ਇੰਡੀਅਨ ਸਫ਼ੀਰਾਂ ਅਤੇ ਐਸ.ਜੀ.ਪੀ.ਸੀ. ਵੱਲੋਂ ‘ਸਿੱਖ ਵੱਖਰੀ ਕੌਮ’ ਸੰਬੰਧੀ ਜਾਣਕਾਰੀ ਨਾ ਦੇਣ ਦੀ ਬਦੌਲਤ ਹੀ ਸਿੱਖਾਂ ਉਤੇ ਹਮਲੇ ਹੋ ਰਹੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 20 ਜੂਨ (  ) “ਜੋ ਇਸਲਾਮ ਦੇ ਮਹਾਨ ਰਹਿਬਰ ਹਜ਼ਰਤ ਮੁਹੰਮਦ ਸਾਹਿਬ ਦਾ ਬੀਜੇਪੀ-ਆਰ.ਐਸ.ਐਸ. ਦੇ ਆਗੂਆਂ ਵੱਲੋਂ ਅਪਮਾਨ ਕੀਤਾ ਗਿਆ ਹੈ, ਉਸਦੇ ਬਦਲੇ ਵੱਜੋ ਹੀ ਅਫ਼ਗਾਨੀਸਤਾਨ ਅਤੇ ਹੋਰ ਸਥਾਨਾਂ ਉਤੇ ਸਿੱਖ ਕੌਮ ਦੇ ਗੁਰੂਘਰਾਂ ਅਤੇ ਸਿੱਖਾਂ ਉਤੇ ਹਮਲੇ ਹੋਏ ਹਨ । ਕਿਉਂਕਿ ਉਹ ਹਿੰਦੂਆਂ ਤੇ ਸਿੱਖਾਂ ਨੂੰ ਇੰਡੀਅਨ ਸਮਝਕੇ ਬਦਲੇ ਵੱਜੋ ਅਜਿਹੇ ਹਮਲੇ ਕਰ ਰਹੇ ਹਨ । ਜਦੋਕਿ ਸਿੱਖ ਮਜ੍ਹਬ ਅਤੇ ਕੌਮ ਇੰਡੀਅਨ ਹਿੰਦੂ ਨਾਲੋ ਵੱਖਰੇ ਹਨ । ਜੇਕਰ ਬਾਹਰਲੇ ਮੁਲਕਾਂ ਵਿਚ ਤਾਇਨਾਤ ਇੰਡੀਅਨ ਸਫ਼ੀਰਾਂ ਅਤੇ ਸਿੱਖ ਕੌਮ ਦੀ ਐਸ.ਜੀ.ਪੀ.ਸੀ ਸੰਸਥਾਂ ਵੱਲੋਂ ਸਹੀ ਸਮੇ ਤੇ ਸਿੱਖ ਇਕ ਵੱਖਰੀ ਕੌਮ ਦੀ ਸਹੀ ਢੰਗ ਅਤੇ ਜਿ਼ੰਮੇਵਾਰੀ ਨਾਲ ਵਿਦੇਸ਼ੀ ਹਕੂਮਤਾਂ ਅਤੇ ਉਥੋ ਦੇ ਨਿਵਾਸੀਆ ਨੂੰ ਸਿੱਖ ਵੱਖਰੀ ਕੌਮ ਦੀ ਜਾਣਕਾਰੀ ਦਿੱਤੀ ਹੁੰਦੀ, ਇਸ ਸੰਬੰਧੀ ਉਤੇ ਪ੍ਰਚਾਰ ਕੀਤਾ ਹੁੰਦਾ ਤਾਂ ਆਈ.ਐਸ.ਆਈ.ਐਸ. ਨੇ ਕਦੀ ਵੀ ਸਿੱਖਾਂ ਦੇ ਗੁਰੂਘਰਾਂ ਨੂੰ ਨਿਸ਼ਾਨਾਂ ਨਹੀ ਬਣਾਉਣਾ ਸੀ । ਇਸ ਲਈ ਕਾਬਲ ਦੇ ਗੁਰੂਘਰ ਵਿਚ ਬੀਤੇ ਦਿਨੀ ਹੋਏ ਹਮਲੇ ਲਈ ਇੰਡੀਆਂ ਦੇ ਬਾਹਰਲੇ ਮੁਲਕਾਂ ਵਿਚ ਇੰਡੀਆ ਦੇ ਸਥਿਤ ਸਫੀਰ ਅਤੇ ਐਸ.ਜੀ.ਪੀ.ਸੀ. ਵੱਲੋ ਆਪਣੀ ਜਿ਼ੰਮੇਵਾਰੀ ਨੂੰ ਪ੍ਰਵਾਨ ਕਰਨ ਤੋਂ ਨਹੀਂ ਭੱਜ ਸਕਦੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਅਤੇ ਬੀਤੇ ਸਮੇਂ ਵਿਚ ਇਰਾਕ, ਕਾਬਲ ਅਤੇ ਹੋਰ ਸਥਾਨਾਂ ਉਤੇ ਸਿੱਖਾਂ ਉਤੇ ਹੋਣ ਵਾਲੇ ਅਜਿਹੇ ਹਮਲਿਆ ਲਈ ਇੰਡੀਅਨ ਸਫੀਰਾਂ ਅਤੇ ਐਸ.ਜੀ.ਪੀ.ਸੀ. ਦੀ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਦੇ ਅਧਿਕਾਰੀਆਂ ਅਤੇ ਪ੍ਰਚਾਰਕਾਂ ਵੱਲੋਂ ਕੌਮਾਂਤਰੀ ਪੱਧਰ ਤੇ ‘ਸਿੱਖ ਇਕ ਵੱਖਰੀ ਕੌਮ’ ਦੀ ਜਾਣਕਾਰੀ ਨਾ ਦੇਣ ਦੀ ਜਿ਼ੰਮੇਵਾਰੀ ਨਾ ਨਿਭਾਉਣ ਨੂੰ ਅਜਿਹੇ ਹਮਲਿਆ ਲਈ ਦੋਸ਼ੀ ਠਹਿਰਾਉਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ ਤੇ ਉਨ੍ਹਾਂ ਦੀਆਂ ਖੂਫੀਆ ਏਜੰਸੀਆਂ ਵੱਲੋਂ ਅਜਿਹੀਆ ਕਾਰਵਾਈਆ ਦੀ ਅਗਾਊ ਜਾਣਕਾਰੀ ਨਾ ਦੇਣ ਨੂੰ ਜਿ਼ੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 2018 ਵਿਚ ਇਰਾਕ ਵਿਚ 35 ਪੰਜਾਬੀਆਂ ਅਤੇ ਸਿੱਖਾਂ ਨੂੰ ਬਚਾਉਣ ਲਈ ਹੁਕਮਰਾਨਾਂ ਤੇ ਏਜੰਸੀਆਂ ਵੱਲੋਂ ਕੁਝ ਨਾ ਕੀਤਾ ਗਿਆ, ਫਿਰ 2020 ਵਿਚ ਗੁਰਦੁਆਰਾ ਸ੍ਰੀ ਗੁਰੂ ਹਰਰਾਇ ਵਿਚ, ਫਿਰ ਪੇਸਾਵਰ ਵਿਚ ਇਕ ਸਿੱਖ ਹਕੀਮ ਸ. ਸਤਨਾਮ ਸਿੰਘ ਨੂੰ ਮਾਰ ਦੇਣ ਅਤੇ ਹੁਣ ਗੁਰਦੁਆਰਾ ਕਰਤਾ-ਏ-ਪ੍ਰਵਾਨ ਕਾਬਲ ਵਿਖੇ ਹਮਲੇ ਹੁੰਦੇ ਆ ਰਹੇ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਅਫ਼ਗਾਨੀਸਤਾਨ ਵਿਚੋ ਅਮਰੀਕਾ ਤੇ ਨਾਟੋ ਫ਼ੌਜਾਂ ਵਾਪਸ ਜਾ ਰਹੀਆ ਸਨ, ਤਾਂ ਉਥੇ ਵੱਸਣ ਵਾਲੇ ਹਿੰਦੂਆਂ ਤੇ ਸਿੱਖਾਂ ਦੇ ਜਾਨ-ਮਾਲ ਦੀ ਹਿਫਾਜਤ ਦਾ ਉਚੇਚਾ ਪ੍ਰਬੰਧ ਵੀ ਇੰਡੀਅਨ ਹੁਕਮਰਾਨਾਂ ਵੱਲੋ ਨਾ ਕਰਨਾ ਬਹੁਤ ਵੱਡੀ ਗੈਰ-ਜਿ਼ੰਮੇਵਰਾਨਾਂ ਕਾਰਵਾਈ ਹੈ । ਸ. ਮਾਨ ਨੇ ਸਿੱਖ ਗੁਰੂਘਰਾਂ ਉਤੇ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਇਸਲਾਮ ਅਤੇ ਸਿੱਖ ਧਰਮ, ਮੁਸਲਿਮ ਕੌਮ ਤੇ ਸਿੱਖ ਕੌਮ ਦਾ ਪੁਰਾਤਨ ਪੰਜਾਬ ਦੇ ਸਮੇਂ ਤੋ ਹੀ ਇਕ ਡੂੰਘਾਂ ਇਤਿਹਾਸਿਕ ਰਿਸਤਾ ਹੈ । ਕਿਉਂਕਿ ਪਾਕਿਸਤਾਨ, ਅਫਗਾਨੀਸਤਾਨ, ਇਰਾਕ, ਇਰਾਨ ਅਤੇ ਹੋਰ ਅਰਬ ਅਤੇ ਮੁਸਲਿਮ ਮੁਲਕਾਂ ਵਿਚ ਸਾਡੇ ਗੁਰੂ ਸਾਹਿਬਾਨ ਨਾਲ ਸੰਬੰਧਤ ਮਹਾਨ ਅਸਥਾਂਨ ਸਥਿਤ ਹਨ । ਪਾਕਿਸਤਾਨ ਤੇ ਅਫਗਾਨੀਸਤਾਨ ਵਿਚ ਸਿੱਖਾਂ ਅਤੇ ਮੁਸਲਮਾਨਾਂ ਦਾ ਸਦਭਾਵਨਾ ਭਰਿਆ ਰਿਸਤਾ ਰਿਹਾ ਹੈ । ਫਿਰ ਗੁਰੂ ਨਾਨਕ ਸਾਹਿਬ ਨਾਲ ਲੰਮਾਂ ਸਮਾਂ ਜੀਵਨ ਬਤੀਤ ਕਰਨ ਵਾਲੇ ਭਾਈ ਮਰਦਾਨਾ ਜੀ ਦਾ ਅਟੁੱਟ ਰਿਸਤਾ ਰਿਹਾ ਹੈ । ਜਿਨ੍ਹਾਂ ਦਾ ਪਰਿਵਾਰ ਮੈਨੂੰ ਪਾਕਿਸਤਾਨ ਦੇ ਦੌਰੇ ਸਮੇਂ ਹਮੇਸ਼ਾਂ ਪਿਆਰ-ਸਤਿਕਾਰ ਨਾਲ ਮਿਲਦੇ ਰਹੇ ਹਨ । ਫਿਰ ਸ੍ਰੀ ਦਰਬਾਰ ਸਾਹਿਬ ਸਾਹਿਬ ਦੀ ਨੀਹ ਰੱਖਦੇ ਸਮੇਂ ਗੁਰੂ ਸਾਹਿਬਾਨ ਨੇ ਇਹ ਕੰਮ ਸਾਈ ਮੀਆ ਮੀਰ ਜੀ ਤੋ ਕਰਵਾਇਆ ਸੀ । ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪੀਰ ਬੁੱਧੂ ਸ਼ਾਹ ਤੇ ਉਨ੍ਹਾਂ ਦੇ ਪੁੱਤਰਾਂ ਨੇ ਸ਼ਹੀਦੀਆਂ ਪਾਈਆ । ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾਉਣ ਵਾਲੇ ਭਾਈ ਨਬੀ ਖਾਂ, ਗਨੀ ਖਾਂ ਸਨ । ਨਵਾਬ ਰਾਏ ਕੱਲਾ ਜੋ ਪੁਰਾਤਨ ਸਮੇ ਵਿਚ ਰਾਏਕੋਟ ਦੇ ਨਵਾਬ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਅਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਗੰਗਾ ਸਾਗਰ ਅਤੇ ਹੋਰ ਸ਼ਸਤਰ ਭੇਟ ਵੱਜੋ ਦਿੱਤੇ ਜੋ ਅੱਜ ਵੀ ਉਨ੍ਹਾਂ ਦੇ ਖਾਨਦਾਨ ਵਿਚੋ ਰਾਏ ਅਜੀਜਉੱਲਾ ਖਾਨ ਕੋਲ ਗੰਗਾ ਸਾਗਰ ਅਤੇ ਹੋਰ ਵਸਤਾਂ ਯਾਦਗਰ ਵੱਜੋ ਸੁਰੱਖਿਅਤ ਹਨ । ਇਨ੍ਹਾਂ ਮੁਸਲਿਮ ਅਤੇ ਸਿੱਖ ਸੰਬੰਧਾਂ ਦੀ ਬਦੌਲਤ ਹੀ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਨੇ ਸਾਹਿਬਜਾਦਿਆ ਦੀ ਸ਼ਹੀਦੀ ਸਮੇਂ ਹਾਂ ਦਾ ਨਾਅਰਾ ਮਾਰਦੇ ਹੋਏ ਮਨੁੱਖਤਾ ਪੱਖੀ ਸੋਚ ਨੂੰ ਬੁਲੰਦ ਕੀਤਾ ਸੀ । ਫਿਰ ਜਦੋ ਸਾਡੇ ਸਿੱਖਾਂ ਅਤੇ ਮੁਸਲਮਾਨਾਂ ਦੇ, ਇਸਲਾਮ ਅਤੇ ਸਿੱਖ ਮਜ੍ਹਬ ਦੇ ਪੁਰਾਤਨ ਗਹਿਰੇ ਸੰਬੰਧ ਹਨ, ਫਿਰ ਆਈ.ਐਸ.ਆਈ.ਐਸ. ਵਰਗੇ ਇਸਲਾਮਿਕ ਸੰਗਠਨਾਂ ਵੱਲੋਂ ਸਿੱਖਾਂ ਨੂੰ ਇੰਡੀਅਨ ਸਮਝਕੇ ਨਿਸ਼ਾਨਾਂ ਕਿਉਂ ਬਣਾਇਆ ਜਾ ਰਿਹਾ ਹੈ ?

