ਗ੍ਰਹਿ ਵਜ਼ੀਰ ਅਮਿਤ ਸ਼ਾਹ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਸਬਕ ਸਿਖਾਏ ਜਾਣ ਵਾਲੇ ਬਿਆਨ ਦੇ ਨਤੀਜੇ ਕਦੀ ਵੀ ਅੱਛੇ ਸਾਬਤ ਨਹੀ ਹੋਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 01 ਦਸੰਬਰ ( ) “ਇੰਡੀਆ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਨੇ ਕੁਝ ਦਿਨ ਪਹਿਲੇ ਮੀਡੀਏ ਵਿਚ ਇਹ ਬਿਆਨ ਦਿੱਤਾ ਸੀ ਕਿ ਅਸੀਂ ਜੋ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਨੂੰ ਜੋ ਸਬਕ ਸਿਖਾਇਆ, ਉਸ ਉਪਰੰਤ ਹੀ ਅਮਨ ਚੈਨ ਕਾਇਮ ਹੋਇਆ ਹੈ ਅਤੇ ਹੁਣ ਕਦੀ ਵੀ ਦੰਗੇ-ਫਸਾਦ ਨਹੀ ਹੋਣਗੇ । ਅਜਿਹੇ ਵਿਚਾਰ ਸ੍ਰੀ ਮੋਦੀ ਵੀ ਪ੍ਰਗਟਾਉਦੇ ਹੋਏ ਕਹਿ ਰਹੇ ਹਨ ਕਿ ਅਸੀ ਦਹਿਸਤਗਰਦੀ ਉੱਠਣ ਨਹੀ ਦੇਣੀ । ਇਸ ਗੱਲ ਨੂੰ ਆਧਾਰ ਬਣਾਕੇ ਮੌਜੂਦਾ ਹੁਕਮਰਾਨ ਗੁਜਰਾਤ ਅਤੇ ਮੁਲਕ ਦੀਆਂ ਚੋਣਾਂ ਨਹੀ ਜਿੱਤ ਸਕਦੇ ਕਿਉਂਕਿ ਹਕੂਮਤੀ ਤਾਕਤ ਦੀ ਦੁਰਵਰਤੋ ਕਰਕੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਹਰ ਖੇਤਰ ਵਿਚ ਦਬਾਉਣ ਦੇ ਅਮਲ ਕਰ ਰਹੇ ਹਨ । ਮਰਹੂਮ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਵੀ ਘੱਟ ਗਿਣਤੀ ਕੌਮਾਂ ਦੀ ਨਸ਼ਲਕੁਸੀ ਨੂੰ ਆਧਾਰ ਬਣਾਕੇ ਸਿਆਸੀ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਵਿਚ ਲੱਗੇ ਰਹੇ । ਇਸੇ ਸੋਚ ਅਧੀਨ 1992 ਵਿਚ ਉਸ ਸਮੇ ਦੀ ਸ੍ਰੀ ਨਰਸਿਮਾਰਾਓ ਦੀ ਕਾਂਗਰਸ ਸਰਕਾਰ ਨਾਲ ਬੀਜੇਪੀ-ਆਰ.ਐਸ.