ਪਰਾਲੀ ਨੂੰ ਸਾੜਨ ਉਤੇ 4 ਹਜਾਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ‘ਲਾਲ ਰਿਕਾਰਡ’ ਵਿਚ ਪਾਉਣਾ ਔਰੰਗਜੇਬੀ ਜਾਬਰ ਕਾਰਵਾਈ : ਮਾਨ

ਫ਼ਤਹਿਗੜ੍ਹ ਸਾਹਿਬ, 17 ਨਵੰਬਰ ( ) “ਪੰਜਾਬ ਵਿਚ ਜਿਨ੍ਹਾਂ 4 ਹਜ਼ਾਰ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਮਜ਼ਬੂਰਨ ਪਰਾਲੀ ਨੂੰ ਅੱਗ ਲਗਾਈ ਹੈ, ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਲਾਲ ਰਿਕਾਰਡ ਵਿਚ ਦਾਖਲ ਕਰਨ ਦੇ ਹੁਕਮ ਕਰਕੇ ਛੋਟੇ ਅਤੇ ਮੱਧਵਰਗੀ ਕਿਸਾਨਾਂ, ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਉਤੇ ਔਰੰਗਜੇਬੀ ਤਾਨਾਸਾਹੀ ਵੱਡਾ ਜ਼ਬਰ ਕੀਤਾ ਹੈ । ਕਿਉਂਕਿ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਕਿਸੇ ਵੀ ਸੌਂਕ ਨਾਲ ਨਹੀ ਲਗਾਉਦਾ। ਬਲਕਿ ਉਨ੍ਹਾਂ ਦੀ ਕਣਕ ਦੀ ਫਸਲ ਦਾ 1 ਨਵੰਬਰ ਤੋ ਲੈਕੇ 15 ਨਵੰਬਰ ਤੱਕ ਬਿਜਾਈ ਦੇ ਸਮੇ ਦੇ ਗੰਭੀਰ ਮੁੱਦੇ ਨੂੰ ਮੁੱਖ ਰੱਖਕੇ ਮਜਬੂਰੀ ਅਧੀਨ ਹੀ ਅਜਿਹਾ ਕਰਦਾ ਹੈ । ਜਦੋਕਿ ਕਿਸਾਨ ਨੂੰ ਅਜਿਹਾ ਕਦਮ ਚੁੱਕਣ ਲਈ ਸਰਕਾਰ ਹੀ ਜਿ਼ੰਮੇਵਾਰ ਹੈ, ਜਿਸਨੇ ਉਨ੍ਹਾਂ ਦੀ ਪਰਾਲੀ ਨੂੰ ਸਰਕਾਰ ਵੱਲੋ ਜਾਰੀ ਕੀਤੀਆ ਜਾਣ ਵਾਲੀਆ ਸਾਂਭਣ ਵਾਲੀਆ ਮਸ਼ੀਨਾਂ ਜਾਂ ਪਰਾਲੀ ਨੂੰ ਖੇਤਾਂ ਵਿਚ ਹੀ ਖਤਮ ਕਰਨ ਦੀ ਜਿ਼ੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਹੈ । ਕਿਉਂਕਿ ਉਹ ਲੋੜੀਦੀਆ ਮਸ਼ੀਨਾਂ ਉਪਲੱਬਧ ਨਹੀ ਕਰਵਾ ਸਕੀ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜੇਕਰ ਕਿਸਾਨ ਸਹੀ ਸਮੇ ਤੇ ਆਪਣੀ ਫਸਲ ਦੀ ਬਿਜਾਈ ਨਹੀ ਕਰਦਾ ਤਾਂ ਉਸਨੂੰ ਝਾੜ ਘੱਟਣ ਅਤੇ ਚੰਗੀ ਫਸਲ ਨਾ ਹੋਣ ਕਾਰਨ ਕੀਮਤ ਘੱਟ ਮਿਲਣ ਦੀ ਦੋਹਰੀ ਮਾਰ ਵੀ ਸਹਿਣੀ ਪੈਦੀ ਹੈ । ਇਸ ਲਈ ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਦੀਆਂ ਜਮੀਨਾਂ ਨੂੰ ਬੈਕਾਂ ਵੱਲੋ ਲੋਨ ਨਾ ਦੇਣ ਅਤੇ ਉਨ੍ਹਾਂ ਨੂੰ ਆਪਣੀਆ ਜਮੀਨਾਂ ਵੇਚਣ ਉਤੇ ਪਾਬੰਦੀ ਲਗਾਉਣ ਦੇ ਇਹ ਲਾਲ ਰਿਕਾਰਡ ਪਹਿਲੋ ਹੀ ਅਤਿ ਮੰਦੀ ਮਾਲੀ ਹਾਲਤ ਵਿਚ ਗੁਜਰ ਰਹੇ ਕਿਸਾਨ ਤੇ ਮਜਦੂਰ ਵਰਗ ਉਤੇ ਵੱਡਾ ਜਬਰ ਤੇ ਬੇਇਨਸਾਫ਼ੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਇਸ ਗੰਭੀਰ ਮੁੱਦੇ ਉਤੇ ਜਿਥੇ ਕਿਸਾਨਾਂ ਨਾਲ ਖੜ੍ਹਾ ਹੈ, ਉਥੇ ਸਰਕਾਰ ਨੂੰ ਆਪਣੇ ਇਸ ਕਿਸਾਨ ਮਾਰੂ ਤਾਨਾਸਾਹੀ ਫੈਸਲੇ ਨੂੰ ਰੱਦ ਕਰਨ ਦੀ ਆਵਾਜ ਉਠਾਉਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ 4 ਹਜਾਰ ਕਿਸਾਨ ਪਰਿਵਾਰਾਂ ਨੂੰ ਪਰਾਲੀ ਸਾੜਨ ਦੇ ਮੁੱਦੇ ਉਤੇ ਪੰਜਾਬ ਸਰਕਾਰ ਵੱਲੋ ਲਾਲ ਰਿਕਾਰਡ ਵਿਚ ਲੈਣ ਦੇ ਕਿਸਾਨ ਵਿਰੋਧੀ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਯੂਕਰੇਨ ਦਾ ਮੁਲਕ ਸੰਸਾਰ ਵਿਚ ਸਭ ਤੋ ਵੱਧ ਕਣਕ ਪੈਦਾ ਕਰਦਾ ਹੈ, ਜਦੋਕਿ ਦੂਜੇ ਨੰਬਰ ਉਤੇ ਪੰਜਾਬ ਆਉਦਾ ਹੈ । ਜਦੋ ਤੋ ਰੂਸ ਅਤੇ ਯੂਕਰੇਨ ਦੀ ਜੰਗ ਲੱਗੀ ਹੈ, ਤਾਂ ਸਮੁੱਚੇ ਸੰਸਾਰ ਵਿਚ ਕਣਕ ਦੀ ਵੱਡੀ ਕਮੀ ਆ ਗਈ ਹੈ । ਜਿਨ੍ਹਾਂ ਮੁਲਕਾਂ ਵਿਚ ਅਜਿਹਾ ਹੋਇਆ ਹੈ ਉਨ੍ਹਾਂ ਦੀ ਕਮੀ ਨੂੰ ਪੂਰਾ ਕਰਨ ਲਈ ਪੰਜਾਬ ਇਹ ਜਿ਼ੰਮੇਵਾਰੀ ਨਿਭਾਅ ਸਕਦਾ ਹੈ । ਜੋ ਪੰਜਾਬ ਸੂਬਾ ਇੰਡੀਆ ਦੀ ਹਰ ਰਸੋਈ ਵਿਚ ਨਿੱਤ ਵਰਤੀ ਜਾਣ ਵਾਲੀ ਕਣਕ ਦਾ ਵੱਡਾ ਹਿੱਸਾ ਪੈਦਾ ਕਰਦਾ ਹੈ, ਉਸ ਸੂਬੇ ਦੇ ਕਿਸਾਨਾਂ ਨਾਲ ਪਰਾਲੀ ਸਾੜਨ ਦੇ ਮੁੱਦੇ ਨੂੰ ਲੈਕੇ ਕੀਤਾ ਗਿਆ ਜ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੇ ਪੰਜਾਬੀਆਂ ਲਈ ਅਸਹਿ ਹੈ । ਜਿਸ ਨਾਲ ਪੰਜਾਬ ਦੇ ਜਿ਼ੰਮੀਦਾਰ ਤੇ ਮਜਦੂਰ ਪਰਿਵਾਰਾਂ ਵਿਚ ਨਮੋਸੀ ਦੇ ਨਾਲ-ਨਾਲ ਸਰਕਾਰ ਵਿਰੁੱਧ ਵੱਡਾ ਰੋਹ ਉਤਪੰਨ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਕਿਸੇ ਸਮੇ ਵੀ ਇਹ ਰੋਹ ਵੱਡੇ ਸੰਘਰਸ਼ ਦਾ ਰੂਪ ਧਾਰ ਸਕਦਾ ਹੈ । ਜਿਸਦੇ ਨਤੀਜੇ ਕਦਾਚਿਤ ਲਾਹੇਵੰਦ ਨਹੀ ਹੋਣਗੇ । ਇਸ ਲਈ ਜਿੰਨੀ ਜਲਦੀ ਹੋ ਸਕੇ ਪੰਜਾਬ ਸਰਕਾਰ ਆਪਣੇ ਕੀਤੇ ਗਏ ਉਪਰੋਕਤ ਕਿਸਾਨ ਮਾਰੂ ਫੈਸਲੇ ਉਤੇ ਗੰਭੀਰਤਾ ਨਾਲ ਗੌਰ ਕਰਦੇ ਹੋਏ ਵਾਪਸ ਲਵੇ ਤਾਂ ਬਿਹਤਰ ਹੋਵੇਗਾ ।

Leave a Reply

Your email address will not be published. Required fields are marked *