ਬਾਦਲ ਪਰਿਵਾਰ ਅਤੇ ਬਾਗੀ ਧੜੇ ਦਾ ਕੋਈ ਵੀ ਆਗੂ ਸ਼੍ਰੋਮਣੀ ਅਕਾਲੀ ਦਲ ਜਾਂ ਕੌਮ ਦੀ ਅਗਵਾਈ ਕਰਨ ਦੇ ਸਮਰੱਥ ਨਹੀਂ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 01 ਜੁਲਾਈ ( ) “31 ਮਾਰਚ 1996 ਤੋਂ ਬਾਅਦ ਜਦੋਂ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਰਾਜਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਦਾ ਗੁਲਾਮ ਬਣਕੇ ਕੌਮ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਵਿਲੱਖਣ, ਅਣਖ ਤੇ ਗੈਰਤ ਵਾਲੀ ਪਹਿਚਾਣ ਨੂੰ ਖਤਮ ਕਰਕੇ ਬੀਜੇਪੀ-ਆਰ.ਐਸ.ਐਸ. ਵਰਗੀਆਂ ਸਿੱਖ ਕੌਮ ਤੇ ਪੰਜਾਬ ਵਿਰੋਧੀ ਜਮਾਤਾਂ ਦੀ ਗੁਲਾਮੀ ਨੂੰ ਪ੍ਰਵਾਨ ਕਰਕੇ ਵਿਚਰਣਾ ਸੁਰੂ ਕੀਤਾ ਤਾਂ ਉਸ ਸਮੇ ਤੋਂ ਹੀ ਪੰਜਾਬ ਸੂਬੇ, ਪੰਜਾਬੀਅਤ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਵੱਡੇ ਵਿਤਕਰੇ ਤੇ ਜੁਲਮਾਂ ਦੇ ਅਮਲ ਤੇਜ਼ ਹੋ ਗਏ ਸਨ । ਜਿਨ੍ਹਾਂ ਲੋਕਾਂ ਨੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ-ਹਕੂਕਾ ਦੀ ਰਾਖੀ ਕਰਨੀ ਸੀ, ਉਹ ਪੰਜਾਬ ਵਿਰੋਧੀ ਤਾਕਤਾਂ ਦੇ ਆਦੇਸ਼ਾਂ ਉਤੇ ਕੰਮ ਕਰਨ ਲੱਗੇ । ਇਹੀ ਵਜਹ ਹੈ ਕਿ ਸੈਂਟਰ ਦੀਆਂ ਕਾਂਗਰਸ ਜਾਂ ਬੀਜੇਪੀ ਦੀਆਂ ਹਕੂਮਤਾਂ ਨਿਰੰਤਰ ਪੰਜਾਬੀਆਂ ਤੇ ਸਿੱਖ ਕੌਮ ਉਤੇ ਜ਼ਬਰ ਕਰਦੀਆਂ ਆ ਰਹੀਆਂ ਹਨ । ਹੁਣ ਤੱਕ ਬਰਗਾੜੀ ਕਾਂਡ, ਬਹਿਬਲ ਕਤਲ ਕਾਂਡ, 328 ਪਾਵਨ ਸਰੂਪਾਂ ਦੇ ਲਾਪਤਾ ਹੋਣ, ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਨ, ਜਥੇਦਾਰ ਗੁਰਦੇਵ ਸਿੰਘ ਕਾਊਕੇ ਕਤਲ ਕਾਂਡ, ਖਾਲੜਾ ਕਤਲ ਕਾਂਡ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰਸੇਵਾਲੇ ਸਾਧ ਵੱਲੋ ਕੀਤੇ ਜਾਣ ਵਾਲੇ ਅਪਮਾਨ, ਸਿਰਸੇਵਾਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਮੁਆਫ ਕਰਵਾਉਣ, ਸਿੱਖੀ ਮਰਿਯਾਦਾਵਾਂ, ਨਿਯਮਾਂ ਨੂੰ ਠੇਸ ਪਹੁੰਚਾਉਣ, ਸਮੱਗਲਰਾਂ ਅਤੇ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਕਰਨ ਵਾਲੇ ਸਰਗਨਿਆ ਦੀ ਸਰਪ੍ਰਸਤੀ ਕਰਨ, ਕਿਸਾਨ ਮੋਰਚੇ ਸਮੇ ਕਿਸਾਨੀ ਮੰਗਾਂ ਦਾ ਵਿਰੋਧ ਕਰਕੇ ਬੀਜੇਪੀ ਆਰ.ਐਸ.ਐਸ ਨੂੰ ਖੁਸ ਕਰਨ, ਸਿੱਖ ਕੌਮ ਦੀ ਪਾਰਲੀਮੈਟ ਦੀ ਬੀਤੇ 14 ਸਾਲਾਂ ਤੋ ਜਰਨਲ ਚੋਣਾਂ ਨਾ ਕਰਵਾਉਣ, ਸੈਟਰ ਵਿਚ ਵਜੀਰੀਆ ਤੇ ਹੋਰ ਇਵਜਾਨੇ ਪ੍ਰਾਪਤ ਕਰਨ ਵਿਚ ਬਾਦਲ ਪਰਿਵਾਰ, ਢੀਂਡਸਾ ਪਰਿਵਾਰ, ਚੰਦੂਮਾਜਰਾ ਪਰਿਵਾਰ ਆਦਿ ਮੋਹਰੀ ਬਣਕੇ ਉਨ੍ਹਾਂ ਦੀ ਗੁਲਾਮੀ ਨੂੰ ਪ੍ਰਵਾਨ ਕਰਦੇ ਆ ਰਹੇ ਹਨ ਅਤੇ ਖ਼ਾਲਸਾ ਪੰਥ ਦੇ ਮੀਰੀ-ਪੀਰੀ ਦੇ ਤਖ਼ਤ ਤੇ ਸਿੱਖੀ ਸਿਧਾਤਾਂ ਨੂੰ ਨਿਰੰਤਰ ਤਿਲਾਂਜਲੀ ਦਿੰਦੇ ਆ ਰਹੇ ਹਨ । ਇਸ ਅਮਲ ਵਿਚ ਬਾਦਲ ਦਾ ਸਮੁੱਚਾ ਪਰਿਵਾਰ, ਖ਼ਾਲਸਾ ਪੰਥ ਨੂੰ ਪੂਰਨ ਰੂਪ ਵਿਚ ਪਿੱਠ ਹੀ ਨਹੀ ਦੇ ਗਿਆ, ਬਲਕਿ ਜੋ ਅੱਜ ਬਾਗੀ ਸੁਰਾਂ ਵਿਚ ਉੱਚੀ ਆਵਾਜ ਕੱਢਕੇ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਦੇ ਵਾਰਿਸ ਬਣਨ ਲਈ ਢੌਂਗ ਕਰ ਰਹੇ ਹਨ, ਇਹ ਸਭ ਦੋਵੇ ਧਿਰਾਂ ਦੇ ਆਗੂ ਇਖਲਾਕੀ, ਸਮਾਜਿਕ, ਕੌਮੀ ਤੌਰ ਤੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਮਨਫੀ ਹੋ ਚੁੱਕੇ ਹਨ । ਇਨ੍ਹਾਂ ਉਤੇ ਕੋਈ ਵੀ ਸਿੱਖ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੰਮੇ ਸਮੇ ਤੋ ਸਿੱਖ ਸਿਆਸਤ ਤੇ ਕਾਬਜ ਹੋਏ ਬਾਦਲ ਪਰਿਵਾਰ ਤੇ ਉਨ੍ਹਾਂ ਦੇ ਮੌਜੂਦਾ ਬਾਗੀ ਮੀਟਿੰਗਾਂ ਕਰਨ ਵਾਲੇ ਆਪਣੇ ਆਪ ਨੂੰ ਪੰਥਪ੍ਰਸਤ ਤੇ ਪੰਜਾਬ ਪ੍ਰਸਤ ਅਖਵਾਉਣ ਦੀਆਂ ਅਸਫਲ ਕੋਸਿਸਾਂ ਕਰਨ ਵਾਲਿਆ ਵੱਲੋ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਕੌਮ ਦੀ ਅਗਵਾਈ ਕਰਨ ਦੇ ਬਿਲਕੁਲ ਵੀ ਸਮਰੱਥ ਨਾ ਹੋਣ ਅਤੇ ਇਨ੍ਹਾਂ ਵਿਚੋ ਕਿਸੇ ਨੂੰ ਵੀ ਕੌਮ ਦੇ ਆਗੂ ਪ੍ਰਵਾਨ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਇਥੋ ਤੱਕ ਕਿ ਇਨ੍ਹਾਂ ਵੱਲੋ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੀ ਲੁੱਟ ਖਸੁੱਟ ਕਰਨ ਵਾਲੇ ਸੈਟਰ ਦੇ ਹੁਕਮਰਾਨਾਂ ਅਤੇ ਸਿੱਖਾਂ ਤੇ ਪੰਜਾਬੀਆਂ ਤੇ ਜ਼ਬਰ ਢਾਹੁਣ ਵਾਲਿਆ ਦਾ ਡੱਟਕੇ ਸਾਥ ਦਿੱਤਾ ਜਾਂਦਾ ਰਿਹਾ । ਜਿਵੇ ਪੰਜਾਬ ਦੀ ਐਸ.ਵਾਈ.ਐਲ ਨਹਿਰ ਕੱਢਣ ਲਈ, ਪੰਜਾਬ ਦੇ ਕੀਮਤੀ ਪਾਣੀਆ, ਹੈੱਡਵਰਕਸਾਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਤੇ ਆਪਣੇ ਸੂਬੇ ਦੇ ਹੱਕ ਲਈ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਤੋ ਬਾਹਰ ਕੱਢਣ ਆਦਿ ਗੰਭੀਰ ਮਸਲਿਆ ਨੂੰ ਖੜ੍ਹਾ ਕਰਨ ਲਈ ਸਮੁੱਚਾ ਬਾਦਲ ਪਰਿਵਾਰ ਅਤੇ ਅਜੋਕੇ ਸਭ ਬਾਗੀ ਸਿੱਧੇ ਤੌਰ ਤੇ ਜਿੰਮੇਵਾਰ ਹਨ । ਸ. ਪ੍ਰੇਮ ਸਿੰਘ ਚੰਦੂਮਾਜਰੇ ਵਰਗੇ ਕਾਮਰੇਡ ਆਗੂਆਂ ਦੇ ਇਹ ਬਿਆਨ ਆਉਦੇ ਰਹੇ ਹਨ ਕਿ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰਕੇ ਉਥੇ ਝੋਨਾ ਬੀਜ ਦੇਣਾ ਚਾਹੀਦਾ ਹੈ । ਫਿਰ ਸਿਰਸੇਵਾਲੇ ਸਾਧ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਲਈ ਦਿੱਤੀ ਜਾਣ ਵਾਲੀ ਸੁਨਹਿਰੀ ਪੁਸਾਕ ਸ. ਚੰਦੂਮਾਜਰਾ ਖੁਦ ਦੇ ਕੇ ਆਏ ਸਨ । ਫਿਰ ਜਦੋ ਬਾਦਲ ਪਰਿਵਾਰ ਵੱਲੋ ਸਿਰਸੇਵਾਲੇ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋ ਕਰਕੇ ਮੁਆਫ ਕਰਵਾਇਆ ਗਿਆ ਤਾਂ ਸਭ ਤੋ ਪਹਿਲੇ ਸ. ਚੰਦੂਮਾਜਰੇ ਨੇ ਹੀ ਇਸਦਾ ਜੋਰਦਾਰ ਸਵਾਗਤ ਕੀਤਾ ਸੀ । ਇਸ ਤੋ ਅਗੇਰੇ ਜਦੋ ਦਰਬਾਰ ਸਾਹਿਬ ਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਹੋਇਆ ਤਾਂ ਇਹ ਸਭ ਬਾਦਲ ਪਰਿਵਾਰ ਅਤੇ ਅਜੋਕੇ ਬਾਗੀ ਆਗੂ ਭਾਵੇ ਉਹ ਸ. ਢੀਂਡਸਾ ਹੋਣ, ਭਾਵੇ ਚੰਦੂਮਾਜਰਾ, ਭਾਵੇ ਸ. ਮਲੂਕਾ ਆਦਿ ਫ਼ੌਜੀ ਹਮਲੇ ਲਈ ਹਾਮੀ ਭਰਨ ਦੀ ਗੱਲ ਵਿਚ ਇਹ ਸਭ ਸਾਮਿਲ ਸਨ । ਕਿਉਂਕਿ ਇਨ੍ਹਾਂ ਵਿਚੋ ਕਿਸੇ ਨੇ ਵੀ ਇਸ ਪੰਥ ਵਿਰੋਧੀ ਅਮਲ ਦਾ ਵਿਰੋਧ ਨਹੀ ਕੀਤਾ । ਸਿੱਖ ਨੌਜਵਾਨੀ ਦਾ ਝੂਠੇ ਮੁਕਾਬਲਿਆ ਵਿਚ ਘਾਣ ਕਰਵਾਉਣ, ਕਾਤਲ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿਵਾਉਣ ਤੇ ਸਰਪ੍ਰਸਤੀ ਕਰਨ ਵਿਚ ਸ. ਬਾਦਲ ਅਤੇ ਇਹ ਸਭ ਆਗੂ ਸਹਿਯੋਗ ਕਰਨ ਵਾਲਿਆ ਵਿਚੋ ਸਨ । ਫਿਰ ਬਾਦਲ ਪਰਿਵਾਰ ਜਾਂ ਅਜੋਕੇ ਬਾਗੀ ਸੁਰਾਂ ਵਾਲੀ ਦਿਸ਼ਾਹੀਣ, ਦਾਗੀ ਲੀਡਰਸਿਪ ਨੂੰ ਸਿੱਖ ਕੌਮ ਕਿਵੇ ਮੁਆਫ਼ ਕਰ ਸਕਦੀ ਹੈ ?
