ਬਸੀ ਪਠਾਣਾ ਸਬ ਡਿਵੀਜਨ ਦੇ ਅਧੀਨ ਆਉਦੇ ਪਿੰਡਾਂ ਅਤੇ ਸ਼ਹਿਰ ਵਿਚ ਨਸਿ਼ਆ ਦੀ ਖਰੀਦੋ-ਫਰੋਖਤ ਦੇ ਵੱਧਦੇ ਰੁਝਾਨ ਨੂੰ ਸਖਤੀ ਨਾਲ ਰੋਕਿਆ ਜਾਵੇ : ਅੰਮ੍ਰਿਤਸਰ ਦਲ
ਫ਼ਤਹਿਗੜ੍ਹ ਸਾਹਿਬ, 27 ਸਤੰਬਰ ( ) “ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਅਧੀਨ ਆਉਦੀ ਸਬ ਡਿਵੀਜਨ ਬਸੀ ਪਠਾਣਾ ਜੋ ਪੁਰਾਤਨ ਸ਼ਹਿਰ ਹੈ ਅਤੇ ਇਸ ਸਬ ਡਿਵੀਜਨ ਵਿਚ ਆਉਦੇ ਪਿੰਡਾਂ ਵਿਚ ਬੀਤੇ ਕੁਝ ਸਮੇ ਤੋ ਕੁਝ ਗੈਰ ਕਾਨੂੰਨੀ ਅਨਸਰ ਖੁੱਲ੍ਹੇ ਰੂਪ ਵਿਚ ਨਸਿ਼ਆ ਦੇ ਕਾਰੋਬਾਰ ਕਰਦੇ ਆ ਰਹੇ ਹਨ । ਜਿਸ ਨਾਲ ਸਕੂਲਾਂ, ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਪਿੰਡਾਂ ਦੇ ਆਮ ਛੋਟੀ ਉਮਰ ਦੇ ਨੌਜਵਾਨਾਂ ਵਿਚ ਨਸਿ਼ਆ ਦਾ ਸੇਵਨ ਕਰਨ ਦਾ ਰੁਝਾਨ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ । ਜੋ ਸਬ ਡਿਵੀਜਨ ਬਸੀ ਪਠਾਣਾ ਦੀ ਸਿਵਲ, ਪੁਲਿਸ ਅਫਸਰਸਾਹੀ ਅਤੇ ਇਲਾਕੇ ਦੇ ਉਨ੍ਹਾਂ ਬਜੁਰਗ ਸੱਜਣਾ ਜੋ ਆਪਣੇ ਇਲਾਕੇ ਦੀ ਨੁਹਾਰ ਨੂੰ ਅੱਛੀ ਸੋਚ ਤੇ ਪਿਰਤਾ ਰਾਹੀ ਬਦਲਣ ਲਈ ਉਤਾਵਲੇ ਹਨ, ਉਨ੍ਹਾਂ ਲਈ ਇਕ ਗਹਿਰੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ । ਇਸ ਗੰਭੀਰ ਮੁੱਦੇ ਨੂੰ ਲੈਕੇ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਸੀ ਪਠਾਣਾ ਸਰਕਲ ਦੇ ਪ੍ਰਧਾਨ ਸ. ਗੁਰਸ਼ਰਨ ਸਿੰਘ ਦੀ ਅਗਵਾਈ ਹੇਠ ਅਤਿ ਸੰਜ਼ੀਦਾ ਢੰਗ ਨਾਲ ਰੋਸ਼ ਮਾਰਚ ਕਰਦੇ ਹੋਏ ਐਸ.ਡੀ.ਐਮ ਬਸੀ ਪਠਾਣਾ ਨੂੰ ਯਾਦ ਪੱਤਰ ਦਿੱਤਾ ਗਿਆ । ਜਿਸ ਵਿਚ ਸਮੂਹਿਕ ਰੂਪ ਵਿਚ ਇਹ ਮੰਗ ਕੀਤੀ ਗਈ ਕਿ ਸ਼ਹਿਰ ਦੇ ਮੁੱਖ ਸਿਵਲ ਅਫਸਰ ਐਸ.ਡੀ.ਐਮ ਅਤੇ ਪੁਲਿਸ ਅਧਿਕਾਰੀ ਸੰਜੀਦਗੀ ਨਾਲ ਇਕ ਅਜਿਹੀ ਰਣਨੀਤੀ ਬਣਾਉਣ ਕਿ ਬਸੀ ਪਠਾਣਾ ਸਹਿਰ ਅਤੇ ਪਿੰਡਾਂ ਵਿਚ ਜੋ ਗਲਤ ਅਨਸਰ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਤੇ ਸਾਡੀ ਨੌਜਵਾਨੀ ਵਿਚ ਨਸ਼ੇ ਵੇਚਣ ਦਾ ਧੰਦਾ ਕਰਦੇ ਹਨ, ਉਨ੍ਹਾਂ ਉਤੇ ਹਰ ਪੱਖੋ ਸਖਤ ਨਜਰ ਰੱਖੀ ਜਾਵੇ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਹੋਣ ਤੇ ਸਖਤੀ ਨਾਲ ਪੇਸ ਆਇਆ ਜਾਵੇ ਤਾਂ ਕਿ ਇਸ ਗੈਰ ਕਾਨੂੰਨੀ ਧੰਦੇ ਨੂੰ ਬਸੀ ਪਠਾਣਾ ਇਲਾਕੇ ਵਿਚੋ ਖਤਮ ਕਰਕੇ ਇਸ ਇਲਾਕੇ ਦੀ ਨੌਜਵਾਨੀ ਨੂੰ ਗਲਤ ਰਾਹ ਵੱਲ ਜਾਣ ਤੋ ਰੋਕਣ ਦੀ ਸਮਾਜਿਕ ਤੇ ਇਖਲਾਕੀ ਜਿੰਮੇਵਾਰੀ ਨਿਭਾਈ ਜਾਵੇ ।”
ਇਹ ਯਾਦ ਪੱਤਰ ਦੇਣ ਵਾਲਿਆ ਵਿਚ ਸ. ਗੁਰਸਰਨ ਸਿੰਘ ਪ੍ਰਧਾਨ ਬਸੀ ਪਠਾਣਾ ਸਰਕਲ ਤੋ ਇਲਾਵਾ, ਸਿੰਗਾਰਾ ਸਿੰਘ ਬਡਲਾ, ਧਰਮ ਸਿੰਘ ਕਲੌੜ ਇਲਾਕਾ ਸਕੱਤਰ, ਗੁਰਪ੍ਰੀਤ ਸਿੰਘ ਝਾਮਪੁਰ, ਗੁਰਮੀਤ ਸਿੰਘ ਫਤਹਿਪੁਰ ਜੱਟਾਂ, ਜਰਨੈਲ ਸਿੰਘ ਜਟਾਣਾ, ਅੰਮ੍ਰਿਤਪਾਲ ਸਿੰਘ, ਕਰਮਜੀਤ ਸਿੰਘ ਗੰਢੂਆ ਕਲਾਂ, ਬਹਾਦਰ ਸਿੰਘ ਬਸੀ ਪਠਾਣਾ, ਹਰਪ੍ਰੀਤ ਸਿੰਘ ਬਾਜਵਾ ਆਦਿ ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਪਾਰਟੀ ਅਹੁਦੇਦਾਰਾਂ ਨੇ ਇਸ ਮਾਰਚ ਵਿਚ ਹਿੱਸਾ ਲਿਆ । ਐਸ.ਡੀ.ਐਮ ਬਸੀ ਪਠਾਣਾ ਸੰਜੀਵ ਕੁਮਾਰ ਦੇ ਸਥਾਂਨ ਤੇ ਇਹ ਯਾਦ ਪੱਤਰ ਤਹਿਸੀਲਦਾਰ ਸਾਹਿਬ ਨੇ ਪ੍ਰਾਪਤ ਕੀਤਾ ਅਤੇ ਪਾਰਟੀ ਅਹੁਦੇਦਾਰਾਂ ਨੂੰ ਤੇ ਪਤਵੱਤੇ ਸੱਜਣਾ ਨੂੰ ਯਕੀਨ ਦਿਵਾਇਆ ਕਿ ਐਸ.ਡੀ.ਐਮ ਸਾਹਿਬ ਤੇ ਹੋਰ ਅਧਿਕਾਰੀਆ ਨਾਲ ਇਕ ਇਕੱਤਰਤਾ ਕਰਕੇ ਇਸ ਵਿਸੇ ਤੇ ਗੰਭੀਰਤਾ ਨਾਲ ਅਗਲੀ ਯੋਜਨਾ ਬਣਾਈ ਜਾਵੇਗੀ ਅਤੇ ਇਲਾਕਾ ਨਿਵਾਸੀਆ ਦੀ ਭਾਵਨਾਵਾ ਅਨੁਸਾਰ ਨਸੀਲੀਆ ਵਸਤਾਂ ਦੇ ਵਪਾਰ ਨੂੰ ਇਸ ਇਲਾਕੇ ਵਿਚ ਬਿਲਕੁਲ ਵੀ ਪਣਪਨ ਨਹੀ ਦਿੱਤਾ ਜਾਵੇਗਾ । ਜਿਹੜਾ ਵੀ ਦੋਸ਼ੀ ਪੁਲਿਸ ਜਾਂ ਅਧਿਕਾਰੀਆ ਦੀ ਜਕੜ ਵਿਚ ਆਇਆ ਉਸ ਨਾਲ ਕਾਨੂੰਨੀ ਤੌਰ ਤੇ ਕੋਈ ਰਿਆਇਤ ਨਹੀ ਕੀਤੀ ਜਾਵੇਗੀ । ਬਲਕਿ ਸਖਤ ਸਜਾਂ ਦੇਕੇ ਅਜਿਹਾ ਕੰਮ ਕਰਨ ਵਾਲਿਆ ਨੂੰ ਇਕ ਤਾੜਨਾ ਰੂਪੀ ਸੰਦੇਸ਼ ਦਿੱਤਾ ਜਾਵੇਗਾ । ਅਹੁਦੇਦਾਰਾਂ ਨੇ ਐਸ.ਡੀ.ਐਮ ਬਸੀ ਪਠਾਣਾ, ਤਹਿਸੀਲਦਾਰ ਸਾਹਿਬ, ਡੀ.ਐਸ.ਪੀ ਬਸੀ ਪਠਾਣਾ, ਐਸ.ਐਚ.ਓ ਬਸੀ ਪਠਾਣਾ ਆਦਿ ਅਧਿਕਾਰੀਆ ਵੱਲੋ ਮਿਲੇ ਸਹਿਯੋਗ ਲਈ ਧੰਨਵਾਦ ਵੀ ਕੀਤਾ ।