ਜਦੋਂ ਸੱਚ ਨੂੰ ਉਜਾਗਰ ਕਰਨ ਵਾਲਾ ਬੀ.ਬੀ.ਸੀ. ਚੈਨਲ ਇਕੱਲਾ ਰਹਿ ਗਿਆ ਤਾਂ ਮੋਦੀ ਹਕੂਮਤ ਵੱਲੋਂ ਆਮਦਨ ਵਿਭਾਗ ਦੀ ਦੁਰਵਰਤੋਂ ਕਰਕੇ ਛਾਪਾ ਮਾਰਨਾ ਪ੍ਰੈਸ ਦਾ ਸ਼ਰੇਆਮ ਗਲਾਂ ਘੁੱਟਣ ਵਾਲੀ ਕਾਰਵਾਈ : ਮਾਨ

ਫ਼ਤਹਿਗੜ੍ਹ ਸਾਹਿਬ, 15 ਫਰਵਰੀ ( ) “ਜਦੋਂ ਸਮੁੱਚੇ ਇੰਡੀਆਂ ਦਾ ਮੀਡੀਆ, ਪ੍ਰਿੰਟ ਮੀਡੀਆ, ਅਖਬਾਰਾਂ ਸਭ ਫਿਰਕੂ ਹੁਕਮਰਾਨਾਂ ਦੇ ਗੁਲਾਮ ਬਣਕੇ ਇੰਡੀਆ ਵਿਚ ਹੋ ਰਹੇ ਹਕੂਮਤੀ ਜ਼ਬਰ-ਜੁਲਮ, ਬੇਇਨਸਾਫ਼ੀਆਂ ਦੇ ਸੱਚ ਨੂੰ ਉਜਾਗਰ ਕਰਨ ਵਿਚ ਜਿ਼ੰਮੇਵਾਰੀ ਨਹੀ ਨਿਭਾਅ ਸਕੇ ਤਾਂ ਕੇਵਲ ਤੇ ਕੇਵਲ ਇਕੋ ਇਕ ਕੌਮਾਂਤਰੀ ਪੱਧਰ ਦਾ ਬੀ.ਬੀ.ਸੀ. ਚੈਨਲ ਹੀ ਸੰਸਾਰ ਨਿਵਾਸੀਆ ਲਈ ਇਕ ਸੋਮਾ ਬਚਦਾ ਸੀ ਜੋ ਇੰਡੀਅਨ ਤੇ ਸੰਸਾਰ ਨਿਵਾਸੀਆ ਨੂੰ ਸੱਚ ਤੋ ਨਿਰਪੱਖਤਾ ਤੇ ਨਿਡਰਤਾ ਨਾਲ ਜਾਣੂ ਕਰਵਾਉਣ ਦੀ ਨਿਰੰਤਰ ਜਿੰਮੇਵਾਰੀ ਨਿਭਾਉਦਾ ਆ ਰਿਹਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਮੋਦੀ ਹਕੂਮਤ ਨੇ ਅਤੇ ਫਿਰਕੂ ਆਗੂਆ ਨੇ ਡੂੰਘੀ ਸਾਜਿਸ ਤਹਿਤ ਉਸ ਨਿਰਪੱਖਤਾ ਨਾਲ ਕੰਮ ਕਰਨ ਵਾਲੀ ਨਿਊਜ ਏਜੰਸੀ ਅਤੇ ਚੈਨਲ ਬੀ.ਬੀ.ਸੀ. ਉਤੇ ਆਮਦਨ ਕਰ ਵਿਭਾਗ ਦੇ ਅਧਿਕਾਰੀਆ ਨੂੰ ਛਾਪਾ ਮਾਰਨ ਅਤੇ ਬੀ.ਬੀ.ਸੀ. ਨਾਲ ਸੰਬੰਧਤ ਸਭ ਪੱਤਰਕਾਰ ਅਤੇ ਹੋਰ ਅਮਲੇ-ਫੈਲੇ ਨੂੰ ਗੈਰ ਇਖਲਾਕੀ ਢੰਗ ਨਾਲ ਡਰਾਉਣ ਅਤੇ ਇੰਡੀਅਨ ਹੁਕਮਰਾਨਾਂ ਦੀਆਂ ਮਨਮਾਨੀਆ ਦਾ ਪਰਦਾ ਫਾਸ ਕਰਨ ਦੀ ਜਿੰਮੇਵਾਰੀ ਤੋ ਜ਼ਬਰ ਨਾਲ ਰੋਕਣ ਦੀ ਅਸਫਲ ਕੋਸਿ਼ਸ਼ ਕੀਤੀ ਹੈ । ਅਜਿਹਾ ਅਮਲ ਕਰਕੇ ਹੁਕਮਰਾਨਾਂ ਨੇ ਇੰਡੀਆ ਵਿਚ ਪ੍ਰੈਸ ਦੀ ਆਜਾਦੀ ਦਾ ਗਲਾਂ ਘੁੱਟ ਦਿੱਤਾ ਗਿਆ ਹੈ । ਜੋ ਇੰਡੀਅਨ ਵਿਧਾਨ ਅਤੇ ਕੌਮਾਂਤਰੀ ਕਾਨੂੰਨਾਂ ਦੀਆਂ ਜਮਹੂਰੀਅਤ ਕਦਰਾਂ-ਕੀਮਤਾਂ ਦਾ ਜਨਾਜ਼ਾਂ ਕੱਢਣ ਅਤੇ ਇਥੇ ਹਿਟਲਰੀ ਤਾਨਾਸਾਹੀ ਨਿਜਾਮ ਚਲਾਉਣ ਦੀ ਅਤਿ ਨਿੰਦਣਯੋਗ ਬਜਰ ਗੁਸਤਾਖੀ ਕੀਤੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਕੌਮਾਂਤਰੀ ਪਲੇਟਫਾਰਮ ਤੇ ਬੀ.ਬੀ.ਸੀ ਨਿਊਜ ਏਜੰਸੀ ਅਤੇ ਚੈਨਲ ਨੂੰ ਇਨ੍ਹਾਂ ਤਾਨਾਸਾਹੀ ਸਿਆਸਤਦਾਨਾਂ ਦੇ ਚੁੰਗਲ ਦੀਆਂ ਸਾਜਿਸਾਂ ਤੋ ਆਜਾਦ ਕਰਵਾਉਣ ਦੀ ਕੌਮਾਂਤਰੀ ਏਜੰਸੀਆ ਨੂੰ ਜੋਰਦਾਰ ਅਪੀਲ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਹਕੂਮਤ ਦੇ ਇਸਾਰੇ ਤੇ ਆਮਦਨ ਕਰ ਵਿਭਾਗ ਇੰਡੀਆ ਵੱਲੋ ਬੀ.ਬੀ.ਸੀ. ਨਿਊਜ ਏਜੰਸੀ ਅਤੇ ਚੈਨਲ ਦੇ ਦਿੱਲੀ ਅਤੇ ਮੁੰਬਈ ਸਥਿਤ ਦਫਤਰਾਂ ਉਤੇ ਮੰਦਭਾਵਨਾ ਅਧੀਨ ਅਤੇ ਬੀ.ਬੀ.ਸੀ ਦੇ ਸਮੁੱਚੇ ਸਟਾਫ ਤੇ ਅਧਿਕਾਰੀਆ ਨੂੰ ਸ਼ਰਮਨਾਕ ਢੰਗ ਰਾਹੀ ਡਰਾਉਣ ਅਤੇ ਧਮਕਾਉਣ ਦੀਆਂ ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਕਾਰਵਾਈਆ ਨੂੰ ਪ੍ਰੈਸ ਦਾ ਗਲਾਂ ਘੁੱਟਣ ਦੀ ਕਾਰਵਾਈ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਹੁਕਮਰਾਨ ਹਰ ਤਰਫ ਤਾਨਾਸਾਹੀ ਅਮਲ ਕਰਨ ਉਤੇ ਉਤਰ ਆਇਆ ਹੈ, ਫਿਰ ਇੰਡੀਆ ਵਿਚ ਕਿਹੜੀ ਜਮਹੂਰੀਅਤ, ਕਾਨੂੰਨ ਅਤੇ ਵਿਧਾਨਿਕ ਵਿਧੀ ਦੀ ਗੱਲ ਬਾਕੀ ਰਹਿ ਗਈ ਹੈ ? ਇਹ ਤਾਂ ਪ੍ਰਤੱਖ ਤੌਰ ਤੇ ਜੰਗਲ ਦੇ ਰਾਜ ਵਾਲੀਆ ਗੈਰ ਇਨਸਾਨੀਅਤ ਅਤੇ ਗੈਰ ਇਖਲਾਕੀ ਉਹ ਕਾਰਵਾਈਆ ਹਨ ਜਿਥੇ ਹੁਕਮਰਾਨ ਸੱਚ ਨੂੰ ਸੁਣਨ ਅਤੇ ਦੇਖਣ ਲਈ ਬਿਲਕੁਲ ਵੀ ਤਿਆਰ ਨਹੀ ਬਲਕਿ ਜੋ ਇਨਸਾਨ ਜਾਂ ਏਜੰਸੀ ਲੋਕਾਂ ਪ੍ਰਤੀ ਇਸ ਵਿਸ਼ੇ ਤੇ ਆਪਣੀ ਜਿੰਮੇਵਾਰੀ ਨੂੰ ਪੂਰਨ ਕਰ ਰਿਹਾ ਹੈ, ਉਸਨੂੰ ਵੀ ਹਕੂਮਤੀ, ਫ਼ੌਜੀ, ਕਾਨੂੰਨੀ ਤੇ ਪੁਲਿਸ ਤਾਕਤ ਨਾਲ ਦਬਾਉਣ ਤੇ ਡਰਾਉਣ ਦੀਆਂ ਗੈਰ ਜਮਹੂਰੀਅਤ ਨਿੰਦਣਯੋਗ ਅਮਲ ਹਨ । ਉਨ੍ਹਾਂ ਕਿਹਾ ਕਿ ਬੀ.ਬੀ.