ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਹੋਣ ਵਾਲੇ ਪ੍ਰਿਖਿਆ ਪੇਪਰਾਂ ਵਿਚੋਂ ਪੰਜਾਬੀ ਬੋਲੀ ਅਤੇ ਪੰਜਾਬ ਦੇ ਇਤਿਹਾਸ ਨੂੰ ਪਾਸੇ ਕਰਨਾ ਡੂੰਘੀ ਸਾਜਿਸ : ਮਾਨ
ਫ਼ਤਹਿਗੜ੍ਹ ਸਾਹਿਬ, 24 ਜਨਵਰੀ ( ) “ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸਨ ਬੋਰਡ ਜੋ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਖਾਲੀ ਅਸਾਮੀਆ ਨੂੰ ਭਰਨ ਲਈ ਬਤੌਰ ਚੋਣ ਬੋਰਡ ਦੀ ਜਿ਼ੰਮੇਵਾਰੀ ਨਿਭਾਅ ਰਿਹਾ ਹੈ, ਉਸ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਭਰਤੀ ਲਈ ਆਪਣੇ ਪੱਧਰ ਤੇ ਪੰਜਾਬ ਦੇ ਵਿਦਿਆਰਥੀਆਂ, ਬੇਰੁਜਗਾਰਾਂ ਤੋਂ ਅਖ਼ਬਾਰਾਂ ਵਿਚ ਇਸਤਿਹਾਰ ਦੇ ਕੇ ਅਸਾਮੀਆ ਭਰਨ ਲਈ ਦਰਖਾਸਤਾਂ ਵੀ ਮੰਗੀਆ ਜਾਂਦੀਆ ਹਨ ਅਤੇ ਉਨ੍ਹਾਂ ਦੀ ਚੋਣ ਕਰਨ ਲਈ ਪੰਜਾਬੀ ਭਾਸ਼ਾ, ਪੰਜਾਬ ਦੇ ਇਤਿਹਾਸ ਅਤੇ ਆਮ ਜਾਣਕਾਰੀ ਹਿੱਤ ਲਿਖਤੀ ਟੈਸਟ ਲਏ ਜਾਂਦੇ ਹਨ ਅਤੇ ਫਿਰ ਨੰਬਰਾਂ ਪ੍ਰਤੀਸ਼ਤਾਂ ਦੇ ਆਧਾਰ ਤੇ ਇਨ੍ਹਾਂ ਅਸਾਮੀਆ ਲਈ ਭਰਤੀ ਕੀਤੀ ਜਾਂਦੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਪੰਜਾਬ ਸੂਬੇ ਨਾਲ ਸੰਬੰਧਤ ਇਸ ਬੋਰਡ ਵੱਲੋ ਪੰਜਾਬੀ ਭਾਸ਼ਾ, ਪੰਜਾਬ ਦੇ ਇਤਿਹਾਸ ਨੂੰ ਸੰਬੰਧਤ ਪੇਪਰਾਂ ਵਿਚੋਂ ਇਕ ਸਾਜਿਸ ਅਧੀਨ ਖ਼ਤਮ ਕੀਤਾ ਜਾ ਰਿਹਾ ਹੈ । ਜਿਸਦਾ ਸਾਫ ਮਤਲਬ ਹੈ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਪੰਜਾਬੀ ਨੌਜ਼ਵਾਨਾਂ ਜਾਂ ਪੰਜਾਬੀ ਬੇਰੁਜਗਾਰਾਂ ਦੀ ਭਰਤੀ ਕਰਨ ਦੇ ਗੰਭੀਰ ਮੁੱਦੇ ਨੂੰ ਨਜ਼ਰ ਅੰਦਾਜ ਕਰਕੇ ਚੋਰ ਦਰਵਾਜਿਓ ਦੂਜੇ ਸੂਬਿਆਂ ਤੇ ਦੂਜੀਆਂ ਭਾਸ਼ਾਵਾਂ ਦੇ ਵਿਦਿਆਰਥੀਆਂ ਦੀ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਭਰਤੀ ਕਰਕੇ ਬਹੁਗਿਣਤੀ ਪੰਜਾਬੀ ਤੇ ਸਿੱਖ ਵਸੋਂ ਵਾਲੇ ਇਸ ਸੂਬੇ ਵਿਚ ਦੂਸਰੇ ਸੂਬਿਆਂ ਦਾ ਬੋਲਬਾਲਾ ਹੋ ਸਕੇ ਅਤੇ ਆਉਣ ਵਾਲੇ ਸਮੇ ਵਿਚ ਪੰਜਾਬ ਦੇ ਮਹਾਨ ਇਤਿਹਾਸ ਅਤੇ ਪੰਜਾਬੀ ਬੋਲੀ ਤੋ ਕਿਨਾਰਾ ਹੋ ਸਕੇ । ਜੋ ਕਿ ਬਹੁਤ ਹੀ ਡੂੰਘੀ ਅਤਿ ਖ਼ਤਰਨਾਕ ਸਾਜਿਸ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਨੋਟਿਸ ਲੈਦਾ ਹੋਇਆ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਅਤੇ ਸੰਬੰਧਤ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਤੋਂ ਮੰਗ ਕਰਦੇ ਹਾਂ ਕਿ ਇਹ ਪੰਜਾਬੀ ਭਾਸ਼ਾ ਤੇ ਪੰਜਾਬ ਦੇ ਇਤਿਹਾਸ ਤੋਂ ਦਰਕਿਨਾਰ ਕਰਨ ਦੇ ਪੰਜਾਬ ਸੂਬੇ ਵਿਰੋਧੀ ਅਮਲਾਂ ਨੂੰ ਬੰਦ ਕਰਕੇ ਸਹੀ ਮਾਇਨਿਆ ਵਿਚ ਪੰਜਾਬੀ ਬੋਲੀ, ਪੰਜਾਬ ਦੇ ਇਤਿਹਾਸ ਨੂੰ ਮੁੱਖ ਰੱਖਕੇ ਸੰਬੰਧਤ ਪੇਪਰਾਂ ਵਿਚ ਸਵਾਲ ਪਾਏ ਜਾਣ ਤਾਂ ਕਿ ਪੰਜਾਬ ਦੇ ਬੱਚਿਆਂ ਨੂੰ ਆਪਣੇ ਵਿਰਸੇ-ਵਿਰਾਸਤ ਨਾਲ ਹਮੇਸ਼ਾਂ ਲਈ ਜੋੜਕੇ ਵੀ ਰੱਖਿਆ ਜਾ ਸਕੇ ਅਤੇ ਪੰਜਾਬ ਦੀਆਂ ਸਰਕਾਰੀ ਅਸਾਮੀਆ ਵਿਚ ਉਨ੍ਹਾਂ ਦੀ ਭਰਤੀ ਦੀ ਬਣਦੀ ਪ੍ਰਤੀਸ਼ਤਾਂ ਅਨੁਸਾਰ ਉਨ੍ਹਾਂ ਨੂੰ ਸੇਵਾਵਾਂ ਤੇ ਨੌਕਰੀਆਂ ਵੀ ਪ੍ਰਾਪਤ ਹੁੰਦੀਆ ਰਹਿਣ । ਦੂਸਰੇ ਸੂਬਿਆਂ ਦੇ ਦੂਸਰੀਆ ਭਾਸ਼ਾ ਦੇ ਨਿਵਾਸੀ ਸਾਡੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਆਪਣੀ ਅਜਾਰੇਦਾਰੀ ਨਾ ਕਾਇਮ ਕਰ ਸਕਣ ਅਤੇ ਪੰਜਾਬੀਆਂ ਨੂੰ ਅਜਿਹੀਆ ਸਾਜਿਸਾਂ ਰਾਹੀ ਤਰਸਯੋਗ ਹਾਲਤ ਪੈਦਾ ਕਰਨ ਵਿਚ ਕਾਮਯਾਬ ਹੋ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਇਤਿਹਾਸ ਤੋਂ ਵਿਰਵੇ ਵਿਦਿਆਰਥੀਆਂ ਨੂੰ ਟੈਸਟ ਪੇਪਰ ਦੇਣ ਦੇ ਹੋ ਰਹੇ ਪੰਜਾਬ ਵਿਰੋਧੀ ਅਮਲਾਂ ਵਿਰੁੱਧ ਸਖ਼ਤ ਨੋਟਿਸ ਲੈਦੇ ਹੋਏ ਅਤੇ ਪੰਜਾਬ ਸਰਕਾਰ ਨੂੰ ਇਸ ਵਿਸ਼ੇ ਉਤੇ ਤੁਰੰਤ ਗੌਰ ਕਰਕੇ ਪੰਜਾਬੀ ਵਿਦਿਆਰਥੀਆਂ ਅਤੇ ਪੰਜਾਬੀ ਬੋਲੀ ਨਾਲ ਹੋ ਰਹੇ ਵਿਤਕਰੇ ਨੂੰ ਖਤਮ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇ ਵਿਚ ਸਾਡੇ ਸਕੂਲੀ ਬੱਚਿਆਂ ਦੀਆਂ ਕਿਤਾਬਾਂ ਦੇ ਸਿਲੇਬਸ ਵਿਚ, ਸਾਡੇ ਗੁਰ ਇਤਿਹਾਸ, ਪੰਜਾਬ ਅਤੇ ਪੰਜਾਬੀ ਸੱਭਿਆਚਾਰ ਵਿਚ ਗੰਧਲਾਪਣ ਦਾਖਲ ਕਰਨ ਲਈ ਸਿਲੇਬਸ ਹੀ ਸਾਜਸੀ ਢੰਗ ਨਾਲ ਬਦਲੇ ਗਏ ਤਾਂ ਕਿ ਪੰਜਾਬ ਦੀ ਨੌਜ਼ਵਾਨੀ ਨੂੰ ਪੰਜਾਬ ਦੇ ਇਤਿਹਾਸ ਤੋ ਦੂਰ ਕੀਤਾ ਜਾ ਸਕੇ ਅਤੇ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਨਾ ਹੋ ਸਕੇ । ਪਰ ਸਮੇ-ਸਮੇ ਤੇ ਸਿੱਖ ਬੁੱਧੀਜੀਵੀਆਂ ਅਤੇ ਸਾਡੀ ਪਾਰਟੀ ਵੱਲੋ ਜਿੰਮੇਵਾਰੀ ਨਾਲ ਐਕਸਨ ਕਰਨ ਦੀ ਬਦੌਲਤ ਪੰਜਾਬ ਵਿਰੋਧੀ ਤਾਕਤਾਂ ਆਪਣੇ ਮੰਦਭਾਵਨਾ ਭਰੇ ਮਿਸਨ ਵਿਚ ਕਾਮਯਾਬ ਨਹੀ ਹੋ ਸਕੀਆ । ਅਜਿਹੀਆ ਸਾਜਿਸਾਂ ਸੈਟਰ ਪੱਧਰ ਤੇ ਅੱਜ ਵੀ ਹੋ ਰਹੀਆ ਹਨ । ਜਿਸ ਉਤੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਸਿੱਖ ਬੁੱਧੀਜੀਵੀਆਂ, ਵਿਦਵਾਨਾਂ ਅਤੇ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆ ਨੂੰ ਵੀ ਸੁਚੇਤ ਰਹਿਣਾ ਪਵੇਗਾ ਤਾਂ ਕਿ ਬੀਜੇਪੀ-ਆਰ.ਐਸ.ਐਸ ਅਤੇ ਇਨ੍ਹਾਂ ਦੇ ਨਾਗਪੁਰ ਹੈੱਡਕੁਆਰਟਰ ਪੰਜਾਬ ਦੇ ਸੱਭਿਆਚਾਰ, ਵਿਰਸੇ-ਵਿਰਾਸਤ, ਪੰਜਾਬੀ ਭਾਸ਼ਾ, ਬੋਲੀ ਵਿਚ ਕੋਈ ਗੰਧਲਾਪਣ ਕਰਕੇ ਸਾਡੇ ਮਹਾਨ ਇਤਿਹਾਸ ਤੇ ਬੋਲੀ ਨੂੰ ਨੁਕਸਾਨ ਨਾ ਪਹੁੰਚਾ ਸਕਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਇਸ ਅਤਿ ਸੰਜੀਦਗੀ ਵਾਲੇ ਮੁੱਦੇ ਤੇ ਫੌਰੀ ਗੌਰ ਕਰਕੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਿਚ ਕਿਸੇ ਸਾਜਿਸ ਤਹਿਤ ਹੋ ਰਹੀ ਅਣਗਹਿਲੀ ਨੂੰ ਜਿਥੇ ਰੋਕਣਗੇ ਉਥੇ ਅਜਿਹੀਆ ਸਾਜਿਸਾਂ ਦਾ ਹਿੱਸਾ ਬਣਨ ਵਾਲੀ ਅਫਸਰਸਾਹੀ ਵਿਰੁੱਧ ਫੌਰੀ ਵਿਭਾਗੀ ਤੇ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦੇਣਗੇ ਤਾਂ ਕਿ ਕੋਈ ਵੀ ਪੰਜਾਬ ਵਿਰੋਧੀ ਤਾਕਤਾਂ ਦਾ ਗੁਲਾਮ ਬਣਿਆ ਅਫਸਰ ਪੰਜਾਬ ਸੂਬੇ, ਪੰਜਾਬੀ ਬੋਲੀ, ਸੱਭਿਅਤਾ, ਵਿਰਸੇ-ਵਿਰਾਸਤ ਨਾਲ ਖਿਲਵਾੜ ਕਰਨ ਦੀ ਜੁਰਅਤ ਨਾ ਕਰ ਸਕੇ ।