਗਠਨ ਪੰਜਾਬ ਜਾਂਚ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ, 10 ਜਨਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਜਾਂ ਹੋਰ ਸਥਾਨਾਂ ਉਤੇ ਕਿਸੇ ਵੀ ਨਾਗਰਿਕ ਨੂੰ ਡਰੱਗ ਸਮੱਗਲਰ ਐਲਾਨਕੇ ਜਾਂ ਅਪਰਾਧੀ ਗਰਦਾਨਕੇ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋ ਝੂਠੇ ਪੁਲਿਸ ਮੁਕਾਬਲਿਆ ਵਿਚ ਜਾਨੋ ਮਾਰ ਦੇਣ ਦੀਆਂ ਅਣਮਨੁੱਖੀ ਕਾਰਵਾਈਆਂ ਦੀ ਜਿਥੇ ਸਖ਼ਤ ਸ਼ਬਦਾਂ ਵਿਚ ਜੋਰਦਾਰ ਨਿੰਦਾ ਕਰਦਾ ਹੈ, ਉਥੇ ਪੰਜਾਬ ਪੁਲਿਸ ਦੇ ਅਜਿਹੇ ਵਰਤਾਰੇ ਨੂੰ ਬਿਲਕੁਲ ਵੀ ਸਹਿਣ ਨਹੀ ਕਰੇਗਾ । ਜੀਰਾ ਵਿਖੇ ਸ. ਸੁਖਬੀਰ ਸਿੰਘ ਉਰਫ ਗੋਰਾ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਉਤੇ, 2 ਹੋਰਨਾਂ ਸੰਦੀਪ ਸਿੰਘ, ਅਨਮੋਲਪ੍ਰੀਤ ਸਿੰਘ ਨੂੰ ਬੁਰੀ ਤਰ੍ਹਾਂ ਜਖਮੀ ਕਰਨ ਦੀ ਕਾਰਵਾਈ ਗੈਰ ਵਿਧਾਨਿਕ ਅਤੇ ਗੈਰ ਇਨਸਾਨੀ ਹੈ । ਇਨ੍ਹਾਂ ਦੀ ਜਾਂਚ ਤੁਰੰਤ ਹਿਊਮਨਰਾਈਟਸ ਪੰਜਾਬ ਵੱਲੋ ਹੋਵੇ । ਤਾਂ ਕਿ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ ਗੈਰ ਕਾਨੂੰਨੀ ਕਾਰਵਾਈਆ ਉਤੇ ਰੋਕ ਲੱਗ ਸਕੇ ਅਤੇ ਕੋਈ ਵੀ ਪੁਲਿਸ ਅਧਿਕਾਰੀ ਕਿਸੇ ਇਨਸਾਨ ਨੂੰ ਭਾਵੇ ਉਹ ਅਪਰਾਧੀ ਵੀ ਕਿਉ ਨਾ ਹੋਵੇ, ਉਸ ਨੂੰ ਇਸ ਤਰ੍ਹਾਂ ਮਾਰ ਦੇਣ ਦੀ ਕਾਰਵਾਈ ਤੁਰੰਤ ਬੰਦ ਹੋਣੀ ਚਾਹੀਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਜੀਰਾ ਵਿਖੇ ਝੂਠੇ ਪੁਲਿਸ ਮੁਕਾਬਲੇ ਵਿਚ ਡਰੱਗ ਸਮੱਗਲਰ ਐਲਾਨਕੇ ਪੁਲਿਸ ਵੱਲੋ ਸੁਖਬੀਰ ਸਿੰਘ ਉਰਫ ਗੋਰਾ ਨੂੰ ਮਾਰ ਦੇਣ ਅਤੇ 2 ਹੋਰਨਾਂ ਨੂੰ ਜਖਮੀ ਕਰਨ ਅਤੇ ਇਸ ਤੋ ਪਹਿਲੇ ਜੰਡਿਆਲਾ ਗੁਰੂ ਅਤੇ ਤਰਨਤਾਰਨ ਦੇ ਕੈਰੋ ਵਿਖੇ ਡਰੱਗ ਸਮੱਗਲਰ ਗਰਦਾਨਕੇ ਨੌਜਵਾਨਾਂ ਨੂੰ ਮਾਰ ਦੇਣ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਪੰਜਾਬ ਹਿਊਮਨਰਾਈਟਸ ਸੰਗਠਨ ਨੂੰ ਇਨ੍ਹਾਂ ਦੀ ਜਾਂਚ ਕਰਨ ਦੀ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਜੰਡਿਆਲਾ ਗੁਰੂ ਅਤੇ ਤਰਨਤਾਰਨ ਵਿਖੇ ਪੁਲਿਸ ਨੇ ਇਹ ਕਾਲਾ ਕਾਰਨਾਮਾ ਕੀਤਾ ਸੀ ਤਾਂ ਅਸੀ ਉਸ ਸਮੇ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਨੂੰ ਅਜਿਹਾ ਵਰਤਾਰਾ ਬੰਦ ਕਰਨ ਲਈ ਉਚੇਚੇ ਤੌਰ ਤੇ ਲਿਖਿਆ ਸੀ । ਪਰ ਇਸਦੇ ਬਾਵਜੂਦ ਵੀ ਐਸ.ਟੀ.ਐਫ ਵੱਲੋ ਅੱਜ ਜੋ ਜੀਰਾ ਵਿਖੇ ਗੈਰ ਇਨਸਾਨੀ ਅਮਲ ਕੀਤਾ ਗਿਆ ਹੈ, ਇਹ ਇਥੋ ਦੇ ਅਮਨ ਪਸੰਦ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੀਆ ਆਤਮਾਵਾ ਤੇ ਨਾਗਰਿਕਾਂ ਨੂੰ ਠੇਸ ਪਹੁੰਚਾਉਣ ਵਾਲੀ ਦੁੱਖਦਾਇਕ ਕਾਰਵਾਈ ਹੈ । ਜੇਕਰ ਇਹ ਗੈਰ ਕਾਨੂੰਨੀ ਅਮਲ ਬੰਦ ਨਾ ਕੀਤੇ ਗਏ ਤਾਂ ਇਸ ਵਿਸੇ ਉਤੇ ਸਭ ਅਮਨ ਪਸ਼ੰਦ ਤੇ ਜਮਹੂਰੀਅਤ ਪਸ਼ੰਦ ਸੰਗਠਨਾਂ ਤੇ ਸਖਸੀਅਤਾਂ ਨੂੰ ਇਕੱਤਰ ਕਰਦੇ ਹੋਏ ਇਸ ਵਿਰੁੱਧ ਕੋਈ ਠੋਸ ਰਣਨੀਤੀ ਤਿਆਰ ਕਰਨ ਲਈ ਵਿਚਾਰਾਂ ਕੀਤੀਆ ਜਾਣਗੀਆਂ ਅਤੇ ਕੋਈ ਰਣਨੀਤੀ ਬਣਾਉਣ ਲਈ ਮਜਬੂਰ ਹੋਵਾਂਗੇ । ਇਸ ਲਈ ਬਿਹਤਰ ਹੋਵੇਗਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਮੁੱਖੀ ਡੀਜੀਪੀ ਇਸ ਗੰਭੀਰ ਵਿਸੇ ਉਤੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਹਦਾਇਤ ਜਾਰੀ ਕਰਨ ਅਤੇ ਜੂਠੇ ਪੁਲਿਸ ਮੁਕਾਬਲੇ ਬਣਾਉਣੇ ਬੰਦ ਕੀਤੇ ਜਾਣ ।

Leave a Reply

Your email address will not be published. Required fields are marked *