ਅਕਾਲ ਟੀ.ਵੀ ਚੈਨਲ ਨੂੰ ਨਿੱਡਰਤਾ ਅਤੇ ਨਿਰਪੱਖਤਾ ਨਾਲ ਸੇਵਾ ਕਰਦਿਆ ਨੂੰ 10 ਸਾਲ ਪੂਰੇ ਹੋਣ ਉਤੇ ਹਾਰਦਿਕ ਮੁਬਾਰਕਬਾਦ : ਮਾਨ

ਫ਼ਤਹਿਗੜ੍ਹ ਸਾਹਿਬ, 04 ਸਤੰਬਰ ( ) “ਜਦੋਂ ਖ਼ਾਲਸਾ ਪੰਥ ਅਤੇ ਸਿੱਖ ਧਰਮ ਦੀਆਂ ਮਨੁੱਖਤਾ ਪੱਖੀ ਅੱਛਾਈਆ ਨੂੰ ਗਲੋਬਲ ਪੱਧਰ ਉਤੇ ਪ੍ਰਚਾਰਨ ਤੇ ਪ੍ਰਸਾਰਣ ਦੀ ਅੱਜ ਸਖ਼ਤ ਲੋੜ ਹੈ, ਤਾਂ ਕਿ ਸਮੁੱਚੀ ਦੁਨੀਆ ਦੀਆਂ ਕੌਮਾਂ, ਧਰਮਾਂ ਅਤੇ ਹਕੂਮਤਾਂ ਨੂੰ ਖ਼ਾਲਸਾ ਪੰਥ ਦੇ ਸਰਬੱਤ ਦੇ ਭਲੇ ਦੇ ਮਨੁੱਖਤਾ ਪੱਖੀ ਮਿਸਨ ਅਤੇ ਹਰ ਤਰ੍ਹਾਂ ਦੀ ਕੁਦਰਤੀ ਅਤੇ ਦੁਨਿਆਵੀ ਭੀੜ ਪੈਣ ਉਤੇ ਸਿੱਖ ਕੌਮ ਵੱਲੋਂ ਨਿਰਸਵਾਰਥ ਹੋ ਕੇ ਨਿਭਾਈਆ ਜਾਣ ਵਾਲੀਆ ਜਿ਼ੰਮੇਵਾਰੀਆਂ ਤੋ ਜਾਣਕਾਰੀ ਦੇਣਾਂ ਬਣਦਾ ਹੈ, ਤਾਂ ਇਹ ਜਿ਼ੰਮੇਵਾਰੀ ਤਕਰੀਬਨ ਬੀਤੇ 10 ਸਾਲਾਂ ਤੋਂ ਬਰਤਾਨੀਆ ਦੇ ਬਰਮਿੰਘਮ ਅਤੇ ਲੰਡਨ ਵਿਚ ਸਥਿਤ ਅਕਾਲ ਚੈਨਲ ਦੇ ਮੁੱਖ ਦਫਤਰਾਂ ਰਾਹੀ ਸਮੁੱਚੇ ਸੰਸਾਰ ਵਿਚ ਇਹ ਨਿਭਾਈਆ ਜਾਣ ਵਾਲੀਆ ਜਿ਼ੰਮੇਵਾਰੀਆਂ ਉਤੇ ਜਿੱਥੇ ਖ਼ਾਲਸਾ ਪੰਥ ਨੂੰ ਫਖ਼ਰ ਹੈ, ਉਥੇ ਇਨ੍ਹਾਂ ਦੇ 10 ਸਾਲ ਦਾ ਸਮਾਂ ਪੂਰਾ ਹੋਣ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲ ਟੀ.ਵੀ. ਚੈਨਲ ਦੇ ਸਮੁੱਚੇ ਪ੍ਰਬੰਧਕਾਂ, ਸਹਿਯੋਗੀਆਂ, ਜਰਨਲਿਸਟਾਂ ਤੇ ਰਿਪੋਟਰਾਂ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦਾ ਹੈ ਕਿ ਇਸ ਅਕਾਲ ਟੀ.ਵੀ. ਚੈਨਲ ਦੇ ਮੁੱਖ ਪ੍ਰਬੰਧਕ ਤੋ ਲੈਕੇ ਥੱਲ੍ਹੇ ਤੱਕ ਛੋਟੀ ਤੋ ਛੋਟੀ ਸੇਵਾ ਕਰਨ ਵਾਲੇ ਹਰ ਸਹਿਯੋਗੀ ਦੇ ਅੰਗ-ਸੰਗ ਰਹਿੰਦੇ ਹੋਏ ਇਨ੍ਹਾਂ ਦੀ ਸਮੁੱਚੀ ਟੀਮ ਨੂੰ ਪਹਿਲੇ ਨਾਲੋ ਵੀ ਵਧੇਰੇ ਬਲ-ਬੁੱਧੀ ਅਤੇ ਦ੍ਰਿੜਤਾ ਦੀ ਬਖਸਿ਼ਸ਼ ਕਰਨ ਤਾਂ ਜੋ ਇਹ ਅਕਾਲ ਟੀ.ਵੀ. ਚੈਨਲ ਦੀ ਸਮੁੱਚੀ ਟੀਮ ਖ਼ਾਲਸਾ ਪੰਥ ਦੀ ਆਵਾਜ਼ ਅਤੇ ਸੋਚ ਨੂੰ ਦੁਨੀਆ ਦੇ ਹਰ ਕੋਨੇ ਵਿਚ ਇਸੇ ਤਰ੍ਹਾਂ ਪ੍ਰਚਾਰ ਤੇ ਪ੍ਰਸਾਰਦੀ ਰਹੇ ।”

