ਸੰਤ ਭਿੰਡਰਾਂਵਾਲਿਆ ਤੋ ਬਾਅਦ ਧਰਮ ਪ੍ਰਚਾਰ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਿਤ ਕਰਨ ਵਿਚ ਆਈ ਖੜ੍ਹੋਤ ਨੂੰ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਹੀ ਪੂਰਨ ਕਰ ਰਹੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 06 ਦਸੰਬਰ ( ) “ਜਦੋਂ ਤੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਦੀ ਸ਼ਹਾਦਤ ਹੋਈ ਹੈ, ਉਸ ਉਪਰੰਤ ਧਰਮ ਪ੍ਰਚਾਰ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਿਤ ਕਰਨ ਵਿਚ ਲੰਮੇ ਸਮੇ ਤੋਂ ਖੜ੍ਹੋਤ ਬਣੀ ਹੋਈ ਸੀ । ਸੰਤਾਂ ਤੋਂ ਲੈਕੇ ਅੱਜ ਤੱਕ ਦੇ ਖਲਾਅ ਵਿਚ ਕਿਸੇ ਵੀ ਟਕਸਾਲ, ਸੰਤ-ਮਹਾਪੁਰਖ, ਡੇਰੇਦਾਰਾਂ ਆਦਿ ਪ੍ਰਚਾਰਕਾਂ ਨੇ ਆਪਣੀ ਕੌਮੀ ਜਿ਼ੰਮੇਵਾਰੀ ਨੂੰ ਪੂਰਨ ਨਹੀ ਕੀਤਾ ਅਤੇ ਬਹੁਤ ਵੱਡਾ ਖਲਾਅ ਬਣਿਆ ਹੋਇਆ ਸੀ ਜਿਸ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਵੇ ਬਣੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਹੀ ਤੋੜਿਆ ਹੈ ਅਤੇ ਇਸ ਕਦਰ ਕੌਮੀ ਅਤੇ ਮਨੁੱਖਤਾ ਪੱਖੀ ਸੋਚ ਨੂੰ ਸਮਰਪਿਤ ਹੋ ਕੇ ਉਨ੍ਹਾਂ ਨੇ ਅੰਮ੍ਰਿਤ ਸੰਚਾਰ ਅਤੇ ਸਿੱਖ ਨੌਜ਼ਵਾਨੀ ਨੂੰ ਨਸਿ਼ਆਂ ਵਿਚੋਂ ਕੱਢਣ ਅਤੇ ਪੁਰਾਤਨ ਪੰਜਾਬ ਦੇ ਵਿਰਸੇ-ਵਿਰਾਸਤ ਨੂੰ ਸਾਂਭਣ ਦਾ ਬਹੁਤ ਅਹਿਮ ਬੀੜਾ ਚੁੱਕਿਆ ਹੈ । ਇਹ ਹੋਰ ਵੀ ਖੁਸ਼ੀ ਅਤੇ ਫਖ਼ਰ ਵਾਲਾ ਵਰਤਾਰਾ ਹੋਇਆ ਹੈ ਕਿ ਪਿੰਡਾਂ, ਕਸਬਿਆ ਅਤੇ ਸ਼ਹਿਰਾਂ ਵਿਚ ਵੱਸਣ ਵਾਲੀ ਨੌਜ਼ਵਾਨੀ ਜਿਸ ਵਿਚ ਸਾਡੇ ਸਭ ਵਰਗਾਂ ਦੇ ਬੱਚੇ ਅਤੇ ਬੱਚੀਆਂ ਹਨ, ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ 23 ਨਵੰਬਰ ਤੋਂ ਸੁਰੂ ਕੀਤੀ ‘ਖ਼ਾਲਸਾ ਵਹੀਰ’ ਦੇ ਪ੍ਰੋਗਰਾਮ ਨੂੰ ਬਹੁਤ ਵੱਡਾ ਸਹਿਯੋਗ ਦੇ ਰਹੇ ਹਨ । ਜਿਸ ਵਿਚ ਵੱਡੇ ਇਕੱਠਾਂ ਨੂੰ ਸੁਬੋਧਿਤ ਹੁੰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਕੌਮੀ ਸੋਚ ਉਤੇ ਪਹਿਰਾ ਦਿੰਦੇ ਹੋਏ ਬਾਦਲੀਲ ਢੰਗ ਨਾਲ ਨੌਜ਼ਵਾਨੀ ਨੂੰ ਆਪਣੇ ਮਹਾਨ ਕੌਮੀ ਵਿਰਸੇ-ਵਿਰਾਸਤ ਤੋ ਜਾਣੂ ਕਰਵਾਕੇ ਕੇਵਲ ਨਸਿਆ ਵਿਚ ਗਲਤਾਨ ਹੋਈ ਨੌਜ਼ਵਾਨੀ ਨੂੰ ਇਸ ਦਲਦਲ ਵਿਚੋ ਹੀ ਨਹੀ ਕੱਢ ਰਹੇ ਬਲਕਿ ਉਨ੍ਹਾਂ ਨੂੰ ਗੁਰਸਿੱਖੀ ਪ੍ਰੇਰਣਾ ਰਾਹੀ ਅਮਲੀ ਜੀਵਨ ਵਾਲੇ ਗੁਰਸਿੱਖ ਬਣਾਉਣ ਦੇ ਨਾਲ-ਨਾਲ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹਰ ਖੇਤਰ ਵਿਚ ਜਿਆਦਤੀਆ ਕਰਦੇ ਆ ਰਹੇ ਸੈਟਰ ਤੇ ਪੰਜਾਬ ਦੇ ਹੁਕਮਰਾਨਾਂ ਨੂੰ ਕੌਮਾਂਤਰੀ ਪੱਧਰ ਤੇ ਬਾਦਲੀਲ ਢੰਗ ਨਾਲ ਵੱਡੀ ਚੁਣੋਤੀ ਬਣਕੇ ਵੀ ਦ੍ਰਿੜਤਾ ਅਤੇ ਦੂਰਅੰਦੇਸ਼ੀ ਨਾਲ ਸਿੰਝ ਰਹੇ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਨਹੀ ਬਲਕਿ ਦੇਸ਼-ਵਿਦੇਸ਼ਾਂ ਵਿਚ ਬੈਠੇ ਸਭ ਇਨਸਾਨੀ ਕਦਰਾਂ-ਕੀਮਤਾਂ ਨੂੰ ਪਿਆਰ ਕਰਨ ਵਾਲੇ ਵਰਗ ਵੀ ਭਰਪੂਰ ਪ੍ਰਸ਼ੰਸ਼ਾਂ ਕਰ ਰਹੇ ਹਨ ਅਤੇ ਇਸ ਗੱਲ ਤੇ ਫਖ਼ਰ ਕਰ ਰਹੇ ਹਨ ਕਿ ਪੰਜਾਬ ਸੂਬੇ ਨੂੰ ਅਤੇ ਸਿੱਖ ਕੌਮ ਨੂੰ ਸਹੀ ਦਿਸ਼ਾ ਵੱਲ ਤੋਰਨ ਅਤੇ ਹਰ ਬੁਰਾਈ ਵਿਰੁੱਧ ਜੂਝਣ ਦੀ ਗੁਰਬਾਣੀ ਰਾਹੀ ਸ਼ਕਤੀ ਦੇਣ ਵਾਲੀ ਨੌਜ਼ਵਾਨ ਸਖਸ਼ੀਅਤ ਪ੍ਰਾਪਤ ਹੋ ਗਈ ਹੈ ਅਤੇ ਹੁਣ ਕੌਮ ਅਤੇ ਸਮੁੱਚੇ ਪੰਜਾਬੀ ਆਪਣੀ ਧਰਮੀ ਅਤੇ ਸਿਆਸੀ ਮੰਜਿਲ ਨੂੰ ਅਵੱਸ ਪ੍ਰਾਪਤ ਕਰਕੇ ਰਹਿਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ ਦੀ ਆਬੋਹਵਾ ਵਿਚ ਫਿਰ ਤੋ ਧਰਮੀ, ਇਖਲਾਕੀ, ਸਮਾਜਿਕ ਗੁਣਾਂ ਦੀ ਪ੍ਰਫੁੱਲਤਾ ਹੋਣ ਲਈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋ ਲੰਮੇ ਸਮੇ ਬਾਅਦ ਦ੍ਰਿੜਤਾ ਤੇ ਦੂਰਅੰਦੇਸ਼ੀ ਨਾਲ ਨਿਭਾਈ ਜਾ ਰਹੀ ਇਨਸਾਨੀਅਤ ਪੱਖੀ ਜਿ਼ੰਮੇਵਾਰੀ ਉਤੇ ਸੰਪੂਰਨ ਰੂਪ ਵਿਚ ਤਸੱਲੀ ਪ੍ਰਗਟ ਕਰਦੇ ਹੋਏ ਅਤੇ ਪੰਜਾਬ ਦੇ ਹਰ ਵਰਗ ਦੇ ਨਿਵਾਸੀਆ ਤੇ ਨੌਜਵਾਨੀ ਵੱਲੋ ਉਨ੍ਹਾਂ ਦੇ ਇਸ ਮਿਸਨ ਵਿਚ ਦਿੱਤੇ ਜਾ ਰਹੇ ਵੱਡੇ ਹੁੰਗਾਰੇ ਅਤੇ ਸਹਿਯੋਗ ਤੋ ਸੰਤੁਸਟੀ ਪ੍ਰਗਟ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜੋ ਇੰਡੀਆਂ ਦੀਆਂ ਏਜੰਸੀਆਂ ਅਤੇ ਉਨ੍ਹਾਂ ਦੇ ਆਦੇਸ਼ਾਂ ਉਤੇ ਭਾਈ ਅੰਮ੍ਰਿਤਪਾਲ ਸਿੰਘ ਵਰਗੀ ਧਰਮੀ ਤੇ ਇਨਸਾਨੀਅਤ ਪੱਖੀ ਸਖਸ਼ੀਅਤ ਨੂੰ ‘ਕੱਲ੍ਹ ਦਾ ਛੋਕਰਾ’ ਪੁਕਾਰਕੇ ਜਾਂ ਉਨ੍ਹਾਂ ਦੀ ਵਿਦਿਅਕ ਯੋਗਤਾ ਘੱਟ ਹੋਣ ਤੇ ਕਿੰਤੂ-ਪ੍ਰੰਤੂ ਕਰਕੇ ਉਨ੍ਹਾਂ ਨੂੰ ਨਿਸ਼ਾਨਾਂ ਬਣਾਉਣ ਅਤੇ ਬਦਨਾਮ ਕਰਨ ਦੇ ਅਮਲ ਕਰਦੇ ਨਜਰ ਆ ਰਹੇ ਸਨ, ਅੱਜ ਜਦੋ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਉਨ੍ਹਾਂ ਦੇ ਸਾਥੀ ਅੰਮ੍ਰਿਤ ਸੰਚਾਰ ਦੀ ਵੱਡੀ ਲਹਿਰ ਨੂੰ ਖੜ੍ਹੀ ਕਰਦੇ ਹੋਏ ਨਜਰ ਆ ਰਹੇ ਹਨ ਅਤੇ ਉਹ ਵਿਦੇਸ਼ਾਂ ਵਿਚੋ ਆਏ ਵੱਡੇ-ਵੱਡੇ ਕੌਮਾਂਤਰੀ ਪੱਧਰ ਦੇ ਪੱਤਰਕਾਰਾਂ ਨਾਲ ਬਹੁਤ ਬੇਬਾਕੀ ਅਤੇ ਦੂਰਅੰਦੇਸ਼ੀ ਨਾਲ ਅੰਗਰੇਜ਼ੀ ਵਿਚ ਇੰਟਰਵਿਊ ਦਿੰਦੇ ਨਜਰ ਆ ਰਹੇ ਹਨ ਅਤੇ ਉਨ੍ਹਾਂ ਪੱਤਰਕਾਰਾਂ ਨੂੰ ਹੈਰਾਨ ਕਰਦੇ ਨਜਰ ਆ ਰਹੇ ਹਨ ਤਾਂ ਅਜਿਹੇ ਵਿਰੋਧੀਆਂ ਅਤੇ ਖੂਫੀਆ ਏਜੰਸੀਆ ਦੇ ਚੇਹਰੇ ਭੰਬਲਭੂਸੇ ਵਿਚ ਪਏ ਹੋਏ ਹਨ ਅਤੇ ਉਨ੍ਹਾਂ ਦੀ ਕੋਈ ਵੀ ਮੰਦਭਾਵਨਾ ਭਰੀ ਸਾਜਿਸ ਨਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਸਖਸ਼ੀਅਤ ਅਤੇ ਨਾ ਹੀ ਰੋਜਾਨਾ ਹੀ ਹਜਾਰਾਂ ਦੀ ਗਿਣਤੀ ਵਿਚ ‘ਖ਼ਾਲਸਾ ਵਹੀਰ’ ਵਿਚ ਚੱਲਣ ਵਾਲੇ ਨੌਜਵਾਨ ਬੱਚੇ-ਬੱਚੀਆਂ, ਬੀਬੀਆਂ, ਬਜੁਰਗਾਂ, ਵਿਦਵਾਨਾਂ ਨੂੰ ਗੁੰਮਰਾਹ ਅਤੇ ਬਦਨਾਮ ਕਰਨ ਵਿਚ ਕਾਮਯਾਬ ਹੋ ਰਹੇ ਹਨ । ਇਸ ਹੋ ਰਹੇ ਵਰਤਾਰੇ ਤੋ ਇਹ ਵੀ ਪ੍ਰਤੱਖ ਹੋ ਰਿਹਾ ਹੈ ਕਿ ਜਿਸ ਸਿੱਦਤ, ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਆਪਣੇ ਕੌਮੀ ਮਿਸਨ ਨੂੰ ਲੈਕੇ ਬਹੁਤ ਹੀ ਠਰਮੇ ਅਤੇ ਸੂਝਵਾਨਤਾ ਨਾਲ ਵੱਧ ਰਹੇ ਹਨ, ਉਹ ਦਿਨ ਦੂਰ ਨਹੀ ਕਿ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਜੋ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਹਿੱਤ ਮੀਡੀਏ ਅਤੇ ਪ੍ਰੈਸ ਵਿਚ ਪ੍ਰਚਾਰ ਕੀਤਾ ਜਾਂਦਾ ਆ ਰਿਹਾ ਸੀ, ਉਹ ਹਥਿਆਰ ਹੁਣ ਬਿਲਕੁਲ ਖੂੰਡਾ ਹੋ ਚੁੱਕਿਆ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਵੱਲੋ ਗੁਰੂ ਸਾਹਿਬਾਨ ਦੇ ਹੁਕਮਾਂ ਅਨੁਸਾਰ ਅੰਮ੍ਰਿਤ ਸੰਚਾਰ ਦੀ ਸੁਰੂ ਕੀਤੀ ਲਹਿਰ ਅਜਿਹਾ ਬਿਗਲ ਵਜਾ ਰਹੀ ਹੈ ਕਿ ਪੰਜਾਬ ਵਿਚ ਆਉਣ ਵਾਲੇ ਸਮੇ ਵਿਚ ਸਮਾਜਿਕ ਬੁਰਾਈਆ ਦੇ ਨਾਮ ਦੀ ਗੱਲ ਅਲੋਪ ਹੋ ਕੇ ਰਹਿ ਜਾਵੇਗੀ ਅਤੇ ਇਥੇ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੇ ਮਨੁੱਖਤਾ ਪੱਖੀ ਸੰਦੇਸ਼, ਅਮਨ-ਚੈਨ ਅਤੇ ਜਮਹੂਰੀਅਤ ਦਾ ਬੋਲਬਾਲਾ ਹੋਣ ਤੋ ਕੋਈ ਵੀ ਤਾਕਤ ਰੋਕ ਨਹੀ ਸਕੇਗੀ ।

ਸ. ਮਾਨ ਨੇ ਸਮੁੱਚੇ ਪੰਜਾਬ ਵਿਚ ਵੱਸਣ ਵਾਲੇ ਸਭ ਵਰਗਾਂ ਹਿੰਦੂਆਂ, ਮੁਸਲਿਮ, ਸਿੱਖ, ਇਸਾਈਆ, ਰੰਘਰੇਟਿਆ, ਕਬੀਲਿਆ ਦੇ ਨਿਵਾਸੀਆ ਨੂੰ ਸਮੂਹਿਕ ਤੌਰ ਤੇ ਇਹ ਅਪੀਲ ਕੀਤੀ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋ ਵਿੱਢੀ ਖ਼ਾਲਸਾ ਵਹੀਰ ਦੇ ਮਨੁੱਖਤਾ ਪੱਖੀ ਮਕਸਦ ਵਿਚ ਤਨੋ-ਮਨੋ-ਧਨੋ ਹਰ ਤਰ੍ਹਾਂ ਸਹਿਯੋਗ ਕਰਨ ਦੀ ਜਿ਼ੰਮੇਵਾਰੀ ਨਿਭਾਉਣ ਅਤੇ ਖ਼ਾਲਸਾ ਪੰਥ ਉਨ੍ਹਾਂ ਸਭਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਹਰ ਪੱਖ ਤੋ ਪੂਰਨ ਰਾਜ ਭਾਗ ਦੇਵੇਗਾ । ਜਿਸ ਵਿਚ ਕਿਸੇ ਵੀ ਇਕ ਵੀ ਇਨਸਾਨ ਨਾਲ ਕੋਈ ਰਤੀਭਰ ਵੀ ਨਾ ਤਾਂ ਬੇਇਨਸਾਫ਼ੀ ਹੋ ਸਕੇਗੀ ਅਤੇ ਨਾ ਹੀ ਕਿਸੇ ਨਾਲ ਕੋਈ ਵਿਤਕਰਾ ਹੋ ਸਕੇਗਾ ਬਲਕਿ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਵੇਖਿਆ ਜਾਵੇਗਾ । ਪਾਰਦਰਸ਼ੀ ਸਾਫ਼-ਸੁਥਰਾ ਅਜਿਹਾ ਇਨਸਾਫ਼ ਪਸੰਦ ਰਾਜ ਕਾਇਮ ਕਰਾਂਗੇ ਜੋ ਦੁਨੀਆ ਵਿਚ ਇਕ ਵੱਖਰੀ ਮਿਸਾਲ ਕਾਇਮ ਕਰੇਗਾ ਅਤੇ ਇਹ ਰਾਜ ਭਾਗ ਸਮੁੱਚੀ ਦੁਨੀਆ ਵਿਚ ‘ਖ਼ਾਲਸੇ ਦੇ ਬੋਲਬਾਲੇ’ ਦਾ ਪ੍ਰਤੀਕ ਹੋਵੇਗਾ ।

Leave a Reply

Your email address will not be published. Required fields are marked *