ਵੈਸਟ ਬੰਗਾਲ ਦੀ ਐਮ.ਪੀ. ਬੀਬੀ ਮਹੂਆ ਮੋਇਤਰਾ ਨਾਲ ਗੈਰ-ਕਾਨੂੰਨੀ ਤੇ ਗੈਰ-ਇਖ਼ਲਾਕੀ ਢੰਗ ਨਾਲ ਨਿੰਦਣਯੋਗ ਬੇਇਨਸਾਫ਼ੀ ਹੋਈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 11 ਦਸੰਬਰ ( ) “ਪਹਿਲੀ ਗੱਲ ਤਾਂ ਇਹ ਹੈ ਕਿ ਇੰਡੀਅਨ ਪਾਰਲੀਮੈਟ ਦੇ ਚੁਣੇ ਹੋਏ 543 ਮੈਬਰਾਂ ਵਿਚ ਤਾਂ ਬਹੁਤੇ ਅਜਿਹੇ ਹਨ ਜੋਕਿ ਪਾਰਲੀਮੈਟ ਦੇ ਅਸੂਲਾਂ, ਨਿਯਮਾਂ ਅਤੇ ਪਾਰਲੀਮੈਟੇਰੀਅਨ ਤਹਿਜੀਬ ਦੀ ਸਮਝ ਹੀ ਨਹੀ ਰੱਖਦੇ । ਜੇਕਰ ਯੋਗਤਾ ਪੱਖੋ ਕੁਝ ਕੁ ਪ੍ਰਤੀਸ਼ਤ ਗਿਣਤੀ ਪੜ੍ਹੇ-ਲਿਖੇ ਐਮ.ਪੀਜ ਦੀ ਹੈ, ਤਾਂ ਉਨ੍ਹਾਂ ਵਿਚ ਬਹੁਤੇ ਮੁਲਕ ਨਿਵਾਸੀਆ ਦੇ ਜੀਵਨ, ਉਨ੍ਹਾਂ ਦੇ ਭਵਿੱਖ, ਇਥੋ ਦੇ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਉਤੇ ਬੋਲਣ ਦੀ ਬਜਾਇ ਜਾਂ ਤਾਂ ਚੁੱਪ ਰਹਿਣਾ ਹੀ ਬਿਹਤਰ ਸਮਝਦੇ ਹਨ ਜਾਂ ਫਿਰ ਗੈਰ ਦਲੀਲ ਢੰਗ ਨਾਲ ਆਪੋ ਆਪਣੀਆ ਹਕੂਮਤ ਪਾਰਟੀਆਂ ਦੀ ਪਾਲਸੀ ਅਨੁਸਾਰ ਹਾਂ ਵਿਚ ਹਾਂ ਮਿਲਾਉਣ ਵਾਲੇ ਹੁੰਦੇ ਹਨ । ਇਨ੍ਹਾਂ ਐਮ.ਪੀਜ ਵਿਚ ਬਹੁਤੀ ਪ੍ਰਤੀਸਤਾਂ ਤਾਂ ਉਨ੍ਹਾਂ ਐਮ.ਪੀਜ ਦੀ ਹੈ ਜਿਨ੍ਹਾਂ ਦੇ ਪਿਛੋਕੜ ਅਪਰਾਧੀ, ਸਮੱਗਲਰ, ਜਖੀਰੇਬਾਜ, ਕਾਤਲ ਅਤੇ ਬਦਮਾਸੀ ਪੇਸੇ ਨਾਲ ਸੰਬੰਧਤ ਹਨ । ਜੋ ਸਾਡੀਆਂ ਧੀਆਂ-ਭੈਣਾਂ ਬਾਰੇ ਦੁਰਵਿਹਾਰ ਕਰਕੇ ਹੀ ਸਮੁੱਚੇ ਇੰਡੀਆ ਵਿਚ ਇਖਲਾਕੀ ਵਿਰੋਧ ਹੋਣ ਦੇ ਬਾਵਜੂਦ ਵੀ ਢੀਂਠਤਾ ਨਾਲ ਆਪਣੇ ਅਹੁਦਿਆ ਉਤੇ ਬਿਰਾਜਮਾਨ ਰਹਿਣਾ ਆਪਣਾ ਜਨਮਸਿੱਧ ਅਧਿਕਾਰ ਸਮਝਦੇ ਹਨ । ਜੇਕਰ ਕੋਈ ਬੀਬੀ ਮਹੂਆ ਮੋਇਤਰਾ ਵਰਗਾਂ ਪੜ੍ਹਿਆ-ਲਿਖਿਆ ਅਤੇ ਪਾਰਲੀਮੈਟੇਰੀਅਨ ਤਹਿਜੀਬ, ਸਲੀਕੇ ਅਤੇ ਦਲੀਲ ਨਾਲ ਗੱਲਬਾਤ ਕਰਨ ਵਾਲਾ ਐਮ.