ਦੇਸ਼ ਵਾਸੀਆ ਨੂੰ ਚਾਹੀਦਾ ਹੈ ਕਿ ਸਵਾਰਥੀ ਸੋਚ ਵਾਲੇ “ਦਲ-ਬਦਲੂਆਂ” ਨੂੰ ਹਾਰ ਦੇ ਕੇ ਮਨੁੱਖਤਾ ਪੱਖੀ ਸੋਚ ਰੱਖਣ ਵਾਲੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ ( ) “ਇੰਡੀਆਂ ਦੇ ਸਮੁੱਚੇ ਸੂਬਿਆਂ ਵਿਚ ਇਹ ਅਤਿ ਮਾੜੀ ਪਿਰਤ ਭਾਰੂ ਹੋਣ ਦੇ ਅਮਲ ਸਾਹਮਣੇ ਆ ਰਹੇ ਹਨ ਕਿ ਜੇਕਰ ਕੋਈ ਸਿਆਸੀ ਪਾਰਟੀ ਆਪਣੇ ਕਿਸੇ ਆਗੂਆਂ ਨੂੰ ਚੋਣ ਉਮੀਦਵਾਰ ਨਹੀ ਬਣਾਉਦੀ ਅਤੇ ਜੋ ਆਗੂ ਆਪਣੀ ਮਾਤ ਪਾਰਟੀ ਨੂੰ ਛੱਡਕੇ ਆਪਣੇ ਸਵਾਰਥੀ ਤੇ ਮਾਲੀ ਹਿੱਤਾ ਦੀ ਪੂਰਤੀ ਲਈ ਦੂਸਰੀ ਪਾਰਟੀ ਵਿਚ ਉਮੀਦਵਾਰ ਬਣਨ ਲਈ ਜਾਂਦਾ ਹੈ, ਤਾਂ ਉਹ ਕੇਵਲ ਸਮਾਜ ਜਾਂ ਮਨੁੱਖਤਾ ਪੱਖੀ ਸੋਚ ਦਾ ਮਾਲਕ ਨਾ ਹੋ ਕੇ ਆਪਣੇ ਨਿੱਜੀ ਮੁਫਾਦਾ ਦਾ ਗੁਲਾਮ ਬਣਕੇ ਅਜਿਹਾ ਕਰਦਾ ਹੈ । ਚੋਣਾਂ ਦੇ ਮੌਸਮ ਵਿਚ ਪਾਰਟੀਆਂ ਬਦਲਣ ਵਾਲਿਆ ਦੀ ਬਹੁਤੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ 3-3, 4-4 ਪਾਰਟੀਆਂ ਬਦਲਕੇ ‘ਟਿਕਟੂ’ ਬਣਕੇ ਸਿਧਾਤਾਂ ਤੇ ਸੋਚ ਨੂੰ ਤਿਲਾਜਲੀ ਦੇ ਚੁੱਕੇ ਹਨ । ਅਜਿਹੇ ਆਗੂਆਂ ਤੋ ਮੁਲਕ, ਸਮਾਜ, ਕੌਮ ਜਾਂ ਮਨੁੱਖਤਾ ਦੀ ਕਿਸੇ ਤਰ੍ਹਾਂ ਦੀ ਬਿਹਤਰੀ ਦੀ ਕੋਈ ਉਮੀਦ ਨਹੀ ਰੱਖੀ ਜਾ ਸਕਦੀ । ਕਿਉਂਕਿ ਅਜਿਹੇ ਆਗੂ ਗਲਤ ਢੰਗਾਂ ਰਾਹੀ ਧਨ-ਦੌਲਤਾਂ, ਜਾਇਦਾਦਾਂ ਦੇ ਭੰਡਾਰ ਇਕੱਤਰ ਕਰਨ ਜਾਂ ਆਪਣੀਆ ਸਿਆਸੀ ਚੌਧਰਾਂ ਨੂੰ ਹਰ ਕੀਮਤ ਤੇ ਕਾਇਮ ਰੱਖਣ ਹਿੱਤ ਕਿਸੇ ਵੀ ਨੀਵੇ ਤੋ ਨੀਵੇ ਪੱਧਰ ਤੱਕ ਜਾ ਸਕਦੇ ਹਨ । ਫਿਰ ਮੁਲਕ ਨਿਵਾਸੀਆਂ ਤੇ ਇਥੋ ਦੇ ਸੂਝਵਾਨ ਵੋਟਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਦਲ-ਬਦਲੂਆਂ ਨੂੰ ਪੂਰਨ ਰੂਪ ਵਿਚ ਨਕਾਰਕੇ ਅਜਿਹੇ ਉਮੀਦਵਾਰਾਂ ਨੂੰ ਵੋਟਾਂ ਰਾਹੀ ਅੱਗੇ ਲਿਆਉਣ ਜੋ ਤਿਆਗ, ਸਬਰ, ਨਿਮਰਤਾ ਅਤੇ ਅਸਲੀਅਤ ਵਿਚ ਮਨੁੱਖਤਾ ਦੀ ਸੇਵਾ ਕਰਨ ਦੀ ਵਿਚਾਰਧਾਰਾ ਰੱਖਦੇ ਹੋਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਲਕ ਵਿਚ ਅਤਿ ਨੀਵੇ ਪੱਧਰ ਦੀ ਦਿਸ਼ਾ ਵੱਲ ਵੱਧਦੀ ਜਾ ਰਹੀ ਸਿਆਸਤ ਅਤੇ ਸਵਾਰਥੀ ਸੋਚ ਵਾਲੇ ਆਗੂਆਂ ਦੇ ਦਿਸ਼ਾਹੀਣ ਅਮਲਾਂ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਵੋਟਰਾਂ ਨੂੰ ਬਗਲਿਆ ਤੇ ਹੰਸਾਂ ਦੀ ਪਹਿਚਾਣ ਕਰਨ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਵੋਟਰ ਵਰਗ ਬਿਨ੍ਹਾਂ ਕਿਸੇ ਦੁਨਿਆਵੀ ਲਾਲਚ, ਬਰਾਦਰੀ, ਜਾਤ-ਪਾਤ ਦੇ ਵਲਗਣਾਂ ਤੋ ਉਪਰ ਉੱਠਕੇ ਚੰਗੇ ਇਖਲਾਕ ਵਾਲੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀ ਜਿੰਮੇਵਾਰੀ ਨਿਭਾਏਗਾ, ਤਦ ਹੀ ਅਸੀ ਅਜਿਹੇ ਇਨਸਾਨਾਂ ਦੁਆਰਾ ਬਣਨ ਵਾਲੀ ਸਰਕਾਰ ਤੋ ਮੁਲਕ ਨਿਵਾਸੀਆ ਦੀ ਬਿਹਤਰੀ ਦੀ ਉਮੀਦ ਕਰ ਸਕਦੇ ਹਾਂ । ਵਰਨਾ ਅਡਾਨੀ, ਅੰਬਾਨੀ ਵਰਗੇ ਧਨਾਂਢ ਚੋਰਾ, ਲੁਟੇਰਿਆ ਦੀ ਸਰਪ੍ਰਸਤੀ ਕਰਨ ਵਾਲੇ ‘ਅਲੀ ਬਾਬਾ 40 ਚੋਰਾਂ ਦਾ’ ਟੋਲਾ ਹੀ ਰਾਜ ਪ੍ਰਬੰਧ ਦੀ ਅਗਵਾਈ ਕਰਦਾ ਰਹੇਗਾ । ਜੋ ਸਮਾਜ ਪੱਖੀ ਨਤੀਜੇ ਨਹੀ ਦੇ ਸਕਦਾ । ਇਸ ਲਈ ਸਮੂਹ ਮੁਲਕ ਨਿਵਾਸੀਆ ਨੂੰ ਚਾਹੀਦਾ ਹੈ ਕਿ ਉਹ ਦਲ-ਬਦਲੂਆਂ ਨੂੰ ਇਨ੍ਹਾਂ ਚੋਣਾਂ ਵਿਚ ਪੂਰਨ ਰੂਪ ਵਿਚ ਦੁਰਕਾਰ ਦੇਣ ਅਤੇ ਉੱਚੇ-ਸੁੱਚੇ ਇਖਲਾਕ ਵਾਲੇ ਉਮੀਦਵਾਰਾਂ ਨੂੰ ਜਿਤਾਉਣ, ਭਾਵੇ ਕਿ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਕਿਉਂ ਨਾ ਹੋਣ । ਅਜਿਹਾ ਉੱਦਮ ਕਰਕੇ ਹੀ ਇਥੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲਾ, ਇਨਸਾਫ ਪਸੰਦ, ਰਿਸਵਤ ਅਤੇ ਜਬਰ ਜੁਲਮ ਤੋ ਰਹਿਤ ਰਾਜ ਪ੍ਰਬੰਧ ਕਾਇਮ ਕਰ ਸਕਾਂਗੇ । ਵਰਨਾ ਬੀਤੇ 77 ਸਾਲਾਂ ਤੋ ਚੱਲਦਾ ਆ ਰਿਹਾ ਅਤਿ ਦੋਸਪੂਰਨ ਰਾਜ ਪ੍ਰਬੰਧ ਵਿਚ ਕੋਈ ਸੁਧਾਰ ਨਹੀ ਹੋ ਸਕੇਗਾ । ਭਾਵੇ ਮੁਲਕ ਨਿਵਾਸੀ ਐਨਾ ਹੋਰ ਲੰਮਾਂ ਸਮਾਂ ਇਨ੍ਹਾਂ ਲੁਟੇਰਿਆ, ਧਨਾਢਾਂ, ਡਾਕੂਆਂ ਅਤੇ ਸਿਧਾਤਹੀਣ ਸਿਆਸਤਦਾਨਾਂ ਨੂੰ ਸਤ੍ਹਾ ਤੋ ਪਾਸੇ ਕਰਨ ਲਈ ਲੜਦੇ ਰਹਿਣ ।
