ਸਿੱਖ ਕੌਮ ਨੇ 21 ਜੂਨ ਨੂੰ ‘ਗੱਤਕੇ ਦਿਹਾੜੇ’ ਵੱਜੋਂ ਮਨਾਕੇ ਆਪਣੀ ਕੌਮੀਅਤ ਨੂੰ ਮਜ਼ਬੂਤ ਕੀਤਾ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੂਨ ( ) “ਜਦੋਂ ਹਿੰਦੂਤਵ ਹੁਕਮਰਾਨ ਆਪਣੀ ਕੌਮੀਅਤ ਨੂੰ ਉਤਸਾਹਿਤ ਕਰਨ ਲਈ 21 ਜੂਨ ਦੇ ਦਿਹਾੜੇ ਨੂੰ ਯੋਗਾ ਦਿਵਸ ਵੱਜੋ ਮਨਾਉਦਾ ਹੈ ਤਾਂ ਸਿੱਖ ਕੌਮ ਦੀ ਕੌਮੀਅਤ ਭਾਵਨਾ ਨੂੰ ਉਭਾਰਨ ਤੇ ਮਜਬੂਤ ਕਰਨ ਹਿੱਤ ਹੀ ਅਸੀ ਕੁਝ ਅਰਸਾ ਪਹਿਲੇ 21 ਜੂਨ ਦੇ ਦਿਹਾੜੇ ਨੂੰ ਬਤੌਰ ਗੱਤਕਾ ਦਿਹਾੜਾ ਮਨਾਉਣ ਦੀ ਸੁਰੂਆਤ ਕਰਕੇ, ਹਰ ਜਿ਼ਲ੍ਹੇ, ਹਰ ਤਹਿਸੀਲ ਵਿਖੇ ਗੱਤਕੇ ਦੇ ਮੁਕਾਬਲੇ ਕਰਨ ਅਤੇ ਕੌਮ ਵਿਚ ਕੌਮੀਅਤ ਭਾਵਨਾ ਨੂੰ ਮਜਬੂਤ ਕਰਨ ਦੀ ਜਿੰਮੇਵਾਰੀ ਸੁਰੂ ਕੀਤੀ ਸੀ । ਜਿਸ ਅਧੀਨ ਬੀਤੇ ਕੱਲ੍ਹ ਪੰਜਾਬ ਦੇ ਸਮੁੱਚੇ ਜਿ਼ਲ੍ਹਿਆਂ ਵਿਚ ਸਿੱਖਾਂ ਨੇ ਬਹੁਤ ਉਤਸਾਹ ਤੇ ਸਰਧਾ ਨਾਲ ਮਨਾਉਦੇ ਹੋਏ ਸਿੱਖ ਬੱਚਿਆਂ ਦੇ ਗੱਤਕੇ ਮੁਕਾਬਲੇ ਕਰਵਾਉਣ ਦੀ ਜਿੰਮੇਵਾਰੀ ਨਿਭਾਈ । ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਪਾਰਟੀ ਅਹੁਦੇਦਾਰਾਂ, ਸਮਰੱਥਕਾਂ ਤੇ ਸਿੱਖ ਕੌਮ ਨੂੰ ਜਿਥੇ ਮੁਬਾਰਕਬਾਦ ਦਿੰਦਾ ਹੈ, ਉਥੇ ਨਿਭਾਏ ਗਏ ਕੌਮੀ ਫਰਜ ਪ੍ਰਤੀ ਧੰਨਵਾਦ ਵੀ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 21 ਜੂਨ ਦੇ ਦਿਹਾੜੇ ਨੂੰ ਸਮੁੱਚੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਵੱਲੋ ਸਾਂਝੇ ਤੌਰ ਤੇ ਮਨਾਏ ਜਾਣ ਦੀਆਂ ਜਿੰਮੇਵਾਰੀਆ ਨੂੰ ਪੂਰਨ ਕਰਨ ਉਤੇ ਮੁਬਾਰਕਬਾਦ ਦਿੰਦੇ ਹੋਏ ਅਤੇ ਧੰਨਵਾਦ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜਦੋ 