ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੈਂਬਰ, ਅਹੁਦੇਦਾਰ ਅਤੇ ਸਿੱਖ ਕੌਮ 09 ਅਕਤੂਬਰ ਨੂੰ ਕੈਨੇਡਾ ਦੇ ਥੈਕਸ ਗਿਵਿੰਗ ਡੇਅ ਵਿਚ ਚੰਡੀਗੜ੍ਹ ਪਹੁੰਚਕੇ ਮੁਬਾਰਕਬਾਦ ਦੇਣ : ਮਾਨ
ਫ਼ਤਹਿਗੜ੍ਹ ਸਾਹਿਬ, 26 ਸਤੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨਸਾਨੀ ਤੇ ਮਨੁੱਖੀ ਕਦਰਾਂ ਕੀਮਤਾਂ, ਸੱਚ-ਹੱਕ ਅਤੇ ਇਨਸਾਫ ਦੀ ਗੱਲ ਉਤੇ ਆਪਣੇ ਜਨਮ ਤੋ ਹੀ ਦ੍ਰਿੜ ਰਿਹਾ ਹੈ ਅਤੇ ਰਹੇਗਾ । ਸਾਨੂੰ ਇਸ ਗੱਲ ਦੀ ਅਤਿ ਖੁਸ਼ੀ ਵੀ ਹੈ ਅਤੇ ਫਖਰ ਵੀ ਹੈ ਕਿ ਕੈਨੇਡਾ ਮੁਲਕ ਇਕ ਅਜਿਹਾ ਮੁਲਕ ਹੈ ਜਿਸ ਦੇ ਸਟੇਟ ਪ੍ਰਬੰਧ ਵਿਚ ਇਨਸਾਨੀ ਕਦਰਾਂ ਕੀਮਤਾਂ ਨੂੰ ਪੂਰਨ ਰੂਪ ਵਿਚ ਲਾਗੂ ਕਰਕੇ ਆਪਣੇ ਨਾਗਰਿਕਾਂ ਅਤੇ ਨਿਵਾਸੀਆ ਦੀ ਜਿਥੇ ਹਰ ਤਰ੍ਹਾਂ ਹਿਫਾਜਤ ਕੀਤੀ ਜਾਂਦੀ ਹੈ, ਉਥੇ ਉਨ੍ਹਾਂ ਨੂੰ ਹਰ ਖੇਤਰ ਵਿਚ ਪੂਰਨ ਰੂਪ ਵਿਚ ਆਜਾਦੀ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਕਿ ਉਹ ਆਪਣੀ ਜਿੰਦਗੀ ਜਿਊਣ ਦੇ ਅਸਲ ਮਕਸਦ ਅਤੇ ਲੁਤਫ ਨੂੰ ਪ੍ਰਾਪਤ ਕਰ ਸਕਣ । ਇਹ ਹੋਰ ਵੀ ਖੁਸ਼ੀ ਵਾਲੀ ਗੱਲ ਹੈ ਕਿ ਕੈਨੇਡਾ 09 ਅਕਤੂਬਰ ਵਾਲੇ ਦਿਨ ਆਪਣੇ ਨਿਵਾਸੀਆ ਅਤੇ ਮਨੁੱਖਤਾ ਨੂੰ ਮੁਬਾਰਕਬਾਦ ਦੇਣ ਲਈ ‘ਥੈਕਸ ਗਿਵਿੰਗ ਡੇਅ’ ਨਿਰੰਤਰ ਮਨਾਉਦਾ ਆ ਰਿਹਾ ਹੈ । ਜਿਸ ਵਿਚ ਬੀਤੇ ਕਈ ਸਾਲਾਂ ਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਵੀ ਸਮੂਲੀਅਤ ਕਰਕੇ ਉਨ੍ਹਾਂ ਦੀ ਖੁਸੀ ਵਿਚ ਵਾਧਾ ਕਰਨ ਵਿਚ ਆਪਣਾ ਯੋਗਦਾਨ ਵੀ ਪਾਉਦੀ ਹੈ ਅਤੇ ਆਪਣੇ ਫਰਜ ਵੀ ਅਦਾ ਕਰਦੀ ਹੈ । ਆਉਣ ਵਾਲੀ 09 ਅਕਤੂਬਰ ਨੂੰ ਬੇਸੱਕ ਉਸ ਦਿਨ ਸਾਡੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਬਰਸੀ ਵੀ ਹੈ, ਜਿਥੇ ਸਿੱਖ ਕੌਮ ਪਹੁੰਚਦੀ ਹੈ । ਪਰ ਇਸ ਥੈਕਸ ਗਿਵਿੰਗ ਡੇਅ ਦੇ ਦਿਹਾੜੇ ਉਤੇ ਮਿਸਟਰ ਜਸਟਿਨ ਟਰੂਡੋ ਤੇ ਸਮੁੱਚੇ ਕੈਨੇਡਾ ਨਿਵਾਸੀਆ ਨੂੰ ਮੁਬਾਰਕਬਾਦ ਦੇਣੀ ਇਸ ਲਈ ਜਰੂਰੀ ਬਣ ਜਾਂਦੀ ਹੈ ਕਿ ਉਨ੍ਹਾਂ ਨੇ ਬਿਨ੍ਹਾਂ ਕਿਸੇ ਸਵਾਰਥ ਤੋ ਮਨੁੱਖੀ ਹੱਕਾ ਦੀ ਰਾਖੀ ਕਰਦੇ ਹੋਏ ਭਾਈ ਹਰਦੀਪ ਸਿੰਘ ਨਿੱਝਰ ਦੇ ਇੰਡੀਅਨ ਏਜੰਸੀਆ ਵੱਲੋ ਕੀਤੇ ਗਏ ਸਾਜਸੀ ਕਤਲ ਦੇ ਸੱਚ ਨੂੰ ਸਾਹਮਣੇ ਲਿਆਕੇ ਸਿੱਖ ਕੌਮ ਉਤੇ ਲੰਮੇ ਸਮੇ ਤੋ ਹੁੰਦੇ ਆ ਰਹੇ ਜਬਰ ਨੂੰ ਖਤਮ ਕਰਵਾਉਣ ਅਤੇ ਇੰਡੀਆ ਦੇ ਕਰੂਪ ਚੇਹਰੇ ਨੂੰ ਸਾਹਮਣੇ ਲਿਆਉਣ ਦੇ ਫਰਜ ਅਦਾ ਕੀਤੇ ਹਨ । ਇਸ ਲਈ ਇਸ ਦਿਹਾੜੇ ਉਤੇ ਮੋਹਾਲੀ, ਰੋਪੜ੍ਹ, ਫਤਹਿਗੜ੍ਹ ਸਾਹਿਬ, ਪਟਿਆਲਾ ਜਿਲਿਆ ਦੇ ਅਹੁਦੇਦਾਰ ਆਪਣਾ ਫਰਜ ਸਮਝਦੇ ਹੋਏ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਚੰਡੀਗੜ੍ਹ ਵਿਖੇ ਕੈਨੇਡਾ ਕਾਸਲੇਟ ਵਿਖੇ ਥੈਕਸ ਗਿਵਿੰਗ ਡੇਅ ਉਤੇ ਦਿੱਤੀ ਜਾਣ ਵਾਲੀ ਮੁਬਾਰਕਬਾਦ ਸਮਾਗਮ ਵਿਚ ਹੁੰਮ ਹੁੰਮਾਕੇ ਪਹੁੰਚਣ ਤੇ ਸਿੱਖ ਕੌਮ ਦੀ ਆਵਾਜ ਨੂੰ ਸਮੁੱਚੇ ਸੰਸਾਰ ਵਿਚ ਪਹੁੰਚਾਉਣ ਦੇ ਫਰਜ ਅਦਾ ਕਰਨ ਤਾਂ ਕਿ ਆਉਣ ਵਾਲੇ ਸਮੇ ਵਿਚ ਕੇਵਲ ਮੁਤੱਸਵੀ ਮੋਦੀ ਹਕੂਮਤ ਹੀ ਨਹੀ ਬਲਕਿ ਆਉਣ ਵਾਲੀਆ ਹਕੂਮਤਾਂ ਵੀ ਸਿੱਖ ਕੌਮ ਵੱਲ ਭੈੜੀ ਨਜਰ ਨਾ ਰੱਖਣ ਤੇ ਉਨ੍ਹਾਂ ਨੂੰ ਜਿੰਦਗੀ ਜਿਊਣ ਤੇ ਸੰਪੂਰਨ ਆਜਾਦੀ ਪ੍ਰਦਾਨ ਕਰਨ ਦੇ ਹੱਕ ਪ੍ਰਦਾਨ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 09 ਅਕਤੂਬਰ ਦੇ ਕੈਨੇਡਾ ਦੇ ਥੈਕਸ ਗਿਵਿੰਗ ਡੇਅ ਉਤੇ ਕੈਨੇਡਾ ਦੀ ਕਾਸਲੇਟ ਵਿਖੇ ਪਹੁੰਚਕੇ ਸਿੱਖਾਂ ਨੂੰ ਮੁਬਾਰਕਬਾਦ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।