ਉਨ੍ਹਾਂ ਇਸ ਵਿਸੇ ਉਤੇ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਉਪਰੋਕਤ ਸਮੁੱਚੀ ਲੀਡਰਸਿਪ ਜਿਸ ਨੂੰ ਸਿੱਖ ਕੌਮ ਮਨ ਆਤਮਾ ਤੋ ਵੀ ਅਤੇ ਜਮਹੂਰੀਅਤ ਢੰਗ ਨਾਲ ਵੋਟਾਂ ਰਾਹੀ ਇਨ੍ਹਾਂ ਦੀਆਂ ਜਮਾਨਤਾਂ ਜ਼ਬਰ ਕਰਵਾਕੇ ਪੂਰਨ ਰੂਪ ਵਿਚ ਨਕਾਰ ਚੁੱਕੀ ਹੈ । ਦੂਸਰਾ ਭਾਵੇ ਸ. ਢੀਂਡਸਾ ਹੋਣ, ਭਾਵੇ ਚੰਦੂਮਾਜਰਾ, ਭਾਵੇ ਸ. ਮਲੂਕਾ ਆਦਿ ਇਹ ਸਭ ਆਪੋ ਆਪਣੇ ਜਿਲ੍ਹਿਆਂ ਦੇ ਆਗੂ ਤਾਂ ਆਪਣੇ ਆਪ ਨੂੰ ਅਖਵਾ ਸਕਦੇ ਹਨ, ਲੇਕਿਨ ਸਮੁੱਚੇ ਪੰਜਾਬ, ਸਿੱਖ ਕੌਮ ਅਤੇ ਖ਼ਾਲਸਾ ਪੰਥ ਦੀ ਇਹ ਅਗਵਾਈ ਕਰ ਸਕਣ, ਇਨ੍ਹਾਂ ਵਿਚੋ ਕਿਸੇ ਦੀ ਨਾ ਤਾਂ ਅਜਿਹੀ ਸਮਰੱਥਾਂ ਤੇ ਦੂਰਅੰਦੇਸ਼ੀ ਹੈ ਅਤੇ ਨਾ ਹੀ ਸਿੱਖ ਕੌਮ ਨੂੰ ਇਨ੍ਹਾਂ ਵਿਚੋ ਕਿਸੇ ਉਤੇ ਕੋਈ ਵਿਸਵਾਸ ਹੈ । ਇਹੀ ਵਜਹ ਹੈ ਕਿ ਆਪੋ ਆਪਣੇ ਦਾਗੀ ਚੇਹਰਿਆ ਨੂੰ ਲੁਕਾਉਣ ਤੇ ਛੁਪਾਉਣ ਲਈ ਇਹ ਲੋਕ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਮੌਜੂਦਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਰਗੀ ਸਖਸ਼ੀਅਤ ਦੀ ਦੁਰਵਰਤੋ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ ਕਿਉਂਕਿ ਇਨ੍ਹਾਂ ਸਭ ਕੌਮ ਵੱਲੋ ਦੁਰਕਾਰੇ ਜਾ ਚੁੱਕੇ ਇਨ੍ਹਾਂ ਦਾਗੀ ਆਗੂਆਂ ਨੂੰ ਜਾਣਕਾਰੀ ਹੈ ਕਿ ਕੌਮ ਨੇ ਸਾਨੂੰ ਹੁਣ ਆਗੂ ਪ੍ਰਵਾਨ ਨਹੀਂ ਕਰਨਾ ?
ਇਸ ਲਈ ਸ. ਸੁਖਬੀਰ ਸਿੰਘ ਬਾਦਲ ਅਤੇ ਇਨ੍ਹਾਂ ਬਾਗੀ ਹੋਏ ਆਗੂਆਂ ਲਈ ਇਹ ਇਕ ਮੌਕਾ ਹੈ ਕਿ ਬੀਤੇ ਸਮੇ ਵਿਚ ਇਨ੍ਹਾਂ ਤੋ ਹੋਈਆ ਬਜਰ ਗੁਸਤਾਖੀਆਂ ਲਈ ਪੂਰੀ ਇਮਾਨਦਾਰੀ ਤੇ ਸੁਹਿਰਦਤਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਦੇ ਸਨਮੁੱਖ ਪੇਸ਼ ਹੋ ਕੇ ਆਪਣੀਆ ਗਲਤੀਆ ਨੂੰ ਜਨਤਕ ਤੌਰ ਤੇ ਪ੍ਰਵਾਨ ਕਰਦੇ ਹੋਏ ਭੁੱਲਾ ਬਖਸਾਉਣ ਤੇ ਆਪਣੀ ਰਹਿੰਦੀ ਜਿੰਦਗੀ ਦੇ ਬਾਕੀ ਸਵਾਸਾਂ ਨੂੰ ਖ਼ਾਲਸਾ ਪੰਥ, ਪੰਜਾਬ ਸੂਬੇ, ਪੰਜਾਬੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੀ 1920 ਵਿਚ ਹੋਦ ਵਿਚ ਆਈ ਕੌਮੀ ਜਥੇਬੰਦੀ ਨੂੰ ਖਾਲਸਾ ਪੰਥ ਦੀਆਂ ਸੁਹਿਰਦ ਸਖਸ਼ੀਅਤਾਂ ਜਿਨ੍ਹਾਂ ਵਿਚ ਸ. ਸਿਮਰਨਜੀਤ ਸਿੰਘ ਮਾਨ, ਨਵੀ ਉੱਭਰੀ ਨੌਜਵਾਨੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੁੱਚੇ ਹੋਰ ਪੰਥਕ ਸਖਸ਼ੀਅਤਾਂ ਦੀ ਸਮੂਹਿਕ ਸਾਂਝੀ ਰਾਏ ਅਨੁਸਾਰ ਖ਼ਾਲਸਾ ਪੰਥ ਨੂੰ ਫਿਰ ਆਪਣੀ ਵਿਰਸੇ ਵਿਰਾਸਤ ਵਾਲੀ ਲੀਹ ਤੇ ਤੋਰਦੇ ਹੋਏ ‘ਆਜਾਦ ਬਾਦਸਾਹੀ ਸਿੱਖ ਰਾਜ (ਖਾਲਿਸਤਾਨ)’ ਨੂੰ ਅਮਲੀ ਤੇ ਕਾਨੂੰਨੀ ਰੂਪ ਵਿਚ ਦੁਨੀਆ ਦੇ ਨਕਸੇ ਤੇ ਕਾਇਮ ਕਰਨ ਲਈ ਆਤਮਿਕ ਤੌਰ ਤੇ ਯੋਗਦਾਨ ਪਾਉਣ । ਅਜਿਹਾ ਅਮਲ ਕਰਕੇ ਹੀ ਬਾਦਲ ਪਰਿਵਾਰ, ਬਾਗੀ ਨਕਾਰੇ ਹੋਏ ਆਗੂ ਆਪਣੇ ਬਚਦੇ ਸਵਾਸਾਂ ਨੂੰ ਸਹੀ ਦਿਸ਼ਾ ਵੱਲ ਲਗਾਕੇ ਆਪਣੀਆ ਹੋਈਆ ਗਲਤੀਆਂ ਦਾ ਪਸਚਾਤਾਪ ਕਰਦੇ ਹੋਏ, ਮੰਝਧਾਰ ਵਿਚ ਡਿੱਕ ਡੋਲੇ ਖਾਦੀ ਬੇੜੀ ਨੂੰ ਕਿਨਾਰੇ ਤੇ ਲਗਾਉਣ ਲਈ ਜਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਦਿੱਲੀ ਤਖ਼ਤ ਦੇ ਗੁਲਾਮ ਬਣਨ ਦੀ ਬਜਾਇ ਅਤੇ ਆਪਣੇ ਮਹਾਨ ਸ੍ਰੀ ਅਕਾਲ ਤਖ਼ਤ ਵੱਲ ਆਪਣਾ ਮੂੰਹ ਤੇ ਆਤਮਾ ਕਰਕੇ ਕੌਮੀ ਮਿਸਨ ਦੀ ਪ੍ਰਾਪਤੀ ਲਈ ਇਮਾਨਦਾਰੀ ਨਾਲ ਸਹਿਯੋਗ ਕਰਨ, ਫਿਰ ਹੀ ਇਨ੍ਹਾਂ ਦੀਆਂ ਦਾਗੋ ਦਾਗ ਹੋਈਆ ਮੁਲੀਨ ਆਤਮਾਵਾ ਉਸ ਅਕਾਲ ਪੁਰਖ ਦੀ ਕਚਹਿਰੀ ਵਿਚ ਪੇਸ ਹੋਣ ਦੇ ਕਾਬਲ ਹੋ ਸਕਣਗੀਆ ਅਤੇ ਇਸ ਦੁਨਿਆਵੀ ਤੇ ਅਗਲੀ ਕਚਹਿਰੀ ਵਿਚ ਸਰੂਖਰ ਹੋ ਸਕਣਗੀਆ ।