1984 ਵਿਚ ਹੁਕਮਰਾਨਾਂ ਨੇ ਬਲਿਊ ਸਟਾਰ ਦਾ ਹਮਲਾ ਕਰਕੇ ਸਾਡੇ ਗੁਰਧਾਮਾਂ, ਮਹਾਨ ਅਸਥਾਨਾਂ ਨੂੰ ਢਹਿ ਢੇਰੀ ਕੀਤਾ । ਫਿਰ ਨਵੰਬਰ 1984 ਵਿਚ ਸਿੱਖ ਕਤਲੇਆਮ ਕੀਤਾ ਗਿਆ । ਉਸ ਲਈ ਮੁੱਖ ਤੌਰ ਤੇ ਉਸ ਸਮੇ ਦੀ ਹਕੂਮਤ ਕਾਂਗਰਸ ਪਾਰਟੀ ਜਿੰਮੇਵਾਰ ਤੇ ਦੋਸ਼ੀ ਰਹੀ । ਪਰ ਦੁੱਖ ਅਤੇ ਅਫਸੋਸ ਹੈ ਕਿ ਜਿਸ ਪਾਰਟੀ ਨੇ ਇਹ ਗੈਰ ਇਨਸਾਨੀ ਜ਼ਬਰ ਜੁਲਮ ਕੀਤਾ ਉਸ ਪਾਰਟੀ ਨੂੰ ਪੰਜਾਬ ਵਿਚ ਪੰਜਾਬਆਂ ਤੇ ਸਿੱਖਾਂ ਨੇ 7 ਪਾਰਲੀਮੈਟ ਸੀਟਾਂ ਉਤੇ ਜਿੱਤ ਦਿਵਾ ਦਿੱਤੀ ਹੈ । ਜਦੋਕਿ ਅਜਿਹੀ ਜਾਲਮ ਪਾਰਟੀ ਨੂੰ ਤਾਂ ਇਕ ਸੀਟ ਤੇ ਵੀ ਜਿੱਤ ਪ੍ਰਾਪਤ ਨਹੀ ਹੋਣੀ ਚਾਹੀਦੀ ਸੀ । ਇਸਦਾ ਸਪੱਸਟ ਮਤਲਬ ਹੈ ਕਿ ਸਾਡੀ ਸਿੱਖ ਕੌਮੀਅਤ ਦੀ ਭਾਵਨਾ ਮਜ਼ਬੂਤ ਹੋਣ ਦੀ ਬਜਾਇ ਕੰਮਜੋਰ ਹੋਈ ਹੈ । ਪਰ ਜਦੋ 21 ਜੂਨ ਦਾ ਗੱਤਕਾ ਦਿਹਾੜੇ ਦਾ ਦਿਨ ਆਇਆ ਤਾਂ ਸਮੁੱਚੇ ਪੰਜਾਬ ਵਿਚ ਗੱਤਕੇ ਮੁਕਾਬਲੇ ਕਰਵਾਉਦੇ ਹੋਏ ਹਰ ਜਿ਼ਲ੍ਹਾ ਪੱਧਰ ਉਤੇ ਜੋ ਕੌਮ ਨੇ ਆਪਣੀ ਭਾਵਨਾ ਨੂੰ ਮਜਬੂਤੀ ਦਿੱਤੀ ਹੈ, ਉਸਨੇ ਪ੍ਰਤੱਖ ਕਰ ਦਿੱਤਾ ਹੈ ਕਿ ਹੁਕਮਰਾਨ ਸਾਡੇ ਗੁਰਧਾਮਾਂ, ਇਤਿਹਾਸ, ਸਿੱਖਾਂ ਉਤੇ ਹਮਲੇ ਕਰਨ ਉਪਰੰਤ ਵੀ ‘ਸਿੱਖ ਕੌਮੀਅਤ’ ਨੂੰ ਖਤਮ ਕਰਨ ਦੀ ਮੰਦਭਾਵਨਾ ਵਿਚ ਕਾਮਯਾਬ ਨਹੀ ਹੋ ਸਕੀ । ਇਹ ਕੌਮੀਅਤ ਅੱਜ ਵੀ ਜੀਵਤ ਹੈ ।
ਉਨ੍ਹਾਂ ਕਿਹਾ ਕਿ ਇਸ ਕੌਮੀਅਤ ਨੂੰ ਜੀਵਤ ਤੇ ਮਜਬੂਤ ਰੱਖਣ ਹਿੱਤ ਹੀ ਗੁਰੂ ਨਾਨਕ ਸਾਹਿਬ ਦੀ ਵੱਡਮੁੱਲੀ ਸੋਚ ਨੂੰ ਅੱਗੇ ਲਿਜਾਂਦੇ ਹੋਏ ਦੂਸਰੀ ਪਾਤਸਾਹੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਿੱਖਾਂ ਨੂੰ ਅਖਾੜੇ ਲਗਾਉਣ ਦੀ ਸੁਰੂਆਤ ਕੀਤੀ । ਤਾਂ ਕਿ ਸਿੱਖ ਮਾਨਸਿਕ ਅਤੇ ਸਰੀਰਕ ਤੌਰ ਤੇ ਹਰ ਔਖੀ ਤੋ ਔਖੀ ਘੜੀ ਵਿਚ ਵੀ ਮਜਬੂਤ ਰਹਿਣ, ਹਰ ਆਉਣ ਵਾਲੀ ਮੁਸਕਿਲ ਦਾ ਹੌਸਲੇ ਨਾਲ ਮੁਕਾਬਲਾ ਕਰਦੇ ਹੋਏ ਫ਼ਤਹਿ ਪ੍ਰਾਪਤ ਕਰਦੇ ਰਹਿਣ । ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਕੌਮੀਅਤ ਵਾਲੀ ਅਣਖੀਲੀ ਤੇ ਨਿਵੇਕਲੀ ਪਹਿਚਾਣ ਨੂੰ ਉਭਾਰਨ ਹਿੱਤ ਕੇਵਲ ਜੰਗ ਯੁੱਧ ਹੀ ਨਹੀ ਕੀਤੇ, ਬਲਕਿ ਸਾਨੂੰ ਕਲਗੀ, ਬਾਜ, ਘੋੜਸਵਾਰੀ, ਨੇਜਾਬਾਜੀ, ਮੀਰੀ-ਪੀਰੀ ਦੇ ਤਖਤ ਦੀਆਂ ਸੌਗਾਤਾਂ ਦੇ ਕੇ ਰਾਜ ਭਾਗ ਦੀਆਂ ਨਿਸ਼ਾਨੀਆਂ ਦੇ ਮਾਲਕ ਬਣਾਉਣ ਦੀ ਸੋਚ ਨੂੰ ਉਜਾਗਰ ਕੀਤਾ । ਫਿਰ ਦਸਵੇ ਪਾਤਸਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ 14 ਜੰਗਾਂ ਲੜੀਆ । ਫਤਹਿ ਪ੍ਰਾਪਤ ਕਰਦੇ ਹੋਏ ਸਾਨੂੰ ਖੰਡੇ ਬਾਟੇ ਵਿਚੋ ਤਿਆਰ ਅੰਮ੍ਰਿਤ ਦੀ ਬਖਸਿਸ ਕਰਕੇ ਕੰਘਾਂ, ਕੜਾ, ਕਛਹਿਰਾ, ਕੇਸ ਅਤੇ ਕਿਰਪਾਨ ਦੀ ਬਖਸਿਸ ਕਰਦੇ ਹੋਏ ਮਾਨਸਿਕ ਅਤੇ ਸਰੀਰਕ ਤੌਰ ਤੇ ਸਾਨੂੰ ਜੰਗਜੂ ਬਣਾਇਆ । ਤਾਂ ਕਿ ਲੋੜ ਪੈਣ ਤੇ ਸਿੱਖ ਦੁਸਮਣ ਤਾਕਤਾਂ ਨਾਲ ਲੋਹਾ ਲੈ ਸਕਣ ਅਤੇ ਆਪਣੀ ਕੌਮੀਅਤ ਨੂੰ ਜੀਵਤ ਰੱਖਦੇ ਹੋਏ ਰਾਜ ਭਾਗ ਦੇ ਮਾਲਕ ਬਣ ਸਕਣ ਅਤੇ ਆਪਣੀ ਨਿਰਾਲੀ ਤੇ ਅਣਖੀਲੀ ਪਹਿਚਾਣ ਨੂੰ ਸਦਾ ਲਈ ਕਾਇਮ ਰੱਖ ਸਕਣ ।
ਇਸੇ ਸੋਚ ਤਹਿਤ ਅਸੀ ਨਿਰੰਤਰ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਜਨਮ ਦਿਹਾੜਾ, 06 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਘੱਲੂਘਾਰਾ ਸ਼ਹੀਦੀ ਦਿਹਾੜਾ ਅਤੇ 21 ਜੂਨ ਨੂੰ ਗੱਤਕਾ ਦਿਹਾੜਾ ਮਨਾਉਦੇ ਆ ਰਹੇ ਹਾਂ । ਸਿੱਖ ਇਤਿਹਾਸਕਾਰ ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਆਪਣੀਆ ਲਿਖਤਾਂ ਰਾਹੀ ‘ਹਮ ਹਿੰਦੂ ਨਹੀ’ ਦੇ ਸਿਰਲੇਖ ਹੇਠ ਬਾਦਲੀਲ ਢੰਗ ਨਾਲ ਲਿਖਤਾਂ ਲਿਖਕੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਇਕ ਵੱਖਰੀ ਤੇ ਅਣਖੀਲੀ ਕੌਮ ਹੈ । ਅਸੀ ਆਪਣੇ ਬਾਣੇ ਤੇ ਬਾਣੀ ਦੇ ਧਾਰਨੀ ਬਣਕੇ ਹੀ ਆਪਣੀ ਵਿਲੱਖਣਤਾ ਅਤੇ ਕੌਮੀਅਤ ਨੂੰ ਕਾਇਮ ਰੱਖ ਸਕਦੇ ਹਾਂ । ਫਿਰ ਗੁਰੂ ਸਾਹਿਬਾਨ ਨੇ ਕਿਹਾ ਹੈ ‘ਰਾਜ ਬਿਨਾ ਨਾਹਿ ਧਰਮ ਚਲੈ ਹੈ, ਧਰਮ ਬਿਨਾ ਸਭੁ ਦਲੈ ਮਲੈ ਹੈ’ ਉਚਾਰਕੇ ਆਪਣੀ ਕੌਮੀਅਤ ਭਾਵਨਾ ਉਤੇ ਦ੍ਰਿੜ ਰਹਿਣ ਲਈ ਸਾਨੂੰ ਸੰਦੇਸ ਦਿੱਤਾ ਹੈ । ਇਹੀ ਵਜਹ ਹੈ ਕਿ ਜਦੋ ਵੀ ਮੈਨੂੰ ਮੇਰੇ ਪਿੰਡ, ਦਫਤਰ ਜਾਂ ਹੋਰ ਪੰਜਾਬ ਤੇ ਦੂਸਰੇ ਸੂਬਿਆਂ ਵਿਚ ਵਿਚਰਦੇ ਹੋਏ ਸਿੱਖ ਨੌਜਵਾਨੀ ਮਿਲਦੀ ਹੈ ਤਾਂ ਮੈਂ ਉਨ੍ਹਾਂ ਨੂੰ ਦਾੜ੍ਹੀ ਅਤੇ ਕੇਸਾਂ ਦਾ ਪੂਰਨ ਸਤਿਕਾਰ ਕਰਨ ਲਈ ਕਹਿੰਦਾ ਹਾਂ । ਤਾਂ ਕਿ ਸਾਡੀ ਕੌਮੀਅਤ ਨੂੰ ਆਉਣ ਵਾਲੇ ਸਮੇ ਵਿਚ ਕਦੇ ਵੀ ਕੋਈ ਖਤਰਾ ਪੈਦਾ ਨਾ ਹੋਵੇ । ਜਦੋਕਿ ਹੁਕਮਰਾਨ ਤਾਂ ਆਪਣੇ ਗੁੱਝੇ ਮਕਸਦਾਂ ਰਾਹੀ ਸਿੱਖਾਂ, ਮੁਸਲਮਾਨਾਂ, ਇਸਾਈਆ ਨੂੰ ਹਿੰਦੂਤਵ ਵਿਚ ਮੁਲੀਨ ਕਰਨ ਲਈ ਸਭ ਤਰ੍ਹਾਂ ਦੇ ਅਮਲ ਕਰਦੇ ਆ ਰਹੇ ਹਨ । ਇਸ ਲਈ ਸਾਡੇ ਪ੍ਰਚਾਰ ਤੇ ਪ੍ਰਚਾਰਕਾਂ ਨੂੰ ਚਾਹੀਦਾ ਹੈ ਕਿ ਜਿਥੇ ਵੀ ਉਹ ਵਿਚਰਣ ਬੱਚਿਆ ਨੂੰ ਸਿੱਖੀ ਵੱਲ ਪ੍ਰੇਰਿਤ ਕਰਦੇ ਹੋਏ ਪ੍ਰਪੱਕ ਰਹਿਣ ਅਤੇ ਧਰਮ ਪਰਿਵਰਤਨ ਦੀ ਸਾਜਿਸ ਵਿਚ ਨਾ ਫਸਣ ਪ੍ਰਤੀ ਸੁਚੇਤ ਕਰਨ ਅਤੇ ਆਪਣੀ ਕੌਮੀਅਤ ਨੂੰ ਹਰ ਕੀਮਤ ਤੇ ਜੀਊਦਾ ਰੱਖਣ ਦੇ ਫਰਜ ਅਦਾ ਕਰਨ । ਉਨ੍ਹਾਂ ਕਿਹਾ ਕਿ ਜਿਨ੍ਹਾਂ ਤਾਕਤਾਂ ਤੇ ਹਿੰਦੂਤਵ ਆਗੂਆਂ ਨੇ ਸਾਡੇ ਉਨ੍ਹਾਂ ਸਿੱਖਾਂ ਜੋ ਬਾਹਰਲੇ ਮੁਲਕਾਂ ਜਾਂ ਇੰਡੀਆ ਵਿਚ ਆਜਾਦੀ ਪ੍ਰਾਪਤੀ ਲਈ ਸਰਗਰਮ ਹਨ ਉਨ੍ਹਾਂ ਨੂੰ ਸਾਜਿਸਾਂ ਰਾਹੀ ਮਾਰਨ ਦੀ ਨੀਤੀ ਬਣਾਈ ਹੈ । ਜਿਵੇ ਬੀਤੇ ਸਮੇ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦੇ ਕਤਲ ਕੀਤੇ ਹਨ । ਇਨ੍ਹਾਂ ਕਾਤਲਾਂ ਵਿਚ ਵਜੀਰ ਏ ਆਜਮ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸਾਹ, ਰੱਖਿਆ ਵਜੀਰ ਰਾਜਨਾਥ ਸਿੰਘ, ਵਿਦੇਸ ਵਜੀਰ ਜੈਸੰਕਰ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਦੇ ਮੁੱਖੀ ਰਵੀ ਸਿਨ੍ਹਾ, ਸਾਬਕਾ ਰਾਅ ਮੁੱਖੀ ਸੰਮਤ ਗੋਇਲ ਆਦਿ ਨੇ ਅਸਲੀਅਤ ਵਿਚ ਸਾਡੀ ਕੌਮੀਅਤ ਨੂੰ ਖਤਮ ਕਰਨ ਲਈ ਅਜਿਹੇ ਮਨੁੱਖਤਾ ਮਾਰੂ ਅਮਲ ਕੀਤੇ ਹਨ। ਲੇਕਿਨ ਸਮੁੱਚੇ ਪੰਜਾਬ ਵਿਚ ਸਿੱਖਾਂ ਨੇ ਮਜਬੂਤੀ ਤੇ ਉਤਸਾਹ ਨਾਲ ਗੱਤਕੇ ਦਿਹਾੜੇ ਨੂੰ ਸਾਨੋ ਸੌਕਤ ਨਾਲ ਮਨਾਕੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਇਹ ਤਾਕਤਾਂ ਸਾਡੀ ਕੌਮੀਅਤ ਨੂੰ ਸਾਜਿਸਾਂ ਤੇ ਗੈਰ ਕਾਨੂੰਨੀ ਅਮਲਾਂ ਰਾਹੀ ਕਦੀ ਖਤਮ ਨਹੀ ਕਰ ਸਕਦੇ । ਆਪਣੀ ਕੌਮੀਅਤ ਨੂੰ ਇਸੇ ਤਰ੍ਹਾਂ ਜਿਊਦਾ ਰੱਖਦੇ ਹੋਏ ਸਾਨੂੰ ਬਾਣੇ ਤੇ ਬਾਣੀ ਰਾਹੀ ਮੁਕਾਬਲਾ ਕਰਦੇ ਹੋਏ ਆਪਣੇ ਸੱਚ ਹੱਕ ਤੇ ਪਹਿਰਾ ਦਿੰਦੇ ਰਹਿਣਾ ਚਾਹੀਦਾ ਹੈ । ਤਦ ਹੀ ਅਸੀ ਆਪਣੇ ਆਜਾਦ ਖਾਲਿਸਤਾਨ ਦੇ ਰਾਜ ਭਾਗ ਦੇ ਮਿਸਨ ਨੂੰ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਸਕਾਂਗੇ ਅਤੇ ਆਪਣੀ ਨਿਵੇਕਲੀ ਤੇ ਅਣਖੀਲੀ ਪਹਿਚਾਣ ਦਾ ਕੌਮਾਂਤਰੀ ਪੱਧਰ ਤੇ ਡੰਕਾ ਵਜਾਉਣ ਦੇ ਸਮਰੱਥ ਹੋ ਸਕਾਂਗੇ ।