ਉਨ੍ਹਾਂ ਕਿਹਾ ਕਿ ਜੇਕਰ ਅਜੋਕੇ ਸਮੇ ਦੇ 60-65 ਦੀ ਉਮਰ ਤੋ ਟੱਪ ਚੁੱਕੇ ਬਜੁਰਗ ਅਤੇ ਨੌਜਵਾਨ ਪੜ੍ਹਿਆ-ਲਿਖਿਆ ਵੋਟਰ ਸਹੀ ਮਾਇਨਿਆ ਵਿਚ ਇਥੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਅਤੇ ਆਉਣ ਵਾਲੀਆ ਨਸ਼ਲਾਂ ਦੀ ਬਿਹਤਰੀ ਕਰਨ ਦੀ ਸੋਚ ਰੱਖਦੇ ਹਨ, ਤਾਂ ਸਭਨਾਂ ਨੂੰ ਸਮੂਹਿਕ ਤੌਰ ਤੇ ਲੰਮੇ ਸਮੇ ਤੋ ਚੱਲਦੀ ਆ ਰਹੀ ਦੋਸਪੂਰਨ ਰਾਜ ਪ੍ਰਬੰਧ ਦੀ ਰਵਾਇਤ ਨੂੰ ਖਤਮ ਕਰਨ ਲਈ ਸੁਹਿਰਦ ਯਤਨ ਕਰਨੇ ਪੈਣਗੇ ਅਤੇ ਉੱਚੇ ਇਖਲਾਕ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਲਈ ਦ੍ਰਿੜ ਹੋਣਾ ਪਵੇਗਾ । ਅਜਿਹੇ ਅਮਲ ਕਰਕੇ ਹੀ ਅਸੀ ਆਪਣੀਆ ਆਉਣ ਵਾਲੀਆ ਨਸ਼ਲਾਂ ਦੇ ਭਵਿੱਖ ਨੂੰ ਰੌਸਨ ਬਣਾਉਣ ਅਤੇ ਇਨਸਾਨੀ ਕਦਰਾਂ ਕੀਮਤਾਂ ਮਜਬੂਤ ਕਰ ਸਕਾਂਗੇ । ਇਸ ਸਮੇ ਜੋ ਮੁਲਕ ਵਿਚ ਅਲੀ ਬਾਬਾ 40 ਚੋਰਾਂ ਦੀ ਸੋਚ ਵਾਲਿਆ ਦਾ ਨਿਜਾਮ ਚੱਲ ਰਿਹਾ ਹੈ ਅੱਜ ਉਹ ਆਪਣੇ ਗੋਦੀ ਮੀਡੀਏ ਰਾਹੀ ਸੱਚ ਦੀ ਆਵਾਜ ਨੂੰ ਦਬਾਕੇ, ਝੂਠ ਪਾਖੰਡ ਨੂੰ ਉਜਾਗਰ ਕਰ ਰਹੇ ਹਨ । ਜਿਨ੍ਹਾਂ ਬਗਲੇ ਰੂਪੀ ਸਿਆਸਤਦਾਨਾਂ ਨੂੰ ਪਹਿਚਾਣਕੇ ਉਨ੍ਹਾਂ ਨੂੰ ਤਕੜੀ ਹਾਰ ਦੇਣੀ ਪਵੇਗੀ । ਇੰਡੀਆਂ ਦੇ ਵੋਟਰ ਜੋ ਜਮਹੂਰੀਅਤ-ਲੋਕਤੰਤਰ ਦੀ ਅਸਲ ਸ਼ਕਤੀ ਹਨ, ਉਨ੍ਹਾਂ ਨੂੰ ਆਪਣੀ ਵੋਟ ਸਕਤੀ ਨੂੰ ਸਮਝਦੇ ਹੋਏ ਅਮਲ ਕਰਨੇ ਪੈਣਗੇ । ਤਾਂ ਕਿ ਚੋਰਾ, ਡਾਕੂਆ, ਲੁਟੇਰਿਆ, ਅਬਾਨੀ, ਅਡਾਨੀ ਵਰਗੇ ਮੁਲਕ ਨਿਵਾਸੀਆ ਦੇ ਹਿੱਤਾ ਨਾਲ ਖਿਲਵਾੜ ਕਰਨ ਵਾਲੇ ਧਨਾਢਾਂ ਨੂੰ ਸਤ੍ਹਾ ਤੋ ਦੂਰ ਰੱਖਿਆ ਜਾ ਸਕੇ ਅਤੇ ਇਥੇ ਅਮਲੀ ਰੂਪ ਵਿਚ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੀ ਸੋਚ ਤੇ ਅਧਾਰਿਤ ‘ਹਲੀਮੀ ਰਾਜ’ ਸਥਾਪਿਤ ਹੋ ਸਕੇ ।