ਕਸ਼ਮੀਰ ਦੇ ਸੇਬ ਉਤਪਾਦਕਾਂ ਦੇ 8000 ਭਰੇ ਟਰੱਕਾਂ ਨੂੰ ਪੰਜਾਬ ਵਿਚ ਆਉਣ ਤੋਂ ਰੋਕਣਾ ਕਸ਼ਮੀਰੀਆਂ ਨਾਲ ਵੱਡੀ ਮਾਲੀ ਤੇ ਹਕੂਮਤੀ ਬੇਇਨਸਾਫ਼ੀ : ਮਾਨ

ਅੰਮ੍ਰਿਤਸਰ, 28 ਸਤੰਬਰ ( ) “ਇੰਡੀਆਂ ਦੀ ਬੀਜੇਪੀ-ਆਰ.ਐਸ.ਐਸ, ਮੋਦੀ ਹਕੂਮਤ ਘੱਟ ਗਿਣਤੀ ਕੌਮਾਂ ਨਾਲ ਕਿਸ ਤਰ੍ਹਾਂ ਗੈਰ ਕਾਨੂੰਨੀ ਢੰਗ ਨਾਲ ਅਤੇ ਤਾਨਾਸ਼ਾਹੀ ਨੀਤੀਆ ਅਧੀਨ ਵਿਵਹਾਰ ਕਰਦੀ ਹੈ, ਉਸਦੀ ਪ੍ਰਤੱਖ ਮਿਸ਼ਾਲ ਇਹ ਹੈ ਕਿ ਕਸ਼ਮੀਰ ਵਿਚ ਜੋ ਅਤਿ ਮਿਹਨਤ ਨਾਲ ਆਪਣੇ ਸੇਬਾ ਦਾ ਉਤਪਾਦ ਕਰਦੇ ਹਨ ਅਤੇ ਉਨ੍ਹਾਂ ਦੀ ਆਮਦਨ ਰਾਹੀ ਆਪਣੇ ਪਰਿਵਾਰਾਂ ਦਾ ਗੁਜਾਰਾ ਕਰਦੇ ਹਨ, ਉਨ੍ਹਾਂ ਸੇਬ ਉਤਪਾਦਕਾਂ ਦੇ 8000 ਟਰੱਕ ਸ੍ਰੀਨਗਰ-ਬਨਿਆਲ ਤੋਂ ਪੰਜਾਬ-ਦਿੱਲੀ ਵੱਲ ਲੰਘਣ ਨਹੀ ਦਿੱਤੇ ਜਾ ਰਹੇ । ਜਦੋਕਿ ਕਸ਼ਮੀਰ ਵਿਚ ਵੱਸਣ ਵਾਲੇ ਕਸ਼ਮੀਰੀਆਂ, ਸਿੱਖਾਂ ਅਤੇ ਹੋਰਨਾਂ ਨੇ ਬੀਤੇ ਸਮੇ ਵਿਚ ਹਕੂਮਤ ਦੇ ਜ਼ਬਰ ਵਿਚ ਵੀ ਉਥੇ ਵਿਚਰਦੇ ਰਹੇ ਹਨ । ਅਜਿਹੇ ਹਕੂਮਤੀ ਅਮਲ ਤਾਂ ਉਨ੍ਹਾਂ ਕਸ਼ਮੀਰੀਆਂ ਜਿਨ੍ਹਾਂ ਦੇ 2019 ਵਿਚ ਇਸ ਜਾਬਰ ਮੋਦੀ ਹਕੂਮਤ ਨੇ ਉਨ੍ਹਾਂ ਦੀ ਖੁਦਮੁਖਤਿਆਰੀ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਦੇ ਹੋਏ ਆਰਟੀਕਲ 370 ਅਤੇ ਧਾਰਾ 35ਏ ਨੂੰ ਰੱਦ ਕਰਕੇ ਵੱਡਾ ਜ਼ਬਰ ਕੀਤਾ ਸੀ, ਉਪਰੰਤ ਉਥੇ ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕਰਕੇ ਕਸ਼ਮੀਰੀਆਂ ਨੂੰ ਫ਼ੌਜ, ਪੁਲਿਸ ਜਦੋ ਚਾਹੇ ਅਗਵਾਹ ਕਰ ਸਕਦੀ ਹੈ, ਉਨ੍ਹਾਂ ਉਤੇ ਤਸੱਦਦ ਕਰ ਸਕਦੀ ਹੈ, ਲੱਤ-ਬਾਂਹ ਤੋੜ ਸਕਦੀ ਹੈ, ਜ਼ਬਰ-ਜ਼ਨਾਹ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਜਾਨੋ ਮਾਰ ਸਕਦੀ ਹੈ, ਅਜਿਹੇ ਅਮਲ ਉਥੇ ਹੁੰਦੇ ਆ ਰਹੇ ਹਨ ਜੋ ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਇਨ੍ਹਾਂ ਸੇਬ ਉਤਪਾਦਕਾਂ ਦੀ ਆਮਦਨ ਦੇ ਸਾਧਨ ਸੇਬਾ ਦੇ ਭਰੇ ਟਰੱਕਾਂ ਨੂੰ ਤੁਰੰਤ ਰਵਾਨਾ ਕਰਨ ਦਾ ਪ੍ਰਬੰਧ ਹੋਣ ਦੀ ਮੰਗ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰ ਦੇ ਸ੍ਰੀਨਗਰ-ਬਨਿਆਲ ਸੜਕ ਉਤੇ 8000 ਦੇ ਕਰੀਬ ਸੇਬਾਂ ਦੇ ਭਰੇ ਟਰੱਕਾਂ ਨੂੰ ਜ਼ਬਰੀ ਰੋਕੇ ਜਾਣ ਨੂੰ ਹੁਕਮਰਾਨਾਂ ਦੀ ਕਸ਼ਮੀਰੀਆ ਉਤੇ ਮਾਲੀ ਵੱਡਾ ਹਮਲਾ ਕਰਾਰ ਦਿੰਦੇ ਹੋਏ ਅਤੇ ਕਾਲੇ ਕਾਨੂੰਨਾਂ ਰਾਹੀ ਉਨ੍ਹਾਂ ਨਾਲ ਅਣਮਨੁੱਖੀ ਵਿਵਹਾਰ ਕਰਦੇ ਰਹਿਣ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 2019 ਤੋਂ ਜਦੋ ਤੋ ਉਥੇ ਗਵਰਨਰੀ ਰਾਜ ਲੱਗਿਆ ਹੋਇਆ ਹੈ, ਇਨ੍ਹਾਂ ਕਸ਼ਮੀਰੀਆ ਨੂੰ ਕਿਸੇ ਵੀ ਖੇਤਰ ਵਿਚ ਨਾ ਤਾਂ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕੀਤੇ ਗਏ ਹਨ ਅਤੇ ਨਾ ਹੀ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਡਰ-ਭੈ ਅਤੇ ਆਜਾਦੀ ਨਾਲ ਜਿਊਂਣ ਦੀ ਇਜਾਜਤ ਦਿੱਤੀ ਜਾ ਰਹੀ ਹੈ । ਉਥੋ ਦੀ ਵਿਧਾਨਿਕ ਅਸੈਬਲੀ ਭੰਗ ਕਰਕੇ ਕਸ਼ਮੀਰ ਸੂਬੇ ਦੀ ਖੁਦਮੁਖਤਿਆਰੀ ਰੱਦ ਕਰਕੇ ਉਥੋ ਦੇ ਨਿਵਾਸੀਆ ਦੀ ਵਿਧਾਨਿਕ ਆਜਾਦੀ ਨੂੰ ਪੂਰਨ ਰੂਪ ਵਿਚ ਕੁੱਚਲ ਦਿੱਤਾ ਹੈ ਅਤੇ ਅੱਜ ਵੀ ਉਥੇ ਤਾਨਾਸਾਹੀ ਅਮਲ ਤੇ ਨੀਤੀਆ ਲਾਗੂ ਕੀਤੀਆ ਜਾ ਰਹੀਆ ਹਨ ਜਿਨ੍ਹਾਂ ਦੀ ਅਸੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਸੈਂਟਰ ਦੀ ਮੋਦੀ ਹਕੂਮਤ ਅਤੇ ਉਥੋ ਦੇ ਗਵਰਨਰੀ ਰਾਜ ਦੀਆਂ ਆਪ-ਹੁਦਰੀਆ ਕਾਰਵਾਈਆ ਨੂੰ ਅਤਿ ਸ਼ਰਮਨਾਕ ਅਤੇ ਗੈਰ-ਵਿਧਾਨਿਕ ਕਰਾਰ ਦਿੰਦੇ ਹਾਂ । ਸ. ਮਾਨ ਨੇ ਇਹ ਵੀ ਸੰਕਾ ਪ੍ਰਗਟ ਕੀਤੀ ਕਿ ਜੋ 8000 ਦੇ ਕਰੀਬ ਸੇਬਾਂ ਦੇ ਟਰੱਕ ਜ਼ਬਰੀ ਰੋਕੇ ਗਏ ਹਨ, ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਉਨ੍ਹਾਂ ਦੇ ਮਾਲੀ ਸਾਧਨਾਂ ਉਤੇ ਮੋਦੀ ਹਕੂਮਤ ਦਾ ਆਪਣੇ ਅੰਬਾਨੀ-ਅਡਾਨੀ ਵਰਗੇ ਧਨਾਂਢ ਉਦਯੋਗਪਤੀਆਂ ਨੂੰ ਉਥੋ ਦੇ ਵਪਾਰ ਉਤੇ ਕਬਜਾ ਕਰਨ ਦੀ ਨੀਤੀ ਹੋਵੇ ਅਤੇ ਕਸ਼ਮੀਰੀਆਂ ਨੂੰ ਮਾਲੀ, ਸਮਾਜਿਕ ਅਤੇ ਵਿਧਾਨਿਕ ਤੌਰ ਤੇ ਹੋਰ ਕੰਮਜੋਰ ਕਰਨ ਦੀ ਮੰਦਭਾਵਨਾ ਭਰੀ ਸੋਚ ਲਾਗੂ ਕਰਨ ਦੀ ਸਾਜਿਸ ਹੋਵੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਕਸ਼ਮੀਰੀ ਭਰਾਵਾਂ ਤੇ ਉਥੋ ਦੇ ਨਿਵਾਸੀਆ ਉਤੇ ਹੋ ਰਹੇ ਇਸ ਜ਼ਬਰ ਅਤੇ ਬੇਇਨਸਾਫ਼ੀ ਨੂੰ ਬਿਲਕੁਲ ਸਹਿਣ ਨਹੀ ਕਰੇਗਾ । ਉਨ੍ਹਾਂ ਦੇ ਹਰ ਇਨਸਾਫ ਪ੍ਰਾਪਤੀ ਦੇ ਸੰਘਰਸ਼ ਦਾ ਡੱਟਕੇ ਸਮਰੱਥਨ ਕਰੇਗਾ ।

Leave a Reply

Your email address will not be published. Required fields are marked *