ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਵਿਰੋਧ ਕਰਨ ਵਾਲੇ ਬੁੱਧੀਜੀਵੀ ਜਾਂ ਆਗੂ ਹੁਕਮਰਾਨਾਂ ਦੀ ‘ਭਰਾ ਮਾਰੂ ਜੰਗ’ ਕਰਵਾਉਣ ਦੀ ਸਾਜਿ਼ਸ ਦਾ ਹਿੱਸਾ ਬਿਲਕੁਲ ਨਾ ਬਣਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 04 ਅਕਤੂਬਰ ( ) “ਜਦੋਂ ਵੀ ਸਿੱਖ ਕੌਮ ਨੂੰ ਉਸ ਕਾਦਰ ਦੀ ਕੁਦਰਤ ਦੀ ਆਪਣੀ ਖੇਡ ਰਾਹੀ ਕਿਸੇ ਨੇਕ ਚੰਗੀ ਸਖਸ਼ੀਅਤ ਦਾ ਸਾਥ ਜਾਂ ਅਗਵਾਈ ਕਰਨ ਦਾ ਸਮਾਂ ਆਉਦਾ ਹੈ ਅਤੇ ਖ਼ਾਲਸਾ ਪੰਥ ਦੀ ਸੋਚ ਦੇ ਤੇਜ਼ੀ ਨਾਲ ਪ੍ਰਫੁੱਲਿਤ ਹੋਣ, ਸਿੱਖ ਕੌਮ ਦੀ ਸਮੂਹਿਕ ਏਕਤਾ ਨੂੰ ਬਲ ਮਿਲਣ ਦੇ ਅਮਲਾਂ ਤੋਂ ਹੁਕਮਰਾਨ ਬੁਖਲਾਹਟ ਵਿਚ ਆ ਕੇ ਅਕਸਰ ਹੀ ਅਜਿਹੀਆ ਸਾਜਿ਼ਸਾਂ ਤੇ ਅਮਲ ਕਰਦਾ ਹੈ ਜਿਸ ਨਾਲ ਉਸ ਨੇਕ ਆਤਮਾ ਵਿਰੁੱਧ ਮੀਡੀਏ, ਪ੍ਰਚਾਰ ਸਾਧਨਾਂ ਤੇ ਆਪਣੀ ਹਿੰਦੂਤਵ ਸੋਚ ਰਾਹੀ ਅਫਸਰਸਾਹੀ ਰਾਹੀ ਗੁੰਮਰਾਹਕੁੰਨ ਪ੍ਰਚਾਰ ਕਰਨਾ ਸੁਰੂ ਕਰ ਦਿੰਦਾ ਹੈ ਤਾਂ ਕਿ ਇਸਦੇ ਨਾਲ ਹੀ ਉਸ ਸਖਸ਼ੀਅਤ ਪ੍ਰਤੀ ਪੰਜਾਬੀਆਂ ਤੇ ਸਿੱਖ ਕੌਮ ਵਿਚ ਬਣਾਵਟੀ ਭੰਬਲਭੂਸਾ ਖੜ੍ਹਾ ਕਰਕੇ ਭਰਾ ਮਾਰੂ ਜੰਗ ਨੂੰ ਉਤਸਾਹਿਤ ਕਰਦੇ ਹੋਏ ਉਸ ਮਨੁੱਖਤਾ ਪੱਖੀ ਮਿਸ਼ਨ ਤੇ ਆਗੂ ਦੇ ਰਾਹ ਵਿਚ ਅੜਿਕੇ ਖੜ੍ਹੇ ਕੀਤੇ ਜਾ ਸਕਣ । ਇਹ ਹੋਰ ਵੀ ਅਫ਼ਸੋਸਨਾਕ ਅਮਲ ਸੁਰੂ ਹੋ ਜਾਂਦਾ ਹੈ ਕਿ ਮੰਦਭਾਵਨਾ ਭਰੀ ਈਰਖਾਵਾਦੀ ਮਕਸਦ ਦੀ ਪ੍ਰਾਪਤੀ ਕਰਨ ਵਿਚ ਸਿੱਖ ਬੁੱਧੀਜੀਵੀਆਂ ਅਤੇ ਸਿੱਖ ਆਗੂਆ ਨੂੰ ਹੀ ਸਹਿਜ ਢੰਗ ਨਾਲ ਮੋਹਰਾ ਬਣਾਉਣ ਵਿਚ ਵੀ ਹੁਕਮਰਾਨ ਕਾਮਯਾਬ ਹੋ ਜਾਂਦਾ ਹੈ । ਦੂਸਰਾ ਜੋ ਗੋਦੀ ਮੀਡੀਆ, ਪੀਲੀ ਪੱਤਰਕਾਰੀ, ਹਿੰਦੂਤਵ ਕੱਟੜਵਾਦੀ ਤਾਕਤਾਂ ਅਤੇ ਖੂਫੀਆ ਏਜੰਸੀਆ ਦੀ ਖੂਬ ਦੁਰਵਰਤੋ ਕਰਕੇ ਅਜਿਹੀ ਨੇਕ ਸਖਸ਼ੀਅਤ ਵਿਰੁੱਧ ਕਾਵਾਂ ਰੌਲੀ ਪਾ ਕੇ ਅਜਿਹਾ ਮਾਹੌਲ ਸਿਰਜਿਆ ਜਾ ਸਕੇ ਕਿ ਉਸਦੀ ਆਪਣੀ ਕੌਮ ਹੀ ਉਸਨੂੰ ਨਫ਼ਰਤ ਕਰਨ ਲੱਗ ਪਵੇ । ਅਜਿਹਾ ਅਮਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਸਮੇਂ, ਭਾਈ ਦੀਪ ਸਿੰਘ ਸਿੱਧੂ ਸਮੇ ਵੀ ਹੋਇਆ ਸੀ ਅਤੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਨੇਕ ਆਤਮਾ ਦੇ ਉਜਾਗਰ ਹੋਣ ਉਤੇ ਵੀ ਹੁਕਮਰਾਨ ਉਸੇ ਸੋਚ ਤੇ ਸਾਜਿਸ ਉਤੇ ਅਮਲ ਕਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ । ਇਸ ਖ਼ਤਰਨਾਕ ਸਾਜਿਸ ਦੇ ਗੁੱਝੇ ਮਕਸਦ ਨੂੰ ਸਮਝਦੇ ਹੋਏ ਸਿੱਖ ਕੌਮ, ਪੰਜਾਬੀਆਂ, ਵਿਸ਼ੇਸ਼ ਤੌਰ ਤੇ ਹੁਕਮਰਾਨ ਦੇ ਗੁੰਮਰਾਹਕੁੰਨ ਪ੍ਰਚਾਰ ਵਿਚ ਫਸਣ ਵਾਲੇ ਸਿੱਖ ਬੁੱਧੀਜੀਵੀ ਅਤੇ ਸਿਆਸੀ ਆਗੂਆਂ ਨੂੰ ਦੂਰ ਰਹਿਣਾ ਚਾਹੀਦਾ ਹੈ । ਤਾਂ ਕਿ ਦੁਸ਼ਮਣ ਤਾਕਤਾਂ ਸਾਡੀ ਕੌਮ, ਪੰਜਾਬ ਸੂਬੇ ਅਤੇ ਪੰਜਾਬੀਆਂ ਨੂੰ ਭਰਾ ਮਾਰੂ ਜੰਗ ਵਿਚ ਉਲਝਾਕੇ ਆਪਣੇ ਸਿਆਸੀ, ਮਾਲੀ ਅਤੇ ਭੂਗੋਲਿਕ ਮੰਦਭਾਵਨਾ ਭਰੇ ਮਕਸਦਾਂ ਵਿਚ ਕਾਮਯਾਬ ਨਾ ਹੋ ਸਕਣ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋਂ ਸਿੱਖ ਨੌਜ਼ਵਾਨੀ ਨੂੰ ਅੰਮ੍ਰਿਤ ਸੰਚਾਰ ਦੀ ਕੌਮੀ ਮਨੁੱਖਤਾ ਪੱਖੀ ਲਹਿਰ ਨਾਲ ਜੋੜਨ ਦੇ ਕੀਤੇ ਜਾ ਰਹੇ ਉੱਦਮਾਂ ਉਤੇ ਘਬਰਾਕੇ ਅਤੇ ਬੁਖਲਾਹਟ ਵਿਚ ਆ ਕੇ ਹੁਕਮਰਾਨਾਂ ਵੱਲੋਂ ਸਿੱਖਾਂ ਨੂੰ ਭਰਾ ਮਾਰੂ ਜੰਗ ਵਿਚ ਉਲਝਾਉਣ ਦੀ ਸਾਜਿ਼ਸ ਤੋ ਸੁਚੇਤ ਕਰਦੇ ਹੋਏ ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋ ਸੰਜ਼ੀਦਗੀ ਨਾਲ ਵਿੱਢੀ ਕੌਮੀ ਲਹਿਰ ਨੂੰ ਬਿਨ੍ਹਾਂ ਕਿਸੇ ਸੱਕ-ਸੁਭਾ ਦੇ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੀ ਉਮਰ ਦੇ ਆਖਰੀ ਪੜਾਵਾਂ ਵਿਚ ਗੁਜਰਣ ਵਾਲੇ ਬੁੱਧੀਜੀਵੀਆਂ ਅਤੇ ਸਿਆਸੀ ਆਗੂਆ ਨੂੰ ਨੇਕ ਰਾਏ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਛੋਟੀ ਉਮਰ ਅਤੇ ਤੁਜਰਬੇ ਬਾਰੇ ਵੱਖਰੀ ਰਾਏ ਰੱਖਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਲੰਮੇ ਤੁਜਰਬੇ ਅਤੇ ਵੱਡੇਰੀ ਉਮਰ ਦੀ ਦੂਰਅੰਦੇਸ਼ੀ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ, ਪੰਜਾਬੀਆਂ ਤੇ ਸਿੱਖ ਕੌਮ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਉਨ੍ਹਾਂ ਵੱਲੋਂ ਨੇਕ ਨੀਤੀ ਨਾਲ ਸੁਰੂ ਕੀਤੀ ਗਈ ਅੰਮ੍ਰਿਤ ਸੰਚਾਰ ਦੀ ਲਹਿਰ ਵਿਚ ਸਾਮਿਲ ਹੋ ਕੇ ਮਸਵਰਾ ਅਤੇ ਅਗਵਾਈ ਦੇਣ ਵਿਚ ਯੋਗਦਾਨ ਪਾਉਣ ਨਾ ਕਿ ਦੁਸ਼ਮਣ ਤਾਕਤਾਂ ਅਤੇ ਹੁਕਮਰਾਨਾਂ ਦੇ ਸਿੱਖ ਕੌਮ ਨੂੰ ਵੱਢਣ-ਕੱਟਣ ਵਾਲੇ ਕੁਹਾੜੇ ਦੇ ਦਸਤੇ ਬਣਨ । ਸ. ਟਿਵਾਣਾ ਨੇ ਇਹ ਵੀ ਕਿਹਾ ਕਿ ਆਪ ਜੈਸੇ ਅਤੇ ਸਾਡੇ ਵਰਗੇ ਉਮਰਾਂ ਹੰਢਾਅ ਚੁੱਕੇ ਇਨਸਾਨ ਆਪਣੀ ਲੰਮੀ ਉਮਰ ਭੋਗਣ ਉਪਰੰਤ ਵੀ 50 ਜਾਂ 100 ਬੰਦਾ ਵੀ ਆਪਣੀ ਸੋਚ ਨਾਲ ਸਹਿਮਤ ਕਰਨ ਵਿਚ ਕਾਮਯਾਬ ਨਹੀ ਹੋ ਸਕੇ । ਫਿਰ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ 28 ਸਾਲ ਦੀ ਉਮਰ ਵਿਚ ਹਜ਼ਾਰਾਂ ਨੌਜ਼ਵਾਨਾਂ, ਬੀਬੀਆਂ, ਬਜੁਰਗਾਂ ਅਤੇ ਬੱਚੀਆਂ ਨੂੰ ਆਪਣੀ ਸੋਚ ਨਾਲ ਕਾਇਲ ਕਰਨ ਵਿਚ ਬਾਖੂਬੀ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ, ਤਾਂ ਇਸ ਸੱਚ ਨੂੰ ਵੀ ਪ੍ਰਵਾਨ ਕਰਨਾ ਪਵੇਗਾ ਕਿ ਉਨ੍ਹਾਂ ਵਿਚ ਕੋਈ ਅਲੌਕਿਕ ਖੂਬੀ ਵੀ ਜ਼ਰੂਰ ਹੈ ਅਤੇ ਉਨ੍ਹਾਂ ਉਤੇ ਉਹ ਅਕਾਲ ਪੁਰਖ ਦੀ ਮਿਹਰ ਤੇ ਬਖਸਿ਼ਸ਼ ਵੀ ਹੈ । ਜੇਕਰ ਬੁੱਧੀਜੀਵੀ ਤੇ ਸਿਆਸੀ ਆਗੂ ਸਥਿਤੀ ਨੂੰ ਸਮਝਦੇ ਹੋਏ ਆਪਣੀ ਯਾਦਗਰੀ ਭੂਮਿਕਾ ਨਿਭਾਅ ਸਕਣ ਤਾਂ ਸਿੱਖ ਕੌਮ ਦੀ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਬਲ ਮਿਲੇਗਾ, ਨਸਿ਼ਆ ਵਿਚ ਗ੍ਰਸਤ ਹੋਈ ਸਿੱਖ ਤੇ ਪੰਜਾਬੀ ਨੌਜ਼ਵਾਨੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਜਿ਼ੰਦਗੀ ਜਿਊਂਣ ਦੀ ਜਾਂਚ ਸਿਖ ਸਕੇਗੀ, ਉਥੇ ਸਿੱਖ ਕੌਮ ਭਰਾ ਮਾਰੂ ਜੰਗ ਹੁਕਮਰਾਨਾਂ ਦੀ ਖ਼ਤਰਨਾਕ ਸਾਜਿਸ ਨੂੰ ਅਸਫਲ ਬਣਾਉਣ ਵਿਚ ਵੀ ਕਾਮਯਾਬ ਹੋਵੇਗੀ ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜੋ ਬੁੱਧੀਜੀਵੀ ਜਾਂ ਸਿਆਸੀ ਆਗੂ ਸੁੱਤੇ ਸਿੱਧ ਹੀ ਹੁਕਮਰਾਨਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਫਸਦੇ ਨਜ਼ਰ ਆ ਰਹੇ ਹਨ, ਉਹ ਕੌਮ ਦੀ ਸਮੂਹਿਕ ਏਕਤਾ, ਮਨੁੱਖਤਾ ਪੱਖੀ ਕੌਮੀ ਮਿਸ਼ਨ ਵਿਚ ਜਿਥੇ ਆਪਣੀ ਦੂਰ ਅੰਦੇਸ਼ੀ ਤੇ ਲਿਆਕਤ ਰਾਹੀ ਯੋਗਦਾਨ ਪਾਉਣਗੇ, ਉਥੇ ਹੁਕਮਰਾਨਾਂ ਦੀ ਸਿੱਖ ਵਿਰੋਧੀ ਭਰਾ ਮਾਰੂ ਜੰਗ ਕਰਵਾਉਣ ਦੀ ਸੋਚ ਨੂੰ ਹਰ ਕੀਮਤ ਤੇ ਅਸਫਲ ਬਣਾਉਣ ਵਿਚ ਵੀ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ ਆਪਣੀ, ਕੌਮ ਦੀ ਆਤਮਿਕ ਸੰਤੁਸਟੀ ਕਰਨ ਵਿਚ ਯੋਗਦਾਨ ਪਾਉਣਗੇ ਅਤੇ ਸਾਜਿਸਕਾਰ ਹੁਕਮਰਾਨ ਲਈ ਇਕ ਵੱਡੀ ਚੁਣੋਤੀ ਬਣਕੇ ਖਲੋ ਜਾਣਗੇ ਜਿਸ ਨਾਲ ਕੌਮੀ ਭਾਵਨਾਵਾ ਅਨੁਸਾਰ ਇਥੇ ਸਭ ਬੁਰਾਈਆ ਤੋ ਰਹਿਤ, ਇਨਸਾਫ਼ ਪਸ਼ੰਦ ਬਰਾਬਰਤਾ ਵਾਲਾ ਸਰਬਸਾਂਝਾ ਹਲੀਮੀ ਰਾਜ ਸਥਾਪਿਤ ਕਰਨ ਦੇ ਮਕਸਦ ਵਿਚ ਵੀ ਅਵੱਸ ਕਾਮਯਾਬ ਹੋਣਗੇ ।

Leave a Reply

Your email address will not be published. Required fields are marked *