ਐਸ. ਅਤੇ ਕੱਟੜਵਾਦੀ ਤਾਕਤਾਂ ਨੇ ਸਾਂਠ-ਗਾਂਠ ਕਰਕੇ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਸ੍ਰੀ ਬਾਬਰੀ ਮਸਜਿਦ ਨੂੰ ਗੈਰ ਸਿਧਾਂਤਿਕ ਅਤੇ ਗੈਰ ਇਖਲਾਕੀ ਢੰਗ ਨਾਲ ਜ਼ਬਰੀ ਢਹਿ-ਢੇਰੀ ਕੀਤਾ ਸੀ । ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਗਗੋਈ ਨੇ ਮਾਲੀ ਅਤੇ ਸਿਆਸੀ ਇਵਜਾਨੇ ਪ੍ਰਾਪਤ ਕਰਨ ਦੀ ਸੋਚ ਅਧੀਨ ਹੀ ਬਾਬਰੀ ਮਸਜਿਦ ਵਾਲੇ ਸਥਾਂਨ ਉਤੇ ਹਿੰਦੂ ਮੰਦਰ ਬਣਾਉਣ ਦਾ ਪੱਖਪਾਤੀ ਫੈਸਲਾ ਕੀਤਾ ਸੀ । ਫਿਰ ਇਸੇ ਸੋਚ ਅਧੀਨ ਉੜੀਸਾ ਵਿਚ ਆਸਟ੍ਰੇਲੀਅਨ ਇਸਾਈ ਪ੍ਰਚਾਰਕ ਸ੍ਰੀ ਗ੍ਰਾਹਮ ਸਟੇਨਜ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੀ ਆਪਣੀ ਗੱਡੀ ਵਿਚ ਹੀ ਸੁੱਤੇ ਪਿਆ ਉਤੇ ਪੈਟਰੋਲ ਛਿੜਕ ਕੇ ਅੱਗ ਲਗਾਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਸੀ । ਇਸਾਈ ਨਨਜ਼ਾਂ ਨਾਲ ਬਲਾਤਕਾਰ ਕੀਤੇ ਗਏ । ਚਰਚਾਂ ਨੂੰ ਅੱਗਾਂ ਲਗਾਈਆ ਗਈਆ । ਗੁਜਰਾਤ ਦੀ ਬਲਾਤਕਾਰ ਅਤੇ ਕਤਲਾਂ ਤੋ ਪੀੜ੍ਹਤ ਬੀਬੀ ਬਿਲਕਿਸ ਬਾਨੋ ਦੇ ਬਲਾਤਕਾਰੀਆ ਤੇ ਕਾਤਲਾਂ ਨੂੰ 15 ਅਗਸਤ 2022 ਨੂੰ ਰਿਹਾਅ ਕਰ ਦਿੱਤਾ ਗਿਆ । ਇਨ੍ਹਾਂ ਵਿਚੋਂ ਇਕ ਦੇ ਪਰਿਵਾਰਿਕ ਮੈਬਰ ਨੂੰ ਗੁਜਰਾਤ ਦੀਆਂ ਚੋਣਾਂ ਵਿਚ ਟਿਕਟ ਵੀ ਦਿੱਤੀ ਗਈ । ਇਨ੍ਹਾਂ ਗੈਰ ਕਾਨੂੰਨੀ ਅਮਲਾਂ ਤੇ ਕਾਰਵਾਈਆ ਨੂੰ ਇੰਝ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਸਾਡੀ ਆਜਾਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਅਤੇ ਵਜ਼ੀਰ-ਏ-ਆਜਮ ਸ੍ਰੀ ਮੋਦੀ ਵੱਲੋ ਘੱਟ ਗਿਣਤੀ ਕੌਮਾਂ ਉਤੇ ਜਬਰ ਢਾਹਕੇ ਅਤੇ ਉਨ੍ਹਾਂ ਦੇ ਕਾਨੂੰਨੀ ਤੇ ਸਮਾਜਿਕ ਹੱਕਾਂ ਨੂੰ ਕੁੱਚਲਕੇ ਨਾ ਤਾਂ ਗੁਜਰਾਤ ਤੇ ਮੁਲਕ ਦੀਆਂ ਹੋਰ ਚੋਣਾਂ ਜਿੱਤ ਸਕਣਗੇ ਅਤੇ ਨਾ ਹੀ ਅਜਿਹੀ ਬਿਆਨਬਾਜੀ ਕਰਕੇ ਕਿ ‘ਘੱਟ ਗਿਣਤੀ ਕੌਮਾਂ ਨੂੰ ਸਬਕ ਸਿਖਾਏ ਜਾਣ’ ਉਪਰੰਤ ਇਥੇ ਅਮਨ ਚੈਨ ਕਾਇਮ ਹੋ ਗਿਆ ਹੈ, ਦੇ ਝੂਠੇ ਪ੍ਰਚਾਰ ਰਾਹੀ ਇਥੋ ਦੇ ਨਿਵਾਸੀਆ ਨੂੰ ਪ੍ਰਭਾਵਿਤ ਕਰ ਸਕਣਗੇ, ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 2013 ਵਿਚ 60 ਹਜਾਰ ਸਿੱਖ ਜਿ਼ੰਮੀਦਾਰਾਂ ਨੂੰ ਸ੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਬੇਜਮੀਨੇ ਅਤੇ ਬੇਘਰ ਕਰ ਦਿੱਤਾ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਦੇ ਅਜਿਹੇ ਤਾਨਾਸਾਹੀ ਅਮਲ ਜੋ ਘੱਟ ਗਿਣਤੀਆਂ ਉਤੇ ਜ਼ਬਰ ਢਾਹੁਣ ਅਤੇ ਉਨ੍ਹਾਂ ਦੇ ਹੱਕਾਂ ਨੂੰ ਕੁੱਚਲਣ ਵਾਲੇ ਹਨ, ਇਹ ਸਿਲਸਿਲਾ ਲੰਮਾਂ ਸਮਾਂ ਨਹੀ ਚੱਲ ਸਕੇਗਾ । ਕਿਉਂਕਿ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾਂ ਬਣਾਕੇ ਅਤੇ ਉਨ੍ਹਾਂ ਉਤੇ ਤਾਕਤ ਦੀ ਦੁਰਵਰਤੋ ਕਰਕੇ ਜ਼ਬਰ ਢਾਹਕੇ 20 ਸਾਲ ਤੱਕ ਫਾਇਦਾ ਲੈ ਲਿਆ ਹੈ । ਇਹ ਮਨੁੱਖਤਾ ਮਾਰੂ ਤੁਜਰਬਾ ਹੁਣ ਹੁਕਮਰਾਨ ਨਹੀ ਚਲਾ ਸਕਣਗੇ । ਕਿਉਂਕਿ 1962 ਵਿਚ ਇਨ੍ਹਾਂ ਨੇ ਲਦਾਖ ਦਾ 40 ਹਜਾਰ ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਦੇ ਹਵਾਲੇ ਕਰ ਦਿੱਤਾ ਸੀ । 2020 ਵਿਚ 900 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਦੇ ਸਪੁਰਦ ਕਰ ਦਿੱਤਾ ਹੈ । ਜੋ ਹੁਕਮਰਾਨ ਆਪਣੇ ਇਲਾਕਿਆ ਨੂੰ ਵਾਪਸ ਹੀ ਨਹੀ ਲੈ ਸਕੇ, ਉਨ੍ਹਾਂ ਦੀ ਅਣਖ ਉਤੇ ਤਾਂ ਕੌਮਾਂਤਰੀ ਪੱਧਰ ਤੇ ਪਹਿਲੇ ਹੀ ਵੱਡਾ ਪ੍ਰਸ਼ਨ ਚਿੰਨ੍ਹ ਲੱਗਾ ਹੋਇਆ ਹੈ । ਜੋ ਅਣਖ ਇਨ੍ਹਾਂ ਨੂੰ ਚੀਨ ਨਾਲ ਹਰ ਤਰ੍ਹਾਂ ਦਾ ਵਪਾਰ ਬੰਦ ਕਰਨ ਦੀ ਦਿਸ਼ਾ ਨਿਰਦੇਸ਼ ਦਿੰਦੀ ਹੈ, ਪਰ ਇਨ੍ਹਾਂ ਨੇ ਆਪਣੀ ਅਣਖ ਗੈਰਤ ਨੂੰ ਨਜਰ ਅੰਦਾਜ ਕਰਕੇ, ਚੀਨ ਤੋ ਆਪਣੇ ਇਲਾਕੇ ਵਾਪਸ ਨਾ ਲੈਕੇ ਚੀਨ ਨਾਲ ਵੱਡੇ ਪੱਧਰ ਤੇ ਵਪਾਰ ਕਰ ਰਹੇ ਹਨ ਅਤੇ ਇਹ ਵਪਾਰ ਕਰਨ ਵਾਲੇ ਸਭ ਗੁਜਰਾਤੀ ਵਪਾਰੀ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਇੰਡੀਆ ਚੀਨ ਨੂੰ ਨਾਮਾਤਰ ਵਸਤਾਂ ਭੇਜ ਰਿਹਾ ਹੈ । ਜਦੋਕਿ ਚੀਨ ਇੰਡੀਆ ਵਿਚ ਬਹੁਤ ਵੱਡੇ ਪੱਧਰ ਤੇ ਆਪਣਾ ਵਪਾਰ ਨੂੰ ਚਲਾਕੇ ਇੰਡੀਆ ਦੇ ਕਰੋੜਾਂ-ਅਰਬਾਂ ਰੁਪਏ ਪ੍ਰਾਪਤ ਕਰ ਰਿਹਾ ਹੈ ਅਤੇ ਗੁਜਰਾਤੀ ਵਪਾਰੀ ਹੀ ਕੇਵਲ ਵੱਡੇ ਮਾਲੀ ਫਾਇਦੇ ਲੈ ਰਹੇ ਹਨ । ਦੂਸਰੇ ਪਾਸੇ ਜੋ ਫ਼ਰਾਂਸ ਦੀ ਫ਼ੌਜੀ ਜਹਾਜ ਬਣਾਉਣ ਦੀ ਕੰਪਨੀ ਟਾਟਾ ਨਾਲ ਮਿਲਕੇ ਗੁਜਰਾਤ ਵਿਚ ਲਗਾਈ ਜਾ ਰਹੀ ਹੈ, ਇਹ ਕਦੀ ਵੀ ਖਤਰੇ ਤੋ ਖਾਲੀ ਨਹੀ ਹੋ ਸਕਦੀ । ਕਿਉਂਕਿ ਗੁਜਰਾਤ ਜਿਥੇ ਸਰਹੱਦੀ ਸੂਬਾ ਹੈ, ਉਥੇ ਸਮੁੰਦਰ ਦੇ ਕੰਡੇ ਤੇ ਹੈ । ਜਦੋਕਿ ਅਜਿਹੀ ਕੋਈ ਵੀ ਫੈਕਟਰੀ ਪੰਜਾਬ ਨੂੰ ਇਸੇ ਬਿਨ੍ਹਾਂ ਤੇ ਨਹੀ ਦਿੱਤੀ ਗਈ ਕਿ ਸਰਹੱਦੀ ਸੂਬਾ ਹੈ । ਫਿਰ ਇਹ ਵੱਡਾ ਖਤਰਾ ਕਿਸ ਦਲੀਲ ਨਾਲ ਲਿਆ ਗਿਆ ਹੈ ? ਕੀ ਇਸ ਲਈ ਆਈ.ਬੀ ਅਤੇ ਮਿਲਟਰੀ ਇਨਟੈਲੀਜੈਸੀ ਤੋ ਪ੍ਰਵਾਨਗੀ ਲਈ ਗਈ ਹੈ ? ਸ੍ਰੀ ਮੋਦੀ ਗੁਜਰਾਤ ਦੇ ਨਹੀ ਇੰਡੀਆ ਦੇ ਵਜ਼ੀਰ-ਏ-ਆਜਮ ਹਨ। ਫਿਰ ਗੁਜਰਾਤੀ ਵਪਾਰੀਆ ਰਾਹੀ ਮੁਲਕ ਦੀ ਹਰ ਖੇਤਰ ਵਿਚ ਲੁੱਟ-ਖਸੁੱਟ ਕਰਨ ਦੀ ਇਜਾਜਤ ਕਿਉ ਦਿੱਤੀ ਜਾ ਰਹੀ ਹੈ ? 

    ਉਨ੍ਹਾਂ ਕਿਹਾ ਕਿ ਜਦੋ ਅਮਰੀਕਾ ਦੇ ਸਦਰ ਸ੍ਰੀ ਟਰੰਪ ਇੰਡੀਆ ਦੌਰੇ ਤੇ ਆਏ ਸਨ ਤਾਂ ਇਨ੍ਹਾਂ ਨੇ ਦਿੱਲੀ ਸਾਹੀਨ ਬਾਗ ਵਿਖੇ ਇਕ ਸਾਜਿਸ ਤਹਿਤ ਦੰਗੇ-ਫਸਾਦ ਕਰਵਾਏ । ਕਸਮੀਰ ਵਿਚ ਅਫਸਪਾ ਵਰਗਾਂ ਜਾਬਰ ਕਾਨੂੰਨ ਲਾਗੂ ਕਰਕੇ ਕਸ਼ਮੀਰੀਆ ਉਤੇ ਜ਼ਬਰ ਢਾਹਿਆ ਜਾ ਰਿਹਾ ਹੈ । ਉਥੇ ਵਿਧਾਨ ਦੀ ਆਰਟੀਕਲ 370 ਅਤੇ ਧਾਰਾ 35ਏ ਨੂੰ ਖਤਮ ਕਰਕੇ ਕਸ਼ਮੀਰੀਆ ਦੀ ਵਿਧਾਨਿਕ ਆਜਾਦੀ ਨੂੰ ਕੁੱਚਲ ਦਿੱਤਾ ਹੈ । ਉਥੋ ਦੀ ਅਸੈਬਲੀ ਖਤਮ ਕਰ ਦਿੱਤੀ ਗਈ ਹੈ । ਇਨ੍ਹਾਂ ਉਤੇ ਉਹ ਕਹਾਵਤ ਸਹੀ ਢੁੱਕਦੀ ਹੈ ਜਿਸ ਅਨੁਸਾਰ ਇਕ ਆਜੜੀ ਝੂਠ ਹੀ ਸੇਰ ਆਇਆ, ਸੇਰ ਆਇਆ ਦਾ ਦੋ ਵਾਰੀ ਰੌਲਾ ਪਾ ਕੇ ਲੋਕਾਂ ਦਾ ਇਕੱਠ ਕਰ ਲੈਦਾ ਹੈ ਅਤੇ ਜਦੋਂ ਸੱਚ ਵਿਚ ਹੀ ਸੇਰ ਆ ਗਿਆ ਤਾਂ ਉਸਨੂੰ ਬਚਾਉਣ ਲਈ ਕੋਈ ਨਾ ਬਹੁੜਿਆ । ਕਿਉਂਕਿ ਉਹ ਆਪਣੇ ਝੂਠ-ਫਰੇਬ ਰਾਹੀ ਵਿਸਵਾਸ ਗੁਆ ਚੁੱਕਾ ਸੀ । ਇਹੀ ਹਾਲਤ ਅੱਜ ਇੰਡੀਅਨ ਹੁਕਮਰਾਨਾਂ ਮੋਦੀ-ਸ਼ਾਹ ਦੀ ਬਣੀ ਹੋਈ ਹੈ । ਕਿਉਂਕਿ 2015 ਤੋ ਚੱਲਦੇ ਆ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਬਦੀਆਂ ਦੇ ਮਾਮਲੇ, 328 ਪਾਵਨ ਸਰੂਪਾਂ ਦੀ ਗੁੰਮਸੁਦਗੀ, ਬਰਗਾੜੀ ਵਿਖੇ 2 ਸਿੱਖਾਂ ਦੇ ਹੋਏ ਕਤਲ, ਵਾਹਗਾ ਸਰਹੱਦ ਨੂੰ ਖੋਲਣ, ਵਰਲਡ ਟ੍ਰੇਡ ਆਰਗੇਨਾਈਜੇਸਨ ਵੱਲੋ ਕੌਮਾਂਤਰੀ ਵਪਾਰ ਨੂੰ ਵਧਾਉਣ ਦੀ ਗੱਲ, ਜੇਲ੍ਹਾਂ ਵਿਚ ਸਜਾਵਾਂ ਪੂਰੀਆ ਕਰ ਚੁੱਕੇ ਸਿੱਖ ਬੰਦੀਆਂ ਦੀ ਕਾਨੂੰਨੀ ਰਿਹਾਈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਦੇ ਦਰਿਆਵਾ ਦੇ ਪਾਣੀ ਨੂੰ ਰੀਪੇਰੀਅਨ ਕਾਨੂੰਨ ਅਨੁਸਾਰ ਹੱਲ ਕਰਨ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ ਦਾ ਪੂਰਾ ਕੰਟਰੋਲ, ਪੰਜਾਬੀ ਬੋਲੀ-ਭਾਸ਼ਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨ, ਬੀਤੇ 11 ਸਾਲਾਂ ਤੋਂ ਐਸ.ਜੀ.ਪੀ.ਸੀ. ਚੋਣਾਂ ਦੀ ਜਮਹੂਰੀਅਤ ਬਹਾਲ ਨਾ ਕਰਨ ਦੇ ਮਸਲਿਆ ਨੂੰ ਹੱਲ ਨਾ ਕਰਨ ਅਤੇ ਪੰਜਾਬ-ਹਰਿਆਣੇ ਤੋ ਗੁਜਰਾਤ ਦੀਆਂ ਚੋਣਾਂ ਲਈ ਵੱਡੀ ਗਿਣਤੀ ਵਿਚ ਸਰਾਬ ਭੇਜਣ ਦਾ ਕੀ ਮਤਲਬ ਰਹਿ ਗਿਆ ਹੈ ? ਗੁਜਰਾਤ ਦੀਆਂ ਬੰਦਰਗਾਹਾਂ ਰਾਹੀ ਡਰੱਗਜ ਦਾ ਇੰਡੀਆ ਵਿਚ ਆਉਣਾ ਅਤੇ ਉਸਦਾ ਗੁਜਰਾਤੀ ਵਪਾਰੀਆ ਨੂੰ ਹੀ ਫਾਇਦਾ ਹੋਣਾ, ਗੁਜਰਾਤ ਨੂੰ ਡਰਾਈ ਏਰੀਆ ਐਲਾਨਣ ਦੇ ਬਾਵਜੂਦ ਉਥੇ ਦੇਸ਼ੀ ਸਰਾਬ ਰਾਹੀ ਵੱਡੀ ਗਿਣਤੀ ਵਿਚ ਮੌਤਾਂ ਹੋਣੀਆ ਇਨ੍ਹਾਂ ਦੀਆਂ ਦਿਸ਼ਾਹੀਣ ਨੀਤੀਆ ਨੂੰ ਪ੍ਰਤੱਖ ਕਰਦੀਆ ਹਨ । ਉਪਰੋਕਤ ਸਾਰੀਆ ਕਾਰਵਾਈਆ ਤੇ ਅਮਲ ਸ੍ਰੀ ਮੋਦੀ ਅਤੇ ਸਾਹ ਦੇ ਵਿਰੁੱਧ ਜਾ ਰਹੇ ਹਨ ਅਤੇ ਮੁਲਕ ਵਿਚ ਗੁਜਰਾਤੀਆ ਨੂੰ ਹਰ ਪੱਧਰ ਤੇ ਤਕੜਾ ਕਰਨ ਅਤੇ ਦੂਸਰੇ ਸੂਬਿਆਂ ਤੇ ਕੌਮਾਂ ਨੂੰ ਨਜ਼ਰ ਅੰਦਾਜ ਕਰਨ ਦੀਆਂ ਕਾਰਵਾਈਆ ਇਥੇ ਕਦਾਚਿੱਤ ਸਥਾਈ ਰੂਪ ਵਿਚ ਨਾ ਤਾਂ ਅਮਨ ਚੈਨ ਕਾਇਮ ਕਰ ਸਕਣਗੀਆ ਅਤੇ ਨਾ ਹੀ ਇਹ ਹੁਕਮਰਾਨ ਆਪਣੀਆ ਗਲਤ ਨੀਤੀਆ ਦੀ ਬਦੌਲਤ ਪੈਦਾ ਹੋਣ ਵਾਲੀ ਦਹਿਸਤਗਰਦੀ ਨੂੰ ਖਤਮ ਕਰ ਸਕਣਗੇ, ਨਾ ਹੀ ਗੁਜਰਾਤ ਜਾਂ ਮੁਲਕ ਵਿਚ ਹੋਣ ਵਾਲੀਆ ਹੋਰ ਚੋਣਾਂ ਜਿੱਤ ਸਕਣਗੇ । ਇਨ੍ਹਾਂ ਦੇ ਅਜਿਹੇ ਦਾਅਵੇ ਅਤੇ ਬਿਆਨ ਆਖਿਰ ਖੋਖਲੇ ਸਾਬਤ ਹੋਣਗੇ ।

Leave a Reply

Your email address will not be published. Required fields are marked *