ਬੇਸ਼ੱਕ ਬੀਜੇਪੀ ਗੁਜਰਾਤ ਵਿਚ ਪਿੰਡ-ਪਿੰਡ ਫਿਰਨ ਕਰਕੇ ਜਿੱਤ ਗਈ ਹੈ, ਲੇਕਿਨ ਹਿਮਾਚਲ ਅਤੇ ਦਿੱਲੀ ਵਿਚ ਉਸਦੀ ਹੋਈ ਹਾਰ ਛੋਟੀ ਗੱਲ ਨਹੀਂ : ਮਾਨ

ਚੰਡੀਗੜ੍ਹ, 08 ਦਸੰਬਰ ( ) “ਇੰਡੀਆ ਦੇ ਨਿਵਾਸੀਆ ਵਿਚ ਸ੍ਰੀ ਮੋਦੀ-ਸ਼ਾਹ ਦੇ ਦੋਸ਼ਪੂਰਨ ਅਤੇ ਜਨਤਾ ਨਾਲ ਧੋਖੇ-ਫਰੇਬ ਕਰਨ ਵਾਲੇ ਰਾਜ ਪ੍ਰਬੰਧ ਤੋਂ ਕਿੰਨੀ ਵੱਡੀ ਗਿਣਤੀ ਵਿਚ ਲੋਕ ਖਫਾ ਹੋ ਚੁੱਕੇ ਹਨ, ਉਹ ਗੁਜਰਾਤ, ਹਿਮਾਚਲ ਅਤੇ ਦਿੱਲੀ ਦੀਆਂ ਹੁਣੇ ਹੀ ਹੋਈਆ ਅਸੈਬਲੀ ਅਤੇ ਕਾਰਪੋਰੇਸ਼ਨ ਚੋਣਾਂ ਦੇ ਆਏ ਨਤੀਜਿਆ ਤੋਂ ਪ੍ਰਤੱਖ ਰੂਪ ਵਿਚ ਸਪੱਸਟ ਹੋ ਜਾਂਦਾ ਹੈ ਕਿ ਜੋ ਇੰਡੀਅਨ ਨਿਵਾਸੀਆ ਨੂੰ ਮੋਦੀ-ਸਾਹ ਜੋੜੀ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬੀਤੇ ਸਮੇ ਵਿਚ ਬੁਖਾਰ ਚੜ੍ਹਿਆ ਹੋਇਆ ਸੀ ਉਹ ਹੁਣ ਉਤਰਣਾ ਸੁਰੂ ਹੋ ਚੁੱਕਾ ਹੈ । ਕਿਉਂਕਿ ਬੇਸ਼ੱਕ ਬੀਜੇਪੀ-ਆਰ.ਐਸ.ਐਸ, ਮੋਦੀ-ਸ਼ਾਹ ਨੇ ਆਪਣੇ ਪਿੱਤਰੀ ਸੂਬੇ ਗੁਜਰਾਤ ਦੀਆਂ ਅਸੈਬਲੀ ਚੋਣਾਂ ਨੂੰ ਜਿੱਤ ਲਿਆ ਹੈ, ਪਰ ਜਿਸ ਤਰੀਕੇ ਸ੍ਰੀ ਮੋਦੀ ਨੂੰ ਬਤੌਰ ਵਜ਼ੀਰ-ਏ-ਆਜਮ ਹੁੰਦੇ ਹੋਏ ਗੁਜਰਾਤ ਦੇ ਪਿੰਡ-ਪਿੰਡ ਫੇਰੀਆ, ਚੱਕਰ ਮਾਰਨੇ ਪਾਏ ਹਨ ਅਤੇ ਚੋਣਾਂ ਤੋਂ ਪਹਿਲੇ ਅਤੇ ਦੌਰਾਨ ਗੁਜਰਾਤ ਨੂੰ ਵੱਡੇ ਗੱਫੇ ਦਿੱਤੇ ਹਨ, ਉਸਦੀ ਬਦੌਲਤ ਗੁਜਰਾਤ ਨੂੰ ਜਿੱਤਣਾ ਕੋਈ ਵੱਡੀ ਮਾਰਕੇ ਵਾਲੀ ਗੱਲ ਨਹੀ । ਲੇਕਿਨ ਇੰਡੀਆ ਦੇ ਦੂਸਰੇ ਹਿੱਸਿਆ ਹਿਮਾਚਲ, ਦਿੱਲੀ ਆਦਿ ਵਿਚ ਹੋਈਆ ਚੋਣਾਂ ਵਿਚ ਜਿਵੇ ਵੋਟਰਾਂ ਤੇ ਨਿਵਾਸੀਆ ਨੇ ਬੀਜੇਪੀ-ਆਰ.ਐਸ.ਐਸ. ਦੇ ਦੋਸ਼ਪੂਰਨ ਰਾਜ ਭਾਗ ਨੂੰ ਨਕਾਰਿਆ ਹੈ, ਉਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਬਹੁਤ ਵੱਡੀ ਤਬਦੀਲੀ ਆਈ ਹੈ ਜੋ 2024 ਦੀਆਂ ਪਾਰਲੀਮੈਟ ਚੋਣਾਂ ਵਿਚ ਹੋਰ ਵੀ ਵੱਡੇ ਅਚੰਭੇ ਵਾਲੇ ਨਤੀਜੇ ਹੋਣਗੇ । ਬੀਜੇਪੀ-ਆਰ.