ਆਲੂ ਦਾ ਸਭ ਤੋਂ ਉੱਤਮ ਬੀਜ਼ ਦੱਖਣੀ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਭੇਜਣ ਲਈ ਰੇਲਵੇ ਵਿਭਾਗ ਏ.ਸੀ. ਬੋਗੀਆ ਰਿਜਰਵ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 17 ਨਵੰਬਰ ( ) “ਕਿਉਂਕਿ ਪੰਜਾਬ ਸੂਬਾ ਖੇਤੀ ਪ੍ਰਧਾਨ ਸੂਬਾ ਹੈ ਜਿਥੇ ਕਣਕ, ਝੋਨਾ ਅਤੇ ਆਲੂ ਦੀ ਵੱਡੀ ਮਾਤਰਾ ਵਿਚ ਪੈਦਾਵਾਰ ਹੁੰਦੀ ਹੈ । ਦੋਆਬੇ ਦੇ ਆਲੂ ਉਤਪਾਦਕਾਂ ਵੱਲੋਂ ਸਭ ਤੋਂ ਉੱਤਮ ਬੀਜ਼ ਪੈਦਾ ਕੀਤਾ ਜਾਂਦਾ ਹੈ । ਜੇਕਰ ਰੇਲਵੇ ਵਿਭਾਗ ਇੰਡੀਆ ਪੰਜਾਬ ਵਿਚ ਚੱਲਣ ਵਾਲੀਆ ਟ੍ਰੇਨਾ ਵਿਚ ਏ.ਸੀ. ਦੀਆਂ ਬੋਗੀਆ ਆਲੂਆ ਦੇ ਬੀਜ਼ ਦੀ ਸਪਲਾਈ ਲਈ ਰਿਜਰਵ ਕਰ ਦੇਵੇ ਤਾਂ ਅਸੀ ਦੱਖਣੀ ਸੂਬਿਆਂ ਦੇ ਨਾਲ-ਨਾਲ ਸ੍ਰੀਲੰਕਾ, ਪਾਕਿਸਤਾਨ, ਅਫਗਾਨੀਸਤਾਨ, ਭੁਟਾਨ, ਬੰਗਲਾਦੇਸ਼ ਆਦਿ ਮੁਲਕਾਂ ਨੂੰ ਸਭ ਤੋ ਵੱਧੀਆ ਬੀਜ਼ ਭੇਜ ਸਕਦੇ ਹਾਂ, ਉਥੇ ਪੰਜਾਬੀ ਜਿ਼ੰਮੀਦਾਰਾਂ ਦਾ ਇਸ ਵਿਸ਼ੇ ਤੇ ਕੌਮਾਂਤਰੀ ਪੱਧਰ ਦਾ ਵਪਾਰ ਵੀ ਪ੍ਰਫੁੱਲਿਤ ਹੋਵੇਗਾ । ਇਸ ਲਈ ਇੰਡੀਆ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਖੋਲ੍ਹਕੇ ਟਰੱਕਾਂ, ਟੈਪੂਆਂ ਅਤੇ ਹੋਰ ਆਵਾਜਾਈ ਸਾਧਨਾਂ ਰਾਹੀ ਖੁੱਲ੍ਹਾ ਵਪਾਰ ਸੁਰੂ ਕਰਨ ਲਈ ਪਹਿਲ ਕਰੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਉੱਤਰੀ ਰੇਲਵੇ ਵਿਭਾਗ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਪੰਜਾਬ ਦੇ ਐਮ.