ਸਿੱਖ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਉਤੇ ਕਿਸੇ ਵੀ ਫਿਲਮ ਨਿਰਮਾਤਾ ਜਾਂ ਨਿਰਦੇਸ਼ਕ ਨੂੰ ਨਾਇਕ ਜਾਂ ਨਾਇਕਾਂ ਰਾਹੀ ਫਿਲਮਾਉਣ ਦਾ ਅਧਿਕਾਰ ਨਹੀ ਦਿੱਤਾ ਜਾ ਸਕਦਾ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 25 ਨਵੰਬਰ ( ) “ਜਦੋਂ ਤੋਂ ਖ਼ਾਲਸਾ ਪੰਥ, ਸਿੱਖ ਧਰਮ ਹੋਂਦ ਵਿਚ ਆਇਆ ਹੈ, ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸਿੱਖ ਕੌਮ ਵਿਚ ਉਨ੍ਹਾਂ ਦੀਆਂ ਮਹਾਨ ਰਵਾਇਤਾ, ਪ੍ਰੰਪਰਾਵਾਂ ਅਤੇ ਨਿਯਮਾਂਵਾਲੀ ਵੀ ਤਹਿ ਹੋ ਚੁੱਕੀ ਹੈ । ਜਿਸ ਅਨੁਸਾਰ ਸਿੱਖ ਕੌਮ ਦੇ ਨਾਲ ਸੰਬੰਧਤ ਗੁਰੂ ਸਾਹਿਬਾਨ, ਗੁਰੂ ਮਹਿਲਾ, ਸਾਹਿਬਜ਼ਾਦਿਆਂ ਨੂੰ ਕੋਈ ਵੀ ਫਿਲਮਕਾਰ ਜਾਂ ਨਿਰਦੇਸ਼ਕ ਦੁਨਿਆਵੀ ਇਨਸਾਨੀ ਰੂਪ ਵਿਚ ਪੇਸ਼ ਕਰਕੇ ਅਜਿਹੀਆ ਫਿਲਮਾਂ ਨਹੀ ਬਣਾ ਸਕਦਾ । ਕਿਉਂਕਿ ਉਨ੍ਹਾਂ ਦੇ ਉੱਚੇ-ਸੁੱਚੇ ਕਿਰਦਾਰ ਦਾ ਕੋਈ ਵੀ ਦੁਨਿਆਵੀ ਇਨਸਾਨ ਬਰਾਬਰੀ ਨਹੀ ਕਰ ਸਕਦਾ । ਇਸ ਸੋਚ ਤੇ ਸਿਧਾਤ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਭਲੀਭਾਤ ਜਾਣੂ ਹੀ ਨਹੀ, ਬਲਕਿ ਸਿੱਖ ਸੰਗਤ ਅਤੇ ਦੂਸਰੀਆ ਕੌਮਾਂ ਵੀ ਭਰਪੂਰ ਜਾਣਕਾਰੀ ਰੱਖਦੀਆ ਹਨ । ਇਸਦੇ ਬਾਵਜੂਦ ਵੀ ਜੇਕਰ ਕੋਈ ਫਿਲਮ ਨਿਰਮਾਤਾ ਜਾਂ ਨਿਰਦੇਸ਼ਕ ਸਿੱਖ ਕੌਮ ਦੀਆਂ ਮਹਾਨ ਪੰ੍ਰਪਰਾਵਾਂ ਨੂੰ ਤੇ ਰਵਾਇਤਾ ਨੂੰ ਨਜ਼ਰ ਅੰਦਾਜ ਕਰਕੇ ਦੁਨਿਆਵੀ ਇਨਸਾਨੀ ਰੂਪ ਵਿਚ ਗੁਰੂ ਸਾਹਿਬਾਨ, ਸਾਹਿਬਜ਼ਾਦਿਆ, ਗੁਰੂ ਮਹਿਲਾ ਦੇ ਕਿਰਦਾਰ ਫਿਲਮਾਕਨ ਦੀ ਗੁਸਤਾਖੀ ਕਰਦਾ ਹੈ, ਤਾਂ ਉਹ ਸਿੱਖ ਕੌਮ ਦਾ ਸਭ ਤੋ ਵੱਡਾ ਦੋਸ਼ੀ ਹੈ । ਜੇਕਰ ਕੋਈ ਸਿੱਖੀ ਸੰਸਥਾਂ ਜਾਂ ਕੋਈ ਆਗੂ ਅਜਿਹੀ ਫਿਲਮ ਨੂੰ ਬਣਾਉਣ ਦੀ ਪ੍ਰਵਾਨਗੀ ਦਿੰਦਾ ਹੈ ਜਾਂ ਦਿੰਦੀ ਹੈ, ਉਹ ਵੀ ਸਿੱਖ ਕੌਮ ਦੀ ਨਜ਼ਰ ਵਿਚ ਦੋਸ਼ੀ ਹੀ ਮੰਨਿਆ ਜਾਵੇਗਾ । ਇਸ ਲਈ ਕਿਸੇ ਵੀ ਸੰਸਥਾਂ ਜਾਂ ਵਿਅਕਤੀਗਤ ਰੂਪ ਵਿਚ ਕਿਸੇ ਆਗੂ ਵੱਲੋਂ ਅਜਿਹੀ ਅਵੱਗਿਆ ਕਰਨ ਬਾਰੇ ਕਤਈ ਨਹੀ ਸੋਚਣਾ ਚਾਹੀਦਾ ਅਤੇ ਨਾ ਹੀ ਪੰਥ ਵਿਰੋਧੀ ਤਾਕਤਾਂ ਨੂੰ ਕਿਸੇ ਗੁੱਝੇ ਮਕਸਦ ਅਧੀਨ ਅਜਿਹੀ ਇਜਾਜਤ ਦੇਣੀ ਬਣਦੀ ਹੈ । ਜੋ ਦਾਸਤਾਨ-ਏ-ਸਰਹੰਦ ਫਿਲਮ ਸੰਬੰਧੀ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਵਾਂਗ ਰਚਣ ਦੀ ਗੱਲ ਸਾਹਮਣੇ ਆਈ ਹੈ, ਇਹ ਬਿਲਕੁਲ ਫਿਲਮ ਨਿਰਮਾਤਾ, ਨਿਰਦੇਸ਼ਕ ਇਸ ਅਵੱਗਿਆ ਲਈ ਜਿ਼ੰਮੇਵਾਰ ਹਨ । ਜਿਨ੍ਹਾਂ ਨੂੰ ਸਿੱਖੀ ਰਵਾਇਤਾ, ਸਿਧਾਤਾਂ ਅਤੇ ਕਾਨੂੰਨ ਅਨੁਸਾਰ ਤੁਰੰਤ ਸਿੰਝਣ ਦੀ ਲੌੜ ਹੈ । ਤਾਂ ਕਿ ਆਉਣ ਵਾਲੇ ਸਮੇਂ ਵਿਚ ਕੋਈ ਵੀ ਖ਼ਾਲਸਾ ਪੰਥ ਵਿਚ ਵਿਚਰਣ ਵਾਲਾ ਜਾਂ ਦੂਸਰੀਆਂ ਕੌਮਾਂ ਵਿਚ ਅਜਿਹਾ ਅਮਲ ਕਰਕੇ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਨਾ ਪਹੁੰਚਾ ਸਕੇ ਅਤੇ ਸਾਡੀਆ ਮਹਾਨ ਰਵਾਇਤਾ ਨੂੰ ਕੁੱਚਲ ਨਾ ਸਕੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਾਸਤਾਨ-ਏ-ਸਰਹੰਦ ਫਿਲਮ ਵਿਚ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸਵਾਂਗ ਰਚਣ ਦੀ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਕਾਰਵਾਈ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਖਤ ਸਟੈਂਡ ਲੈਦੇ ਹੋਏ ਅਤੇ ਇਸ ਫਿਲਮ ਉਤੇ ਤੁਰੰਤ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਸ. ਟਿਵਾਣਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਨ੍ਹਾਂ ਸੂਝਵਾਨ ਸਿੱਖ ਵਿਦਿਆਰਥੀਆਂ ਅਤੇ ਨੌਜ਼ਵਾਨਾਂ ਵੱਲੋਂ ਇਸ ਅਤਿ ਗੰਭੀਰ ਵਿਸ਼ੇ ਉਤੇ ਸਹੀ ਸਮੇ ਤੇ ਨਿਭਾਈ ਜਾ ਰਹੀ ਜਿ਼ੰਮੇਵਾਰੀ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਕਿਹਾ ਕਿ ਸਾਡੀ ਆਉਣ ਵਾਲੀ ਪਨੀਰੀ ਤੇ ਨੌਜ਼ਵਾਨੀ ਜਿਥੇ ਆਪਣੀਆ ਉੱਚ ਤਾਲੀਮ ਡਿਗਰੀਆ ਹਾਸਿਲ ਕਰਨ ਵਿਚ ਮਿਹਨਤ ਕਰ ਰਹੀ ਹੈ ਅਤੇ ਆਪਣੇ ਭਵਿੱਖ ਨੂੰ ਸਵਾਰਣ ਵਿਚ ਲੱਗੀ ਹੋਈ ਹੈ ਉਥੇ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਅਜਿਹੀਆ ਕੌਮੀ, ਧਰਮੀ, ਸਮਾਜਿਕ ਅਤੇ ਇਖਲਾਕੀ ਜਿ਼ੰਮੇਵਾਰੀਆ ਪ੍ਰਤੀ ਵੀ ਹਰ ਪੱਖੋ ਸੁਚੇਤ ਰਹਿਣ ਅਤੇ ਆਪਣੇ ਮਹਾਨ ਇਤਿਹਾਸ ਦੀ ਵੀ ਸਮੇ-ਸਮੇ ਨਾਲ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਤਾਂ ਕਿ ਜੋ ਅਜੋਕੇ ਸਮੇ ਵਿਚ ਪੰਥ ਵਿਰੋਧੀ ਤਾਕਤਾਂ ਅਤੇ ਮੁਤੱਸਵੀ ਹੁਕਮਰਾਨ ਡੂੰਘੀਆਂ ਸਾਜਿ਼ਸਾਂ ਰਾਹੀ ਖ਼ਾਲਸਾ ਪੰਥ ਦੇ ਮਹਾਨ ਉੱਚੇ-ਸੁੱਚੇ ਇਤਿਹਾਸ, ਰਵਾਇਤਾ, ਪੰ੍ਰਪਰਾਵਾ ਨੂੰ ਸੂਖਮ ਢੰਗਾਂ ਨਾਲ ਨੁਕਸਾਨ ਪਹੁੰਚਾਉਣ ਅਤੇ ਸਾਡੀ ਸਿੱਖੀ ਨੂੰ ਹਿੰਦੂਤਵ ਸੋਚ ਵਿਚ ਰੰਗਣ ਵਿਚ ਲੱਗੇ ਹੋਏ ਹਨ, ਉਹ ਇਕ ਤਾਂ ਸਾਨੂੰ ਆਪਣੇ ਧੂਰੇ ਤੋ ਨਾ ਤੋੜ ਸਕਣ ਦੂਸਰਾ ਅਜਿਹੇ ਸਮਿਆ ਤੇ ਅਜਿਹੀਆ ਕਾਰਵਾਈਆ ਸਾਹਮਣੇ ਆਉਣ ਤੇ ਸਿੱਖ ਨੌਜ਼ਵਾਨੀ ਗੰਭੀਰਤਾ, ਸੁਚੇਤਾ, ਦ੍ਰਿੜਤਾਂ ਅਤੇ ਬਾਦਲੀਲ ਢੰਗ ਨਾਲ ਗੋਸਟੀ ਵਿਚਾਰਾਂ ਕਰਦੀ ਹੋਈ ਖ਼ਾਲਸਾ ਪੰਥ ਵਿਰੋਧੀ ਤਾਕਤਾਂ ਨੂੰ ਹਰ ਖੇਤਰ ਵਿਚ ਹਾਰ ਦੇ ਸਕੇ ਅਤੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਵੱਡਮੁੱਲੀ ਸੋਚ ਨੂੰ ਦੁਨੀਆ ਦੇ ਹਰ ਕੋਨੇ ਵਿਚ ਉਜਾਗਰ ਕਰਨ ਦੇ ਫਰਜ ਵੀ ਨਿਭਾਉਦੀ ਰਹੇ ਅਤੇ ਕੋਈ ਵੀ ਤਾਕਤ ਇਸ ਤਰ੍ਹਾਂ ਨਾਟਕਾਂ, ਫਿਲਮਾਂ ਜਾਂ ਲਿਖਤਾਂ ਰਾਹੀ ਸਾਡੇ ਮਹਾਨ ਇਤਿਹਾਸ ਨੂੰ ਦਾਗੀ ਕਰਨ ਵਿਚ ਕਾਮਯਾਬ ਨਾ ਹੋ ਸਕੇ । ਉਨ੍ਹਾਂ ਸਿੱਖ ਕੌਮ ਦੀ ਸਿਰਮੌਰ ਸੰਸਥਾਂ ਐਸ.ਜੀ.ਪੀ.ਸੀ. ਦੇ ਗੰਭੀਰ ਮੁੱਦੇ ਉਤੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਬੀਤੇ 11 ਸਾਲਾਂ ਤੋਂ ਜੋ ਇਸ ਮਹਾਨ ਸੰਸਥਾਂ ਦੀ ਹੁਕਮਰਾਨਾਂ ਤੇ ਗ੍ਰਹਿ ਵਿਭਾਗ ਵੱਲੋ ਚੋਣ ਨਹੀ ਕਰਵਾਈ ਜਾ ਰਹੀ ਅਤੇ ਸਿੱਖ ਕੌਮ ਨੂੰ ਆਪਣੀ ਰਾਏ ਅਨੁਸਾਰ ਇਸਦੇ ਪ੍ਰਬੰਧ ਕਰਨ ਦੀ ਇਜਾਜਤ ਨਹੀ ਦਿੱਤੀ ਜਾ ਰਹੀ, ਇਹ ਵੀ ਖ਼ਾਲਸਾ ਪੰਥ ਵਿਰੋਧੀ ਤਾਕਤਾਂ ਦੇ ਮਨਸੂਬਿਆ ਦੀ ਲੜੀ ਦੀ ਕੜੀ ਹੈ । ਜਿਸਨੂੰ ਖਤਮ ਕਰਕੇ ਐਸ.ਜੀ.ਪੀ.ਸੀ ਦੀ ਹੁਕਮਰਾਨਾਂ ਨੂੰ ਤੁਰੰਤ ਜਰਨਲ ਚੋਣ ਕਰਵਾਉਣ ਦੇ ਅਮਲ ਕਰਨੇ ਚਾਹੀਦੇ ਹਨ ਅਤੇ ਮੌਜੂਦਾ ਮੈਬਰ ਜੋ ਮਿਆਦਪੁਗਾ ਚੁੱਕੇ ਹਨ, ਉਨ੍ਹਾਂ ਨੂੰ ਵੀ ਆਪਣੇ ਨਿੱਜ ਸਵਾਰਥਾਂ ਤੋ ਉਪਰ ਉੱਠਕੇ ਇਸ ਉਦਮ ਲਈ ਆਵਾਜ ਉਠਾਉਣੀ ਬਣਦੀ ਹੈ ਤਾਂ ਕਿ ਦੂਰਅੰਦੇਸੀ ਦੀ ਸੋਚ ਦੇ ਮਾਲਕ ਸਿੱਖ ਦ੍ਰਿੜ ਇਰਾਦੇ ਨਾਲ ਇਸ ਧਾਰਮਿਕ ਸੰਸਥਾਂ ਦੇ ਪ੍ਰਬੰਧ ਵਿਚ ਚੋਣਾ ਉਪਰੰਤ ਆ ਸਕਣ ਅਤੇ ਪੈਦਾ ਹੋ ਚੁੱਕੀਆ ਵੱਡੀਆ ਖਾਮੀਆ ਨੂੰ ਦੂਰ ਕਰ ਸਕਣ ।
