15 ਸਤੰਬਰ ਨੂੰ ਕੌਮਾਂਤਰੀ ਜਮਹੂਰੀਅਤ ਦਿਹਾੜੇ ਉਤੇ ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਬਹਾਲ ਕਰਵਾਉਣ ਹਿੱਤ ਧਰਮ ਸਿੰਘ ਮਾਰਕਿਟ ਅੰਮ੍ਰਿਤਸਰ ਵਿਖੇ ਹੁੰਮ-ਹੁੰਮਾਕੇ ਪਹੁੰਚੋ : ਮਾਨ

ਫ਼ਤਹਿਗੜ੍ਹ ਸਾਹਿਬ, 13 ਸਤੰਬਰ ( ) “ਦੁਨੀਆਂ ਦੀ ਕੌਮਾਂਤਰੀ ਸੰਸਥਾਂ ਯੂ.ਐਨ. ਵੱਲੋਂ 15 ਸਤੰਬਰ ਨੂੰ ਜੋ ਸਮੁੱਚੇ ਸੰਸਾਰ ਲਈ ਕੌਮਾਂਤਰੀ ਜ਼ਮਹੂਰੀਅਤ ਦਿਹਾੜੇ ਦੇ ਤੌਰ ਤੇ ਐਲਾਨਿਆ ਹੋਇਆ ਹੈ, ਉਸ ਦਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਬਹੁਤ ਹੀ ਮਹੱਤਵਪੂਰਨ ਦਿਨ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਾਹਰ ਧਰਮ ਸਿੰਘ ਮਾਰਕਿਟ, ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਸਾਹਮਣੇ ਵੱਡਾ ਕੌਮੀ ਇਕੱਠ ਕਰਕੇ ਕੌਮਾਂਤਰੀ ਜ਼ਮਹੂਰੀਅਤ ਦਿਹਾੜਾ ਮਨਾਇਆ ਜਾ ਰਿਹਾ ਹੈ । ਜਿਸ ਵਿਚ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਇੰਡੀਅਨ ਹੁਕਮਰਾਨਾਂ ਵੱਲੋਂ ਜਮਹੂਰੀਅਤ ਬੀਤੇ 11 ਸਾਲਾਂ ਤੋਂ ਕੁੱਚਲੀ ਹੋਈ ਹੈ, ਉਸਨੂੰ ਬਹਾਲ ਕਰਵਾਉਣ ਦੇ ਕਾਨੂੰਨੀ ਨਿਯਮਾਂ ਅਨੁਸਾਰ ਅਮਲ ਕਰਨ ਹਿੱਤ ਅਤੇ 25-25 ਸਾਲਾਂ ਤੋਂ ਜੇਲ੍ਹਾਂ ਵਿਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਵਾਉਣ ਹਿੱਤ ਆਵਾਜ ਉਠਾਉਦੇ ਹੋਏ ਇਸ ਦਿਨ ਨੂੰ ਅਤੇ ਕੌਮੀ ਆਵਾਜ਼ ਨੂੰ ਕੌਮਾਂਤਰੀ ਪੱਧਰ ਤੇ ਬੁਲੰਦ ਕੀਤਾ ਜਾਵੇਗਾ । ਜਿਸ ਵਿਚ ਸਮੁੱਚੇ ਪੰਜਾਬੀਆਂ, ਘੱਟ ਗਿਣਤੀ ਕੌਮਾਂ, ਕਬੀਲਿਆ ਆਦਿ ਸਭਨਾਂ ਨੂੰ ਆਪੋ-ਆਪਣੇ ਸਾਧਨਾਂ ਰਾਹੀ ਸਵੇਰੇ 11 ਵਜੇ ਪਹੁੰਚਣ ਦੀ ਸੰਜ਼ੀਦਾ ਅਪੀਲ ਕੀਤੀ ਜਾਂਦੀ ਹੈ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਜੋ ਹਮੇਸ਼ਾਂ ਹੀ ਇਨਸਾਨੀ ਕਦਰਾਂ-ਕੀਮਤਾਂ, ਸਰਬੱਤ ਦੇ ਭਲੇ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਅਤੇ ਅਮਨ-ਚੈਨ ਨੂੰ ਕਾਇਮ ਰੱਖਣ ਦੀ ਗੱਲ ਕਰਦੇ ਹੋਏ ਦ੍ਰਿੜਤਾ ਨਾਲ ਅਮਲ ਕਰਦੇ ਆ ਰਹੇ ਹਨ, ਉਨ੍ਹਾਂ ਨੂੰ 15 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਾਹਰ ਪਹੁੰਚਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਇਸ ਅਪੀਲ ਵਿਚ ਸ. ਮਾਨ ਨੇ ਬੀਤੇ 11 ਸਾਲ ਪਹਿਲੇ ਚੁਣੇ ਹੋਏ ਐਸ.ਜੀ.ਪੀ.ਸੀ. ਮੈਬਰਾਂ ਨੂੰ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਦੀ ਗੱਲ ਕਰਦੇ ਹੋਏ ਕਿਹਾ ਕਿ ਐਸ.ਜੀ.ਪੀ.ਸੀ. ਦੀ ਸੰਸਥਾਂ ਸਾਡੀ ਧਾਰਮਿਕ ਅਤੇ ਗੁਰੂਘਰਾਂ ਦੇ ਸੁਚਾਰੂ ਪ੍ਰਬੰਧ ਨੂੰ ਚਲਾਉਣ ਵਾਲੀ ਕੌਮੀ ਸੰਸਥਾਂ ਹੈ ਜੋ 1925 ਦੇ ਐਕਟ ਰਾਹੀ ਕਾਨੂੰਨ ਦੁਆਰਾ ਹੋਂਦ ਵਿਚ ਆਈ ਹੈ, ਜਿਸਦੇ ਕਾਨੂੰਨ ਅਨੁਸਾਰ ਹਰ 5 ਸਾਲ ਬਾਅਦ ਜਰਨਲ ਚੋਣਾਂ ਹੋਣੀਆ ਬਣਦੀਆ ਹਨ । ਲੇਕਿਨ ਬੀਤੇ 11 ਸਾਲਾਂ ਤੋਂ ਸੈਂਟਰ ਦੇ ਹੁਕਮਰਾਨ ਮੰਦਭਾਵਨਾ ਅਧੀਨ ਆਪਣੇ ਸਿਆਸੀ ਭਾਈਵਾਲਾ ਨੂੰ ਸਿਆਸੀ ਤੇ ਮਾਲੀ ਫਾਇਦੇ ਪਹੁੰਚਾਉਣ ਹਿੱਤ ਇਸਦੀ ਜਮਹੂਰੀਅਤ ਨੂੰ ਨਿਰੰਤਰ ਕੁੱਚਲਦੇ ਆ ਰਹੇ ਹਨ । ਜੋ ਕਿ ਇੰਡੀਅਨ ਵਿਧਾਨ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ । ਇਸ ਜਮਹੂਰੀਅਤ ਨੂੰ ਬਹਾਲ ਕਰਵਾਉਣ ਦੇ ਨਾਲ-ਨਾਲ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀ ਹਨ, ਜਿਨ੍ਹਾਂ ਨੇ 328 ਪਾਵਨ ਸਰੂਪ ਲਾਪਤਾ ਕੀਤੇ ਹਨ, ਜਿਨ੍ਹਾਂ ਨੇ ਅਮਨਮਈ ਰੋਸ਼ ਕਰ ਰਹੇ ਸਿੱਖਾਂ ਉਤੇ ਗੋਲੀਆਂ ਚਲਾਕੇ ਸਿੱਖਾਂ ਨੂੰ ਸ਼ਹੀਦ ਤੇ ਜਖ਼ਮੀ ਕੀਤਾ ਹੈ, ਉਨ੍ਹਾਂ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦੇ ਮੁੱਦੇ ਵੀ ਉਠਾਏ ਜਾਣਗੇ । ਇਸ ਤੋ ਇਲਾਵਾ ਪੰਜਾਬ ਸੂਬੇ ਨਾਲ ਸੈਂਟਰ ਦੇ ਹੁਕਮਰਾਨਾਂ ਵੱਲੋ ਪਾਣੀਆਂ ਦੇ ਮੁੱਦੇ ਉਤੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਨੂੰ ਜੋ ਜ਼ਬਰੀ ਸੈਟਰ ਦੀ ਹਵਾਲੇ ਕੀਤਾ ਗਿਆ ਹੈ, ਸਾਡੇ ਵਿਧਾਨਿਕ ਹੱਕਾਂ ਨੂੰ ਖੋਹਿਆ ਗਿਆ ਹੈ, ਉਨ੍ਹਾਂ ਵਿਰੁੱਧ ਲਾਮਬੰਦ ਕਰਨ ਲਈ ਅਤੇ ਆਪਣੇ ਇਨ੍ਹਾਂ ਪੰਜਾਬ ਦੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਵੀ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸਮੂਹਿਕ ਤੌਰ ਤੇ ਦ੍ਰਿੜਤਾ ਪੂਰਵਕ ਸੰਘਰਸ਼ ਕਰਨ ਦੀ ਤਿਆਰੀ ਕਰਨ ਲਈ ਵੀ ਵਿਚਾਰਾਂ ਹੋਣਗੀਆ। 

ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਕੇਵਲ ਆਮ ਪੰਜਾਬੀ ਤੇ ਸਿੱਖ ਹੀ ਇਸ ਮਹਾਨ ਦਿਹਾੜੇ ਉਤੇ ਪਹੁੰਚਕੇ ਕੌਮੀ ਅਤੇ ਪੰਜਾਬ ਦੀ ਆਵਾਜ ਨੂੰ ਹੀ ਬੁਲੰਦ ਨਹੀ ਕਰਨਗੇ ਬਲਕਿ ਜਿਊਂਦੀ-ਜਾਂਗਦੀ ਜਮੀਰ ਦੇ ਮਾਲਕ ਚੁਣੇ ਹੋਏ ਐਸ.ਜੀ.ਪੀ.ਸੀ. ਮੈਬਰ ਵੀ ਆਪੋ-ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈਕੇ ਇਸ ਇਕੱਠ ਵਿਚ ਪਹੁੰਚਕੇ ਆਪਣੀ ਕੁੱਚਲੀ ਹੋਈ ਜਮਹੂਰੀਅਤ ਨੂੰ ਬਹਾਲ ਕਰਨ ਲਈ ਆਪਣੀਆ ਜਿ਼ੰਮੇਵਾਰੀਆ ਨੂੰ ਪੂਰਨ ਕਰਨਗੇ । ਸ. ਮਾਨ ਨੇ ਵਿਦਿਆਰਥੀਆਂ, ਮਜਦੂਰਾਂ, ਕਿਸਾਨਾਂ, ਮੁਲਾਜ਼ਮਾਂ, ਸਾਬਕਾ ਫ਼ੌਜੀਆ, ਅਧਿਆਪਕਾ, ਟਰਾਸਪੋਰਟਰਾਂ, ਵਪਾਰੀਆ, ਆੜਤੀਆ, ਵਕੀਲਾਂ ਆਦਿ ਸਭ ਵਰਗਾਂ ਨੂੰ ਇਸ ਇਕੱਠ ਵਿਚ ਪਹੁੰਚਣ ਦੀ ਜੋਰਦਾਰ ਅਪੀਲ ਵੀ ਕੀਤੀ ।

Leave a Reply

Your email address will not be published. Required fields are marked *