ਸਮੁੱਚੀਆਂ ਕਿਸਾਨ ਜਥੇਬੰਦੀਆਂ ਲਈ ਸੈਂਟਰ ਸਰਕਾਰ ਦੇ ਜ਼ਬਰ ਵਿਰੁੱਧ ਅਲੀ-ਅਲੀ ਕਰਕੇ ਪੈਣ ਦਾ ਸਮਾਂ ਆ ਚੁੱਕਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 24 ਫਰਵਰੀ ( ) “ਕਿਸਾਨ ਵਰਗ ਵੱਲੋਂ ਜੋ ਆਪਣੀਆਂ ਜਾਇਜ ਮੰਗਾਂ ਦੀ ਪੂਰਤੀ ਲਈ ਅਮਨਮਈ ਤੇ ਜ਼ਮਹੂਰੀਅਤ ਢੰਗ ਨਾਲ ਸੰਘਰਸ਼ ਵਿੱਢਿਆ ਹੋਇਆ ਹੈ, ਸੈਟਰ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪੂਰਨ ਕਰਨ ਦੀ ਬਜਾਇ ਉਨ੍ਹਾਂ ਉਤੇ ਗੈਰ ਵਿਧਾਨਿਕ ਢੰਗ ਰਾਹੀ ਜ਼ਬਰ ਜੁਲਮ ਢਾਹੁੰਣ, ਕਿਸਾਨਾਂ ਨੂੰ ਮਾਰਨ, ਜਖਮੀ ਕਰਨ ਤੇ ਉਤਰ ਆਈ ਹੈ । ਭਾਵੇ ਇਨਸਾਫ਼ ਪ੍ਰਾਪਤੀ ਦਾ ਸੰਘਰਸ਼ ਕਿਸੇ ਵੀ ਕਿਸਾਨ ਆਗੂ ਜਾਂ ਕਿਸੇ ਵੀ ਕਿਸਾਨ ਜਥੇਬੰਦੀ ਵੱਲੋਂ ਸੁਰੂ ਕੀਤਾ ਗਿਆ ਹੋਵੇ, ਜਦੋ ਅਜਿਹੇ ਸੰਘਰਸ਼ ਸੰਬੰਧੀ ਜੰਗ ਲੱਗ ਚੁੱਕੀ ਹੋਵੇ, ਤਾਂ ਵੱਖ-ਵੱਖ ਜਰਨੈਲਾਂ ਦੇ ਅਧੀਨ ਕੰਮ ਕਰ ਰਹੀਆ ਫ਼ੌਜਾਂ ਨੂੰ ਆਪਣੀ ਫ਼ਤਹਿ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਗਿੱਲੇ-ਸਿਕਵਿਆ ਅਤੇ ਵਖਰੇਵਿਆ ਨੂੰ ਪਾਸੇ ਰੱਖਕੇ ਦੁਸ਼ਮਣ ਨੂੰ ਅਲੀ-ਅਲੀ ਕਰਕੇ ਪੈਣ ਵਿਚ ਹੀ ਫਤਹਿ ਪ੍ਰਾਪਤ ਹੁੰਦੀ ਹੈ ਨਾ ਕਿ ਦੋਚਿੱਤੀ ਵਿਚ ਰਹਿਣ ਕਰਕੇ । ਇਸ ਲਈ ਮੇਰੀ ਸਭ ਕਿਸਾਨ ਜਥੇਬੰਦੀਆਂ, ਸਿਆਸੀ ਸੰਗਠਨਾਂ, ਸਮਾਜਿਕ-ਧਾਰਮਿਕ ਸੰਗਠਨਾਂ, ਸਮੁੱਚੇ ਪੰਜਾਬੀਆਂ, ਸਿੱਖਾਂ ਤੇ ਮੁਲਕ ਦੇ ਕਿਸਾਨ ਵਰਗ ਨੂੰ ਵਿਸੇਸ ਤੌਰ ਤੇ ਹਰਿਆਣਾ ਦੇ ਕਿਸਾਨਾਂ ਨੂੰ ਇਹ ਅਪੀਲ ਹੈ ਕਿ ਉਹ ਇਕਤਾਕਤ ਹੋ ਕੇ ਬਾਰਡਰਾਂ ਉਤੇ ਵੱਡੀ ਗਿਣਤੀ ਵਿਚ ਪਹੁੰਚਣ ਤੇ ਆਪਣੇ ਸੰਘਰਸ਼ ਨੂੰ ਦ੍ਰਿੜਤਾ ਨਾਲ ਅੱਗੇ ਵਧਾਉਣ ਲਈ ਉੱਦਮ ਕਰਨ ਤਾਂ ਕਿ ਕਿਸਾਨ ਵਰਗ ਨਾਲ ਸੈਟਰ ਸਰਕਾਰ ਵੱਲੋ ਕੀਤੀਆ ਜਾ ਰਹੀਆ ਬੇਇਨਸਾਫ਼ੀਆਂ ਤੇ ਵਿਤਕਰਿਆ ਦਾ ਸਮੂਹਿਕ ਰੂਪ ਵਿਚ ਖਾਤਮਾ ਕੀਤਾ ਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਅਤੇ ਦੂਸਰੇ ਧਾਰਮਿਕ, ਸਮਾਜਿਕ ਸੰਗਠਨਾਂ, ਪੰਜਾਬੀਆਂ, ਸਿੱਖਾਂ ਨੂੰ ਸੈਟਰ ਦੇ ਜ਼ਬਰ ਵਿਰੁੱਧ ਇਕ ਹੋ ਕੇ ਅਲੀ-ਅਲੀ ਕਰਕੇ ਪੈਣ ਦੀ ਜੋਰਦਾਰ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੋ ਵੀ ਕੁਝ ਤਸੱਲੀ ਮਹਿਸੂਸ ਕੀਤੀ ਕਿ ਜਦੋ ਵੀ ਪੰਜਾਬ ਸੂਬੇ, ਪੰਜਾਬੀਆਂ ਜਾਂ ਸਿੱਖ ਕੌਮ ਨਾਲ ਹੁਕਮਰਾਨਾਂ ਨੇ ਜਿਆਦਤੀਆਂ, ਜ਼ਬਰ ਜੁਲਮ ਕੀਤੇ ਤਾਂ ਇਥੋ ਦਾ ਸੂਝਵਾਨ ਹਿੰਦੂ ਚੁੱਪ ਰਹਿਕੇ ਸਮਾਂ ਲੰਘਾਉਦਾ ਰਿਹਾ । ਜਦੋਕਿ ਇਹ ਲੜਾਈ ਹਿੰਦੂ-ਸਿੱਖ ਜਾਂ ਕੌਮਾਂ ਵਿਚ ਨਹੀ ਹੈ ਇਹ ਤਾਂ ਸਮੁੱਚੇ ਪੰਜਾਬੀਆਂ ਅਤੇ ਪੰਜਾਬ ਦੀ ਹੋਦ ਦੀ ਹੈ । ਹੁਣ ਇਸ ਸਮੇ ਬਹੁਤ ਸਾਰੇ ਵਿਦਵਾਨ ਹਿੰਦੂਆਂ ਨੇ ਕਿਸਾਨਾਂ ਦੇ ਵੱਡੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਅਤੇ ਸਰਕਾਰ ਵੱਲੋ ਜਬਰ ਵਿਰੁੱਧ ਆਵਾਜ ਉਠਾਉਦੇ ਹੋਏ ਸੈਂਟਰ ਦੀ ਮੋਦੀ ਹਕੂਮਤ ਦੀ ਦਲੀਲ ਨਾਲ ਨਿਖੇਧੀ ਵੀ ਕੀਤੀ ਹੈ ਅਤੇ ਕਿਸਾਨਾਂ ਦੇ ਵਿਧਾਨਿਕ ਹੱਕ ਸੰਬੰਧੀ ਆਵਾਜ ਵੀ ਉਠਾਈ ਹੈ ਜਿਨ੍ਹਾਂ ਵਿਚ ਸੁਪਰੀਮ ਕੋਰਟ ਦੇ ਇਕ ਹਿੰਦੂ ਵਕੀਲ, ਪੰਜਾਬ ਦੇ ਕਈ ਹਿੰਦੂ ਵੀਰ, ਇਥੋ ਤੱਕ ਅੱਜ ਸੈਟਰ ਦੇ ਟਰਾਸਪੋਰਟ ਵਜੀਰ ਜੋ ਆਪਣੇ ਨੇਕ ਤੇ ਇਮਾਨਦਾਰੀ ਨਾਲ ਮਸਹੂਰ ਹਨ, ਉਨ੍ਹਾਂ ਨੇ ਵੀ ਆਪਣੇ ਹੀ ਵਜੀਰ ਏ ਆਜਮ ਦੇ ਇਸ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਵਤੀਰੇ ਉਤੇ ਸਖਤ ਲਫਜ ਵਰਤਦੇ ਹੋਏ ਵਿਧਾਨ ਨੂੰ ਕੁੱਚਲਣ ਦੀ ਗੱਲ ਕਹਿੰਦੇ ਹੋਏ ਵਜੀਰ ਏ ਆਜਮ ਨੂੰ ਆਪਣੇ ਵੱਲੋ ਲਏ ਗਲਤ ਸਟੈਂਡ ਉਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ । ਜਿਨ੍ਹਾਂ ਸਖਸੀਅਤਾਂ ਦੀ ਅਸੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹਾਂ ਅਤੇ ਇਹ ਵੀ ਗੱਲ ਕਹਿੰਦੇ ਹਾਂ ਕਿ ਜਦੋ ਤੱਕ ਸੂਝਵਾਨ ਹਿੰਦੂ ਕੱਟੜਵਾਦੀ ਜਨੂੰਨ ਵਿਚੋ ਬਾਹਰ ਨਿਕਲਕੇ ਮਨੁੱਖਤਾ ਤੇ ਇਨਸਾਫ਼ ਦੀ ਆਵਾਜ ਨਹੀ ਉਠਾਉਦਾ, ਉਦੋ ਤੱਕ ਹਕੂਮਤਾਂ ਤੇ ਸਰਕਾਰਾਂ ਇਥੇ ਵੱਸਣ ਵਾਲੇ ਸਭ ਵਰਗਾਂ ਦੇ ਲੋਕਾਂ ਨਾਲ ਜਿਆਦਤੀਆ ਕਰਦੀਆ ਰਹਿਣਗੀਆ । ਇਸ ਲਈ ਅੱਜ ਸਮੇ ਦੀ ਨਿਜਾਕਤ ਇਹ ਮੰਗ ਕਰਦੀ ਹੈ ਕਿ ਇਨਸਾਫ ਦੇ ਹੱਕ ਵਿਚ ਖੜ੍ਹਨ ਵਾਲੇ ਅਤੇ ਜ਼ਬਰ ਵਿਰੁੱਧ ਡੱਟਣ ਵਾਲੇ ਹਿੰਦੂ ਵੀਰ ਵੀ ਆਪਣੀਆ ਸਮਾਜਿਕ, ਇਖਲਾਕੀ ਜਿੰਮੇਵਾਰੀਆ ਨੂੰ ਪੂਰਨ ਕਰਦੇ ਹੋਏ ਕਿਸਾਨ ਵਰਗ ਉਤੇ ਹੋ ਰਹੇ ਜ਼ਬਰ ਨਾਲ ਸ੍ਰੀ ਗਡਕਰੀ ਤੇ ਹੋਰਨਾਂ ਹਿੰਦੂ ਆਗੂਆਂ ਦੀ ਤਰ੍ਹਾਂ ਸਟੈਡ ਲੈਣ ਤਾਂ ਕਿ ਅਸੀ ਇਸ ਮੁਲਕ ਵਿਚ ਸਥਾਈ ਤੌਰ ਤੇ ਅਮਨ ਚੈਨ ਤੇ ਜਮਹੂਰੀਅਤ ਕਾਇਮ ਕਰ ਸਕੀਏ ਅਤੇ ਕੋਈ ਵੀ ਵਰਗ ਹੀਣ ਭਾਵਨਾ ਵਿਚ ਨਾ ਜੀ ਸਕੇ । ਬਲਕਿ ਬਿਨ੍ਹਾਂ ਕਿਸੇ ਡਰ-ਭੈ ਦੇ ਬਰਾਬਰੀ ਦੇ ਹੱਕ ਦਾ ਆਨੰਦ ਮਾਣਦੇ ਹੋਏ ਹਰ ਖੇਤਰ ਵਿਚ ਤਰੱਕੀ ਵੀ ਕਰ ਸਕੇ ਅਤੇ ਮੁਲਕ ਤੇ ਮੁਲਕ ਨਿਵਾਸੀਆ ਲਈ ਬਿਹਤਰੀ ਵਿਚ ਯੋਗਦਾਨ ਪਾ ਸਕੇ ।