ਪੀ ਹੈ, ਤਾਂ ਉਸ ਨਾਲ ਹੁਕਮਰਾਨ ਪਾਰਟੀ ਅਤੇ ਸਪੀਕਰ ਇੰਝ ਪੇਸ ਆਉਦੇ ਹਨ ਕਿ ਉਸ ਨੂੰ ਉੱਚੀ ਆਵਾਜ ਵਿਚ ਆਪਣੇ ਗੋਦੀ ਮੀਡੀਏ ਤੇ ਹੋਰ ਸਾਧਨਾਂ ਰਾਹੀ ਦੋਸ਼ੀ ਠਹਿਰਾਕੇ ਪਾਰਲੀਮੈਟ ਵਿਚ ਅਤੇ ਬਾਹਰੀ ਤੌਰ ਤੇ ਬਦਨਾਮ ਕਰਨ ਦਾ ਮਾਹੌਲ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਹਕੂਮਤ ਜਮਾਤ ਭਾਵੇ ਉਹ ਬੀਜੇਪੀ-ਆਰ.ਐਸ.ਐਸ ਦੀ ਹੋਵੇ ਜਾਂ ਕਾਂਗਰਸ ਦੀ ਉਹ ਆਪਣੀਆ ਹਕੂਮਤ ਪਾਰਟੀ ਦੀਆਂ ਦਿਸਾਹੀਣ ਬੇਨਤੀਜਾ ਨੀਤੀਆ, ਅਮਲਾਂ ਵਿਰੁੱਧ ਕੁਝ ਸੁਣਨ ਨੂੰ ਤਿਆਰ ਨਹੀ ਹਨ। ਇਹੀ ਵਜਹ ਹੈ ਕਿ ਸਭ ਅਸੂਲਾਂ, ਨਿਯਮਾਂ ਅਤੇ ਇਖਲਾਕੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਕੇ ਇਕ ਕਾਬਲ, ਤਹਿਜੀਬ ਸਲੀਕੇ ਦੀ ਮਾਲਕ ਬੁਲਾਰਣ ਅਤੇ ਵਿਸਵ ਪੱਧਰ ਦੀ ਜਾਣਕਾਰੀ ਰੱਖਣ ਵਾਲੀ ਬੀਬੀ ਐਮ.ਪੀ ਨੂੰ ਲੋਕ ਸਭਾ ਤੋ ਜਬਰੀ ਬਰਖਾਸਤ ਕਰਕੇ ਜਮਹੂਰੀਅਤ ਦਾ ਗਲਾ ਘੁੱਟਣ ਦੀ ਨਿੰਦਣਯੋਗ ਕਾਰਵਾਈ ਕੀਤੀ ਗਈ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੋਕ ਸਭਾ ਵਿਚ ਵੈਸਟ ਬੰਗਾਲ ਦੀ ਇਕ ਤੁਜਰਬੇਕਾਰ ਪੜ੍ਹੀ-ਲਿਖੀ ਦਲੀਲ ਤਹਿਜੀਬ ਤੇ ਸਲੀਕੇ ਨਾਲ ਗੱਲ ਕਰਨ ਵਾਲੀ ਸਮਝਦਾਰ ਐਮ.ਪੀ ਬੀਬੀ ਦੀ ਮੈਬਰੀ ਰੱਦ ਕਰਨ ਦੀ ਨਿਰਾਸਾਜਨਕ ਕਾਰਵਾਈ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਮੁਲਕ ਦੀ ਪਾਰਲੀਮੈਟ ਵਿਚ ਅਣਖ ਤੇ ਗੈਰਤ ਰੱਖਣ ਵਾਲੇ ਹਾਜਰੀਨ ਮੈਬਰਾਂ ਨੂੰ ਜਲੀਲ ਕਰਨ ਦੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਝਵਾਨ ਦ੍ਰਿੜ ਇਰਾਦੇ ਵਾਲੇ ਗਲੋਬਲ ਜਾਣਕਾਰੀ ਰੱਖਣ ਵਾਲੇ, ਹਰ ਪਹਿਲੂ ਉਤੇ ਦਲੀਲ ਨਾਲ ਗੱਲ ਕਰਨ ਵਾਲੇ ਐਮ.