ਸੀ. ਨਿਊਜ ਏਜੰਸੀ ਅਤੇ ਚੈਨਲ ਕੋਈ ਮਾਲੀ ਫਾਇਦਾ ਕਮਾਉਣ ਵਾਲੀ ਏਜੰਸੀ ਜਾਂ ਕਾਰਪੋਰੇਸ਼ਨ ਨਹੀ ਬਲਕਿ ਉਹ ਤਾਂ ਦੁਨੀਆਂ ਭਰ ਵਿਚ ਸੱਚ ਨੂੰ ਉਜਾਗਰ ਕਰਨ ਵਾਲਾ ਇਕ ਵੱਡਾ ਇਨਸਾਨੀਅਤ ਪੱਖੀ ਸੋਮਾ ਹੈ । ਉਸਨੂੰ ਅਜਿਹੇ ਹੱਥਕੰਡਿਆ ਰਾਹੀ ਸਿਕਾਰ ਕਰਕੇ ਸੱਚ ਦੀ ਆਵਾਜ ਨੂੰ ਹੁਕਮਰਾਨ ਨਹੀ ਦਬਾਅ ਸਕਣਗੇ । ਅਜਿਹਾ ਕਰਕੇ ਹੁਕਮਰਾਨ ਖੁਦ ਹੀ ਕੌਮਾਂਤਰੀ ਪੱਧਰ ਤੇ ਪ੍ਰਤੱਖ ਕਰ ਰਿਹਾ ਹੈ ਕਿ ਮੋਦੀ ਹਕੂਮਤ ਬੇਸੱਕ ਗੋਦੀ ਮੀਡੀਏ ਰਾਹੀ ਆਪਣੇ ਸੋਹਲੇ ਗਾਉਦੀ ਫਿਰੇ, ਪਰ ਅਸਲੀਅਤ ਵਿਚ ਇੰਡੀਆ ਵਿਚ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਨੇ ਮੁਲਕ ਨਿਵਾਸੀਆ ਉਤੇ ਕਹਿਰ ਤੇ ਜ਼ਬਰ ਢਾਹੁੰਦੇ ਹੋਏ ਸਮੁੱਚੇ ਮੁਲਕ ਨਿਵਾਸੀਆ ਨੂੰ ਅਰਾਜਕਤਾ ਵੱਲ ਧਕੇਲਣ ਅਤੇ ਇਥੋ ਦੀ ਸਥਿਤੀ ਵਿਸਫੋਟਕ ਬਣਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ । ਜੇਕਰ ਆਉਣ ਵਾਲੇ ਸਮੇ ਵਿਚ ਮੋਦੀ ਹਕੂਮਤ ਦੇ ਜ਼ਬਰ ਜੁਲਮਾਂ ਦੀ ਬਦੌਲਤ ਮੁਲਕ ਦੇ ਹਾਲਾਤ ਚਿੰਤਾਜਨਕ ਬਣੇ ਤਾਂ ਮੋਦੀ-ਸ਼ਾਹ, ਭਗਵਤ ਦੀ ਫਿਰਕੂ ਤਿਕੜੀ ਅਤੇ ਇਨ੍ਹਾਂ ਨਾਲ ਸੰਬੰਧਤ ਫਿਰਕੂ ਆਗੂ ਜਿੰਮੇਵਾਰ ਹੋਣਗੇ । ਸ. ਮਾਨ ਨੇ ਹੁਕਮਰਾਨਾਂ ਨੂੰ ਤਾਕਤ ਦੇ ਨਸ਼ੇ ਵਿਚ ਕੀਤੀਆ ਜਾਣ ਵਾਲੀਆ ਬਜਰ ਗੁਸਤਾਖੀਆ ਲਈ ਖਬਰਦਾਰ ਕਰਦੇ ਹੋਏ ਕਿਹਾ ਕਿ ਪੰਜਾਬੀ ਅਤੇ ਸਿੱਖ ਕੌਮ ਅਜਿਹੇ ਕਿਸੇ ਵੀ ਹਕੂਮਤੀ ਜ਼ਬਰ ਨੂੰ ਸਹਿਣ ਨਹੀ ਕਰਨਗੇ ਨਾ ਹੀ ਗੋਲੀ-ਬੰਦੂਕ ਦੀ ਨੀਤੀ ਅਤੇ ਕੋਝੀਆ ਹਰਕਤਾਂ ਰਾਹੀ ਸੱਚ ਨੂੰ ਉਜਾਗਰ ਕਰਨ ਵਾਲੀਆ ਸਖਸੀਅਤਾਂ ਨੂੰ ਡਰਾਉਣ-ਧਮਕਾਉਣ ਵਿਚ ਇਹ ਕਾਮਯਾਬ ਹੋ ਸਕਣਗੇ ।

Leave a Reply

Your email address will not be published. Required fields are marked *