ਪ੍ਰਸਿੱਧ ਕਵੀ ਅਤੇ ਲੇਖਕ ਸੁਰਜੀਤ ਪਾਤਰ ਦੇ ਹੋਏ ਅਕਾਲ ਚਲਾਣੇ ਉਤੇ ਸ. ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 12 ਮਈ ( ) “ਸ੍ਰੀ ਸੁਰਜੀਤ ਪਾਤਰ ਜੋ ਬਹੁਤ ਹੀ ਉੱਘੇ ਕਵੀ ਅਤੇ ਲੇਖਕ ਸਨ, ਜਿਨ੍ਹਾਂ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਇਨਸਾਨੀਅਤ ਨੂੰ ਆਪਣੀਆਂ ਲਿਖਤਾਂ ਰਾਹੀ ਬਹੁਤ ਹੀ ਅੱਛੇ ਅਤੇ ਸਮਾਜ ਪੱਖੀ ਢੰਗ ਨਾਲ ਅਗਵਾਈ ਦਿੱਤੀ ਅਤੇ ਸਮਾਜ ਦੇ ਵੱਖ-ਵੱਖ ਪਹਿਲੂਆਂ, ਰੀਤੀ-ਰਿਵਾਜਾਂ, ਮਰਿਯਾਦਾਵਾਂ ਉਤੇ ਅੱਛੀ ਸ਼ਬਦਾਵਲੀ ਰਾਹੀ ਕਵਿਤਾਵਾਂ ਲਿਖਕੇ ਵਿਅੰਗ ਵੀ ਕਰਦੇ ਰਹੇ ਅਤੇ ਅਗਵਾਈ ਵੀ ਕਰਦੇ ਰਹੇ, ਬੀਤੇ ਦਿਨੀਂ ਉਨ੍ਹਾਂ ਦੇ ਅਚਾਨਕ ਹੋਏ ਅਕਾਲ ਚਲਾਣੇ ਉਤੇ ਸਮੁੱਚੇ ਪੰਜਾਬ ਸੂਬੇ ਵਿਚ ਇਕ ਸੋਗ ਦੀ ਲਹਿਰ ਦੌੜ ਗਈ । ਕਿਉਂਕਿ ਉਨ੍ਹਾਂ ਦੀਆਂ ਲਿਖਤਾਂ ਤੇ ਉਨ੍ਹਾਂ ਦੀ ਸਖਸ਼ੀਅਤ ਨੂੰ ਪਿਆਰ ਕਰਨ ਵਾਲੇ ਲੱਖਾਂ ਹੀ ਪੰਜਾਬੀ ਦੇ ਮਨਾਂ ਉਤੇ ਗਹਿਰਾ ਸਦਮਾ ਪਹੁੰਚਿਆ ਹੈ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਨੇ ਉਨ੍ਹਾਂ ਦੀ ਸਰੀਰਕ ਮੌਤ ਹੋ ਜਾਣ ਤੇ ਸ੍ਰੀ ਸੁਰਜੀਤ ਪਾਤਰ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਤੇ ਸਮੁੱਚੇ ਪੰਜਾਬੀਆਂ ਨਾਲ ਜਾਹਰ ਕਰਦੇ ਹੋਏ ਹਮਦਰਦੀ ਪ੍ਰਗਟ ਕੀਤੀ । ਉਥੇ ਉਨ੍ਹਾਂ ਦੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਸ. ਮਾਨ ਤੇ ਸਮੁੱਚੇ ਪਾਰਟੀ ਅਹੁਦੇਦਾਰਾਂ ਵੱਲੋ ਸਮੂਹਿਕ ਅਰਦਾਸ ਵੀ ਕੀਤੀ ਗਈ । ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬੀਆਂ ਕੋਲੋ ਬਹੁਤ ਹੀ ਨਿੱਘਾ ਲੇਖਕ ਅਤੇ ਸ਼ਬਦਾਂ ਨੂੰ ਅੱਛੇ ਢੰਗ ਨਾਲ ਹਰ ਵਿਸੇ ਉਤੇ ਗੱਲ ਕਰਨ ਵਾਲੀ ਸਖਸ਼ੀਅਤ ਖੁੱਸ ਗਈ ਹੈ ਜਿਸ ਨਾਲ ਕਦੀ ਵੀ ਨਾ ਪੂਰਾ ਹੋਣ ਵਾਲਾ ਅਸਹਿ ਘਾਟਾ ਪਿਆ ਹੈ । ਅਸੀ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ, ਉਥੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਅਤੇ ਪੰਜਾਬੀਆਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿਸ ਕਰਨ ਦੀ ਅਰਜੋਈ ਵੀ ਕਰਦੇ ਹਾਂ । ਇਸ ਦੁੱਖ ਦੀ ਘੜੀ ਵਿਚ ਸ. ਮਾਨ ਤੋ ਇਲਾਵਾ ਅਰਦਾਸ ਕਰਨ ਵਾਲਿਆ ਵਿਚ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ, ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ, ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਪਰਮਿੰਦਰ ਸਿੰਘ ਬਾਲਿਆਵਾਲੀ ਆਦਿ ਆਗੂ ਹਾਜਰ ਸਨ ।