ਸ੍ਰੀ ਅਸ਼ਵਨੀ ਸ਼ਰਮਾ ਵੱਲੋਂ ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਪੰਜਾਬ ਕੋਲ ਹੀ ਰਹਿਣ ਦਾ ਬਿਆਨ ਸਵਾਗਤਯੋਗ, ਪਰ ਇਹ ਗੱਲ ਸ੍ਰੀ ਮੋਦੀ ਕਹਿਣ ਫਿਰ ਵੀ ਵਾਜਿਬ ਹੋਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੂਨ ( ) “ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੂਬੇ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਵੱਲੋ ਜੋ ਬੀਤੇ ਕੱਲ੍ਹ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਕਿਹਾ ਗਿਆ ਹੈ ਅਤੇ ਪੰਜਾਬ ਨਿਵਾਸੀਆ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਪੰਜਾਬ ਦੇ ਕੀਮਤੀ ਪਾਣੀਆ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੁਰਾਤਨ ਪੰਜਾਬ ਦੇ ਸਮੇਂ ਤੋਂ ਪੰਜਾਬ ਦੀ ਪਵਿੱਤਰ ਧਰਤੀ ਤੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀ ਦੀ ਬਿਹਤਰੀ ਲਈ ਹੋਂਦ ਵਿਚ ਆਈ ਪੰਜਾਬ ਯੂਨੀਵਰਸਿਟੀ ਪੰਜਾਬ ਕੋਲ ਹੀ ਰਹੇਗੀ, ਇਹ ਗੱਲ ਸਵਾਗਤਯੋਗ ਹੈ । ਲੇਕਿਨ ਜੇ ਇਸ ਗੱਲ ਦਾ ਪੰਜਾਬੀਆਂ ਨੂੰ ਵਿਸ਼ਵਾਸ ਇੰਡੀਆ ਦੇ ਮੌਜੂਦਾ ਵਜ਼ੀਰ-ਏ-ਆਜਮ ਸ੍ਰੀ ਮੋਦੀ ਦੀ ਜੁਬਾਨ ਤੋਂ ਪੰਜਾਬੀਆਂ ਦੇ ਕੰਨਾਂ ਵਿਚ ਪਵੇ, ਫਿਰ ਹੀ ਇਸਦੇ ਪੰਜਾਬ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਅੱਛੇ ਨਤੀਜੇ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੂਬੇ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਵੱਲੋ ਪੰਜਾਬ ਦੇ ਪਾਣੀਆ, ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਸੰਬੰਧੀ ਬੀਤੇ ਕੱਲ੍ਹ ਸੰਗਰੂਰ ਤੋ ਪ੍ਰਗਟਾਏ ਵਿਚਾਰਾਂ ਨੂੰ ਪੰਜਾਬ ਪੱਖੀ ਕਰਾਰ ਦਿੰਦੇ ਹੋਏ ਅਤੇ ਜਿਥੇ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ, ਉਥੇ ਪੰਜਾਬ ਨਿਵਾਸੀ ਇਹ ਗੱਲ ਵਜ਼ੀਰ-ਏ-ਆਜਮ ਸ੍ਰੀ ਮੋਦੀ ਤੋਂ ਸੁਣਨ ਦੀ ਤਾਂਘ ਰੱਖਦੇ ਹਨ । ਸ. ਮਾਨ ਨੇ ਆਪਣੇ ਇਸ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਬੇਸ਼ੱਕ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ, ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀ ਕਾਲੀ ਸੂਚੀ ਖ਼ਤਮ ਕਰਨ, ਸ੍ਰੀ ਹਰਮਿੰਦਰ ਸਾਹਿਬ ਦੇ ਲੰਗਰ ਤੋ ਜੀ.ਐਸ.