ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਪੰਜਾਬੀ ਬੱਚਿਆਂ ਨੂੰ ਨਰਸਰੀ ਤੇ ਪ੍ਰੀ ਨਰਸਰੀ ਦੇ ਦਾਖਲੇ ਵਿਚ ਲਗਾਈ ਰੋਕ ਗੈਰ ਵਿਧਾਨਿਕ ਅਤੇ ਅਸਹਿ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 18 ਨਵੰਬਰ ( ) “ਜੋ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਨਰਸਰੀ ਤੇ ਪ੍ਰੀ-ਨਰਸਰੀ ਦੇ ਦਾਖਲਿਆ ਵਿਚ ਪੰਜਾਬੀ ਬੱਚਿਆਂ ਦੇ ਦਾਖਲੇ ਉਤੇ ਰੋਕ ਲਗਾਉਣ ਦਾ ਵਿਤਕਰੇ ਭਰਿਆ ਫੈਸਲਾ ਕੀਤਾ ਗਿਆ ਹੈ, ਇਹ ਕੇਵਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਤ ਬੱਚਿਆਂ ਨਾਲ ਹੀ ਘੋਰ ਵਿਤਕਰਾ ਨਹੀ ਬਲਕਿ ਇਹ ਅਮਲ ਸੈਟਰ ਦੀ ਮੁਤੱਸਵੀ ਮੋਦੀ ਹਕੂਮਤ ਦੀ ਪੰਜਾਬ ਸੂਬੇ, ਪੰਜਾਬੀ ਬੋਲੀ ਅਤੇ ਸਿੱਖ ਕੌਮ ਵਿਰੋਧੀ ਸਾਜਿਸ ਦੇ ਹਿੱਸੇ ਦੀ ਨਿੰਦਣਯੋਗ ਕੜੀ ਦਾ ਹਿੱਸਾ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਖ਼ਤ ਸ਼ਬਦਾਂ ਵਿਚ ਘੋਰ ਨਿੰਦਾ ਕਰਦਾ ਹੈ, ਉਥੇ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਅਤੇ ਸੈਟਰ ਦੇ ਹੁਕਮਰਾਨਾਂ ਨੂੰ ਅਜਿਹੀਆ ਕਾਰਵਾਈਆ ਤੋ ਨਿਕਲਣ ਵਾਲੇ ਭਿਆਨਕ ਨਤੀਜਿਆ ਤੋ ਖਬਰਦਾਰ ਕਰਦੇ ਹੋਏ ਨੇਕ ਸਲਾਹ ਦਿੰਦਾ ਹੈ ਕਿ ਇਸ ਕੀਤੇ ਜਾ ਰਹੇ ਵਿਤਕਰੇ ਭਰੇ ਅਮਲ ਨੂੰ ਤੁਰੰਤ ਵਾਪਸ ਲੈਕੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਉੱਠੇ ਵੱਡੇ ਰੋਹ ਨੂੰ ਸ਼ਾਂਤ ਕਰੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੰਡੀਗੜ੍ਹ ਦੀ ਸੈਟਰ ਦੀ ਮੋਦੀ ਹਕੂਮਤ ਅਧੀਨ ਚੱਲ ਰਹੇ ਪ੍ਰਸ਼ਾਸ਼ਨ ਵੱਲੋ ਚੰਡੀਗੜ੍ਹ ਦੇ ਸਕੂਲਾਂ ਵਿਚ ਪੰਜਾਬੀ ਬੱਚਿਆਂ ਦੇ ਦਾਖਲੇ ਉਤੇ ਲਗਾਈ ਗਈ ਨਫਰਤ ਭਰੀ ਰੋਕ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਉਤੇ ਨਿਕਲਣ ਵਾਲੇ ਨਤੀਜਿਆ ਲਈ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਇਹ ਕੇਵਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੀ ਹਕੂਮਤੀ ਅਮਲ ਨਹੀ ਹਨ ਬਲਕਿ ਚੰਡੀਗੜ੍ਹ ਦਾ ਸਮੁੱਚਾ ਖੇਤਰਫਲ ਜੋ ਅਸਲ ਵਿਚ ਪੰਜਾਬੀਆਂ ਤੇ ਪੰਜਾਬ ਦੇ ਜਿੰਮੀਦਾਰਾਂ ਨੂੰ ਉਜਾੜਕੇ ਬਣਾਇਆ ਗਿਆ ਸੀ ਅਤੇ ਜਿਸਦੀ ਪੂਰੀ ਖੇਤਰਫਲ ਦੀ ਧਰਤੀ ਉਤੇ ਪੰਜਾਬ ਸੂਬੇ ਤੇ ਪੰਜਾਬੀਆਂ ਦੀ ਮਲਕੀਅਤ ਦਾ ਕਾਨੂੰਨੀ ਹੱਕ ਹੈ, ਉਸ ਹੱਕ ਨੂੰ ਖਤਮ ਕਰਨ ਦੀ ਮੰਦਭਾਵਨਾ ਭਰੀ ਸੋਚ ਅਧੀਨ ਅਜਿਹੇ ਅਮਲ ਕੀਤੇ ਜਾ ਰਹੇ ਹਨ ਤਾਂ ਕਿ ਹੌਲੀ-ਹੌਲੀ ਸੈਟਰ ਦੇ ਮੁਤੱਸਵੀ ਹੁਕਮਰਾਨ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਉਤੇ ਦਾਅਵੇ ਕੀਤੇ ਜਾਣ ਵਾਲੇ ਆਪਣੇ ਹੱਕ ਤੋ ਵਿਰਵੇ ਹੋ ਸਕਣ । ਪੰਜਾਬ ਸੂਬੇ ਤੇ ਪੰਜਾਬੀਆਂ ਨੂੰ ਚੰਡੀਗੜ੍ਹ ਤੋ ਦੂਰ ਕਰ ਦਿੱਤਾ ਜਾਵੇ । ਜੋ ਸੈਟਰ ਦੇ ਹੁਕਮਰਾਨ ਅਤੇ ਉਨ੍ਹਾਂ ਦੀ ਜੀ ਹਜੂਰੀ ਕਰਨ ਵਾਲੀ ਚੰਡੀਗੜ੍ਹ ਦੀ ਅਫਸਰਸਾਹੀ ਅਜਿਹੇ ਪੰਜਾਬ, ਪੰਜਾਬੀ ਬੋਲੀ ਅਤੇ ਪੰਜਾਬੀਅਤ ਬੋਲੀ ਵਿਰੋਧੀ ਨਿਰੰਤਰ ਅਮਲ ਕਰਦੀ ਆ ਰਹੀ ਹੈ, ਉਨ੍ਹਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਪੰਜਾਬ ਦੀ ਗੁਰੂਆਂ ਦੀ ਪਵਿੱਤਰ ਧਰਤੀ ਉਤੇ ਕਦੀ ਵੀ ਕਿਸੇ ਦੂਸਰੇ ਹਮਲਾਵਰ ਨੂੰ ਪੰਜਾਬੀਆਂ ਤੇ ਸਿੱਖ ਕੌਮ ਨੇ ਕਾਬਜ ਨਹੀ ਹੋਣ ਦਿੱਤਾ । ਜੋ ਅਫਸਰਸਾਹੀ ਅਜਿਹੀਆ ਸਾਜਿਸਾਂ ਵਿਚ ਸਾਮਿਲ ਹੋ ਕੇ ਅਜਿਹੇ ਪੰਜਾਬ ਵਿਰੋਧੀ ਅਮਲ ਕਰ ਰਹੀ ਹੈ ਉਨ੍ਹਾਂ ਨੂੰ ਬੀਤੇ ਸਮੇ ਦੇ ਪੰਜਾਬੀਆਂ ਤੇ ਸਿੱਖ ਕੌਮ ਦੇ ਫਖ਼ਰਨੁਮਾ ਆਪਣੀ ਬੋਲੀ, ਭਾਸ਼ਾ, ਵਿਰਸੇ, ਵਿਰਾਸਤ ਨੂੰ ਪਿਆਰ ਕਰਨ ਵਾਲੀਆ ਕਾਰਵਾਈਆ ਦੇ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਹੈ ਤਾਂ ਕਿ ਪੰਜਾਬੀਆਂ ਨੂੰ ਮਜਬੂਰ ਹੋ ਕੇ ਅਜਿਹੇ ਵਿਸੇ ਤੇ ਕੋਈ ਸਖਤ ਕਦਮ ਨਾ ਉਠਾਉਣੇ ਪੈਣ । ਇਸ ਲਈ ਉਨ੍ਹਾਂ ਲਈ ਬਿਹਤਰ ਹੋਵੇਗਾ ਕਿ ਉਹ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਣ ਦੀਆਂ ਕਾਰਵਾਈਆ ਤੋ ਤੋਬਾ ਕਰਕੇ ਇਸ ਪੰਜਾਬੀ ਬੱਚਿਆਂ ਦੇ ਦਾਖਲੇ ਤੇ ਲਗਾਈ ਰੋਕ ਦੇ ਹੁਕਮਾਂ ਨੂੰ ਤੁਰੰਤ ਵਾਪਸ ਲੈਣ ।