ਔਰਤਾਂ ਅਤੇ ਬੱਚਿਆਂ ਨਾਲ ਸੰਬੰਧਤ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਵਿਚ ਬੱਚਿਆਂ ਦੀ ਖੁਰਾਕ ‘ਚ ਹੋਏ ਵੱਡੇ ਕਰੋੜਾਂ ਦੇ ਘਪਲੇ ਵਿਚ ਦੋਸ਼ੀਆਂ ਨੂੰ 2 ਸਾਲ ਦੀ ਸਜ਼ਾ ਅਵੱਸ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ 20 ਅਗਸਤ ( ) “ਜੋ ਪੰਜਾਬ ਦੇ 5 ਜਿ਼ਲ੍ਹਿਆਂ ਫਿਰੋਜਪੁਰ, ਗੁਰਦਾਸਪੁਰ, ਫਤਹਿਗੜ੍ਹ ਸਾਹਿਬ, ਰੋਪੜ੍ਹ ਅਤੇ ਐਸ.ਬੀ.ਐਸ. ਨਗਰ ਵਿਚ ਔਰਤਾਂ ਅਤੇ ਬੱਚਿਆਂ ਨਾਲ ਸੰਬੰਧਤ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਵੱਲੋਂ ਸਕੂਲੀ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਵਿਚ ਜੋ ਵੱਡੇ ਕਰੋੜਾਂ ਦੇ ਘਪਲੇ ਹੋਏ ਹਨ, ਉਸ ਸੰਬੰਧੀ ਪੂਰਨ ਨਿਰਪੱਖਤਾ ਨਾਲ ਜਾਂਚ ਹੋਵੇ ਅਤੇ ਜੋ ਅਫਸਰਾਨ ਤੇ ਸਿਆਸਤਦਾਨ ਬੱਚਿਆਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਕੇ ਅਤਿ ਸ਼ਰਮਨਾਕ ਕਾਰਵਾਈਆ ਵਿਚ ਮਸਰੂਫ ਹਨ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਹਿੱਤ ਘੱਟੋ-ਘੱਟ 2-2 ਸਾਲ ਦੀ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਵਿਸ਼ੇ ਤੇ ਬੇਸ਼ੱਕ ਕਾਨੂੰਨ ਵਿਚ ਤਬਦੀਲੀ ਕਰਨੀ ਪਵੇ ਇਹ ਕਰਨੀ ਬਣਦੀ ਹੈ ਤਾਂ ਕਿ ਸਾਡੇ ਮੁਲਕ ਅਤੇ ਸਮਾਜ ਦੇ ਭਵਿੱਖ ਬੱਚਿਆਂ ਦੀ ਸਿਹਤ ਨਾਲ ਕੋਈ ਵੀ ਅਫਸਰ ਤੇ ਸਿਆਸਤਦਾਨ ਇਸ ਤਰ੍ਹਾਂ ਖਿਲਵਾੜ ਨਾ ਕਰ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਅਖ਼ਬਾਰਾਂ ਵਿਚ ਉਪਰੋਕਤ ਵਿਭਾਗ ਸੰਬੰਧੀ ਬੱਚਿਆਂ ਦੀ ਖੁਰਾਕ ਵਿਚ ਹੋਏ ਵੱਡੇ ਘਪਲੇ ਅਤੇ ਉਸਦੀ ਹੇਠਲੇ ਪੱਧਰ ਦੀ ਕੁਆਲਟੀ ਸਪਲਾਈ ਕਰਨ ਵਿਚ ਸਾਮਿਲ ਅਧਿਕਾਰੀਆਂ, ਸਿਆਸਤਦਾਨਾਂ ਵਿਰੁੱਧ ਕਾਨੂੰਨੀ ਤੌਰ ਤੇ ਹਰ ਤਰ੍ਹਾਂ ਦੀ ਸਖਤੀ ਵਰਤਣ ਅਤੇ ਇਨ੍ਹਾਂ ਨੂੰ ਘੱਟੋ-ਘੱਟ 2 ਸਾਲ ਲਈ ਡਿਟੈਸ਼ਨ ਸੈਟਰਾਂ ਵਿਚ ਸਜ਼ਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਵਿਭਾਗ ਨਾਲ ਸੰਬੰਧਤ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜੋ ਬੱਚੇ ਸਾਡੇ ਸਮਾਜ, ਮੁਲਕ, ਸੂਬੇ ਦਾ ਭਵਿੱਖ ਹਨ, ਉਨ੍ਹਾਂ ਦੀ ਸਿਹਤ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਹਿੱਤ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਉੱਚ ਦਰਜੇ ਦੀ ਵਧੀਆ ਖੁਰਾਕ ਅਤੇ ਅਗਵਾਈ ਦਿੱਤੀ ਜਾਵੇ ਤਾਂ ਜੋ ਸਾਡੇ ਸੂਬੇ ਦੇ ਬੱਚੇ ਇੰਡੀਅਨ ਫ਼ੌਜ ਵਿਚ ਅਫਸਰੀ ਰੈਕ, ਡਾਕਟਰ, ਇੰਜਨੀਅਰ, ਪ੍ਰੌਫੈਸਰ ਬਣਕੇ ਸਮਾਜ ਦੀ ਸਹੀ ਦਿਸ਼ਾ ਵੱਲ ਸੇਵਾ ਕਰਨ ਦੇ ਸਮਰੱਥ ਬਣ ਸਕਣ । ਇਸੇ ਬਿਆਨ ਵਿਚ ਉਨ੍ਹਾਂ ਨੇ ਇੰਡੀਆ ਸਰਕਾਰ ਨੂੰ ਇਹ ਜੋਰਦਾਰ ਗੁਜਾਰਿਸ ਵੀ ਕੀਤੀ ਹੈ ਕਿ ਜਿਹੜੇ ਸਿਆਸਤਦਾਨ ਅਤੇ ਅਫਸਰ ਇਸ ਘਪਲੇ ਵਿਚ ਦੋਸ਼ੀ ਹੋਣ, ਉਨ੍ਹਾਂ ਨੂੰ ਲਦਾਖ, ਸਿਆਚਿਨ ਅਤੇ ਚੀਨ ਦੀਆਂ ਸਰਹੱਦਾਂ ਉਤੇ ਭੇਜਿਆ ਜਾਵੇ ਜਿਥੇ ਉਹ ਇੰਡੀਅਨ ਫ਼ੌਜ ਦੇ ਜਵਾਨਾਂ, ਅਫਸਰਾਂ ਦੇ ਲੰਗਰ, ਸਫਾਈ ਅਤੇ ਸੰਬੰਧਤ ਸੇਵਾਵਾਂ ਕਰਨ ਅਤੇ ਉਨ੍ਹਾਂ ਨੂੰ ਮਹਿਸੂਸ ਹੋਵੇ ਕਿ ਸਾਡੀਆਂ ਫ਼ੌਜਾਂ ਕਿੰਨੇ ਬਦਤਰ ਹਾਲਾਤਾਂ ਵਿਚ ਆਪਣੇ-ਆਪ ਨੂੰ ਜੋਖਮ ਵਿਚ ਪਾ ਕੇ ਦ੍ਰਿੜਤਾ ਨਾਲ ਆਪਣੀ ਜਿ਼ੰਮੇਵਾਰੀ ਨੂੰ ਪੂਰਨ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਆਪਣੇ ਵੱਲੋ ਕੀਤੀ ਇਖਲਾਕੀ ਗਲਤੀ ਦਾ ਅਹਿਸਾਸ ਹੋਣ ਦੇ ਨਾਲ-ਨਾਲ ਪਸਚਾਤਾਪ ਵੀ ਹੋ ਸਕੇ ।

Leave a Reply

Your email address will not be published. Required fields are marked *