ਕੰਗਣਾ ਵੱਲੋਂ ‘ਕੌਰ ਖ਼ਾਲਿਸਤਾਨੀ’ ਕਹਿਕੇ ਭੜਕਾਹਟ ਪੈਦਾ ਕਰਨ ਤੇ ਹੀ ਥੱਪੜ੍ਹ ਵੱਜਿਆ, ਜੋ ਗਲਤ ਨਹੀਂ ਸੀ, ਕੁਲਵਿੰਦਰ ਕੌਰ ਤੇ ਪਰਚਾ ਦਰਜ ਕਰਨ ਨੂੰ ਸਹਿਣ ਨਹੀ ਕਰਾਂਗੇ : ਮਾਨ
ਫ਼ਤਹਿਗੜ੍ਹ ਸਾਹਿਬ, 07 ਜੂਨ ( ) “ਜੋ ਬੀਤੇ ਦਿਨੀਂ ਚੰਡੀਗੜ੍ਹ ਹਵਾਈ ਅੱਡੇ ਉਤੇ ਹਿਮਾਚਲੀ ਐਕਟਰ ਕੰਗਣਾ ਵੱਲੋ ਪਹੁੰਚਣ ਤੇ, ਡਿਊਟੀ ਤੇ ਤਾਇਨਾਤ ਸੀ.ਆਈ.ਐਸ.ਐਫ ਦੀ ਬੀਬੀ ਕੁਲਵਿੰਦਰ ਕੌਰ ਨੇ ਜਦੋ ਉਸਨੂੰ ਆਪਣਾ ਫੋਨ ਤੇ ਹੋਰ ਸਮਾਨ ਦੀ ਤਲਾਸੀ ਲੈਣ ਲਈ ਕਿਹਾ ਜੋ ਕਿ ਉਸਦੀ ਡਿਊਟੀ ਸੀ, ਉਪਰੰਤ ਕੰਗਣਾ ਵੱਲੋ ਕੁਲਵਿੰਦਰ ਕੌਰ ਨੂੰ ਤਲਾਸੀ ਦੇਣ ਦੀ ਬਜਾਇ ‘ਕੌਰ ਖ਼ਾਲਿਸਤਾਨੀ’ ਦੇ ਨਾਮ ਨਾਲ ਪੁਕਾਰਨ ਉਤੇ ਜੋ ਭੜਕਾਹਟ ਪੈਦਾ ਕੀਤੀ ਗਈ ਅਤੇ ਜੋ ਉਸਨੇ ਗੈਰ ਕਾਨੂੰਨੀ ਅਮਲ ਕੀਤਾ, ਪੰਜਾਬੀਆਂ ਤੇ ਸਿੱਖ ਕੌਮ ਬਾਰੇ ਗਲਤ ਸ਼ਬਦਾਵਲੀ ਦੀ ਵਰਤੋ ਕਰਨ ਦੀ ਬਦੌਲਤ ਹੀ ਸਿੱਖੀ ਅਣਖ ਦਾ ਥੱਪੜ੍ਹ ਵੱਜਣ ਦੇ ਹਾਲਾਤ ਪੈਦਾ ਹੋਏ । ਬੀਬੀ ਕੁਲਵਿੰਦਰ ਕੌਰ ਦੀ ਇਸ ਵਿਚ ਕੋਈ ਗਲਤੀ ਨਹੀ ਸੀ । ਇਸਦੇ ਬਾਵਜੂਦ ਵੀ ਚੰਡੀਗੜ੍ਹ ਪੁਲਿਸ ਵੱਲੋ ਮੁਤੱਸਵੀ ਹੁਕਮਰਾਨਾਂ ਦੀ ਸਰਪ੍ਰਸਤੀ ਕਰਦੇ ਹੋਏ ਜੋ ਬੀਬੀ ਕੁਲਵਿੰਦਰ ਕੌਰ ਉਤੇ ਗੈਰ ਕਾਨੂੰਨੀ ਢੰਗ ਨਾਲ ਕੇਸ ਰਜਿਸਟਰਡ ਕਰਨ ਅਤੇ ਸੀ.ਆਈ.ਐਸ.ਐਫ ਦੀ ਫੋਰਸ ਵੱਲੋ ਉਸ ਬੀਬੀ ਨੂੰ ਬਿਨ੍ਹਾਂ ਕਿਸੇ ਜਾਂਚ ਦੇ ਆਦੇਸ ਦੇਣ ਤੋ ਸਸਪੈਡ ਕਰਨ ਦੀ ਕਾਰਵਾਈ ਤਾਂ ਬਿਲਕੁਲ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਹੈ । ਜਦੋਕਿ ਕੇਸ ਤਾਂ ਉਸ ਬੀਬੀ ਕੰਗਣਾ ਤੇ ਕਰਨਾ ਬਣਦਾ ਹੈ ਜਿਸਨੇ ਡਿਊਟੀ ਤੇ ਤਾਇਨਾਤ ਬੀਬਾ ਨੂੰ ਤਲਾਸੀ ਦੇਣ ਤੋ ਨਾਂਹ ਕਰਕੇ ਅਤੇ ਉਸ ਸਿੱਖ ਬੀਬੀ ਲਈ ਕੌਰ ਖ਼ਾਲਿਸਤਾਨੀ ਦਾ ਭੜਕਾਹਟ ਵਾਲਾ ਸ਼ਬਦ ਵਰਤਕੇ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਗੁਸਤਾਖੀ ਕੀਤੀ ਹੈ, ਜੋ ਕਿ ਉਸਦੀ ਲੰਮੇ ਸਮੇ ਤੋਂ ਭੱਦੀ ਸ਼ਬਦਾਵਲੀ ਵਾਲੀ ਬਿਆਨਬਾਜੀ ਦਾ ਨਤੀਜਾ ਵੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਚੰਡੀਗੜ੍ਹ ਹਵਾਈ ਅੱਡੇ ਉਤੇ ਹਿਮਾਚਲ ਦੀ ਪਹਿਲੋ ਹੀ ਬਦਨਾਮ ਅਤੇ ਪੰਜਾਬੀਆਂ ਤੇ ਸਿੱਖ ਕੌਮ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਨ ਵਾਲੀ ਬੀਬੀ ਕੰਗਣਾ ਦੇ ਥੱਪੜ੍ਹ ਵੱਜਣ ਅਤੇ ਡਿਊਟੀ ਤੇ ਤਾਇਨਾਤ ਬੀਬੀ ਕੁਲਵਿੰਦਰ ਕੌਰ ਦੀ ਅਣਖ ਨੂੰ ਚੁਣੋਤੀ ਦੇਣ ਦੀ ਕਾਰਵਾਈ ਉਪਰੰਤ ਚੰਡੀਗੜ੍ਹ ਪੁਲਿਸ ਵੱਲੋ ਬੀਬੀ ਕੁਲਵਿੰਦਰ ਕੌਰ ਉਤੇ ਬਿਨ੍ਹਾਂ ਕਿਸੇ ਦਲੀਲ, ਕਾਨੂੰਨ ਦੇ ਕੇਸ ਦਰਜ ਕਰਨ ਅਤੇ ਸੀ.ਆਈ.ਐਸ.ਐਫ ਦੀ ਫੋਰਸ ਵੱਲੋ ਬੀਬਾ ਨੂੰ ਸਸਪੈਡ ਕਰਨ ਦੀ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਹੋਈ ਹਕੂਮਤੀ ਦੁੱਖਦਾਇਕ ਅਮਲ ਉਤੇ ਮੁੜ ਵਿਚਾਰ ਕਰਕੇ ਸਿੱਖ ਮਨਾਂ ਵਿਚ ਉੱਠੇ ਰੋਹ ਨੂੰ ਸ਼ਾਂਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਅਮਲ ਚੰਡੀਗੜ੍ਹ ਪੁਲਿਸ ਅਤੇ ਸੀ.ਆਈ.ਐਸ.