ਮਿਸਟਰ ਜਸਟਿਨ ਟਰੂਡੋ ਨੇ ਸੱਚ ਨੂੰ ਦ੍ਰਿੜਤਾ ਨਾਲ ਉਜਾਗਰ ਕਰਕੇ ‘ਨਵਾਬ ਮਲੇਰਕੋਟਲਾ’ ਵਾਲੇ ਮਨੁੱਖਤਾ ਪੱਖੀ ਇਤਿਹਾਸ ਨੂੰ ਦੁਹਰਾਇਆ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 22 ਸਤੰਬਰ ( ) “ਸਿੱਖ ਕੌਮ ਨਾ ਤਾਂ ਕਿਸੇ ਨਾਲ ਕਿਸੇ ਤਰ੍ਹਾਂ ਦੀ ਜਿਆਦਤੀ, ਜ਼ਬਰ-ਜੁਲਮ ਜਾਂ ਵਿਤਕਰਾ ਕਰਦੀ ਹੈ ਅਤੇ ਨਾ ਹੀ ਕਿਸੇ ਵੀ ਵੱਡੀ ਤੋ ਵੱਡੀ ਤਾਕਤ ਜਾਂ ਹੁਕਮਰਾਨ ਦੇ ਜ਼ਬਰ ਨੂੰ ਸਹਿਣ ਕਰਦੀ ਹੈ । ਬਲਕਿ ਆਪਣੇ ਫਖ਼ਰ ਵਾਲੇ ਇਤਿਹਾਸ ਨੂੰ ਮੁੱਖ ਰੱਖਕੇ ਹਮੇਸ਼ਾਂ ਸੱਚ-ਹੱਕ ਉਤੇ ਪਹਿਰਾ ਵੀ ਦਿੰਦੀ ਹੈ ਅਤੇ ਹਰ ਲੋੜਵੰਦ, ਮਜਲੂਮ ਦੀ ਔਖੀ ਘੜੀ ਵਿਚ ਰੱਖਿਆ ਕਰਨ ਅਤੇ ਸਹਿਯੋਗ ਕਰਨ ਨੂੰ ਆਪਣਾ ਇਨਸਾਨੀ ਫਰਜ ਸਮਝਦੀ ਹੈ । ਦੂਸਰਾ ਜਿਸ ਕਿਸੇ ਨੇ ਵੀ ਸਿੱਖ ਕੌਮ ਦੇ ਸੰਕਟ ਸਮੇ ਹਾਅ ਦਾ ਨਾਅਰਾ ਮਾਰਦੇ ਹੋਏ ਸਾਥ ਦਿੱਤਾ ਹੋਵੇ, ਉਸਨੂੰ ਕਦੀ ਨਹੀ ਭੁਲਾਉਦੀ । ਬਲਕਿ ਆਪਣੇ ਜਹਿਨ ਵਿਚ ਇਕ ਵਿਸੇਸ ਸਤਿਕਾਰ ਵੱਜੋ ਯਾਦ ਰੱਖਦੀ ਹੈ । ਜਦੋ ਇੰਡੀਅਨ ਹੁਕਮਰਾਨਾਂ ਤੇ ਏਜੰਸੀਆ ਵੱਲੋ ਸਿਰਕੱਢ ਸੱਚੇ ਸੁੱਚੇ ਮਨੁੱਖਤਾ ਪੱਖੀ ਸਿੱਖਾਂ ਨੂੰ ਸਾਜਿਸਾਂ ਦਾ ਨਿਸ਼ਾਨਾਂ ਬਣਾਕੇ ਸਰੀਰਕ ਤੌਰ ਤੇ ਖਤਮ ਕੀਤਾ ਜਾ ਰਿਹਾ ਹੈ ਅਤੇ ਇਸ ਜ਼ਬਰ ਦੇ ਨਾਲ-ਨਾਲ ਝੂਠ ਦੇ ਆਧਾਰ ਤੇ ਬਦਨਾਮ ਕਰਨ ਦੇ ਸ਼ਰਮਨਾਕ ਅਮਲ ਹੋ ਰਹੇ ਹਨ, ਤਾਂ ਉਸ ਸਮੇ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਨੇ ਇਕ ਵੱਖਰਾ, ਅਣਖੀਲਾ ਅਤੇ ਚੁਣੋਤੀ ਭਰਿਆ ਰਾਹ ਚੁਣਦੇ ਹੋਏ ਜੋ ਹਿੰਦੂਤਵ ਹੁਕਮਰਾਨਾਂ ਦੀਆਂ ਸਾਜਿਸਾਂ ਤੋ ਪੀੜ੍ਹਤ ਸਿੱਖ ਕੌਮ ਦੇ ਹੱਕ ਹਕੂਕਾ ਦੀ ਰੱਖਿਆ ਲਈ ਅਤੇ ਉਨ੍ਹਾਂ ਉਤੇ ਹੋ ਰਹੇ ਜ਼ਬਰ ਵਿਰੁੱਧ ਆਵਾਜ ਬੁਲੰਦ ਕਰਕੇ ਕੌਮਾਂਤਰੀ ਕਟਹਿਰੇ ਵਿਚ ਥਾਪੀ ਮਾਰਕੇ ਨਵਾਬ ਮਲੇਰਕੋਟਲਾ ਦੀ ਤਰ੍ਹਾਂ ‘ਹਾਅ ਦਾ ਨਾਅਰਾ’ ਮਾਰਕੇ ਸਿੱਖ ਕੌਮ ਦੇ ਹੱਕ ਵਿਚ ਆਵਾਜ ਬੁਲੰਦ ਕੀਤੀ ਹੈ, ਇਹ ਤਾਂ ਜਸਟਿਨ ਟਰੂਡੋ ਨੇ ਨਵਾਬ ਮਲੇਰਕੋਟਲਾ ਦੇ ਫਖ਼ਰ ਵਾਲੇ ਇਤਿਹਾਸ ਨੂੰ ਦੁਹਰਾਕੇ ਕੇਵਲ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਤੇ ਸਿੱਖੀ ਸਿਧਾਤਾਂ ਨੂੰ ਹੀ ਮਜਬੂਤੀ ਨਹੀ ਦਿੱਤੀ, ਬਲਕਿ ਸਭ ਮੁਲਕਾਂ, ਕੌਮਾਂ, ਧਰਮਾਂ ਨੂੰ ਵੀ ਸਿੱਖ ਕੌਮ ਉਤੇ ਹੋ ਰਹੇ ਹਕੂਮਤੀ ਜਬਰ ਨੂੰ ਬੰਦ ਕਰਵਾਉਣ ਲਈ ਮਨੁੱਖਤਾ ਪੱਖੀ ਗੁਹਾਰ ਲਗਾਕੇ ਸਹੀ ਮਾਇਨਿਆ ਵਿਚ ਇਨਸਾਨੀਅਤ ਕਦਰਾਂ ਕੀਮਤਾਂ ਦੇ ਪੱਲੜੇ ਨੂੰ ਭਾਰੀ ਕੀਤਾ ਹੈ । ਜੋ ਅਤਿ ਸਲਾਘਾਯੋਗ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੇ ਮੌਜੂਦਾ ਵਜ਼ੀਰ-ਏ-ਆਜਮ ਮਿਸਟਰ ਜਸਟਿਨ ਟਰੂਡੋ ਵੱਲੋ ਸਿੱਖ ਕੌਮ ਦੀ ਅਤਿ ਮੁਸਕਿਲ ਦੀ ਘੜੀ ਵਿਚ ਨਵਾਬ ਮਲੇਰਕੋਟਲਾ ਦੀ ਤਰ੍ਹਾਂ ਨਿਰਸਵਾਰਥ ਹੋ ਕੇ ਨਿਭਾਈ ਗਈ ਮਨੁੱਖਤਾ ਪੱਖੀ ਜਿੰਮੇਵਾਰੀ ਦੀ ਭਰਪੂਰ ਸਲਾਘਾ ਕਰਦੇ ਹੋਏ ਅਤੇ ਸੰਸਾਰ ਦੇ ਹੋਰ ਜਮਹੂਰੀਅਤ ਪਸ਼ੰਦ ਮੁਲਕਾਂ ਨੂੰ ਵੀ ਇਸ ਸੱਚ ਹੱਕ ਦੀ ਆਵਾਜ ਨੂੰ ਹੋਰ ਮਜਬੂਤ ਕਰਨ ਅਤੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਵਿਚ ਭੂਮਿਕਾ ਨਿਭਾਉਣ ਦੀ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਈ-5 ਮੁਲਕਾਂ, ਮਨੁੱਖੀ ਅਧਿਕਾਰ ਸੰਗਠਨਾਂ, ਇਨਸਾਨੀਅਤ ਤੇ ਮਨੁੱਖੀ ਹੱਕਾਂ ਲਈ ਕੌਮਾਂਤਰੀ ਪੱਧਰ ਤੇ ਕੰਮ ਕਰ ਰਹੇ ਕੌਮਾਂਤਰੀ ਸੰਗਠਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਨੇਕ ਕੰਮ ਵਿਚ ਪਿੱਛੇ ਨਾ ਰਹਿਣ ਬਲਕਿ ਇਨਸਾਫ ਅਤੇ ਜਮਹੂਰੀਅਤ ਪੱਖੀ ਮਾਹੌਲ ਨੂੰ ਮਜਬੂਤ ਕਰਨ ਲਈ ਉਹ ਵੀ ਸਾਹਮਣੇ ਆਉਣ ਅਤੇ ਆਪਣਾ ਯੋਗਦਾਨ ਪਾਉਣ ।

Leave a Reply

Your email address will not be published. Required fields are marked *