ਪੰਜਾਬ ਯੂਨੀਵਰਸਿਟੀ ਦੇ ਕੋਰਸਾਂ ਵਿਚ ਪੰਜਾਬੀ ਨੂੰ ਲਾਜਮੀ ਵਿਸੇ ਵਿਚੋਂ ਕੱਢਣਾ, ਪੰਜਾਬੀ ਬੋਲੀ-ਭਾਸ਼ਾ ਵਿਰੋਧੀ ਤਾਕਤਾਂ ਦੀ ਨਿੰਦਣਯੋਗ ਸਾਜਿਸ : ਮਾਨ

ਫ਼ਤਹਿਗੜ੍ਹ ਸਾਹਿਬ, 01 ਜੂਨ ( ) “ਪੰਜਾਬ ਯੂਨੀਵਰਸਿਟੀ ਪੰਜਾਬ ਦੀ ਮਲਕੀਅਤ ਧਰਤੀ ਉਤੇ ਪੰਜਾਬੀ ਬੋਲੀ, ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਮੁੱਦੇ ਨੂੰ ਮੁੱਖ ਰੱਖਕੇ ਹੀ ਕਾਇਮ ਕੀਤੀ ਗਈ ਸੀ । ਤਾਂ ਕਿ ਸਾਡੇ ਬੱਚੇ-ਬੱਚੀਆਂ ਇਸ ਵੱਡੀ ਯੂਨੀਵਰਸਿਟੀ ਵਿਚ ਹਰ ਖੇਤਰ ਦੀਆਂ ਡਿਗਰੀਆਂ ਪ੍ਰਾਪਤ ਕਰਨ ਦੇ ਨਾਲ-ਨਾਲ ਜਿਥੇ ਵੀ ਉਹ ਆਪਣੀ ਤਾਲੀਮ ਪੂਰੀ ਕਰਕੇ ਜਾਣ, ਸਰਕਾਰੀ, ਅਰਧ-ਸਰਕਾਰੀ ਜਾਂ ਨਿੱਜੀ ਅਦਾਰਿਆ ਵਿਚ ਵੱਡੇ ਅਹੁਦਿਆ ਤੇ ਸੇਵਾ ਕਰਨ ਤਾਂ ਉਹ ਉਥੇ ਆਪਣੀ ਮਾਂ-ਬੋਲੀ ਪੰਜਾਬੀ ਭਾਸ਼ਾ ਨੂੰ ਵੀ ਇਨ੍ਹਾਂ ਅਦਾਰਿਆ ਵਿਚ ਉਸੇ ਤਰ੍ਹਾਂ ਨਿਰੰਤਰ ਪ੍ਰਫੁੱਲਿਤ ਕਰਦੇ ਰਹਿਣ ਜਿਸ ਮਕਸਦ ਨੂੰ ਮੁੱਖ ਰੱਖਕੇ ਇਹ ਪੰਜਾਬ ਯੂਨੀਵਰਸਿਟੀ ਹੋਦ ਵਿਚ ਲਿਆਂਦੀ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਦੋਂ ਮੁਤੱਸਵੀ ਹੁਕਮਰਾਨਾਂ, ਫਿਰਕੂ ਜਮਾਤਾਂ ਵੱਲੋਂ ਸਮੁੱਚੇ ਇੰਡੀਆ ਵਿਚ ਪੰਜਾਬ, ਪੰਜਾਬੀ, ਪੰਜਾਬੀਅਤ ਵਿਰੋਧੀ ਅਮਲ ਤੇ ਸਾਜਿਸਾਂ ਰਚੀਆ ਜਾ ਰਹੀਆ ਹਨ, ਤਾਂ ਇਨ੍ਹਾਂ ਤਾਕਤਾਂ ਨੇ ਸਾਡੀ ਵੱਡੀ ਪੰਜਾਬ ਯੂਨੀਵਰਸਿਟੀ ਨੂੰ ਵੀ ਨਿਸ਼ਾਨਾਂ ਬਣਾ ਦਿੱਤਾ ਹੈ । ਜਿਸਦੀ ਬਦੌਲਤ ਉਥੇ ਪੜ੍ਹਨ ਵਾਲੇ ਅਤੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜੋ ਅੱਜ ਤੱਕ ਪੰਜਾਬੀ ਨੂੰ ਲਾਜਮੀ ਵਿਸੇ ਵੱਜੋ ਰੱਖਣਾ ਪੈਦਾ ਸੀ, ਸਿਡੀਕੇਟ ਮੈਬਰਾਂ ਨੇ ਉਸ ਲਾਜਮੀ ਵਿਸੇ ਵਿਚੋ ਪੰਜਾਬੀ ਨੂੰ ਕੱਢਕੇ ਪੰਜਾਬ ਸੂਬੇ, ਪੰਜਾਬੀ ਬੋਲੀ, ਭਾਸ਼ਾ ਅਤੇ ਪੰਜਾਬੀ ਵਿਰਸੇ-ਵਿਰਾਸਤ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ । ਜੋ ਕਿ ਇਨ੍ਹਾਂ ਸਭ ਪ੍ਰਬੰਧਕਾਂ, ਯੂਨੀਵਰਸਿਟੀ ਦੇ ਸਿਡੀਕੇਟ ਮੈਬਰਾਂ ਦੀ ਅਤਿ ਨਿੰਦਣਯੋਗ ਕਾਰਵਾਈ ਹੈ ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਬਿਲਕੁਲ ਸਹਿਣ ਨਹੀ ਕਰਨਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਦਿਨ ਪਹਿਲੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੀ ਮੈਨੇਜਮੈਟ, ਸਿਡੀਕੇਟ ਮੈਬਰਾਂ ਵੱਲੋ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵਿਸੇ ਵਿਚੋ ਪੰਜਾਬੀ ਨੂੰ ਲਾਜਮੀ ਵਿਸੇ ਵਿਚੋ ਕੱਢ ਦੇਣ ਦੇ ਪੰਜਾਬੀ ਵਿਰੋਧੀ ਕਾਰਵਾਈਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਯੂਨੀਵਰਸਿਟੀ ਨਾਲ ਸੰਬੰਧਤ ਜਿੰਮੇਵਾਰ ਉੱਚ ਅਹੁਦਿਆ ਤੇ ਬੈਠੀ ਅਫਸਰਸਾਹੀ ਅਤੇ ਸਿਡੀਕੇਟ ਮੈਬਰਾਂ ਨੂੰ ਇਸਦੇ ਨਿਕਲਣ ਵਾਲੇ ਨਤੀਜਿਆ ਤੋ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਲੋਕ ਇਸ ਯੂਨੀਵਰਸਿਟੀ ਵਿਚੋ ਪੰਜਾਬੀ ਦਿੱਖ ਨੂੰ ਖ਼ਤਮ ਕਰਨ ਉਤੇ ਅਮਲ ਕਰ ਰਹੇ ਹਨ, ਇਹ ਪੰਜਾਬ ਦੀ ਧਰਤੀ ਅਤੇ ਪੰਜਾਬੀਅਤ ਨਾਲ ਵੱਡਾ ਧ੍ਰੋਹ ਕਮਾਉਣ ਵਾਲੀ ਕਾਰਵਾਈ ਹੈ । ਇਸ ਯੂਨੀਵਰਸਿਟੀ ਵਿਚ ਕੀਤੇ ਜਾ ਰਹੇ ਇਨ੍ਹਾਂ ਪੰਜਾਬੀ ਬੋਲੀ ਵਿਰੋਧੀ ਹੁਕਮਾਂ ਨੂੰ ਤੁਰੰਤ ਵਾਪਸ ਲਿਆ ਜਾਵੇ । ਤਾਂ ਕਿ ਪੰਜਾਬੀਆਂ ਤੇ ਸਿੱਖ ਕੌਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਿਸੇ ਵੱਡੇ ਐਕਸਨ ਨੂੰ ਕਰਨ ਲਈ ਮਜਬੂਰ ਨਾ ਹੋਵੇ । ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੋ ਚੰਡੀਗੜ੍ਹ ਅਕਾਸਵਾਣੀ ਤੋ ਪੰਜਾਬੀ ਦੀਆਂ ਖਬਰਾਂ ਨਸਰ ਕਰਨ ਵਾਲੇ ਪੰਜਾਬੀ ਯੂਨਿਟ ਨੂੰ ਅਜਿਹੇ ਪੰਜਾਬ ਵਿਰੋਧੀਆਂ ਨੇ ਜਲੰਧਰ ਤਬਦੀਲ ਕਰ ਦੇਣ ਦੀ ਗੁਸਤਾਖੀ ਕੀਤੀ ਹੈ, ਜਿਸ ਪਿੱਛੇ ਚੰਡੀਗੜ੍ਹ ਯੂਟੀ ਵਿਚੋ ਪੰਜਾਬੀ ਭਾਸ਼ਾ ਤੇ ਬੋਲੀ ਨੂੰ ਮਨਫੀ ਕਰਨ ਦੀਆਂ ਸਾਜਿਸਾਂ ਪ੍ਰਤੱਖ ਰੂਪ ਵਿਚ ਨਜਰ ਆ ਰਹੀਆ ਹਨ । ਅਜਿਹਾ ਕਰਕੇ ਚੰਡੀਗੜ੍ਹ ਵਿਚ ਵੱਸਣ ਵਾਲੇ ਵੱਡੀ ਗਿਣਤੀ ਵਿਚ ਪੰਜਾਬੀ ਪ੍ਰੇਮੀਆਂ ਤੇ ਸਿੱਖ ਕੌਮ ਦੇ ਮਨ-ਆਤਮਾ ਨੂੰ ਠੇਸ ਪਹੁੰਚਾਈ ਗਈ ਹੈ । ਜਿਸਨੂੰ ਤੁਰੰਤ ਰੱਦ ਕੀਤਾ ਜਾਵੇ । ਪੰਜਾਬੀ ਬੋਲੀ-ਭਾਸ਼ਾ ਦਾ ਚੰਡੀਗੜ੍ਹ ਵਿਚ ਚੱਲਦਾ ਆ ਰਿਹਾ ਸਟੇਟਸ ਕਾਇਮ ਰੱਖਿਆ ਜਾਵੇ । ਸਮੁੱਚੇ ਪੰਜਾਬੀਆਂ ਨੂੰ ਇਸ ਗੰਭੀਰ ਵਿਸੇ ਤੇ ਸੁਚੇਤ ਰਹਿਣ, ਜੇਕਰ ਹੁਕਮਰਾਨਾਂ ਤੇ ਮੁਤੱਸਵੀ ਸੋਚ ਵਾਲੇ ਸਿਆਸਤਦਾਨਾਂ ਨੇ ਇਹ ਪੰਜਾਬੀ ਵਿਰੋਧੀ ਸਿਲਸਿਲਾ ਬੰਦ ਨਾ ਕੀਤਾ ਤਾਂ ਉਸ ਵਿਰੁੱਧ ਸੰਘਰਸ਼ ਕਰਨ ਲਈ ਸਮੁੱਚੇ ਪੰਜਾਬੀਆਂ ਤੇ ਚੰਡੀਗੜ੍ਹੀਆਂ ਨੂੰ ਵੀ ਇਸ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ।

Leave a Reply

Your email address will not be published. Required fields are marked *