ਸ. ਟਿਵਾਣਾ ਨੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋ ਜੋ ਸੈਟਰ ਦੀ ਸਰਕਾਰ ਨੂੰ ਤੁਰੰਤ ਐਸ.ਜੀ.ਪੀ.ਸੀ ਚੋਣਾਂ ਕਰਵਾਉਣ ਲਈ ਚਿੱਠੀ ਲਿਖੀ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਵੱਲੋ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਅਮਲ ਕੇਵਲ ਚਿੱਠੀ ਤੱਕ ਸੀਮਤ ਨਾ ਰਹੇ । ਬਲਕਿ ਇਸ ਨੂੰ ਅਮਲੀ ਰੂਪ ਦਿਵਾਉਣ ਵਿਚ ਸ. ਭਗਵੰਤ ਸਿੰਘ ਮਾਨ ਨੂੰ ਵਜ਼ੀਰ-ਏ-ਆਜਮ ਸ੍ਰੀ ਮੋਦੀ ਅਤੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਨਾਲ ਉਚੇਚੇ ਤੌਰ ਤੇ ਮੁਲਾਕਾਤ ਕਰਨ ਦੇ ਨਾਲ-ਨਾਲ ਜੋ ਗੁਰਦੁਆਰਾ ਐਕਟ ਦੀ ਧਾਰਾ 87 ਅਧੀਨ ਗੁਰੂਘਰ ਆਉਦੇ ਹਨ, ਜਿਨ੍ਹਾਂ ਦੀਆਂ ਚੋਣ ਕਮੇਟੀਆ ਦੀ ਚੋਣ ਬੀਤੇ 17 ਸਾਲਾਂ ਤੋ ਨਹੀ ਹੋਈ ਅਤੇ ਜਿਸਦਾ ਅਧਿਕਾਰ ਪੰਜਾਬ ਸਰਕਾਰ ਕੋਲ ਹੈ, ਉਸਦੀਆਂ ਚੋਣਾਂ ਵੀ ਕਰਵਾਉਣ ਦਾ ਸ. ਭਗਵੰਤ ਸਿੰਘ ਮਾਨ ਜੇਕਰ ਅਮਲੀ ਰੂਪ ਵਿਚ ਉਦਮ ਕਰ ਸਕਣ ਤਾਂ ਇਨ੍ਹਾਂ ਗੁਰੂਘਰਾਂ ਦੇ ਪ੍ਰਬੰਧ ਉਤੇ ਚੋਰ ਦਰਵਾਜਿਓ ਹੁਕਮਰਾਨਾਂ ਦੇ ਹੋ ਰਹੇ ਦਖਲ ਅਤੇ ਪ੍ਰਬੰਧ ਵਿਚ ਆਈਆ ਗਿਰਾਵਟਾਂ ਨੂੰ ਦੂਰ ਕਰਨ ਵਿਚ ਸਿੱਖ ਕੌਮ ਦੇ ਨਾਲ-ਨਾਲ ਸ. ਭਗਵੰਤ ਸਿੰਘ ਮਾਨ ਵੀ ਯੋਗਦਾਨ ਪਾ ਰਹੇ ਹੋਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਹ ਆਪਣੀਆ ਇਨ੍ਹਾਂ ਜਿ਼ੰਮੇਵਾਰੀਆ ਨੂੰ ਵੀ ਜਲਦੀ ਪੂਰਨ ਕਰ ਦੇਣਗੇ ।