ਫਰੀਦਕੋਟ (ਰਾਖਵਾਂ) ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ. ਬਲਦੇਵ ਸਿੰਘ ਗਗੜਾ ਹੀ ਹਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 07 ਮਈ ( ) “ਅੱਜ ਦੇ ਰੋਜਾਨਾ ਪਹਿਰੇਦਾਰ ਅਖ਼ਬਾਰ ਵਿਚ ਜੋ ਪੰਨਾ 8 ਉਤੇ “ਸਰਬਜੀਤ ਸਿੰਘ ਮਲੋਆ ਦੀ ਚੋਣ ਮੁਹਿੰਮ ਨੇ ਧਾਰਿਆ ਵਿਰੋਲੇ ਦਾ ਰੂਪ, ਨੌਜਵਾਨ ਕਰ ਰਹੇ ਨੇ ਸਮੂਲੀਅਤ” ਦੇ ਸਿਰਲੇਖ ਹੇਠ ਪ੍ਰਕਾਸਿਤ ਹੋਈ ਖਬਰ ਦੇ ਇਹ ਅੰਸ ਸੱਚਾਈ ਤੋਂ ਕੋਹਾ ਦੂਰ ਹਨ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਫ਼ਰੀਦਕੋਟ ਦੇ ਉਮੀਦਵਾਰ ਸ. ਬਲਦੇਵ ਸਿੰਘ ਗਗੜਾ ਨੂੰ ਚੋਣ ਮੈਦਾਨ ਵਿਚੋਂ ਸ. ਸਰਬਜੀਤ ਸਿੰਘ ਮਲੋਆ ਦੇ ਹੱਕ ਵਿਚ ਬਿਠਾ ਲਿਆ ਗਿਆ ਹੈ । ਜਦੋਕਿ ਫਰੀਦਕੋਟ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅੱਜ ਵੀ ਸ. ਬਲਦੇਵ ਸਿੰਘ ਗਗੜਾ ਹੀ ਹਨ ਜੋ ਰੋਜਾਨਾ ਚੋਣ ਪ੍ਰਚਾਰ ਵਿਚ ਜਾ ਰਹੇ ਹਨ । ਜਿਨ੍ਹਾਂ ਨੂੰ ਇਸ ਹਲਕੇ ਦੇ ਵੋਟਰਾਂ ਦੇ ਬਹੁਤ ਵੱਡੇ ਹਿੱਸੇ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ । ਇਸ ਲਈ ਪਾਰਟੀ ਉਮੀਦਵਾਰ ਵਿਰੋਧੀਆਂ ਵੱਲੋਂ ਬੈਠ ਜਾਣ ਬਾਰੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਫਰੀਦਕੋਟ ਹਲਕੇ ਤੋਂ ਪੂਰੇ ਜੋਰ-ਸੋਰ ਨਾਲ ਜੰਗ ਲੜਦਾ ਹੋਇਆ ਜਿੱਤ ਵੱਲ ਵੱਧ ਰਿਹਾ ਹੈ । ਇਸ ਲਈ ਫਰੀਦਕੋਟ ਲੋਕ ਸਭਾ ਹਲਕੇ ਦੇ ਨਿਵਾਸੀ ਅਤੇ ਵੋਟਰ ਬਿਲਕੁਲ ਵੀ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਵਿਚ ਨਾ ਆਉਣ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ. ਬਲਦੇਵ ਸਿੰਘ ਗਗੜਾ ਨੂੰ ਸਹਿਯੋਗ ਦੇ ਕੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਵਿਚ ਯੋਗਦਾਨ ਪਾਉਣ ।”
