ਸਿੱਖ ਕੌਮ ਦਾ ਹਰਿਆਵਲ ਦਸਤਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਮੁੱਚੇ ਧੜੇ ਇਕ ਹੋ ਕੇ ਕੌਮੀ ਲੀਹਾਂ ਉਤੇ ਪਹਿਰਾ ਦੇ ਸਕਣ ਤਾਂ ਇਹ ਕੌਮ ਦੀ ਵੱਡੀ ਪ੍ਰਾਪਤੀ ਹੋਵੇਗੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 14 ਸਤੰਬਰ ( ) “ਅੱਜ ਜਦੋਂ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖੀ ਸੰਸਥਾਵਾਂ, ਵੱਖ-ਵੱਖ ਸੰਗਠਨਾਂ ਵਿਚ ਇਖਲਾਕੀ ਤੇ ਧਰਮੀ ਤੌਰ ਤੇ ਵੱਡੀਆ ਕਮੀਆ ਦੇ ਨਾਲ-ਨਾਲ ਈਰਖਾਵਾਦੀ ਸੋਚ ਦੀ ਬਦੌਲਤ ਇਕ ਫੈਸਲਾਕੁੰਨ ਤਾਕਤ ਦੀ ਵੰਡ ਹੋ ਜਾਣ ਕਰਕੇ ਬਹੁਤ ਹੀ ਪੇਚੀਦਾ ਮੁਸਕਿਲਾਂ ਦਾ ਕੌਮ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੰਮੇ ਸਮੇ ਤੋਂ ਖ਼ਾਲਸਾ ਪੰਥ ਆਪਣੀ ਅਣਖ-ਗੈਰਤ ਨੂੰ ਕਾਇਮ ਰੱਖਣ ਅਤੇ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਕਰਨ ਲਈ ਜਦੋਂ-ਜ਼ਹਿਦ ਕਰਦਾ ਆ ਰਿਹਾ ਹੈ ਤਾਂ ਅਜਿਹੇ ਸਮੇ ਖ਼ਾਲਸਾ ਪੰਥ ਵਿਚ ਵਿਚਰ ਰਹੀ ਗਲੋਬਲ ਡੂੰਘੀ ਜਾਣਕਾਰੀ ਰੱਖਣ ਵਾਲੀ ਨੌਜਵਾਨਾਂ ਦੀ ਕੌਮੀ ਸੰਸਥਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਸਦਾ ਬੀਤੇ ਸਮੇ ਦੇ ਇਤਿਹਾਸ ਅਤੇ ਫਖ਼ਰ ਵਾਲੇ ਅਮਲਾਂ ਵਿਚ ਵੱਡਾ ਯੋਗਦਾਨ ਰਿਹਾ ਹੈ । ਉਸਦੇ ਕਈ ਧੜੇ ਬਣ ਜਾਣਾ ਵੀ ਕੌਮ ਦੀ ਵੱਡੀ ਤਰਾਸਦੀ ਨੂੰ ਦਰਸਾਉਦਾ ਹੈ । ਇਸ ਲਈ ਜਿੰਨੇ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਖ-ਵੱਖ ਨੌਜਵਾਨਾਂ ਦੀ ਅਗਵਾਈ ਵਿਚ ਸੰਗਠਨ ਕੰਮ ਕਰ ਰਹੇ ਹਨ, ਜੇਕਰ ਉਹ ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਕੀਤੀ ਗਈ ਸਾਡੀ ਵੱਡੀ ਮਨੁੱਖਤਾ ਪੱਖੀ ਕੌਮੀ ਸੋਚ ਨੂੰ ਮੁੱਖ ਰੱਖਕੇ ਅਤੇ ਦੂਰ ਅੰਦੇਸ਼ੀ ਤੋ ਕੰਮ ਲੈਦੇ ਹੋਏ ਸੰਜ਼ੀਦਗੀ ਭਰੀ ਸੋਚ ਨਾਲ ਇਕ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਾਇਮ ਕਰਨ ਵਿਚ ਨਿੱਘਾ ਯੋਗਦਾਨ ਪਾ ਸਕਣ ਤਾਂ ਆਉਣ ਵਾਲੇ ਸਮੇ ਵਿਚ ਜੋ ਕੌਮ ਆਪਣੀ ਬਾਦਸਾਹੀ ਆਜਾਦੀ ਦੀ ਲੜਾਈ ਲੰਮੇ ਸਮੇ ਤੋ ਲੜਦੀ ਆ ਰਹੀ ਹੈ, ਤਾਂ ਨਿਸਚੇ ਹੀ ਅਜਿਹੇ ਅਮਲ ਨਾਲ ਅਸੀ ਸਭ ਆਪਣੀ ਮੰਜਿਲ ਦੇ ਬਹੁਤ ਨਜ਼ਦੀਕ ਪਹੁੰਚਣ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਵਾਂਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖ਼ਾਲਸਾ ਪੰਥ ਦੇ ਹਰਿਆਵਲ ਦਸਤਾ ਅਖਵਾਉਣ ਵਾਲੀ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਜਿਸਨੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਹੇਠ ਕੌਮੀ ਸੋਚ ਉਤੇ ਪਹਿਰਾ ਦਿੰਦੇ ਹੋਏ ਬਹੁਤ ਹੀ ਨਿੱਡਰਤਾ, ਸੂਝਵਾਨਤਾ ਨਾਲ ਲੰਮਾਂ ਸਮਾਂ ਕੌਮ ਦੇ ਜਰਨੈਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਨਾਲ ਰਹਿਕੇ ਕੌਮੀ ਸੰਘਰਸ਼ ਨੂੰ ਅੱਗੇ ਵਧਾਉਣ ਅਤੇ ਸਿੱਖ ਨੌਜਵਾਨੀ ਵਿਚ ਅੱਛੀਆ ਕੌਮ ਪੱਖੀ ਤੇ ਮਨੁੱਖਤਾ ਪੱਖੀ ਪਿਰਤਾ ਪਾਉਣ ਦੇ ਫਖ਼ਰ ਵਾਲੇ ਉੱਦਮ ਕੀਤੇ ਹਨ, ਉਸੇ ਤਰ੍ਹਾਂ ਇਹ ਸਾਡਾ ਕੌਮੀ ਹਰਿਆਵਲ ਦਸਤਾ ਇਕੱਤਰ ਹੋ ਕੇ ਉਨ੍ਹਾਂ ਕੌਮੀ ਲੀਹਾਂ ਉਤੇ ਪਹਿਰਾ ਦੇਣ ਦੀ ਸਮੁੱਚੇ ਨੌਜਵਾਨ ਆਗੂਆ ਨੂੰ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਜੋ ਸਮਾਂ ਚੱਲ ਰਿਹਾ ਹੈ, ਉਸ ਵਿਚ ਖੇਤਰ ਕੋਈ ਵੀ ਹੋਵੇ ਪੜ੍ਹੇ-ਲਿਖੇ, ਸੂਝਵਾਨ, ਕੌਮਾਂਤਰੀ ਪੱਧਰ ਦੀ ਹਰ ਤਰ੍ਹਾਂ ਦੀ ਜਾਣਕਾਰੀ ਰੱਖਣ ਵਾਲੀ ਨੌਜਵਾਨੀ ਦੀ ਬਹੁਤ ਵੱਡੀ ਭੂਮਿਕਾ ਹੈ ਅਤੇ ਅਸੀ ਸਭ ਇਹ ਵੇਖਦੇ ਆਏ ਹਾਂ ਕਿ ਬੀਤੇ ਸਮੇ ਦੇ ਹਕੂਮਤੀ ਜ਼ਬਰ ਦੇ ਔਖੀ ਘੜੀ ਵਿਚ ਵੀ ਇਸ ਨੌਜਵਾਨੀ ਨੇ ਹਰ ਤਰ੍ਹਾਂ ਦੀ ਕੁਰਬਾਨੀ ਕਰਕੇ ਅਤੇ ਆਪਣੀ ਦੂਰ ਅੰਦੇਸ਼ੀ ਨਾਲ ਕੌਮ ਦੀ ਆਜਾਦੀ ਦੀ ਲਹਿਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਅੱਜ ਵੀ ਆਪਣੀਆ ਜਿੰਮੇਵਾਰੀਆ ਨੂੰ ਬਾਖੂਬੀ ਨਿਭਾਅ ਰਹੀ ਹੈ । ਲੇਕਿਨ ਦੁੱਖ ਅਤੇ ਅਫਸੋਸ ਇਸ ਗੱਲ ਦਾ ਹੈ ਕਿ ਜਿਸ ਰਹੁ-ਰੀਤੀਆ ਵਿਚ ਭਰਪੂਰ, ਕੌਮੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਸਿੱਖ ਨੌਜਵਾਨੀ ਨੇ ਆਉਣ ਵਾਲੇ ਸਮੇ ਵਿਚ ਖ਼ਾਲਸਾ ਪੰਥ ਅਤੇ ਮਨੁੱਖਤਾ ਦੀ ਅਗਵਾਈ ਕਰਨੀ ਹੈ, ਉਹ ਵੱਡੀ ਸੂਝਵਾਨਤਾ, ਹਿੰਮਤ, ਦਲੇਰੀ, ਹੋਸ਼, ਜੋਸ਼ ਦੀ ਮਾਲਕ ਹੋਣ ਦੇ ਬਾਵਜੂਦ ਵੀ ਜੇਕਰ ਅੱਜ ਕਈ ਗਰੁੱਪਾਂ ਤੇ ਧੜਿਆ ਵਿਚ ਵੰਡੀ ਹੋਈ ਹੈ, ਤਾਂ ਇਹ ਖ਼ਾਲਸਾ ਪੰਥ ਦੇ ਚੰਗੇਰੇ ਭਵਿੱਖ ਤੇ ਇਕ ਪ੍ਰਸ਼ਨ ਚਿੰਨ੍ਹ ਵੀ ਹੈ । ਕਿਉਂਕਿ ਰਵਾਇਤੀ ਬਜੁਰਗ ਲੀਡਰਸਿ਼ਪ ਦਾ ਤਾਂ ਹੁਣ ਤੱਕ ਦਾ ਇਤਿਹਾਸ ਸਿਆਸੀ, ਪਰਿਵਾਰਿਕ, ਮਾਲੀ ਲਾਲਸਾਵਾ ਨਾਲ ਲਿਬਰੇਜ ਹੋਇਆ ਸਾਨੂੰ ਸਭ ਨੂੰ ਦਿਖਾਈ ਦੇ ਰਿਹਾ ਹੈ । ਜਿਸਦੀ ਬਦੌਲਤ ਲੰਮੇ ਸਮੇ ਤੋ ਖ਼ਾਲਸਾ ਪੰਥ ਦੀ ਆਜਾਦੀ ਦੇ ਚੱਲ ਰਹੇ ਸੰਘਰਸ਼ ਦੀਆਂ ਪ੍ਰਾਪਤੀਆ ਘੱਟ, ਨੁਕਸਾਨ ਜਿਆਦਾ ਸਭ ਨੂੰ ਪ੍ਰਤੱਖ ਹੈ । ਅਜਿਹੇ ਸਮੇ ਵਿਚ ਜੇਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਾਂ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੀ ਸਿੱਖ ਨੌਜਵਾਨੀ ਵੀ ਮੀਰੀ-ਪੀਰੀ ਦੇ ਮਹਾਨ ਸਿਧਾਂਤ ਨੂੰ ਮੁੱਖ ਰੱਖਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਵਿਚ ਇਕੱਤਰ ਹੋ ਕੇ ਕੌਮੀ ਲੀਹਾਂ ਅਨੁਸਾਰ ਸੰਘਰਸ਼ ਨੂੰ ਅੱਗੇ ਨਾ ਵਧਾ ਸਕੇ ਤਾਂ ਇਹ ਆਉਣ ਵਾਲੀ ਨੌਜਵਾਨੀ ਲਈ ਵੀ ਸਹੀ ਰਾਹ-ਦੁਸੇਰਾ ਨਹੀ ਬਣ ਸਕੇਗਾ । ਜਦੋਕਿ ਅਜਿਹੇ ਉੱਦਮਾਂ ਅਤੇ ਵਿਸਵਾਸ ਤਾਂ ਸਭ ਕੌਮਾਂ, ਧਰਮਾਂ, ਨੌਜਵਾਨੀ ਉਤੇ ਹੀ ਕਰ ਸਕਦੀਆ ਹਨ । ਇਸ ਲਈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸੰਬੰਧਤ ਸਮੁੱਚੇ ਆਗੂਆਂ ਨੂੰ ਸਾਡੀ ਸੰਜ਼ੀਦਾ ਅਪੀਲ ਹੈ ਕਿ ਉਹ ਸਮੇ ਦੀ ਅਤੇ ਹੁਕਮਰਾਨਾਂ ਦੀਆਂ ਸਿਆਸੀ ਸਾਜਿਸਾਂ ਦੀ ਨਿਜਾਕਤ ਨੂੰ ਪਹਿਚਾਣਦੇ ਹੋਏ ਅਤੇ ਆਪਣੀ ਕੌਮੀ ਮੰਜਿਲ ਉਤੇ ਪਹੁੰਚਣ ਲਈ ਹਰ ਕੀਮਤ ਤੇ ਆਪੋ ਆਪਣੇ ਗਰੁੱਪਾਂ ਨੂੰ ਭੰਗ ਕਰਕੇ ਇਕੋ ਇਕ ਸਿਰਮੌਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹਰਿਆਵਲ ਦਸਤਾ ਤਿਆਰ ਕਰਕੇ, ਨਸਿਆ ਵਿਚ ਗਲਤਾਨ ਹੋ ਰਹੀ ਨੌਜਵਾਨੀ ਅਤੇ ਆਪਣੇ ਘਰ ਬਾਰ ਨੂੰ ਛੱਡਕੇ ਦੂਸਰੇ ਮੁਲਕਾਂ ਵਿਚ ਜਾ ਕੇ ਆਪਣੀ ਜੜ੍ਹ ਤੋ ਟੁੱਟਣ ਦੀਆਂ ਕਾਰਵਾਈਆ ਨੂੰ ਠੱਲ੍ਹ ਪਾ ਸਕਣ ਤਾਂ ਇਹ ਨੌਜਵਾਨ ਆਗੂ ਆਉਣ ਵਾਲੇ ਸਮੇ ਲਈ ਖ਼ਾਲਸਾ ਪੰਥ ਲਈ ਇਕ ਬਹੁਤ ਵੱਡਾ ਚਾਨਣ ਮੁਨਾਰਾ ਹੀ ਨਹੀ ਬਣਨਗੇ, ਬਲਕਿ ਰਹਿੰਦੀ ਦੁਨੀਆ ਤੱਕ ਇਕ ਮਨੁੱਖਤਾ ਪੱਖੀ ਸੁਚੱਜੀ ਅਗਵਾਈ ਦੇਣ ਵਾਲੀ ਸੋਚ ਨੂੰ ਵੀ ਸਦਾ ਲਈ ਮਜ਼ਬੂਤ ਕਰਨ ਵਿਚ ਯੋਗਦਾਨ ਪਾ ਜਾਣਗੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਿੱਖ ਸਟੂਡੈਂਟ ਫੈਡਰੇਸ਼ਨਾਂ ਦੇ ਸਮੁੱਚੇ ਸਾਡੇ ਨੌਜਵਾਨ ਵੀਰ ਇਸ ਵਿਸੇ ਤੇ ਹਲੀਮੀ ਤੇ ਸੰਜ਼ੀਦਗੀ ਨਾਲ ਆਪਸੀ ਵਿਚਾਰ ਵਟਾਂਦਰਾ ਕਰਦੇ ਹੋਏ ਇਸਨੂੰ ਅਮਲੀ ਰੂਪ ਦੇਣ ਦੀ ਜਿੰਮੇਵਾਰੀ ਨਿਭਾਉਣਗੇ ਤਾਂ ਕਿ ਗੁਰਬਾਣੀ ਵਿਚ 96 ਕਰੋੜ ਖ਼ਾਲਸਾ ਜੋ ਸੰਸਾਰ ਦੀ ਅਗਵਾਈ ਤੇ ਰੱਖਿਆ ਕਰਨ ਦੇ ਸੱਚ ਨੂੰ ਪ੍ਰਗਟਾਇਆ ਗਿਆ ਹੈ, ਉਹ ਆਉਣ ਵਾਲੇ ਸਮੇ ਵਿਚ ਸਾਹਮਣੇ ਆ ਸਕੇ ਅਤੇ ਸਮੁੱਚਾ ਸੰਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖਾਲਸਾਈ ਲਾਡਲੀਆ ਫ਼ੌਜਾਂ ਦੇ ਸਰਬਸਾਂਝੇ ਮਨੁੱਖਤਾ ਪੱਖੀ ਰਾਜ ਭਾਗ ਦਾ ਆਨੰਦ ਮਾਣ ਸਕੇ ਅਤੇ ਸਮੁੱਚੇ ਸੰਸਾਰ ਵਿਚ ਜਮਹੂਰੀਅਤ ਅਤੇ ਅਮਨ ਦਾ ਬੋਲਬਾਲਾ ਹੋ ਸਕੇ । ਇਹ ਉੱਦਮ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ 79ਵੇਂ ਸਥਾਪਨਾ ਦਿਹਾੜੇ ਨੂੰ ਮਨਾਉਣ ਦੇ ਅਰਥ ਭਰਪੂਰ ਅਮਲਾਂ ਵੱਲ ਕੌਮ ਨੂੰ ਪ੍ਰੇਰਿਤ ਵੀ ਕਰੇਗਾ ਅਤੇ ਇਸ ਦਿਹਾੜੇ ਦੀ ਮਹੱਤਤਾ ਨੂੰ ਵੀ ਉਜਾਗਰ ਕਰੇਗਾ ।

Leave a Reply

Your email address will not be published. Required fields are marked *