ਸ. ਦੀਪ ਸਿੰਘ ਸਿੱਧੂ ਦੇ ਸੰਸਕਾਰ ਉਤੇ ਪਹੁੰਚੀਆਂ ਸੰਗਤਾਂ ਅਤੇ ਸਖਸ਼ੀਅਤਾਂ ਦਾ ਧੰਨਵਾਦ, ਪਰ ਸਿਆਸੀ ਪਾਰਟੀਆਂ ਅਤੇ ਹੋਰਨਾਂ ਦੀ ਗੈਰ-ਹਾਜ਼ਰੀ ਦੁੱਖਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ, 17 ਫਰਵਰੀ ( ) “ਪੰਜਾਬ ਸੂਬੇ ਅਤੇ ਖ਼ਾਲਸਾ ਪੰਥ ਦਾ ਡੂੰਘਾਂ ਦਰਦ ਅਤੇ ਦੂਰਅੰਦੇਸ਼ੀ ਰੱਖਣ ਵਾਲੇ ਯੋਧੇ ਸ. ਦੀਪ ਸਿੰਘ ਸਿੱਧੂ ਦੀ ਮ੍ਰਿਤਕ ਦੇਹ ਦਾ ਜੋ ਬੀਤੇ ਦਿਨੀਂ ਉਨ੍ਹਾਂ ਦੇ ਪਿੰਡ ਥਰੀਕੇ (ਪੱਖੋਵਾਲ ਰੋਡ ਲੁਧਿਆਣਾ) ਵਿਖੇ ਸੰਸਕਾਰ ਕੀਤਾ ਗਿਆ ਹੈ, ਉਸ ਨੌਜ਼ਵਾਨ ਨੂੰ ਆਪਣੀ ਸਰਧਾ ਦੀ ਭਾਵਨਾ ਪ੍ਰਗਟਾਉਣ ਵਾਲੇ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨਾਲ ਇਸ ਮੌਕੇ ਤੇ ਹਮਦਰਦੀ ਪ੍ਰਗਟ ਕਰਨ ਵਾਲੇ ਪੰਜਾਬ ਸੂਬੇ ਅਤੇ ਗੁਆਂਢੀ ਸੂਬਿਆਂ ਤੋਂ ਲੱਖਾਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਅਤੇ ਵੱਖ-ਵੱਖ ਸਥਾਨਾਂ ਤੋਂ ਪਹੁੰਚੀਆਂ ਅਹਿਮ ਸਖਸ਼ੀਅਤਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਤਹਿ ਦਿਲੋ ਧੰਨਵਾਦ ਕਰਦਾ ਹੈ, ਉਥੇ ਸਾਨੂੰ ਇਸ ਗੱਲ ਦਾ ਡੂੰਘਾਂ ਦੁੱਖ ਪਹੁੰਚਿਆ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਬਾਦਲ ਦਲ, ਪੰਜਾਬ ਲੋਕ ਕਾਂਗਰਸ, ਕਾਂਗਰਸ, ਆਮ ਆਦਮੀ ਪਾਰਟੀ, ਬੀ.ਐਸ.ਪੀ, ਬੀਜੇਪੀ ਅਤੇ ਹੋਰ ਵਿਚਰ ਰਹੇ ਸੰਗਠਨਾਂ ਦੇ ਆਗੂਆਂ ਵੱਲੋਂ ਅਤੇ ਦਮਦਮੀ ਟਕਸਾਲ, ਸੰਤ-ਮਹਾਪੁਰਖ ਆਦਿ ਵੱਲੋਂ ਇਸ ਅਤਿ ਗੰਭੀਰ ਮੌਕੇ ਉਤੇ ਨਹੀਂ ਪਹੁੰਚੇ । ਜਦੋਕਿ ਸ. ਦੀਪ ਸਿੰਘ ਸਿੱਧੂ ਸੱਚ-ਹੱਕ ਦੀ ਆਵਾਜ਼ ਬੁਲੰਦ ਕਰਨ ਵਾਲਾ, ਪੰਜਾਬ ਅਤੇ ਸਿੱਖ ਕੌਮ ਦੀ ਬਿਹਤਰੀ ਲੋੜਨ ਵਾਲਾ ਅਤੇ ਸਮੁੱਚੀ ਮਨੁੱਖਤਾ ਲਈ ਉਦਮ ਕਰਨ ਵਾਲਾ ਛੋਟੀ ਉਮਰ ਦੇ ਨੌਜ਼ਵਾਨ ਸਨ । ਜਿਸਦੇ ਸੰਸਕਾਰ ਉਤੇ ਵਿਚਾਰਾਂ ਦੇ ਵਖਰੇਵੇ ਹੁੰਦੇ ਹੋਏ ਵੀ ਉਪਰੋਕਤ ਸਭ ਸਿਆਸੀ ਅਤੇ ਸਮਾਜਿਕ ਧਿਰਾਂ ਨੂੰ ਪਹੁੰਚਣਾ ਚਾਹੀਦਾ ਸੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਸ. ਦੀਪ ਸਿੰਘ ਸਿੱਧੂ ਜੋ ਇਕ ਬਹੁਤ ਹੀ ਅੱਛੇ ਖਿਆਲਾਤਾਂ ਅਤੇ ਮਨੁੱਖਤਾ ਪੱਖੀ ਸੋਚ ਦਾ ਭੰਡਾਰ ਸਨ, ਜਿਨ੍ਹਾਂ ਦੇ ਸੰਸਕਾਰ ਉਤੇ ਬਹੁਤ ਸਾਰੀਆ ਸਿਆਸੀ ਪਾਰਟੀਆ ਅਤੇ ਸੰਗਠਨਾਂ ਵੱਲੋਂ ਨਾ ਪਹੁੰਚਣ ਉਤੇ ਗਹਿਰੇ ਦੁੱਖ ਦਾ ਇਜਹਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਪੰਜਾਬ ਨਿਵਾਸੀ ਤੇ ਨੌਜ਼ਵਾਨੀ ਸੰਸਕਾਰ ਵਿਚ ਸਾਮਿਲ ਹੋਣ ਲਈ ਜਾ ਰਹੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਮੇਰੇ ਅਮਰਗੜ੍ਹ ਵਿਧਾਨ ਸਭਾ ਹਲਕੇ ਵਿਚ ਪੰਜਾਬ ਤੇ ਸਿੱਖ ਕੌਮ ਵਿਰੋਧੀ ਜਮਾਤ ਬੀਜੇਪੀ ਦੇ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਨ ਵਿਚ ਰੁੱਝੇ ਹੋਏ ਸਨ । ਜੋ ਕਿ ਹੋਰ ਵੀ ਗੈਰ-ਇਖਲਾਕੀ ਅਤੇ ਸ਼ਰਮ ਵਾਲੀ ਗੱਲ ਹੈ । ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਸਿੱਖ ਕੌਮ ਤੇ ਕਿਸਾਨਾਂ ਦੇ ਕਾਤਲਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆ ਕਰਨ ਵਾਲਿਆ ਅਤੇ ਹੋਰ ਵੱਡੇ ਅਪਰਾਧੀਆ ਨੂੰ ਤਾਂ ਹੁਕਮਰਾਨ ਤੇ ਅਦਾਲਤਾਂ ਜ਼ਮਾਨਤਾਂ ਅਤੇ ਪੇਰੋਲ ਤੇ ਰਿਹਾਅ ਕਰ ਰਹੀਆ ਹਨ । ਪਰ ਜਿਨ੍ਹਾਂ ਸਿੱਖ ਨੌਜ਼ਵਾਨਾਂ ਨੇ ਆਪਣੀ 25-25 ਸਾਲ ਤੋ ਵੀ ਜਿਆਦਾ ਸਜ਼ਾ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਅਜੇ ਵੀ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾਇਆ ਹੋਇਆ ਹੈ । ਜੋ ਇਥੋ ਦੇ ਕਾਨੂੰਨ, ਵਿਧਾਨ ਅਤੇ ਹੁਕਮਰਾਨਾਂ ਦਾ ਘੱਟ ਗਿਣਤੀ ਸਿੱਖ ਕੌਮ ਨਾਲ ਵੱਡਾ ਵਿਤਕਰਾ ਅਤੇ ਬੇਇਨਸਾਫ਼ੀ ਹੈ । ਜੋ ਡਰੱਗ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਦੇ ਸਰਗਣੇ ਹਨ, ਉਨ੍ਹਾਂ ਨੂੰ ਸਿਆਸਤਦਾਨਾਂ ਦੀ ਸਰਪ੍ਰਸਤੀ ਦੀ ਬਦੌਲਤ ਅਜੇ ਵੀ ਬੁਲੰਦ ਹੌਸਲੇ ਨਾਲ ਉਹ ਆਪਣੇ ਪਹਿਲੇ ਦੀ ਤਰ੍ਹਾਂ ਕਾਰੋਬਾਰ ਕਰ ਰਹੇ ਹਨ, ਜੋ ਅਤਿ ਦੁੱਖਦਾਇਕ ਅਤੇ ਪੰਜਾਬ ਦੀ ਸਥਿਤੀ ਨੂੰ ਵਿਸਫੋਟਕ ਬਣਾਉਣ ਵਾਲਾ ਵਰਤਾਰਾ ਹੈ ।

Leave a Reply

Your email address will not be published. Required fields are marked *