ਅੰਗਰੇਜ਼ੀ ਦੀਆਂ ਅਖਬਾਰਾਂ ਵਿਚ ਸਿੱਖ ਸਿਆਸਤਦਾਨਾਂ ਅਤੇ ਸਿੱਖਾਂ ਦੇ ਨਾਮ ਪਿੱਛੇ ‘ਸਿੰਘ’ ਅਤੇ ‘ਕੌਰ’ਸ਼ਬਦ ਨੂੰ ਕੱਟਕੇ ਪ੍ਰਕਾਸਿ਼ਤ ਕਰਨਾ ਨਿੰਦਣਯੋਗ ਇਕ ਡੂੰਘੀ ਸਾਜਿ਼ਸ : ਮਾਨ

ਫ਼ਤਹਿਗੜ੍ਹ ਸਾਹਿਬ, 07 ਅਪ੍ਰੈਲ ( ) “ਜਦੋਂ ਪੰਜਾਬ ਵਿਚ ਪ੍ਰਕਾਸਿ਼ਤ ਹੋਣ ਵਾਲੇ ਸਭ ਪੰਜਾਬੀ ਅਖ਼ਬਾਰ ਸਿੱਖ ਸਿਆਸਤਦਾਨਾਂ ਦੇ ਨਾਮ ਤੇ ਖਬਰਾਂ ਪ੍ਰਕਾਸਿ਼ਤ ਕਰਦੇ ਸਮੇਂ ਉਨ੍ਹਾਂ ਦੇ ਨਾਮ ਨਾਲ ਪੂਰਾ ਨਾਮ ਲਿਖਦੇ ਹੋਏ ‘ਸਿੰਘ’ ਵੀ ਲਿਖਦੇ ਹਨ, ਤਾਂ ਫਿਰ ਅੰਗਰੇਜ਼ੀ ਦੇ ਅਖਬਾਰ ਦਾ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ, ਹਿੰਦੂਸਤਾਨ ਟਾਈਮਜ਼, ਟਾਈਮਜ਼ ਆਫ਼ ਇੰਡੀਆ ਆਦਿ ਅੰਗਰਜ਼ੀ ਅਖਬਾਰਾਂ ਦੇ ਸੰਪਾਦਕ ਅਤੇ ਪ੍ਰੈਸ ਪ੍ਰਤੀਨਿਧ ਸਿੱਖ ਸਿਆਸਤਦਾਨਾਂ ਅਤੇ ਸਿੱਖਾਂ ਦੇ ਨਾਮ ਨਾਲ ‘ਸਿੰਘ’ ਕਿਉਂ ਕੱਟਕੇ ਲਿਖਦੇ ਹਨ ? ਜਿਵੇਕਿ ਸੁਖਬੀਰ ਬਾਦਲ, ਕੈਪਟਨ ਅਮਰਿੰਦਰ, ਭਗਵੰਤ ਮਾਨ, ਚਰਨਜੀਤ ਚੰਨੀ, ਨਵਜੋਤ ਸਿੱਧੂ, ਸਿਮਰਨਜੀਤ ਮਾਨ ਖਬਰਾਂ ਵਿਚ ਪ੍ਰਕਾਸਿ਼ਤ ਕਰਦੇ ਹਨ । ਇਸ ਪਿੱਛੇ ਮੁਤੱਸਵੀ ਹੁਕਮਰਾਨਾਂ ਅਤੇ ਉਨ੍ਹਾਂ ਦੀ ਸੋਚ ਨੂੰ ਪੂਰਨ ਕਰਨ ਵਾਲੀ ਅੰਗਰੇਜ਼ੀ ਪ੍ਰੈਸ ਦੀ ਸਾਂਝੀ ਡੂੰਘੀ ਸਾਜਿ਼ਸ ਹੈ । ਤਾਂ ਕਿ ਸਿੱਖ ਕੌਮ ਦੀ ਜੋ ਸਿੰਘ ਦੇ ਨਾਮ ਕਰਕੇ ਕੌਮਾਂਤਰੀ ਪੱਧਰ ਤੇ ਵੱਖਰੀ ਅਣਖੀਲੀ ਪਹਿਚਾਣ ਬਣੀ ਹੋਈ ਹੈ, ਉਸਨੂੰ ਠੇਸ ਪਹੁੰਚਾਈ ਜਾ ਸਕੇ । ਅੰਗਰੇਜ਼ੀ ਅਖਬਾਰਾਂ ਦੇ ਅਜਿਹੇ ਅਮਲ ਸਿੱਖ ਕੌਮ ਦੇ ਮਨਾਂ-ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੇ ਅਤਿ ਨਿੰਦਣਯੋਗ ਹਨ । ਜਿਨ੍ਹਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਸੰਜ਼ੀਦਾ ਰੋਸ਼ ਜਾਹਰ ਕਰਦੀ ਹੋਈ ਇਨ੍ਹਾਂ ਅਖਬਾਰਾਂ ਦੇ ਟਰੱਸਟੀਆਂ, ਸੰਪਾਦਕਾਂ ਅਤੇ ਅਖਬਾਰਾਂ ਪ੍ਰਕਾਸਿ਼ਤ ਕਰਨ ਵਾਲੇ ਨਿਊਜ ਐਡੀਟਰਾਂ ਨੂੰ ਆਪਣੀ ਇਸ ਗਲਤੀ ਨੂੰ ਤੁਰੰਤ ਸੁਧਾਰਨ ਲਈ ਖ਼ਬਰਦਾਰ ਕਰਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਅੰਗਰੇਜ਼ੀ ਅਖਬਾਰਾਂ ਦੇ ਟਰੱਸਟੀਆਂ, ਮੁੱਖ ਸੰਪਾਦਕਾਂ ਅਤੇ ਨਿਊਜ ਐਡੀਟਰਜ ਦੇ ਧਿਆਨ ਹਿੱਤ ਲਿਆਉਦੇ ਹੋਏ ਇਸ ਸਿੱਖ ਕੌਮ ਨੂੰ ਅਪਮਾਨਿਤ ਕਰਨ ਵਾਲੀ ਕੀਤੀਆ ਜਾ ਰਹੀਆ ਕਾਰਵਾਈਆ ਨੂੰ ਤੁਰੰਤ ਸੁਧਾਰਨ ਦੀ ਗੱਲ ਕਰਦੇ ਹੋਏ ਅਤੇ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸਿੱਖ ਕੌਮ ਨੂੰ ਆਪਣੇ ਨਾਵਾਂ ਦੇ ਨਾਲ ‘ਸਿੰਘ’ ਅਤੇ ‘ਕੌਰ’ ਬਖਸਿ਼ਸ਼ ਹੋਏ ਹਨ, ਇਹ ਬਹੁਤ ਵੱਡੀਆ ਕੁਰਬਾਨੀਆ ਉਪਰੰਤ ਗੁਰੂ ਸਾਹਿਬਾਨ ਨੇ ਸਿੱਖਾਂ ਦੇ ਮਨ ਅਤੇ ਆਤਮਾ ਵਿਚ ਸਿੰਘਾਂ (ਸ਼ੇਰਾਂ) ਵਾਲਾ ਜਿਗਰਾਂ ਅਤੇ ਵਿਸ਼ਾਲ ਸੋਚ ਨੂੰ ਮੁੱਖ ਰੱਖਦਿਆ ਇਹ ਸ਼ਬਦ ਸਾਨੂੰ ਬਖਸਿ਼ਸ਼ ਕੀਤੇ ਹਨ । ਵੈਸੇ ਵੀ ਕਿਸੇ ਦੇ ਨਾਮ ਨੂੰ ਵਿਗਾੜਕੇ ਜਾਂ ਅੱਧਾ ਲਿਖਕੇ ਸ਼ਰਾਰਤੀ ਢੰਗ ਨਾਲ ਪੇਸ਼ ਕਰਨਾ ਆਪਣੀ ਲਿਆਕਤ ਦਾ ਜਨਾਜ਼ਾਂ ਕੱਢਣ ਅਤੇ ਸਮਾਜਿਕ ਉੱਚ ਰਵਾਇਤਾ ਦੀ ਤੋਹੀਨ ਕਰਨ ਵਾਲੀ ਗੱਲ ਹੁੰਦੀ ਹੈ । ਜਦੋਕਿ ਪ੍ਰੈਸ, ਪੱਤਰਕਾਰ, ਸੰਪਾਦਕ ਤਾਂ ਖੁਦ ਕਿਸੇ ਸਮਾਜ ਨੂੰ ਅੱਛੇ ਗੁਣ ਪ੍ਰਦਾਨ ਕਰਨ ਵਾਲੀਆ ਜਨਤਕ ਸੰਸਥਾਵਾਂ ਤੇ ਅਦਾਰੇ ਹੁੰਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਹਿਸੂਸ ਕਰਦਾ ਹੈ ਕਿ ਸਿੱਖਾਂ ਦੇ ਨਾਮ ਨਾਲੋ ਸਿੰਘ ਸ਼ਬਦ ਨੂੰ ਕੱਟਕੇ ਲਿਖਣਾ ਹੁਕਮਰਾਨਾਂ ਅਤੇ ਸਾਤੁਰ ਦਿਮਾਗਾਂ ਦੀ ਨਾਂਹਵਾਚਕ ਸੋਚ ਦਾ ਹਿੱਸਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿੱਖਾਂ ਦੇ ਨਾਮ ਨਾਲੋ ਸਿੰਘ ਅਤੇ ਕੌਰ ਕੱਟਣ ਵਾਲਿਆ ਨੂੰ ਇਹ ਨੇਕ ਸਲਾਹ ਦੇਣੀ ਚਾਹੇਗਾ ਕਿ ਉਹ ਅਜਿਹਾ ਕਰਕੇ ਸਿੱਖ ਕੌਮ ਦਾ ਅਪਮਾਨ ਕਰਨ ਅਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੇ ਬਣੇ ਵੱਡੇ ਉੱਚੇ ਅਕਸ ਨੂੰ ਦਾਗੀ ਕਰਨ ਦੀ ਅਸਫ਼ਲ ਕੋਸਿ਼ਸ਼ ਨਾ ਕਰਨ । ਤਾਂ ਕਿ ਇਥੋ ਦੇ ਸਮਾਜ ਵਿਚ ਕਿਸੇ ਤਰ੍ਹਾਂ ਦੀ ਨਫ਼ਰਤ ਜਾਂ ਹੀਣ ਭਾਵਨਾ ਉਤਪੰਨ ਨਾ ਹੋ ਸਕੇ ਅਤੇ ਇਥੋ ਦਾ ਮਾਹੌਲ ਜਮਹੂਰੀਅਤ ਪੱਖੀ ਅਤੇ ਅਮਨਮਈ ਬਣਿਆ ਰਹੇ ।

ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਅਤੇ ਹੋਰ ਸੂਬਿਆਂ ਵਿਚ ਪ੍ਰਕਾਸਿ਼ਤ ਹੋਣ ਵਾਲੇ ਅੰਗਰੇਜ਼ੀ ਅਖਬਾਰਾਂ ਦੇ ਟਰੱਸਟੀ ਸਾਹਿਬਾਨ, ਸੰਪਾਦਕ ਸਾਹਿਬਾਨ ਅਤੇ ਸਤਿਕਾਰਯੋਗ ਪੱਤਰਕਾਰ ਸਾਹਿਬਾਨ ਸਾਡੇ ਬਿਆਨ ਦੇ ਨਸ਼ਰ ਹੋਣ ਤੋ ਬਾਅਦ ਇਸ ਗੱਲ ਦਾ ਉਚੇਚੇ ਤੌਰ ਤੇ ਸੰਜ਼ੀਦਗੀ ਨਾਲ ਖਿਆਲ ਰੱਖਣਗੇ ਕਿ ਸਿੱਖ ਸਿਆਸਤਦਾਨਾਂ ਅਤੇ ਸਿੱਖਾਂ ਦੇ ਨਾਮ ਨਾਲ ਖਬਰਾਂ ਪ੍ਰਕਾਸਿ਼ਤ ਕਰਦੇ ਹੋਏ ਉਨ੍ਹਾਂ ਦਾ ਪੂਰਾ ਸਿੰਘ ਦੇ ਨਾਮ ਨਾਲ ਨਾਮ ਪ੍ਰਕਾਸਿ਼ਤ ਕਰਨ ਦੀ ਜਿ਼ੰਮੇਵਾਰੀ ਨਿਭਾਉਣਗੇ ।

Leave a Reply

Your email address will not be published. Required fields are marked *