ਟੀ ਹਟਾਉਣ ਦੇ ਪੰਜਾਬ ਸੂਬੇ ਪੱਖੀ ਉਦਮ ਕੀਤੇ ਗਏ ਹਨ, ਪਰ ਲੰਮੇ ਸਮੇ ਤੋ ਸੈਟਰ ਦੇ ਹੁਕਮਰਾਨਾਂ ਵੱਲੋ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਵਿਧਾਨਿਕ, ਸਮਾਜਿਕ, ਧਾਰਮਿਕ, ਭੂਗੋਲਿਕ ਅਤੇ ਇਖਲਾਕੀ ਖੇਤਰ ਵਿਚ ਕੀਤੀਆ ਜਾਂਦੀਆ ਆ ਰਹੀਆ ਜਿਆਦਤੀਆ ਅਤੇ ਬੇਇਨਸਾਫ਼ੀਆਂ ਨੇ ਪੰਜਾਬੀਆਂ ਤੇ ਸਿੱਖ ਮਨਾਂ ਵਿਚ ਵੱਡਾ ਰੋਹ ਉਤਪੰਨ ਕੀਤਾ ਹੋਇਆ ਹੈ । ਇਸ ਲਈ ਜੇਕਰ ਹੁਕਮਰਾਨ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਲੰਮੇ ਸਮੇ ਤੋ ਲਟਕਦੇ ਆ ਰਹੇ ਅਤਿ ਗੰਭੀਰ ਮਸਲਿਆ ਨੂੰ ਸਿਆਸੀ ਸੋਚ ਉਤੇ ਸੰਜ਼ੀਦਗੀ ਨਾਲ ਅਮਲ ਕਰ ਸਕਣ ਤਾਂ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਪਾਈ ਜਾਣ ਵਾਲੀ ਵੱਡੀ ਬੇਚੈਨੀ ਅਤੇ ਰੋਹ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ । ਕਿਉਂਕਿ ਕੇਵਲ ਪੰਜਾਬ ਦੇ ਪਾਣੀਆ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਦੇ ਹੀ ਮੁੱਦੇ ਨਹੀ ਹਨ, ਸਜ਼ਾ ਪੂਰੀ ਕਰ ਚੁੱਕੇ 25-25 ਸਾਲਾਂ ਤੋ ਜ਼ਬਰੀ ਬੰਦੀ ਬਣਾਏ ਗਏ ਸਿੱਖਾਂ ਦੀ ਜੇਲ੍ਹਾਂ ਵਿਚੋ ਫੌਰੀ ਰਿਹਾਈ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਸਾਮਿਲ ਕਰਨ, ਬਿਜਲੀ ਪੈਦਾ ਕਰਨ ਵਾਲੇ ਪੰਜਾਬ ਦੀ ਧਰਤੀ ਤੇ ਸਥਿਤ ਹੈੱਡਵਰਕਸਾਂ ਦਾ ਪੂਰਨ ਕੰਟਰੋਲ ਪੰਜਾਬ ਦੇ ਹਵਾਲੇ ਕਰਨ, ਪੰਜਾਬ ਦੀਆਂ ਸਰਹੱਦਾਂ ਨੂੰ ਖੋਲ੍ਹਣ ਦਾ ਐਲਾਨ ਕਰਕੇ ਕਿਸਾਨੀ ਅਤੇ ਵਪਾਰਿਕ ਫ਼ਸਲਾਂ ਦੇ ਕੌਮਾਂਤਰੀ ਵਪਾਰ ਨੂੰ ਪ੍ਰਫੁੱਲਿਤ ਕਰਨ, ਦੋਵਾਂ ਪਾਕਿਸਤਾਨ ਤੇ ਇੰਡੀਆ ਦੇ ਨਿਵਾਸੀਆ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵੀਜਾ ਪ੍ਰਣਾਲੀ ਖਤਮ ਕਰਕੇ ਆਉਣ-ਜਾਣ ਦੀ ਖੁੱਲ੍ਹ ਦੇਣ, ਅਗਨੀਪਥ ਦੀ ਫ਼ੌਜ ਦੀ ਭਰਤੀ ਵਾਲੀ ਔਗੁਣ ਭਰਪੂਰ ਯੋਜਨਾ ਨੂੰ ਇਥੋ ਦੇ ਨਿਵਾਸੀਆ ਦੀਆਂ ਭਾਵਨਾਵਾ ਅਨੁਸਾਰ ਤੁਰੰਤ ਰੱਦ ਕਰਨ ਅਤੇ ਫ਼ੌਜ ਵਿਚ ਸਿੱਖ ਕੌਮ ਦੀ ਪਹਿਲੇ ਵਾਲੀ 33% ਕੋਟੇ ਦੀ ਭਰਤੀ ਬਹਾਲ ਕਰਨ ਅਤੇ ਪੰਜਾਬ ਨੂੰ ਦੂਸਰੇ ਸੂਬਿਆ ਦੀ ਤਰ੍ਹਾਂ ਬੇਰੁਜਗਾਰੀ ਖਤਮ ਕਰਨ ਲਈ ਵੱਡੇ ਉਦਯੋਗ ਦੇਣ ਦੇ ਫੌਰੀ ਅਮਲ ਕਰਨ ਤਾਂ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਚ ਸੈਟਰ ਦੇ ਹੁਣ ਤੱਕ ਦੇ ਹੁਕਮਰਾਨਾਂ ਵੱਲੋ ਕੀਤੀਆ ਵੱਡੀਆ ਜਿਆਦਤੀਆ, ਜ਼ਬਰ-ਜੁਲਮ, ਬੇਇਨਸਾਫ਼ੀਆਂ ਦੀ ਬਦੌਲਤ ਉੱਠੇ ਵੱਡੇ ਰੋਹ ਨੂੰ ਕੁਝ ਸ਼ਾਂਤ ਕਰਨ ਲਈ ਉਦਮ ਹੋ ਸਕਦਾ ਹੈ । ਅਜਿਹੇ ਅਮਲ ਸਮੁੱਚੇ ਇੰਡੀਆ ਅਤੇ ਦੱਖਣੀ ਏਸੀਆ ਦੇ ਨਿਵਾਸੀਆ ਲਈ ਮਨੁੱਖਤਾ ਪੱਖੀ ਸੰਦੇਸ਼ ਦੇਣ ਵਿਚ ਵੀ ਭੂਮਿਕਾ ਨਿਭਾਉਣਗੇ ।