ਫਤਵਾ ਪ੍ਰਾਪਤ ਕਰ ਚੁੱਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਐਨ.ਐਸ.ਏ. ਨੂੰ ਇਕ ਸਾਲ ਲਈ ਹੋਰ ਵਧਾਉਣ ਦੀ ਕਾਰਵਾਈ ਬੀਜੇਪੀ-ਆਪ ਦੀ ਸਿੱਖ ਵਿਰੋਧੀ ਸੋਚ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 22 ਜੂਨ ( ) “ਜਦੋ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਸੇ ਕਾਨੂੰਨ, ਇਨਸਾਨੀ ਕਦਰਾਂ ਕੀਮਤਾਂ ਅਤੇ ਸਮਾਜਿਕ ਰਵਾਇਤਾਂ ਦੀ ਉਲੰਘਣਾ ਹੀ ਨਹੀ ਕੀਤੀ ਅਤੇ ਉਹ ਕੇਵਲ ਸਿੱਖ ਕੌਮ ਦੇ ਸਹਿਯੋਗ ਨਾਲ ਖੰਡੇ-ਬਾਟੇ ਤੋ ਤਿਆਰ ਅੰਮ੍ਰਿਤ ਸੰਚਾਰ ਅਤੇ ਨੌਜਵਾਨੀ ਵਿਚ ਨਸਿਆਂ ਦੇ ਸੇਵਨ ਦੇ ਵੱਧਦੇ ਰੁਝਾਨ ਨੂੰ ਰੋਕਣ ਹਿੱਤ ਆਪਣੀ ਸਮਾਜਿਕ ਅਤੇ ਮਨੁੱਖਤਾ ਪੱਖੀ ਜਿੰਮੇਵਾਰੀ ਨੂੰ ਪੂਰਨ ਕਰ ਰਹੇ ਹਨ ਤਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਸੈਟਰ ਦੀ ਮੋਦੀ-ਸਾਹ ਸਰਕਾਰ ਨੇ ਉੱਭਰਦੀ ਸਿੱਖ ਕੌਮੀਅਤ ਤੋ ਚਿੜਕੇ ਮੰਦਭਾਵਨਾ ਦਾ ਗੁਲਾਮ ਬਣਕੇ ਪਹਿਲੇ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆ ਨੂੰ ਗੈਰ ਕਾਨੂੰਨੀ ਢੰਗ ਰਾਹੀ ਐਨ.ਐਸ.ਏ. ਵਰਗਾਂ ਜਾਬਰ ਕਾਨੂੰਨ ਲਾਗੂ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ ਵਿਚ ਲੰਮੇ ਸਮੇ ਤੋ ਰੱਖਕੇ ਕਾਨੂੰਨ ਤੇ ਇਨਸਾਫ ਦੀਆਂ ਧੱਜੀਆ ਉਡਾਈਆਂ । ਹੁਣ ਜਦੋ ਪੰਜਾਬ ਦੇ ਨਿਵਾਸੀਆਂ ਵਿਸੇਸ ਤੌਰ ਤੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਆਪਣੇ ਵੋਟ ਹੱਕ ਦੀ ਵਰਤੋ ਕਰਦੇ ਹੋਏ ਉਨ੍ਹਾਂ ਨੂੰ 1 ਲੱਖ 97 ਹਜਾਰ ਤੋ ਵੱਧ ਵੋਟਾਂ ਦੀ ਸਾਨਦਾਰ ਜਿੱਤ ਬਖਸਕੇ ਉਨ੍ਹਾਂ ਦੇ ਹੱਕ ਵਿਚ ਆਪਣਾ ਫਤਵਾ ਦੇ ਕੇ ਐਮ.ਪੀ ਬਣਾ ਦਿੱਤਾ ਹੈ ਤਾਂ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਲੋਕ ਫਤਵੇ ਦੀ ਇੱਜਤ ਕਰਦੇ ਹੋਏ ਉਨ੍ਹਾਂ ‘ਤੇ ਬਣਾਏ ਸਭ ਝੂਠੇ ਕੇਸ ਵਾਪਸ ਲੈਕੇ ਤੁਰੰਤ ਰਿਹਾਅ ਕਰਨਾ ਬਣਦਾ ਸੀ ਤਾਂ ਉਸ ਸਮੇ ਦੋਵੇ ਸਰਕਾਰਾਂ ਵੱਲੋ ਸਾਂਝੀ ਸਿੱਖ ਵਿਰੋਧੀ ਸਾਜਿਸ ਉਤੇ ਅਮਲ ਕਰਦੇ ਹੋਏ ਇਕ ਸਾਲ ਲਈ ਹੋਰ ਐਨ.ਐਸ.ਏ ਵਧਾਕੇ ਜਿਥੇ ਜਮਹੂਰੀ ਕਦਰਾਂ ਕੀਮਤਾਂ ਦਾ ਜਨਾਜ਼ਾਂ ਕੱਢਿਆ ਗਿਆ ਹੈ, ਉਥੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸੈਟਰ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਜਮਹੂਰੀਅਤ ਦੇ ਵਿਰੁੱਧ ਹੈ । ਜੋ ਹਰ ਤਰ੍ਹਾਂ ਦੀ ਕਾਨੂੰਨੀ ਅਤੇ ਇਨਸਾਫ ਦੇ ਕਾਇਦੇ ਕਾਨੂੰਨਾਂ ਨੂੰ ਨਜਰਅੰਦਾਜ ਕਰਕੇ ਸਿੱਖ ਕੌਮ ਨਾਲ ਵੱਡਾ ਧ੍ਰੋਹ ਕਮਾ ਰਹੀ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਅਤੇ ਸੈਟਰ ਦੀ ਮੋਦੀ-ਸ਼ਾਹ ਬੀਜੇਪੀ-ਆਰ.ਐਸ.ਐਸ ਦੀ ਫਿਰਕੂ ਸਰਕਾਰ ਦੀ ਸਿੱਖ ਵਿਰੋਧੀ ਸੋਚ ਤੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਗੈਰ ਕਾਨੂੰਨੀ, ਗੈਰ ਇਖਲਾਕੀ ਕੀਤੇ ਜਾਣ ਵਾਲੇ ਅਮਲ ਉਪਰੰਤ ਉਥੋ ਦੇ ਅਮਨ ਕਾਨੂੰਨ ਲਈ ਆਉਣ ਵਾਲੇ ਸਮੇ ਵਿਚ ਵਿਸਫੋਟਕ ਸਥਿਤੀ ਬਣਾਉਣ ਤੋ ਦੋਵੇ ਸਰਕਾਰਾਂ ਨੂੰ ਖਬਰਦਾਰ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜਦੋ ਕਿਸੇ ਇਨਸਾਨ ਦੇ ਪੱਖ ਵਿਚ ਜਮਹੂਰੀ ਚੋਣਾਂ ਤੇ ਵੋਟ ਪ੍ਰਣਾਲੀ ਰਾਹੀ ਜਨਤਾ ਉਸਦੇ ਹੱਕ ਵਿਚ ਫਤਵਾ ਦੇ ਦੇਵੇ ਤਾਂ ਇੰਡੀਅਨ ਕਾਨੂੰਨ, ਵਿਧਾਨ ਦੀ ਕੋਈ ਵੀ ਮੱਦ ਜਾਂ ਧਾਰਾ ਉਸਨੂੰ ਜ਼ਬਰੀ ਸੀਖਾਂ ਪਿੱਛੇ ਰੱਖਣ ਦੀ ਇਜਾਜਤ ਨਹੀ ਦਿੰਦੀ । ਪਰ ਸਿੱਖ ਕੌਮ ਦੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਇਸ ਮੁਲਕ ਦੇ ਮੁਤੱਸਵੀ ਹੁਕਮਰਾਨ ਇਹ ਪੰਜਾਬ ਤੇ ਹਕੂਮਤ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਗੈਰ ਵਿਧਾਨਿਕ ਤਰੀਕੇ ਅਪਣਾਕੇ ਸਜਾਵਾਂ ਪੂਰੀਆ ਕਰ ਚੁੱਕੇ 30-30 ਸਾਲਾਂ ਦੇ ਬੰਦੀ ਸਿੰਘਾਂ ਅਤੇ ਲੋਕ ਫਤਵਾ ਪ੍ਰਾਪਤ ਕਰ ਚੁੱਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਰਿਹਾਅ ਕਰਨ ਤੋ ਸਾਜਿਸਾਂ ਕਿਉਂ ਕਰ ਰਹੀਆ ਹਨ ? ਇਨ੍ਹਾਂ ਨੂੰ ਜਬਰੀ ਜੇਲ੍ਹਾਂ ਵਿਚ ਰੱਖਣ ਪਿੱਛੇ ਉਨ੍ਹਾਂ ਦੀ ਕੀ ਵਿਧਾਨਿਕ ਤੇ ਇਖਲਾਕੀ ਦਲੀਲ ਹੈ ? ਉਨ੍ਹਾਂ ਕਿਹਾ ਕਿ ਇਸ ਅਮਲ ਤੋ ਸਾਬਤ ਹੋ ਜਾਂਦਾ ਹੈ ਕਿ ਇਥੇ ਬਹੁਗਿਣਤੀ ਲਈ ਹੋਰ ਕਾਨੂੰਨ ਹਨ ਅਤੇ ਘੱਟ ਗਿਣਤੀ ਕੌਮਾਂ ਲਈ ਹੋਰ । ਉਨ੍ਹਾਂ ਕਿਹਾ ਕਿ ਹੁਕਮਰਾਨ ‘ਸਰਬੱਤ ਦਾ ਭਲਾ’ ਲੋੜਨ ਵਾਲੀ ਅਤੇ ਮੁਲਕ ਦੇ ਹਰ ਖੇਤਰ ਵਿਚ ਵੱਡੇ ਤੋ ਵੱਡਾ ਸੰਕਟ ਆਉਣ ਸਮੇ ਮੋਹਰੀ ਹੋ ਕੇ ਮਨੁੱਖੀ ਫਰਜਾਂ ਦੀ ਪੂਰਤੀ ਕਰਨ ਵਾਲੀ ਅਤੇ ਸਰਹੱਦਾਂ ਤੇ ਸ਼ਹੀਦੀਆਂ ਤੇ ਕੁਰਬਾਨੀਆ ਦੇਣ ਵਾਲੀ ਸਿੱਖ ਕੌਮ ਨੂੰ ਹੁਕਮਰਾਨ ਉਸ ਦਿਸ਼ਾ ਵੱਲ ਕਿਉਂ ਧਕੇਲ ਰਹੇ ਹਨ ਜਿਸਦੀ ਬਦੌਲਤ ਉਨ੍ਹਾਂ ਕੋਲ ਆਪਣਾ ਆਜਾਦ ਖਾਲਿਸਤਾਨ ਕਾਇਮ ਕਰਨ ਤੋ ਬਿਨ੍ਹਾਂ ਹੋਰ ਕੋਈ ਰਾਹ ਹੀ ਨਹੀ ਬਚਦਾ । ਫਿਰ ਜਦੋ ਸਿੱਖ ਖ਼ਾਲਿਸਤਾਨ ਮਿਸਨ ਦੀ ਪ੍ਰਾਪਤੀ ਲਈ ਜਮਹੂਰੀਅਤ ਢੰਗਾਂ ਰਾਹੀ ਅਮਲ ਕਰਦੇ ਹਨ ਫਿਰ ਉਨ੍ਹਾਂ ਨੂੰ ਝੂਠੇ ਕੇਸਾਂ ਵਿਚ ਜਾ ਤਾਂ ਜ਼ਬਰੀ ਬੰਦੀ ਬਣਾਇਆ ਜਾਂਦਾ ਹੈ ਜਾਂ ਫਿਰ ਹਕੂਮਤੀ ਏਜੰਸੀਆ ਅਤੇ ਸਾਜਿਸਾਂ ਰਾਹੀ ਮਰਵਾ ਦਿੱਤਾ ਜਾਂਦਾ ਹੈ । ਫਿਰ ਇਥੇ ਕਾਨੂੰਨ, ਜਮਹੂਰੀਅਤ, ਇਨਸਾਫ ਅਤੇ ਬਰਾਬਰਤਾ ਵਾਲੀ ਨਾਮ ਦੀ ਚੀਜ ਤਾਂ ਕਿਤੇ ਨਜਰ ਨਹੀ ਆਉਦੀ । ਜਿਸ ਉਤੇ ਸਿੱਖ ਕੌਮ ਵਿਸਵਾਸ ਕਰ ਸਕੇ ਕਿ ਉਨ੍ਹਾਂ ਨੂੰ ਇਸ ਮੁਤੱਸਵੀ ਹਿੰਦੂਤਵ ਰਾਜ ਭਾਗ ਵਿਚ ਇਨਸਾਫ ਮਿਲੇਗਾ ? ਫਿਰ ਕਿਉ ਨਾ ਹੁਕਮਰਾਨ ਕਿਸੇ ਤਰ੍ਹਾਂ ਦਾ ਇਨਸਾਨੀ ਖੂਨ ਦਾ ਕਤਰਾ ਵਹਾਉਣ ਤੋ ਬਿਨ੍ਹਾਂ ਸਿੱਖ ਕੌਮ ਨਾਲ 1947 ਤੋ ਪਹਿਲੇ ਕੀਤੇ ਗਏ ਵਾਅਦੇ ਅਨੁਸਾਰ ਇਕ ਆਜਾਦ ਖਿੱਤਾ ਕਾਇਮ ਕਰ ਦਿੰਦੇ ਜਿਥੇ ਸਿੱਖ ਬਿਨ੍ਹਾਂ ਕਿਸੇ ਡਰ ਭੈ ਦਬਾਅ ਤੋ ਅਮਨ ਚੈਨ ਨਾਲ ਆਪਣੀਆ ਜਿੰਦਗੀਆ ਬਸਰ ਕਰ ਸਕਣ ਅਤੇ ਦੂਸਰੇ ਗੁਆਂਢੀ ਮੁਲਕਾਂ ਨਾਲ ਉਹ ਆਪਣੇ ਹਰ ਤਰ੍ਹਾਂ ਦੇ ਸੰਬੰਧ ਕਾਇਮ ਰੱਖਦੇ ਹੋਏ ਕੌਮਾਂਤਰੀ ਪੱਧਰ ਤੇ ਵੱਧ ਫੁੱਲ ਸਕਣ ਅਤੇ ਆਪਣੀ ਮਨੁੱਖਤਾ ਪੱਖੀ ਕੌਮੀਅਤ ਨੂੰ ਪ੍ਰਫੁੱਲਿਤ ਕਰ ਸਕਣ ।