ਇਹ ਜਾਣਕਾਰੀ ਅੱਜ ਇਥੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਮੁੱਖ ਦਫਤਰ ਤੋ ਫਰੀਦਕੋਟ ਲੋਕ ਸਭਾ ਹਲਕੇ ਦੇ ਵੋਟਰਾਂ ਤੇ ਨਿਵਾਸੀਆਂ ਨੂੰ, ਵਿਰੋਧੀ ਪਾਰਟੀਆਂ ਵੱਲੋ ਸ. ਬਲਦੇਵ ਸਿੰਘ ਗਗੜਾ ਦੇ ਬੈਠ ਜਾਣ ਸੰਬੰਧੀ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋ ਸੁਚੇਤ ਰਹਿਣ ਅਤੇ ਸ. ਬਲਦੇਵ ਸਿੰਘ ਗਗੜਾ ਨੂੰ ਹਰ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਜਿਥੋ ਤੱਕ ਸ. ਗੁਰਸੇਵਕ ਸਿੰਘ ਜਵਾਹਰਕੇ ਦਾ ਸੰਬੰਧ ਹੈ, ਉਹ ਪਾਰਟੀ ਦੇ ਅਨੁਸਾਸਨ ਦਾ ਉਲੰਘਣ ਕਰਕੇ ਪਾਰਟੀ ਉਮੀਦਵਾਰ ਸ. ਬਲਦੇਵ ਸਿੰਘ ਗਗੜਾ ਦੇ ਲਈ ਕੰਮ ਕਰਨ ਦੀ ਬਜਾਇ ਆਜਾਦ ਉਮੀਦਵਾਰ ਦੀ ਮਦਦ ਕਰ ਰਹੇ ਹਨ, ਜੋ ਸਹਿਣਯੋਗ ਨਹੀ ਹੈ । ਜਦੋਕਿ ਸ. ਜਵਾਹਰਕੇ ਪਹਿਲਾ ਬਾਦਲ ਦਲ ਅਤੇ ਫਿਰ ਆਮ ਆਦਮੀ ਪਾਰਟੀ ਵਿਚ ਚਲੇ ਗਏ ਸਨ, ਪਰ ਇਸਦੇ ਬਾਵਜੂਦ ਵੀ ਪਾਰਟੀ ਨੇ ਇਨ੍ਹਾਂ ਨੂੰ ਸਾਮਿਲ ਕਰਕੇ ਸਤਿਕਾਰ ਦਿੱਤਾ ਸੀ, ਜਿਸ ਨੂੰ ਉਹ ਕਾਇਮ ਰੱਖਣ ਵਿਚ ਅਸਫਲ ਸਾਬਤ ਹੋਏ । ਦੂਸਰਾ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਤਾਂ ਬਹੁਤ ਸਮਾਂ ਪਹਿਲੇ ਹੀ ਪਾਰਟੀ ਨੂੰ ਛੱਡਕੇ ਚਲੇ ਗਏ ਸਨ । ਇਨ੍ਹਾਂ ਦਾ ਪਾਰਟੀ ਉਮੀਦਵਾਰ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀ ਅਤੇ ਨਾ ਹੀ ਸ. ਗੁਰਸੇਵਕ ਸਿੰਘ ਜਵਾਹਰਕੇ ਅਤੇ ਕਾਹਨਸਿੰਘਵਾਲਾ ਨੂੰ ਕਿਸੇ ਤਰ੍ਹਾਂ ਦੀ ਝੂਠੀ ਬਿਆਨਬਾਜੀ ਕਰਨ ਦਾ ਕੋਈ ਕਾਨੂੰਨੀ, ਨੈਤਿਕ ਹੱਕ ਹੈ ਅਤੇ ਨਾ ਹੀ ਫਰੀਦਕੋਟ ਦੇ ਨਿਵਾਸੀਆ ਤੇ ਵੋਟਰਾਂ ਨੂੰ ਸ. ਬਲਦੇਵ ਸਿੰਘ ਗਗੜਾ ਉਮੀਦਵਾਰ ਫਰੀਦਕੋਟ ਤੇ ਪਾਰਟੀ ਸੰਬੰਧ ਵਿਚ ਕਿਸੇ ਤਰ੍ਹਾਂ ਦੀ ਕੀਤੀ ਜਾ ਰਹੀ ਗੁੰਮਰਾਹਕੁੰਨ ਬਿਆਨਬਾਜੀ ਉਤੇ ਵਿਸਵਾਸ ਕਰਨਾ ਚਾਹੀਦਾ ਹੈ । ਸ. ਟਿਵਾਣਾ ਨੇ ਅਜਿਹੀਆ ਗੁੰਮਰਾਹਕੁੰਨ ਖਬਰਾ ਪ੍ਰਕਾਸਿਤ ਕਰਨ ਵਾਲੇ ਪੱਤਰਕਾਰਾਂ ਤੇ ਅਖਬਾਰਾਂ ਨੂੰ ਵੀ ਸੰਜਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਅਫਵਾਹਾਂ ਰਾਹੀ ਹੋ ਰਹੇ ਪ੍ਰਚਾਰ ਦੀ ਪਹਿਲਾ ਹਰ ਤਰ੍ਹਾਂ ਦੇ ਤੱਥ ਅਤੇ ਸੱਚਾਈ ਤੋ ਜਾਣਨ ਤੋ ਬਾਅਦ ਹੀ ਕਿਸੇ ਕਿਸਮ ਦੀ ਖਬਰ ਪ੍ਰਕਾਸਿਤ ਕਰਨੀ ਚਾਹੀਦੀ ਹੈ ਤਾਂ ਕਿ ਅਖਬਾਰਾਂ ਤੇ ਪੱਤਰਕਾਰਾਂ ਉਤੇ ਇਥੋ ਦੇ ਨਿਵਾਸੀਆ ਦਾ ਵਿਸਵਾਸ ਬਣਿਆ ਰਹੇ ਅਤੇ ਜਮਹੂਰੀਅਤ ਕਦਰਾਂ ਕੀਮਤਾਂ ਕਾਇਮ ਰਹਿ ਸਕਣ।