ਉਨ੍ਹਾਂ ਕਿਹਾ ਕਿ ਆਈ.ਬੀ, ਰਾਅ, ਮਿਲਟਰੀ ਇਨਟੈਲੀਜੈਸ, ਗ੍ਰਹਿ ਸਕੱਤਰ ਇੰਡੀਆ ਮਿਸਟਰ ਭੱਲਾ ਵੱਲੋਂ ਅਜਿਹੇ ਗੁਰੂਘਰਾਂ ਤੇ ਹੋਣ ਵਾਲੇ ਹਮਲਿਆ ਦੀ ਜਾਣਕਾਰੀ ਅਗਾਊ ਤੌਰ ਤੇ ਕਿਉਂ ਨਾ ਦਿੱਤੀ ? ਆਪਣੀ ਇੰਡੀਅਨ ਹਕੂਮਤ ਨੂੰ ਸੁਚੇਤ ਕਰਦੇ ਹੋਏ ਇਨ੍ਹਾਂ ਹਮਲਿਆ ਨੂੰ ਅਸਫਲ ਬਣਾਉਣ ਅਤੇ ਅਫਗਾਨੀਸਤਾਨ, ਇਰਾਕ, ਪਾਕਿਸਤਾਨ ਅਤੇ ਹੋਰ ਸਥਾਨਾਂ ਤੇ ਵੱਸਣ ਵਾਲੇ ਸਿੱਖਾਂ ਤੇ ਹਿੰਦੂਆਂ ਦੀ ਹਿਫਾਜਤ ਦਾ ਪ੍ਰਬੰਧ ਕਿਉਂ ਨਾ ਕੀਤਾ ? ਇਸੇ ਲਈ ਸਿੱਖ ਕੌਮ ਮਹਿਸੂਸ ਕਰਦੀ ਹੈ ਕਿ ਜੇਕਰ ਸਾਡਾ ਆਜਾਦ ਮੁਲਕ ਖ਼ਾਲਿਸਤਾਨ ਕਾਇਮ ਹੋਇਆ ਹੁੰਦਾ ਤਾਂ ਕਿਸੇ ਵੀ ਮੁਲਕ ਵਿਚ ਵੱਸਣ ਵਾਲੇ ਸਿੱਖਾਂ ਉਤੇ ਅਜਿਹੇ ਕਾਤਲਾਨਾਂ ਹਮਲੇ ਨਹੀ ਸਨ ਹੋ ਸਕਦੇ । ਜੇਕਰ ਫਿਰ ਵੀ ਕੋਈ ਸਿੱਖ ਵਿਰੋਧੀ ਫਿਰਕੂ ਸ਼ਕਤੀ ਇਸ ਤਰ੍ਹਾਂ ਹਮਲੇ ਕਰਕੇ ਮਨੁੱਖਤਾ ਵਿਰੋਧੀ ਕਾਰਵਾਈ ਕਰਦੀ ਤਾਂ ਅਸੀ ਉਸੇ ਸਮੇ ਵਿਸ਼ੇਸ਼ ਫ਼ੌਜੀ ਕਾਰਵਾਈ ਕਰਕੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਮੁਲਕ ਖ਼ਾਲਿਸਤਾਨ ਵਿਚ ਲਿਆਕੇ ਕਾਨੂੰਨ ਅਨੁਸਾਰ ਸਜ਼ਾ ਦਿੰਦੇ। 

Leave a Reply

Your email address will not be published. Required fields are marked *