ਬਰਤਾਨੀਆ ਤੇ ਪਾਕਿਸਤਾਨ ਹਕੂਮਤਾਂ ਵੀ ਸਿੱਖਾਂ ਦੇ ਹੋਏ ਕਤਲਾਂ ਦਾ ਸੱਚ ਸਾਹਮਣੇ ਲਿਆਉਣ ਲਈ ਕੈਨੇਡਾ ਦੀ ਤਰ੍ਹਾਂ ਦ੍ਰਿੜਤਾ ਨਾਲ ਜਿੰਮੇਵਾਰੀ ਨਿਭਾਉਣ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 20 ਸਤੰਬਰ ( ) “ਜਦੋਂ ਇੰਡੀਆ, ਪੰਜਾਬ ਤੇ ਹੋਰ ਕਈ ਸੂਬਿਆਂ ਵਿਚ ਇੰਡੀਅਨ ਏਜੰਸੀਆਂ, ਸਿੱਖ ਕੌਮ ਦੀ ਆਜ਼ਾਦੀ ਚਾਹੁੰਣ ਵਾਲੇ ਸਿੱਖਾਂ ਦੇ ਕਤਲ ਸਾਜਸੀ ਢੰਗ ਨਾਲ ਕਰਵਾਉਦੀਆਂ ਹਨ, ਤਾਂ ਜਿਆਦਾਤਰ ਬਹੁਗਿਣਤੀ ਨਾਲ ਸੰਬੰਧਤ ਕਾਨੂੰਨ ਦੇ ਮਾਹਿਰ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਅਜਿਹੇ ਸਮਿਆਂ ਉਤੇ ਸੱਚ ਨੂੰ ਉਜਾਗਰ ਕਰਨ ਦੀ ਬਜਾਇ ਚੁੱਪ ਰਹਿਣਾ ਬਿਹਤਰ ਸਮਝਦੇ ਹਨ । ਜਿਸ ਨਾਲ ਇੰਡੀਅਨ ਹੁਕਮਰਾਨਾਂ, ਖੂਫੀਆ ਏਜੰਸੀਆਂ ਤੇ ਸਾਤਰ ਸੋਚ ਰੱਖਣ ਵਾਲੀਆ ਸਿੱਖ ਵਿਰੋਧੀ ਤਾਕਤਾਂ ਦੇ ਅਣਮਨੁੱਖੀ ਕਾਰਵਾਈਆ ਕਰਨ ਲਈ ਹੌਸਲੇ ਵੱਧ ਜਾਂਦੇ ਹਨ । ਇਹੀ ਵਜਹ ਹੈ ਕਿ ਪੰਜਾਬ, ਜੰਮੂ-ਕਸ਼ਮੀਰ ਅਤੇ ਹੋਰ ਕਈ ਕਬੀਲਿਆ ਨਾਲ ਸੰਬੰਧਤ ਸਰਹੱਦੀ ਸੂਬਿਆਂ ਵਿਚ ਹੁਕਮਰਾਨ ਘੱਟ ਗਿਣਤੀ ਕੌਮਾਂ ਦੇ ਨਿਰੰਤਰ ਕਤਲ ਕਰਨ ਅਤੇ ਉਨ੍ਹਾਂ ਵਿਚ ਦਹਿਸਤ ਪੈਦਾ ਕਰਨ ਦੇ ਅਣਮਨੁੱਖੀ ਨਿੰਦਣਯੋਗ ਅਮਲ ਕਰਦੇ ਆ ਰਹੇ ਹਨ । ਇਹ ਹੋਰ ਵੀ ਦੁੱਖ ਵਾਲੀ ਕਾਰਵਾਈ ਹੈ ਕਿ ਇਥੋ ਦਾ ਪ੍ਰੈਸ, ਮੀਡੀਆ ਅਜਿਹੇ ਸਮੇ ਹੁਕਮਰਾਨਾਂ ਦੀ ਬੋਲੀ ਬੋਲਕੇ ਅਜਿਹੇ ਜ਼ਬਰ ਨੂੰ ਖਤਮ ਕਰਨ ਦੀ ਬਜਾਇ ਬਲਦੀ ਉਤੇ ਤੇਲ ਪਾਉਣ ਦਾ ਕੰਮ ਕਰਦੀ ਆ ਰਹੀ ਹੈ । ਜੋ ਹੋਰ ਵੀ ਸ਼ਰਮਨਾਕ ਅਮਲ ਹਨ । ਲੇਕਿਨ ਜਸਟਿਨ ਟਰੂਡੋ ਵਜ਼ੀਰ ਏ ਆਜਮ ਕੈਨੇਡਾ ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਸਰੀ ਵਿਚ ਇੰਡੀਅਨ ਏਜੰਸੀਆ ਦੁਆਰਾ ਹੋਏ ਕਤਲ ਦੇ ਅਸਲ ਸੱਚ ਨੂੰ ਦੁਨੀਆ ਸਾਹਮਣੇ ਲਿਆਕੇ ਜੋ ਇਖਲਾਕੀ ਤੇ ਜਮਹੂਰੀਅਤ ਪੱਖੀ ਜਿੰਮੇਵਾਰੀ ਨਿਭਾਈ ਹੈ ਅਤੇ ਹੁਣ ਇੰਡੀਅਨ ਏਜੰਸੀਆਂ, ਹੁਕਮਰਾਨ ਅਤੇ ਗੋਦੀ ਮੀਡੀਆ ਕੈਨੇਡਾ ਹਕੂਮਤ ਅਤੇ ਸਿੱਖ ਕੌਮ ਦੀ ਆਜ਼ਾਦੀ ਚਾਹੁੰਣ ਵਾਲੇ ਖ਼ਾਲਿਸਤਾਨੀਆਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਸੁਰੂ ਕਰ ਦਿੱਤਾ ਹੈ ਤਾਂ ਕਿ ਇੰਡੀਆ ਉਤੇ ਸਾਬਤ ਹੋਏ ਇਹ ਦੋਸ਼ ਦੇ ਸੱਚ ਨੂੰ ਦਬਾਇਆ ਜਾ ਸਕੇ । ਪਰ ਹੁਣ ਇਹ ਹੁਕਮਰਾਨ ਤੇ ਏਜੰਸੀਆਂ ਆਪਣੀਆ ਕਾਲੀਆ ਕਰਤੂਤਾਂ ਨੂੰ ਛੁਪਾਉਣ ਵਿਚ ਇਸ ਲਈ ਕਾਮਯਾਬ ਨਹੀ ਹੋ ਸਕਣਗੀਆ ਕਿਉਂਕਿ ਹੁਣ ਸਿੱਖ ਕੌਮ ਸਮੁੱਚੇ ਸੰਸਾਰ ਵਿਚ ਜਮਹੂਰੀਅਤ ਅਤੇ ਅਮਨਮਈ ਤਰੀਕੇ ਵੱਸਦੀ ਹੈ ਅਤੇ ਆਪਣੀ ਗੱਲ ਨੂੰ ਬਾਦਲੀਲ ਢੰਗ ਨਾਲ ਕਹਿਣ ਦੀ ਸਮਰੱਥਾਂ ਰੱਖਦੀ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੇ ਵਜ਼ੀਰ-ਏ-ਆਜਮ ਮਿਸਟਰ ਜਸਟਿਨ ਟਰੂਡੋ ਅਤੇ ਉਨ੍ਹਾਂ ਦੀਆਂ ਜਾਂਚ ਏਜੰਸੀਆਂ ਵੱਲੋਂ ਸਰੀ ਵਿਚ ਕੁਝ ਸਮਾਂ ਪਹਿਲੇ ਭਾਈ ਹਰਦੀਪ ਸਿੰਘ ਨਿੱਝਰ ਨਾਮ ਦੇ ਨੌਜਵਾਨ ਨੂੰ ਇੰਡੀਅਨ ਏਜੰਸੀਆ ਅਤੇ ਉਥੇ ਸਥਿਤ ਇੰਡੀਆ ਦੇ ਸਫਾਰਤਖਾਨੇ ਦੇ ਸਫੀਰਾਂ ਦੀ ਸਾਂਝੀ ਸਾਜਿਸ ਦੁਆਰਾ ਕਤਲ ਕੀਤੇ ਗਏ ਸਿੱਖ ਨੌਜਵਾਨ ਦੇ ਸੱਚ ਨੂੰ ਦੁਨੀਆ ਸਾਹਮਣੇ ਲਿਆਉਣ ਅਤੇ ਮੁਤੱਸਵੀ ਸਿੱਖ ਵਿਰੋਧੀ ਇੰਡੀਅਨ ਹੁਕਮਰਾਨਾਂ ਦੇ ਮਨੁੱਖਤਾ ਵਿਰੋਧੀ ਚੇਹਰੇ ਉਤੇ ਚੜਾਏ ਗਏ ਅਮਨ ਚੈਨ, ਜਮਹੂਰੀਅਤ ਪੱਖੀ ਚੇਹਰੇ ਦੇ ਨਿਕਾਬ ਨੂੰ ਲਾਹਕੇ ਸੰਸਾਰ ਦੇ ਕਟਹਿਰੇ ਵਿਚ ਖੜ੍ਹਾ ਕਰਨ ਦੀ ਨਿਭਾਈ ਗਈ ਮਨੁੱਖਤਾ ਪੱਖੀ ਜਿੰਮੇਵਾਰੀ ਦੀ ਸਮੁੱਚੀ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸਵਾਗਤ ਕਰਦੇ ਹੋਏ ਅਤੇ ਇਸ ਸੱਚ ਨੂੰ ਹੋਰ ਵਧੇਰੇ ਦ੍ਰਿੜਤਾ ਨਾਲ ਸਮੁੱਚੇ ਮੁਲਕਾਂ ਦੀਆਂ ਹਕੂਮਤਾਂ ਅਤੇ ਨਿਵਾਸੀਆ ਤੱਕ ਪਹੁੰਚਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਜਸਟਿਨ ਟਰੂਡੋ ਨੇ ਵੱਖ-ਵੱਖ ਮੁਲਕਾਂ ਦੇ ਰਵਾਇਤੀ ਹੁੰਦੀਆ ਆ ਰਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਉਤੇ ਸਟੈਂਡ ਨਾ ਲੈਣ ਦੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਇਕ ਵੱਖਰਾ, ਨਿਵੇਕਲਾ ਸੱਚ ਉਤੇ ਪਹਿਰਾ ਦੇਣ ਵਾਲਾ ਰਾਹ ਚੁਣਕੇ ਘੱਟ ਗਿਣਤੀ ਸਿੱਖ ਕੌਮ ਦੇ ਹੋਏ ਕਤਲਾਂ ਸੰਬੰਧੀ ਆਵਾਜ ਉਠਾਈ ਹੈ, ਤਾਂ ਹੁਣ ਬਰਤਾਨੀਆ ਦੀ ਮਿਸਟਰ ਰਿਸੀ ਸੂਨਕ ਹਕੂਮਤ ਅਤੇ ਪਾਕਿਸਤਾਨ ਦੀ ਜਨਾਬ ਅਨਵਰ ਉੱਲ ਹੱਕ ਕੱਕਰ ਦੀ ਹਕੂਮਤ ਨੂੰ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਅਤੇ ਸੰਸਾਰ ਵਿਚ ਸੱਚ ਦੀ ਆਵਾਜ ਨੂੰ ਹੋਰ ਮਜਬੂਤ ਕਰਨ ਦੇ ਬਿਨ੍ਹਾਂ ਤੇ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹ ਵੀ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਦੀ ਤਰ੍ਹਾਂ ਨਿਰਪੱਖਤਾ ਨਾਲ ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਹੋਏ ਸਾਜਸੀ ਕਤਲਾਂ ਦੀ ਜਾਂਚ ਕਰਵਾਉਦੇ ਹੋਏ ਸੱਚ ਨੂੰ ਸਾਹਮਣੇ ਲਿਆਉਣ ਦੀ ਜਿੰਮੇਵਾਰੀ ਨਿਭਾਅ ਸਕਣ ਅਤੇ ਸਿੱਖ ਕੌਮ ਦੀ ਹਿੰਦੂਤਵ ਹੁਕਮਰਾਨਾਂ ਤੋ ਆਜਾਦੀ ਪ੍ਰਾਪਤ ਕਰਨ ਦੇ ਮਨੁੱਖਤਾ ਪੱਖੀ ਸੰਘਰਸ਼ ਦੇ ਅਰਥ ਭਰਪੂਰ ਸ਼ਬਦਾਂ ਨੂੰ ਸਮਝਦੇ ਹੋਏ ਸਿੱਖ ਕੌਮ ਦੀ ਆਜਾਦੀ ਦੀ ਲਹਿਰ ਨੂੰ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਮਦਦ ਕਰਕੇ ਆਜਾਦ ਬਾਦਸਾਹੀ ਸਿੱਖ ਰਾਜ ਜੋ ਭਗਤ ਰਵੀਦਾਸ ਜੀ ਦੇ ਸਰਬਸਾਂਝੇ ਹਲੀਮੀ ਰਾਜ ਦੇ ਬਿਨ੍ਹਾਂ ਤੇ ਕਾਇਮ ਹੋਣ ਜਾ ਰਿਹਾ ਹੈ ਉਸ ਵਿਚ ਯੋਗਦਾਨ ਪਾ ਸਕਣ ਤਾਂ ਜਸਟਿਨ ਟਰੂਡੋ ਦੀ ਤਰ੍ਹਾਂ ਉਨ੍ਹਾਂ ਦੇ ਨਾਮ ਵੀ ਸੱਚ-ਹੱਕ ਤੇ ਇਨਸਾਫ਼ ਵਰਗੇ ਸ਼ਬਦਾਂ ਨਾਲ ਜੁੜਕੇ ਕੌਮਾਂਤਰੀ ਪੱਧਰ ਤੇ ਸਮੁੱਚੇ ਮੁਲਕਾਂ ਵਿਚ ਅਮਨ ਚੈਨ ਕਾਇਮ ਕਰਨ ਅਤੇ ਜਮਹੂਰੀਅਤ ਦਾ ਬੋਲਬਾਲਾ ਕਰਨ ਵਿਚ ਵੱਡਾ ਯੋਗਦਾਨ ਪਾਉਣਗੇ ਅਤੇ ਇਤਿਹਾਸ ਵਿਚ ਉਨ੍ਹਾਂ ਦੇ ਨਾਮ ਵੀ ਆਉਣ ਵਾਲੀਆ ਨਸਲਾਂ ਵਿਚ ਸਦਾ ਸਤਿਕਾਰੇ ਜਾਂਦੇ ਰਹਿਣਗੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਜਿਥੇ ਮਿਸਟਰ ਰਿਸੀ ਸੂਨਕ ਅਤੇ ਅਨਵਰ ਉੱਲ ਹੱਕ ਕੱਕਰ ਆਪਣੀਆ ਜਿੰਮੇਵਾਰੀਆ ਨਿਭਾਉਣਗੇ, ਉਥੇ ਆਸਟ੍ਰੇਲੀਆ, ਬਰਤਾਨੀਆ, ਨਿਊਜੀਲੈਡ, ਅਮਰੀਕਾ ਜਾਂ ਹੋਰ ਇੰਡੀਆ ਪੱਖੀ ਮੁਲਕ, ਇੰਡੀਆ ਵੱਲੋ ਇੰਡੀਆ ਵਿਚ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘੋਰ ਉਲੰਘਣ ਵਿਰੁੱਧ ਅਮਲੀ ਕਾਰਵਾਈ ਕਰਦੇ ਹੋਏ ਸਿੱਖਾਂ ਦੇ ਕੀਤੇ ਜਾ ਰਹੇ ਸਾਜਸੀ ਕਤਲੇਆਮ ਨੂੰ ਦ੍ਰਿੜਤਾ ਨਾਲ ਰੋਕਣ ਤੇ ਆਪਣੀ ਇਖਲਾਕੀ ਜਿੰਮੇਵਾਰੀ ਪੂਰਨ ਕਰਨ ਵਿਚ ਯੋਗਦਾਨ ਪਾਉਣਗੇ ।