ਇਹ ਵਧਾਈ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ. ਮਾਨ ਦੀ ਸਮੁੱਚੀ ਟੀਮ ਨੇ ਅਕਾਲ ਟੀ.ਵੀ. ਚੈਨਲ ਦੇ ਸੀ.ਈ.ਓ, ਪ੍ਰਬੰਧਕਾਂ ਅਤੇ ਸਹਿਯੋਗੀਆਂ ਨੂੰ 10 ਸਾਲ ਦੀ ਨਿਰਸਵਾਰਥ ਸੇਵਾ ਪੂਰੀ ਹੋਣ ਉਤੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਅੱਜ ਜਦੋਂ ਸੰਸਾਰ ਦੇ ਬਹੁਤੇ ਮੁਲਕਾਂ ਵਿਚ ਸਿੱਖਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਇਨ੍ਹਾਂ ਮੁਲਕਾਂ ਵਿਚ ਸਾਡੇ ਬੱਚੇ-ਬੱਚੀਆਂ ਤਾਲੀਮ ਹਾਸਿਲ ਕਰਨ ਦੇ ਨਾਲ-ਨਾਲ ਆਪੋ ਆਪਣੇ ਖੇਤਰਾਂ ਵਿਚ ਕਾਰੋਬਾਰ ਕਰਦੇ ਹੋਏ ਮਾਲੀ ਅਤੇ ਸਮਾਜਿਕ ਤੌਰ ਤੇ ਮਜ਼ਬੂਤ ਹੋ ਰਹੇ ਹਨ ਤਾਂ ਇਨ੍ਹਾਂ ਕੌਮ ਦੇ ਬੱਚਿਆਂ ਨੂੰ ਸਿੱਖ ਇਤਿਹਾਸ, ਗੁਰਬਾਣੀ, ਬੀਤੇ ਸਮੇਂ ਵਿਚ ਸਿੱਖ ਕੌਮ ਦੀਆਂ ਮਨੁੱਖਤਾ ਲਈ ਕੀਤੀਆ ਨਿਰਸਵਾਰਥ ਕੁਰਬਾਨੀਆਂ ਅਤੇ ਸੇਵਾ ਭਾਵ ਤੋ ਜਾਣੂ ਕਰਵਾਉਣਾ ਅਤੇ 10 ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਜਾਣਕਾਰੀ ਦੇਣ ਦੀ ਜਿੰਮੇਵਾਰੀ ਨਿਭਾਉਣਾ ਅਕਾਲ ਟੀ.ਵੀ. ਚੈਨਲ ਦੇ ਹਿੱਸੇ ਹੀ ਆਇਆ ਹੈ ਜੋ ਇਸ ਨੂੰ ਬਾਖੂਬੀ ਪੂਰਨ ਕਰਦਾ ਆ ਰਿਹਾ ਹੈ । ਦੂਸਰਾ ਇਨ੍ਹਾਂ ਵੱਡੇ ਮੁਲਕਾਂ ਵਿਚੋ ਜਿਆਦਾ ਮੁਲਕ ਇਸਾਈ ਕੌਮ ਤੇ ਅੰਗਰੇਜ਼ਾਂ ਦੇ ਹਨ, ਜਿਨ੍ਹਾਂ ਨੂੰ ਸਿੱਖ ਧਰਮ ਦੀ ਵੱਡਮੁੱਲੀ ਜਾਣਕਾਰੀ ਦੇਣਾ ਵੀ ਇਕ ਵੱਡੀ ਮਹੱਤਵਪੂਰਨ ਸੇਵਾ ਹੈ ਜੋ ਅਕਾਲ ਟੀ.ਵੀ. ਚੈਨਲ ਪੂਰਨ ਕਰ ਰਿਹਾ ਹੈ । ਇਸ ਲਈ ਅਸੀ ਇਸ ਟੀ.ਵੀ ਚੈਨਲ ਦੀ ਹਰ ਖੇਤਰ ਵਿਚ ਤਰੱਕੀ ਅਤੇ ਮਜਬੂਤੀ ਦੀ ਕਾਮਨਾ ਕਰਦੇ ਹੋਏ ਉਮੀਦ ਕਰਦੇ ਹਾਂ ਕਿ ਇਹ ਟੀ.ਵੀ. ਚੈਨਲ ਇਸੇ ਤਰ੍ਹਾਂ ਆਪਣੀਆ ਨਿਰਪੱਖਤਾ ਤੇ ਨਿੱਡਰਤਾ ਨਾਲ, ਸਰਕਾਰਾਂ ਦੇ ਜ਼ਬਰ ਜੁਲਮਾਂ ਦਾ ਟਾਕਰਾ ਕਰਦੇ ਹੋਏ ਇਸ ਕੌਮੀ ਜਿੰਮੇਵਾਰੀ ਨੂੰ ਨਿਰੰਤਰ ਪੂਰੀ ਕਰਦਾ ਰਹੇਗਾ ਅਤੇ ਆਪਣੇ ਬੱਚਿਆਂ ਨੂੰ ਸਿੱਖ ਧਰਮ ਤੇ ਖ਼ਾਲਸਾ ਪੰਥ ਦੇ ਇਤਿਹਾਸ ਨਾਲ ਜੋੜਦਾ ਰਹੇਗਾ ।

Leave a Reply

Your email address will not be published. Required fields are marked *