ਜਦੋਂ ਅਸੀਂ ਕਿਸੇ ਤਰ੍ਹਾਂ ਦੇ ਸਮਝੋਤੇ ਕਰਨ ਜਾਂ ਨਾ ਕਰਨ ਸੰਬੰਧੀ ਕੋਈ ਨੀਤੀ ਬਿਆਨ ਹੀ ਨਹੀ ਦਿੱਤਾ, ਫਿਰ ਜਥੇਦਾਰ ਰਣਜੀਤ ਸਿੰਘ ਵੱਲੋ ਅਜਿਹੀ ਬਿਆਨਬਾਜੀ ਮੁਨਾਸਿਬ ਨਹੀ : ਮਾਨ
ਫ਼ਤਹਿਗੜ੍ਹ ਸਾਹਿਬ, 15 ਨਵੰਬਰ ( ) “ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਬਹੁਤ ਵੱਡੀ ਕੁਰਬਾਨੀ ਵਾਲੇ ਸਿੱਖ ਹਨ ਅਤੇ ਜੋ ਸਿੱਖ ਕੌਮ ਦੇ ਅਹਿਮ ਉੱਚੇ ਅਹੁਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਹਨ ਅਤੇ ਜਿਨ੍ਹਾਂ ਦਾ ਅਸੀ ਵੀ ਸਤਿਕਾਰ ਕਰਦੇ ਹਾਂ । ਉਨ੍ਹਾਂ ਵੱਲੋ ਸਾਡੀ ਪਾਰਟੀ ਅਤੇ ਮੇਰਾ ਨਾਮ ਲੈਕੇ ਇਹ ਕਹਿਣਾ ਕਿਸੇ ਤਰ੍ਹਾਂ ਵੀ ਮੁਨਾਸਿਬ ਨਹੀ ਕਿ ਅਸੀ ਸ. ਮਾਨ ਨਾਲ ਕੋਈ ਸਮਝੋਤਾ ਨਹੀ ਕਰਾਂਗੇ । ਜਦੋਕਿ ਅਸੀ ਜਾਂ ਮੇਰੀ ਪਾਰਟੀ ਵੱਲੋ ਕਿਸੇ ਤਰ੍ਹਾਂ ਦਾ ਸਮਝੋਤਾ ਕਰਨ ਜਾਂ ਨਾ ਕਰਨ ਬਾਰੇ ਕਿਸੇ ਤਰ੍ਹਾਂ ਦਾ ਨੀਤੀ ਬਿਆਨ ਦਿੱਤਾ ਹੀ ਨਹੀ ਗਿਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਤਿਕਾਰਯੋਗ ਸਾਬਕਾ ਜਥੇਦਾਰ, ਕੌਮੀ ਕੁਰਬਾਨੀ ਕਰਨ ਵਾਲੇ ਜਥੇਦਾਰ ਰਣਜੀਤ ਸਿੰਘ ਵੱਲੋ ਸਾਡਾ ਨਾਮ ਲੈਕੇ ਸਮਝੋਤੇ ਸੰਬੰਧੀ ਕੀਤੀ ਗਈ ਗੈਰ ਦਲੀਲ ਬਿਆਨਬਾਜੀ ਦੇ ਜੁਆਬ ਵੱਜੋ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਹ ਜਿਸ ਮਹਾਨ ਅਹੁਦੇ ਉਤੇ ਸੇਵਾ ਕਰ ਚੁੱਕੇ ਹਨ ਅਤੇ ਜਿਨ੍ਹਾਂ ਦੀ ਵੱਡੀ ਕੁਰਬਾਨੀ ਹੈ, ਉਨ੍ਹਾਂ ਨੇ ਸਾਡੇ ਨਾਲ ਸਾਂਝ ਪਾਉਣੀ ਹੈ ਜਾਂ ਨਹੀ, ਇਹ ਇਕ ਵੱਖਰਾ ਨਿੱਜੀ ਵਿਸਾ ਹੈ । ਲੇਕਿਨ ਇਸ ਸੰਬੰਧੀ ਸਾਡੇ ਵੱਲੋ ਕੋਈ ਵੀ ਕਿਸੇ ਤਰ੍ਹਾਂ ਦੀ ਬਿਆਨਬਾਜੀ ਨਾ ਹੋਣ ਉਪਰੰਤ ਵੀ ਵਾਰ-ਵਾਰ ਇਹ ਕਹਿਣਾ ਕਿ ਮੈਂ ਸ. ਮਾਨ ਨਾਲ ਤੇ ਉਨ੍ਹਾਂ ਦੀ ਪਾਰਟੀ ਨਾਲ ਕੋਈ ਸਮਝੋਤਾ ਨਹੀ ਕਰਾਂਗਾ, ਇਹ ਤਾਂ ਉਨ੍ਹਾਂ ਦੇ ਸਿੱਖ ਕੌਮ ਵਿਚ ਕਾਇਮ ਹੋਏ ਸਤਿਕਾਰ ਨੂੰ ਖੁਦ ਹੀ ਘਟਾਉਣ ਅਤੇ ਨਿਰਾਸਾਜਨਕ ਵਾਲੇ ਅਮਲ ਹਨ । ਸਿੱਖ ਕੌਮ ਨੇ ਉਨ੍ਹਾਂ ਨੂੰ ਬਹੁਤ ਵੱਡਾ ਸਤਿਕਾਰ ਦਿੱਤਾ ਹੈ, ਮੇਰੀ ਉਨ੍ਹਾਂ ਨੂੰ ਸਤਿਕਾਰ ਸਹਿਤ ਅਰਜੋਈ ਹੈ ਕਿ ਜੋ ਉਨ੍ਹਾਂ ਨੂੰ ਕੌਮ ਵੱਲੋ ਸਤਿਕਾਰ-ਪਿਆਰ ਮਿਲਿਆ ਹੈ ਅਤੇ ਮਿਲ ਰਿਹਾ ਹੈ, ਉਸ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਨਿਭਾਉਣ । ਨਾ ਕਿ ਬਿਨ੍ਹਾਂ ਵਜਹ ਗੈਰ ਦਲੀਲ ਬਿਆਨਬਾਜੀ ਕਰਕੇ ਆਪਣੇ ਸਤਿਕਾਰਿਤ ਬਣੇ ਮਾਣ-ਸਨਮਾਨ ਨੂੰ ਕਿਸੇ ਤਰ੍ਹਾਂ ਦੀ ਠੇਸ ਪਹੁੰਚਾਉਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਰਣਜੀਤ ਸਿੰਘ ਆਪਣੇ ਬਣੇ ਹੋਏ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਹੀ ਉਦਮ ਕਰਨਗੇ । ਨਾ ਕਿ ਇਸ ਨੂੰ ਘਟਾਉਣ ਵਾਲੇ ਅਮਲਾਂ ਵਿਚ ਦਿਲਚਸਪੀ ਰੱਖਣਗੇ ।