ਐਫ ਦੇ ਮੁੱਖੀ ਵੱਲੋ ਕੀਤਾ ਗਿਆ ਹੈ, ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਲਈ ਅਸਹਿ ਹੈ । ਜਿਸ ਨੂੰ ਕਤਈ ਬਰਦਾਸਤ ਨਹੀ ਕੀਤਾ ਜਾਵੇਗਾ । ਇਸ ਲਈ ਹੁਕਮਰਾਨਾਂ ਲਈ ਬਿਹਤਰ ਹੋਵੇਗਾ ਕਿ ਉਹ ਬੀਬਾ ਕੁਲਵਿੰਦਰ ਕੌਰ ਉਤੇ ਕੀਤੇ ਗਏ ਰਜਿਸਟਰਡ ਕੇਸ ਅਤੇ ਉਸ ਨੂੰ ਸਸਪੈਡ ਕਰਨ ਦੇ ਗੈਰ ਕਾਨੂੰਨੀ ਹੁਕਮਾਂ ਉਤੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਉੱਠਣ ਵਾਲੇ ਰੋਹ ਤੋ ਪਹਿਲੇ ਹੀ ਉਸਨੂੰ ਸ਼ਾਂਤ ਕਰ ਲਿਆ ਜਾਵੇ । ਤਾਂ ਕਿ ਸਥਿਤੀ ਕਿਸੇ ਤਰ੍ਹਾਂ ਵਿਸਫੌਟਕ ਨਾ ਬਣ ਸਕੇ ।
ਸ. ਮਾਨ ਨੇ ਬਾਹਰਲੇ ਮੁਲਕ ਦੇ ਜਿਨ੍ਹਾਂ ਸਿੱਖਾਂ ਵੱਲੋ ਬੀਬੀ ਕੁਲਵਿੰਦਰ ਕੌਰ ਵੱਲੋ ਆਪਣੀ ਡਿਊਟੀ ਪੂਰਨ ਕਰਦੇ ਹੋਏ ਅਤੇ ਆਪਣੀ ਪੰਜਾਬੀ ਤੇ ਸਿੱਖੀ ਅਣਖ ਨੂੰ ਕਾਇਮ ਰੱਖਦੇ ਹੋਏ ਜੋ ਅਮਲ ਕੀਤਾ ਗਿਆ ਹੈ, ਉਸਨੂੰ ਸਹੀ ਕਰਾਰ ਦਿੰਦੇ ਹੋਏ ਜੋ ਉਨ੍ਹਾਂ ਸਿੱਖਾਂ ਵੱਲੋ ਬੀਬੀ ਕੁਲਵਿੰਦਰ ਕੌਰ ਨੂੰ 5 ਲੱਖ ਰੁਪਏ ਅਤੇ ਹੋਰ ਵੱਡੀਆ ਰਕਮਾਂ ਦੀ ਸਹਾਇਤਾ ਵੱਜੋ ਦੇਣ ਦੇ ਐਲਾਨ ਕੀਤੇ ਗਏ ਹਨ ਅਤੇ ਸਿੱਖੀ ਸੰਸਥਾਵਾਂ ਤੇ ਸਿੱਖਾਂ ਵੱਲੋ ਇਸ ਬੀਬੀ ਨੂੰ ਹਰ ਤਰ੍ਹਾਂ ਸਹਿਯੋਗ ਕਰਨ ਤੇ ਮੁਤੱਸਵੀ ਹੁਕਮਰਾਨਾਂ ਦੀ ਨੌਕਰੀ ਕਰਨ ਦੀ ਬਜਾਇ ਖਾਲਸਾ ਪੰਥ ਦੀ ਸੇਵਾ ਕਰਨ ਤਜਵੀਜ ਭੇਜੀ ਗਈ ਹੈ ਅਤੇ ਇਸ ਬੀਬੀ ਨੂੰ ਸਨਮਾਨ ਕਰਦੇ ਹੋਏ ਸਿੱਖ ਕੌਮ ਵਿਚ ਅੱਗੇ ਲਿਆਉਣ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ਸਿੱਖਾਂ ਤੇ ਸਿੱਖੀ ਭਾਵਨਾਵਾ ਦੀ ਕਦਰ ਕਰਦੇ ਹੋਏ ਅਜਿਹੇ ਅਣਖੀ ਸਿੱਖਾਂ ਦਾ ਵੀ ਧੰਨਵਾਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਬੀਬਾ ਦੇ ਨਾਲ ਡੱਟਕੇ ਖੜ੍ਹਨ ਦੀ ਵੀ ਗੱਲ ਕੀਤੀ ਹੈ ।