ਕਤਲ ਅਤੇ ਜ਼ਬਰ-ਜ਼ਨਾਹ ਦੇ ਦੋਸ਼ੀ ਸਿਰਸੇਵਾਲੇ ਸਾਧ ਨੂੰ ਚੋਣਾਂ ਦੌਰਾਨ ਪੈਰੋਲ ਦੇ ਦੇਣੀ, ਪਰ ਸਿੱਖ ਬੰਦੀਆਂ ਨੂੰ ਨਹੀਂ, ਸਿੱਖ ਕੌਮ ਨਾਲ ਘੋਰ ਵਿਤਕਰਾ : ਮਾਨ
ਫ਼ਤਹਿਗੜ੍ਹ ਸਾਹਿਬ, 18 ਜੂਨ ( ) “ਇਸ ਮੁਲਕ ਵਿਚ ਕਾਨੂੰਨ, ਵਿਧਾਨ ਦੀ ਕੋਈ ਸੈਅ ਕਿਸੇ ਵੀ ਸਥਾਂਨ ਤੇ ਨਜ਼ਰ ਨਹੀਂ ਆ ਰਹੀ । ਕਿਉਂਕਿ ਜੋ ਫਿਰਕੂ ਬੀਜੇਪੀ-ਆਰ.ਐਸ.ਐਸ. ਹਿੰਦੂਤਵ ਹੁਕਮਰਾਨਾਂ ਦੇ ਚਿਹਤੇ ਹਨ ਅਤੇ ਉਨ੍ਹਾਂ ਦੀਆਂ ਮੰਦਭਰੀਆਂ ਸਾਜਿ਼ਸਾਂ ਦੇ ਮੋਹਰੇ ਬਣਕੇ ਉਨ੍ਹਾਂ ਲਈ ਅਪਰਾਧ ਕਰਦੇ ਹਨ । ਉਨ੍ਹਾਂ ਨੂੰ ਸੰਗੀਨ ਜੁਰਮਾਂ ਵਿਚ ਜੇਲ੍ਹਾਂ ਵਿਚ ਬੰਦੀ ਹੁੰਦੇ ਹੋਏ ਵੀ ਹੁਕਮਰਾਨ ਘਰ ਵਰਗੀਆ ਸਭ ਸਹੂਲਤਾਂ ਪ੍ਰਦਾਨ ਕਰਦੇ ਹਨ ਅਤੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਹਿੱਤ ਜਦੋ ਚਾਹੁਣ ਸਭ ਕਾਨੂੰਨ, ਕਾਇਦੇ ਛਿੱਕੇ ਟੰਗਕੇ ਇਕ-ਇਕ ਮਹੀਨੇ ਲਈ ਪੈਰੋਲ ਤੇ ਛੁੱਟੀ ਵੀ ਦੇ ਦਿੰਦੇ ਹਨ । ਪਰ ਦੂਜੇ ਪਾਸੇ ਜਿਨ੍ਹਾਂ ਸਿੱਖ ਸਿਆਸੀ ਬੰਦੀਆਂ ਨੇ ਆਪਣੀਆ 25-25 ਸਾਲਾਂ ਦੀਆਂ ਲੰਮੀਆਂ ਸਜ਼ਾਵਾਂ ਪੂਰੀਆ ਕਰ ਲਈਆ ਹਨ ਅਤੇ ਉਸ ਤੋ ਵੀ ਅੱਗੇ ਜਾ ਕੇ 5-5, 10-10 ਸਾਲ ਬਣਦੀ ਸਜ਼ਾ ਤੋ ਉਪਰ ਹੋ ਗਏ ਹਨ, ਇਹ ਹੁਕਮਰਾਨ ਅਜਿਹੇ ਸਿੱਖ ਸਿਆਸੀ ਬੰਦੀਆਂ ਨੂੰ ਰਿਹਾਅ ਕਰਨ ਦੀ ਬਜਾਇ ਕਾਨੂੰਨੀ ਰੁਕਾਵਟਾਂ ਖੜ੍ਹੀਆ ਕਰ ਰਹੇ ਹਨ। ਅਜਿਹਾ ਅਮਲ ਕਰਕੇ ਹੁਕਮਰਾਨ ਇਨਸਾਫ਼ ਤੇ ਕਾਨੂੰਨ ਦੇ ਸ਼ਬਦ ਨਾਲ ਖੁਦ ਹੀ ਖਿਲਵਾੜ ਕਰਕੇ ਘੱਟ ਗਿਣਤੀ ਕੌਮਾਂ, ਵਿਸ਼ੇਸ਼ ਤੌਰ ਤੇ ਸਿੱਖ ਕੌਮ ਨਾਲ ਅਸਹਿ ਘੋਰ ਵਿਤਕਰਾ ਕਰ ਰਿਹਾ ਹੈ । ਇਹੀ ਵਜਹ ਹੈ ਕਿ ਇਥੋ ਦੇ ਬਹੁਤੇ ਸੂਬਿਆਂ ਵਿਚ ਵੱਸਣ ਵਾਲੀ ਜਨਤਾ ਵਿਚ ਹਰ ਪਾਸੇ ਵੱਡੀ ਬੇਚੈਨੀ ਅਤੇ ਹੁਕਮਰਾਨਾਂ ਵਿਰੁੱਧ ਰੋਹ ਉੱਠ ਰਿਹਾ ਹੈ ਅਤੇ ਹੁਕਮਰਾਨ ਵੱਡਾ ਜਾਨੀ, ਮਾਲੀ ਨੁਕਸਾਨ ਹੋਣ ਦੇ ਬਾਵਜੂਦ ਵੀ ਉਸਦੀ ਰੋਕਥਾਮ ਲਈ ਕੋਈ ਅਮਲ ਨਹੀ ਕਰਦੇ । ਬਲਕਿ ਸਥਿਤੀ ਨੂੰ ਜਾਣਬੁੱਝ ਕੇ ਵਿਸਫੋਟਕ ਬਣਾਕੇ ਕਾਨੂੰਨੀ ਵਿਵਸਥਾਂ ਦੀ ਬਣਾਉਟੀ ਗੱਲ ਖੜ੍ਹੀ ਕਰਕੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾਂ ਬਣਾਕੇ ਨਿਰੰਤਰ ਜ਼ਬਰ ਜੁਲਮ ਅਤੇ ਵਿਤਕਰੇ ਕੀਤੇ ਜਾਂਦੇ ਆ ਰਹੇ ਹਨ । ਜਿਸਦੇ ਨਤੀਜੇ ਕਦੀ ਵੀ ਇਥੋ ਦੇ ਅਮਨ ਚੈਨ ਅਤੇ ਜਮਹੂਰੀਅਤ ਲਈ ਲਾਹੇਵੰਦ ਸਾਬਤ ਨਹੀ ਹੋ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲੇ ਫਰਵਰੀ ਵਿਚ ਪੰਜਾਬ ਦੀਆਂ ਹੋਈਆ ਅਸੈਬਲੀ ਚੋਣਾਂ ਸਮੇ ਜ਼ਬਰ-ਜ਼ਨਾਹ ਤੇ ਕਤਲ ਦੇ ਦੋਸ਼ਾਂ ਵਿਚ ਸੁਨਾਰੀਆ ਜੇਲ੍ਹ ਵਿਚ ਬੰਦੀ ਬਣਾਏ ਗਏ ਸਿਰਸੇਵਾਲੇ ਸਾਧ ਨੂੰ ਰਿਹਾਅ ਕਰਨ ਅਤੇ ਹੁਣ ਜਦੋ ਸੰਗਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਹੋ ਰਹੀ ਹੈ, ਆਪਣੀ ਸਿਆਸੀ ਫਾਇਦਿਆ ਦੀ ਸੋਚ ਅਧੀਨ ਉਸ ਸੰਗੀਨ ਜੁਰਮਾਂ ਦੇ ਦੋਸ਼ੀ ਨੂੰ ਫਿਰ ਰਿਹਾਅ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਲੰਮੇ ਸਮੇ ਤੋ ਜ਼ਬਰੀ ਬੰਦੀ ਬਣਾਏ ਗਏ ਸਿੱਖ ਕੈਦੀਆ ਨੂੰ ਰਿਹਾਅ ਨਾ ਕਰਨ ਅਤੇ ਪੈਰੋਲ ਉਤੇ ਵੀ ਛੁੱਟੀ ਨਾ ਦੇਣ ਦੀਆਂ ਗੈਰ ਕਾਨੂੰਨੀ ਕਾਰਵਾਈਆ ਅਤੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਥੋ ਦੇ ਹੁਕਮਰਾਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਅਤੇ ਕਾਨੂੰਨ ਦੀ ਨਜ਼ਰ ਵਿਚ ਕੌਮਾਂਤਰੀ ਚੌਰਾਹੇ ਵਿਚ ਖੜ੍ਹਾ ਕਰਦੇ ਹੋਏ ਸਵਾਲ ਕੀਤਾ ਕਿ ਅਜਿਹਾ ਇਕੋ ਵਿਧਾਨ, ਇਕੋ ਕਾਨੂੰਨ ਤਹਿਤ ਸਿੱਖ ਕੌਮ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਲਈ ਕੌਣ ਜਿ਼ੰਮੇਵਾਰ ਹੈ ਅਤੇ ਇਥੇ ਇਨਸਾਫ਼ ਨਾਮ ਦੀ ਚੀਜ ਕਿਥੇ ਹੈ ? ਉਨ੍ਹਾਂ ਕਿਹਾ ਕਿ ਹੁਕਮਰਾਨਾਂ ਵੱਲੋ ਮੁਸਲਿਮ ਕੌਮ ਦੇ ਰਹਿਬਰ ਹਜਰਤ ਮੁਹੰਮਦ ਸਾਹਿਬ ਸੰਬੰਧੀ ਅਪਮਾਨਜ਼ਨਕ ਬਿਆਨਬਾਜੀ ਕਰਨ ਵਾਲੇ ਅਤੇ ਇਸ ਮੁਲਕ ਦੇ ਹਾਲਾਤਾਂ ਨੂੰ ਅਤਿ ਗੰਭੀਰ ਬਣਾਉਣ ਵਾਲੇ ਦੋਸ਼ੀ ਬੀਬੀ ਨੂਪੁਰ ਸ਼ਰਮਾ ਅਤੇ ਸ੍ਰੀ ਨਵੀਨ ਜਿ਼ੰਦਲ ਨੂੰ ਹੁਕਮਰਾਨਾਂ ਵੱਲੋ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀ ਕੀਤਾ ਗਿਆ ? ਫਿਰ ਜਿਸ ਬੀਜੇਪੀ ਦੀ ਰਿਟਾਇਰਡ ਆਈ.ਪੀ.ਐਸ. ਅਫਸਰ ਬੀਬੀ ਕਿਰਨ ਬੇਦੀ ਨੇ ਸਿੱਖ ਕੌਮ ਦੇ 12 ਵਜੇ ਦੇ ਫਖਰ ਵਾਲੇ ਇਤਿਹਾਸ ਨੂੰ ਨਜ਼ਰ ਅੰਦਾਜ ਕਰਕੇ ਮਜਾਕੀਆ ਰੂਪ ਵਿਚ ਗੱਲ ਕਰਦੇ ਹੋਏ ਸਿੱਖ ਕੌਮ ਦਾ ਅਪਮਾਨ ਕੀਤਾ ਹੈ,ਉਸ ਵਿਰੁੱਧ ਇਥੋ ਦਾ ਕਾਨੂੰਨ, ਅਦਾਲਤਾਂ, ਨਿਜਾਮ ਬਣਦੀ ਕਾਰਵਾਈ ਕਰਨ ਲਈ ਚੁੱਪ ਕਿਉ ਹੈ ? ਸ. ਮਾਨ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਅਤੇ ਬੇਇਨਸਾਫ਼ੀ ਵਾਲੇ ਅਮਲ ਹਨ ਕਿ ਜਿਨ੍ਹਾਂ ਹੁਕਮਰਾਨਾਂ ਨੇ ਬਰਾਬਰਤਾ ਦੀ ਸੋਚ ਤੇ ਸਭਨਾਂ ਨੂੰ ਅੱਛਾ ਪ੍ਰਬੰਧ ਤੇ ਇਨਸਾਫ ਦੇਣਾ ਹੈ, ਉਹ ਫਿਰਕੂ ਹੁਕਮਰਾਨ ਸਭ ਕਾਨੂੰਨੀ, ਸਮਾਜਿਕ, ਨਿਯਮਾਂ ਅਸੂਲਾਂ ਨੂੰ ਛਿੱਕੇ ਟੰਗਕੇ ਆਪਣੇ ਮਹਿਬੂਬ ਰਹਿਬਰ ਹਜਰਤ ਮੁਹੰਮਦ ਸਾਹਿਬ ਉਤੇ ਹੋਏ ਇਖਲਾਕੀ ਹਮਲੇ ਵਿਰੁੱਧ ਰੋਸ਼ ਕਰ ਰਹੇ ਹਨ, ਉਨ੍ਹਾਂ ਦੇ ਕਾਰੋਬਾਰਾਂ, ਘਰਾਂ ਦੀਆਂ ਇਮਾਰਤਾਂ ਨੂੰ ਬੁਲਡੋਜਰ ਨੀਤੀ ਰਾਹੀ ਢਹਿ-ਢੇਰੀ ਕੀਤਾ ਜਾ ਰਿਹਾ ਹੈ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਦਾ ਰਾਜ ਭਾਗ ਜੰਗਲ ਵਾਲਾ ਹੈ । ਨਾ ਕਿ ਜਮਹੂਰੀਅਤ ਕਦਰਾਂ-ਕੀਮਤਾਂ ਵਾਲਾ ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਲੰਮੇ ਸਮੇ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲਿਆ, 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲਿਆ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਹਿੱਤ ਜਮਹੂਰੀ ਢੰਗ ਨਾਲ ਸੰਘਰਸ਼ ਕਰਦੀ ਆ ਰਹੀ ਹੈ । ਪਰ ਹੁਕਮਰਾਨ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ ਅਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਤੋ ਨਿਰੰਤਰ ਆਨਾਕਾਨੀ ਕਰਦੇ ਆ ਰਹੇ ਹਨ । ਫਿਰ ਜਦੋ ਰੋਹ ਅਤੇ ਬੇਚੈਨੀ ਅਧੀਨ ਸਿੱਖ ਕੌਮ ਇਨਸਾਫ਼ ਲਈ ਜਮਹੂਰੀਅਤ ਢੰਗ ਨਾਲ ਐਕਸਨ ਕਰਦੀ ਹੈ, ਤਾਂ ਉਨ੍ਹਾਂ ਉਤੇ ਗੈਰ ਕਾਨੂੰਨੀ ਢੰਗ ਨਾਲ ਜ਼ਬਰ ਜੁਲਮ ਕਰਦੇ ਹੋਏ ਝੂਠੇ ਕੇਸਾਂ ਵਿਚ ਜੇਲ੍ਹਾਂ ਵਿਚ ਬੰਦੀ ਬਣਾ ਦਿੱਤਾ ਜਾਂਦਾ ਹੈ । ਸੈਟਰ ਦੇ ਹੁਕਮਰਾਨਾਂ ਵੱਲੋ ਪੰਜਾਬ ਦੇ ਪਾਣੀਆ, ਬਿਜਲੀ ਦੀ ਲੰਮੇ ਸਮੇ ਤੋ ਲੁੱਟ-ਖਸੁੱਟ ਜਾਰੀ ਹੈ । ਸਾਡੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਜਿਨ੍ਹਾਂ ਉਤੇ ਸਾਡੀ ਮਲਕੀਅਤ ਹੋਣੀ ਚਾਹੀਦੀ ਹੈ, ਉਹ ਸਾਨੂੰ ਨਹੀ ਦਿੱਤੇ ਜਾ ਰਹੇ । ਭਾਖੜਾ ਬਿਆਸ ਮੈਨੇਜਮੈਟ ਬੋਰਡ ਵਿਚ ਪੰਜਾਬ ਦੀ 60% ਦੇ ਅਧਿਕਾਰ ਖੇਤਰ ਨੂੰ ਖਤਮ ਕਰਨ ਦੀਆਂ ਸਾਜਿ਼ਸਾਂ ਹੋ ਰਹੀਆ ਹਨ । ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਸੈਟਰ ਦੇ ਅਧੀਨ ਕਰਨ ਲਈ ਅਤੇ ਇਸ ਕਾਨੂੰਨੀ ਹੱਕ ਨੂੰ ਖਤਮ ਕਰਨ ਲਈ ਮਨਸੂਬੇ ਘੜੇ ਜਾ ਰਹੇ ਹਨ । ਪੰਜਾਬੀ ਯੂਨੀਵਰਸਿਟੀ ਦੇ ਖੋਜ ਵਿਭਾਗ ਨੂੰ ਡੂੰਘੀ ਸਾਜਿ਼ਸ ਤਹਿਤ ਖਤਮ ਕੀਤਾ ਜਾ ਰਿਹਾ ਹੈ । ਪੰਜਾਬ ਯੂਨੀਵਰਸਿਟੀ ਨੂੰ ਸੈਟਰ ਆਪਣੇ ਅਧੀਨ ਕਰਨ ਲਈ ਖੁਦ ਹੀ ਸਾਜਿ਼ਸਾਂ ਰਚਦਾ ਹੈ ਅਤੇ ਖੁਦ ਹੀ ਪੰਜਾਬੀਆ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦਾ ਪ੍ਰਚਾਰ ਕਰਦਾ ਹੈ। ਇਹ ਸਭ ਵਿਤਕਰੇ ਅਤੇ ਬੇਇਨਸਾਫ਼ੀਆਂ ਇਥੋ ਦੇ ਨਿਜਾਮੀ ਪ੍ਰਬੰਧ ਦਾ ਖੁਦ ਜਨਾਜ਼ਾਂ ਕੱਢਦੀਆ ਹਨ ਅਤੇ ਇਹ ਸਾਬਤ ਕਰਦੀਆ ਹਨ ਕਿ ਹਿੰਦੂਤਵ ਹੁਕਮਰਾਨ ਜਿਨ੍ਹਾਂ ਦਾ ਕਦੀ ਵੀ ਕੇਵਲ ਮਿਥਿਹਾਸਿਕ ਅਯੁੱਧਿਆ ਤੋ ਇਲਾਵਾ ਕਿਤੇ ਰਾਜ ਨਹੀ ਰਿਹਾ ਅਤੇ ਨਾ ਹੀ ਇਨ੍ਹਾਂ ਨੇ ਕੋਈ ਦੁਸਮਣਾਂ ਤੋ ਜੰਗ ਜਿੱਤੀ ਹੈ, ਇਹ ਜਮਾਤਾਂ ਤੇ ਆਗੂ ਇਸ ਮੁਲਕ ਉਤੇ ਰਾਜਭਾਗ ਕਰਨ ਅਤੇ ਇਥੇ ਵੱਸ ਰਹੀਆ ਘੱਟ ਗਿਣਤੀਆ ਕੌਮਾਂ ਨੂੰ ਇਨਸਾਫ਼ ਦੇਣ ਦੇ ਬਿਲਕੁਲ ਕਾਬਲ ਨਹੀ ਹਨ ਅਤੇ ਨਾ ਹੀ ਇਨ੍ਹਾਂ ਵਿਚ ਉਹ ਯੋਗਤਾ ਅਤੇ ਸਮਰੱਥਾਂ ਹੈ । ਇਸ ਲਈ ਸਮੁੱਚੀਆਂ ਘੱਟ ਗਿਣਤੀ ਕੌਮਾਂ ਜਿੰਨੀ ਜਲਦੀ ਹੋ ਸਕੇ ਇਕੱਤਰ ਹੋ ਕੇ ਇਨ੍ਹਾਂ ਜਾਲਮ ਤੇ ਜਾਬਰ ਹੁਕਮਰਾਨਾਂ ਦਾ ਇਥੋ ਸਿਆਸੀ ਤੌਰ ਤੇ ਖਾਤਮਾ ਕਰਨ ਵਿਚ ਯੋਗਦਾਨ ਪਾਉਣ ਅਤੇ ਸਹੀ ਮਾਇਨਿਆ ਵਿਚ ਇਥੇ ਹਲੀਮੀ ਰਾਜ ਸਥਾਪਿਤ ਕਰਨ ਦੀ ਇਖਲਾਕੀ ਜਿ਼ੰਮੇਵਾਰੀ ਨਿਭਾਉਣ ।