ਪੀਜ਼ ਦੀ ਇਕ ਹੋਈ ਸੰਜ਼ੀਦਾ ਮੀਟਿੰਗ ਵਿਚ ਵਿਚਾਰ ਪੇਸ਼ ਕਰਦੇ ਹੋਏ ਪੰਜਾਬ ਸੂਬੇ ਨਾਲ ਸੰਬੰਧਤ ਜਿ਼ੰਮੀਦਾਰਾਂ, ਮਜਦੂਰਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਹਿੱਤ ਆਲੂ ਦੇ ਵਧੀਆ ਕਿਸਮ ਦੇ ਬੀਜ਼ ਨੂੰ ਗੁਆਂਢੀ ਮੁਲਕਾਂ ਵਿਚ ਪਹੁੰਚਾਉਣ ਹਿੱਤ ਪੰਜਾਬ ਦੀਆਂ ਸਰਹੱਦਾਂ ਖੋਲ੍ਹਕੇ ਖੁੱਲ੍ਹੇ ਵਪਾਰ ਦੇ ਅਮਲ ਸੁਰੂ ਕਰਨ ਦੇ ਸੁਝਾਅ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਮੈਂ 1999 ਵਿਚ ਐਮ.ਪੀ. ਸੀ ਤਾਂ ਦੋਆਬੇ ਦੇ ਸਭ ਵੱਡੇ ਆਲੂ ਉਤਪਾਦਕਾਂ ਨੇ ਮੇਰੇ ਨਾਲ ਮੀਟਿੰਗ ਕਰਕੇ ਆਲੂ ਦੇ ਵਧੀਆ ਬੀਜ਼ਾਂ ਦੀ ਦੱਖਣੀ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਸਪਲਾਈ ਦੀ ਜਿ਼ੰਮੇਵਾਰੀ ਨਿਭਾਉਣ ਦੀ ਗੱਲ ਕੀਤੀ ਸੀ ਤਾਂ ਕਿ ਮੈਂ ਬਤੌਰ ਐਮ.ਪੀ. ਹੁੰਦੇ ਹੋਏ ਪੰਜਾਬ ਦੇ ਆਲੂ ਉਤਪਾਦਕਾਂ ਲਈ ਅਜਿਹਾ ਪ੍ਰਬੰਧ ਕਰਵਾ ਸਕਾ । ਪਰ ਉਸ ਸਮੇ ਦੇ ਸਪੀਕਰ ਅਤੇ ਐਮ.ਪੀ ਸਾਹਿਬਾਨ ਵੱਲੋ ਇਸ ਗੰਭੀਰ ਮੁੱਦੇ ਉਤੇ ਕੋਈ ਅਮਲ ਨਾ ਹੋਣਾ ਦੁੱਖਦਾਇਕ ਸੀ । ਪਰ ਹੁਣ ਜਾਪਦਾ ਹੈ ਕਿ ਰੇਲਵੇ ਅਧਿਕਾਰੀਆ ਨਾਲ ਅੱਜ ਹੋਈ ਮੀਟਿੰਗ ਵਿਚ ਹੋਏ ਵਿਚਾਰ ਵਟਾਂਦਰੇ ਦੀ ਬਦੌਲਤ ਪੰਜਾਬ ਦੇ ਆਲੂ ਉਤਪਾਦਕਾਂ ਦੀ ਇਕ ਮੰਗ ਪੂਰੀ ਹੋਣ ਵੱਲ ਵੱਧਣ ਜਾ ਰਹੀ ਹੈ । ਸ. ਮਾਨ ਨੇ ਇਸ ਮਹੱਤਵਪੂਰਨ ਮੀਟਿੰਗ ਵਿਚ ਇਹ ਵੀ ਆਵਾਜ ਉਠਾਈ ਕਿ ਪੰਜਾਬ ਸੂਬੇ ਨਾਲ ਕੋਈ ਬੰਦਰਗਾਹ ਨਹੀ ਲੱਗਦੀ ਅਤੇ ਪੰਜਾਬ ਨੂੰ ਸਭ ਤੋ ਨੇੜੇ ਕਰਾਂਚੀ ਦੀ ਬੰਦਰਗਾਹ ਪੈਦੀ ਹੈ । ਇਸ ਲਈ ਇੰਡੀਆ ਦੇ ਹੁਕਮਰਾਨਾਂ ਅਤੇ ਰੇਲਵੇ ਵਿਭਾਗ ਲਈ ਇਹ ਜ਼ਰੂਰੀ ਹੈ ਕਿ ਉਹ ਸਾਂਝੇ ਤੌਰ ਤੇ ਸੰਜ਼ੀਦਾ ਉਦਮ ਕਰਕੇ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਰੇਲਵੇ, ਟਰੱਕਾਂ ਅਤੇ ਹੋਰ ਆਵਾਜਾਈ ਲਈ ਆਜਾਦ ਕਰੇ ਤਾਂ ਕਿ ਪੰਜਾਬ ਦਾ ਜਿ਼ੰਮੀਦਾਰ-ਮਜਦੂਰ ਆਪਣੇ ਵੱਲੋ ਉਤਪਾਦ ਕੀਤੀਆ ਜਾਣ ਵਾਲੀਆ ਫਸਲਾਂ ਅਤੇ ਇਥੋ ਦਾ ਉਦਯੋਗਪਤੀ ਆਪਣੇ ਉਤਪਾਦਾਂ ਨੂੰ ਇਰਾਨ, ਇਰਾਕ, ਰੂਸ, ਮੱਧ ਏਸੀਆ, ਪਾਕਿਸਤਾਨ, ਅਫਗਾਨੀਸਤਾਨ, ਭੁਟਾਨ, ਬੰਗਲਾਦੇਸ਼, ਸ੍ਰੀਲੰਕਾ ਆਦਿ ਮੁਲਕਾਂ ਵਿਚ ਭੇਜਕੇ ਆਪਣੇ ਉਤਪਾਦਾਂ ਦੀ ਕੌਮਾਂਤਰੀ ਮੰਡੀ ਵਿਚ ਕੁੱਦ ਸਕੇ ਅਤੇ ਆਪਣੇ ਲਾਭ ਨੂੰ ਵਧਾਕੇ ਆਪਣੀ ਅਤਿ ਮੰਦੀ ਮਾਲੀ ਹਾਲਤ ਨੂੰ ਸੁਧਾਰ ਸਕੇ । ਉਨ੍ਹਾਂ ਰੇਲਵੇ ਅਧਿਕਾਰੀਆਂ ਅਤੇ ਇੰਡੀਆ ਦੀ ਸ੍ਰੀ ਮੋਦੀ ਹਕੂਮਤ ਤੋ ਇਹ ਉਮੀਦ ਪ੍ਰਗਟ ਕੀਤੀ ਕਿ ਇਸ ਰੇਲਵੇ ਵਿਭਾਗ ਨਾਲ ਹੋਈ ਮੀਟਿੰਗ ਵਿਚ ਉੱਠੇ ਵਿਚਾਰਾਂ ਨੂੰ ਮੱਦੇਨਜਰ ਰੱਖਦੇ ਹੋਏ ਪੰਜਾਬ ਤੋ ਚੱਲਣ ਵਾਲੀਆ ਗੱਡੀਆ ਵਿਚ ਆਲੂ ਦੇ ਬੀਜ ਦੀ ਫਸਲ ਲਈ ਲੋੜੀਦੀਆ ਏ.ਸੀ. ਬੋਗੀਆ ਰਿਜਰਵ ਕਰਨ ਦੇ ਨਾਲ-ਨਾਲ, ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਖੋਲ੍ਹਕੇ ਅਤੇ ਪੰਜਾਬ ਨੂੰ ਕਰਾਂਚੀ ਬੰਦਰਗਾਹ ਨਾਲ ਜੋੜਕੇ ਪੰਜਾਬ ਤੇ ਇੰਡੀਆ ਦੇ ਜਿ਼ੰਮੀਦਾਰਾਂ ਤੇ ਵਪਾਰੀਆ ਦੇ ਉਤਪਾਦਾਂ ਨੂੰ ਕੌਮਾਂਤਰੀ ਮੰਡੀ ਵਿਚ ਸਹੀ ਕੀਮਤ ਤੇ ਵੇਚਣ ਅਤੇ ਆਪਣੀ ਮਾਲੀ ਹਾਲਤ ਨੂੰ ਸਹੀ ਕਰਨ ਵਿਚ ਸੁਹਿਰਦ ਉਦਮ ਕਰੇਗੀ ।