ਪੀ ਸਖਸੀਅਤਾਂ ਦੀ ਅੱਜ ਪਾਰਲੀਮੈਟ ਵਿਚ ਬਹੁਗਿਣਤੀ ਹੋਣ ਦੀ ਸਖਤ ਲੋੜ ਹੈ, ਇਸ ਪਾਰਲੀਮੈਟ ਵਿਚ ਅਜਿਹੇ ਮੈਬਰਾਂ ਦੀ ਘਾਟ ਹੋਣ ਅਤੇ ਉਨ੍ਹਾਂ ਨੂੰ ਗੈਰ ਇਖਲਾਕੀ ਢੰਗ ਨਾਲ ਜਲੀਲ ਕਰਨ ਦੀਆਂ ਕਾਰਵਾਈਆ ਕਰਕੇ ਮੁਤੱਸਵੀ ਜਮਾਤਾਂ ਅਸਲੀਅਤ ਵਿਚ ਆਪਣੀਆ ਕੱਟੜਵਾਦੀ ਤਾਨਾਸਾਹੀ ਨੀਤੀਆ ਨੂੰ ਅੱਗੇ ਵਧਾ ਰਹੇ ਹਨ । ਜਿਸ ਨਾਲ ਇਸ ਮੁਲਕ ਦੀ ਪਾਰਲੀਮੈਟ ਅਤੇ ਇਸ ਮੁਲਕ ਵਿਚ ਜਮਹੂਰੀਅਤ ਕਦਰਾਂ ਕੀਮਤਾਂ ਅਤੇ ਉਸਾਰੂ ਸੋਚ ਵਾਲੇ ਅਮਲਾਂ ਦੀ ਮਜਬੂਤੀ ਹੋਣਾ ਸੋਚ ਤੋ ਪਰ੍ਹੇ ਹੈ । ਅਜਿਹਾ ਇਸ ਲਈ ਹੁਕਮਰਾਨਾਂ ਵੱਲੋ ਕੀਤਾ ਜਾਂਦਾ ਹੈ ਤਾਂ ਕਿ ਹੁਕਮਰਾਨ ਜਮਾਤ ਦੇ ਦੋਸ਼ਪੂਰਨ ਨਿਜਾਮੀ ਪ੍ਰਬੰਧ ਦੀ ਕਿਰਕਰੀ ਨਾ ਹੋ ਸਕੇ ਅਤੇ ਹੁਕਮਰਾਨ ਆਪਣੀ ਸੋਚ ਅਨੁਸਾਰ ਮਨਮਾਨੀਆ ਕਰਦਾ ਰਹੇ । ਅਜਿਹਾ ਵਰਤਾਰਾ ਕਦੀ ਵੀ ਮੁਲਕ ਦੇ ਅੱਛੇ ਪ੍ਰਬੰਧ ਅਤੇ ਇਥੋ ਦੇ ਨਿਵਾਸੀਆ ਦੇ ਜੀਵਨ ਪੱਧਰ ਨੂੰ ਸਹੀ ਦਿਸ਼ਾ ਵੱਲ ਲਿਜਾਣ ਅਤੇ ਇਥੇ ਸਥਾਈ ਤੌਰ ਤੇ ਜਮਹੂਰੀਅਤ ਅਤੇ ਅਮਨ ਕਾਇਮ ਕਰਨ ਵਿਚ ਸਹਾਈ ਨਹੀ ਹੋ ਸਕੇਗਾ । ਇਸ ਲਈ ਪਾਰਲੀਮੈਟ ਵਿਚ ਜਿੰਨੇ ਵੀ ਅਣਖ ਅਤੇ ਗੈਰਤ ਦੇ ਮਾਲਕ ਐਮ.ਪੀ ਹਨ, ਭਾਵੇ ਉਹ ਕਿਸੇ ਵੀ ਹੁਕਮਰਾਨ ਜਮਾਤ ਜਾਂ ਵਿਰੋਧੀ ਜਮਾਤ ਨਾਲ ਜਾਂ ਹੋਰ ਨਾਲ ਸੰਬੰਧਤ ਹੋਣ, ਉਨ੍ਹਾਂ ਨੂੰ ਪਾਰਟੀਬਾਜੀ ਤੋ ਉਪਰ ਉੱਠਕੇ ਇੰਡੀਅਨ ਪਾਰਲੀਮੈਟ ਵਿਚ ਅਜਿਹਾ ਮਾਹੌਲ ਉਤਪੰਨ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ਜਿਸ ਨਾਲ ਉੱਚੇ-ਸੁੱਚੇ ਚੰਗੇ ਇਖਲਾਕ ਵਾਲੇ ਅਤੇ ਆਪਣੀ ਗੱਲ ਨੂੰ ਬਾਦਲੀਲ ਢੰਗ ਨਾਲ ਕਹਿਣ ਵਾਲੇ ਤਹਿਜੀਬ ਤੇ ਸਲੀਕੇ ਦੇ ਮਾਲਕ ਐਮ.ਪੀਜ ਦੀ ਭਰਮਾਰ ਹੋ ਸਕੇ ਅਤੇ ਪਾਰਲੀਮੈਟ ਦਾ ਮਾਹੌਲ ਇਥੋ ਦੇ ਨਿਵਾਸੀਆ ਅਤੇ ਪਾਰਦਸਤਾ ਵਾਲੇ ਪ੍ਰਬੰਧ ਵਿਚ ਸਹਾਈ ਹੋ ਸਕੇ ।

Leave a Reply

Your email address will not be published. Required fields are marked *