ਐਸ.ਐਸ. ਦਾ ਗ੍ਰਾਂਫ ਹੋਰ ਵੀ ਥੱਲ੍ਹੇ ਜਾਵੇਗਾ ਅਤੇ ਇਹ ਹੁਣ ਬੀਜੇਪੀ-ਆਰ.ਐਸ.ਐਸ. ਦੀ ਬੇੜੀ ਪਾਰ ਨਹੀ ਲੱਗਣੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਣੇ ਹੀ ਗੁਜਰਾਤ, ਦਿੱਲੀ, ਹਿਮਾਚਲ ਦੀਆਂ ਹੋਈਆ ਅਸੈਬਲੀ ਤੇ ਕਾਰਪੋਰੇਸ਼ਨ ਚੋਣ ਨਤੀਜਿਆ ਉਤੇ ਇੰਡੀਅਨ ਨਿਵਾਸੀਆ ਦੇ ਮਨਾਂ ਤੇ ਆਤਮਾਵਾ ਵਿਚ ਆਈ ਵੱਡੀ ਤਬਦੀਲੀ ਉਤੇ ਚੋਣ ਤਪਸਰਾ ਕਰਦੇ ਹੋਏ ਤੇ ਆਉਣ ਵਾਲੇ ਸਮੇ ਵਿਚ ਬੀਜੇਪੀ-ਆਰ.ਐਸ.ਐਸ. ਵਰਗੀ ਮੁਤੱਸਵੀ ਜਮਾਤਾਂ ਤੇ ਆਗੂਆਂ ਨੂੰ ਵੱਡੀਆ ਚੁਣੋਤੀਆ ਦਾ ਸਾਹਮਣਾ ਕਰਨ ਦੀ ਭਵਿੱਖਬਾਣੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਆਈ ਤਬਦੀਲੀ ਦਾ ਇਹ ਵੀ ਵੱਡਾ ਕਾਰਨ ਹੈ ਕਿ ਕਾਂਗਰਸ ਦੇ ਸ੍ਰੀ ਰਾਹੁਲ ਗਾਂਧੀ ਨੇ ਜੋ ਯਾਤਰਾ ਸੁਰੂ ਕੀਤੀ ਹੈ, ਉਸਦਾ ਪ੍ਰਭਾਵ ਵੀ ਉਪਰੋਕਤ ਚੋਣਾਂ ਉਤੇ ਪਿਆ ਹੈ ਜਿਸ ਤੋਂ ਇਹ ਹੁਕਮਰਾਨ ਜਾਂ ਚੋਣਾਂ ਦੀ ਸਮਿਖਿਆ ਕਰਨ ਵਾਲੇ ਇਨਕਾਰ ਨਹੀ ਕਰ ਸਕਦੇ । ਉਨ੍ਹਾਂ ਵੱਖ-ਵੱਖ ਪਾਰਟੀਆ ਵਿਚੋਂ ਬੀਜੇਪੀ ਵਿਚ ਜਾਣ ਵਾਲੇ ਦਿਗਜ ਆਗੂਆ ਅਤੇ ਹੋਰਨਾਂ ਨੂੰ ਇੰਡੀਆ ਅਤੇ ਪੰਜਾਬ ਦੇ ਨਿਵਾਸੀਆ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪੁੱਛਿਆ ਕਿ ਜਦੋ ਮੌਜੂਦਾ ਦੋ ਸੂਬਿਆਂ ਤੇ ਦਿੱਲੀ ਦੇ ਚੋਣ ਨਤੀਜਿਆ ਨੇ ਆਉਣ ਵਾਲੇ ਸਮੇ ਦੀ ਗੱਲ ਨੂੰ ਸਪੱਸਟ ਕਰ ਦਿੱਤਾ ਹੈ ਅਤੇ ਮੋਦੀ-ਸਾਹ, ਬੀਜੇਪੀ-ਆਰ.ਐਸ.ਐਸ. ਦਾ ਗੁੰਮਰਾਹਕੁੰਨ ਜਾਦੂ ਦਾ ਅਸਰ ਖਤਮ ਹੁੰਦਾ ਜਾ ਰਿਹਾ ਹੈ । ਫਿਰ ਇਨ੍ਹਾਂ ਬੀਜੇਪੀ ਦੀ ਡੁੱਬਦੀ ਬੇੜੀ ਵਿਚ ਚੜ੍ਹਨ ਵਾਲੇ ਆਗੂਆ ਨੂੰ ਲੋਕ ਵੋਟ ਕਿਵੇ ਪਾਉਣਗੇ ? ਉਸਦੀ ਸਮਿਖਿਆ ਜ਼ਰੂਰ ਕਰ ਲੈਣੀ ਚਾਹੀਦੀ ਹੈ ।

Leave a Reply

Your email address will not be published. Required fields are marked *