ਬੀਬੀ ਬਾਨੋ ਦੇ ਬਲਾਤਕਾਰੀਆ ਅਤੇ 14 ਮੈਬਰਾਂ ਨੂੰ ਕਤਲ ਕਰਨ ਵਾਲੇ 11 ਕਾਤਲਾਂ ਨੂੰ ਰਿਹਾਅ ਕਰਕੇ ਹੁਕਮਰਾਨ ਕਿਹੜੇ ਇਨਸਾਫ਼ ਦੀ ਗੱਲ ਕਰ ਰਹੇ ਹਨ ? : ਮਾਨ

ਫ਼ਤਹਿਗੜ੍ਹ ਸਾਹਿਬ, 18 ਅਗਸਤ ( ) “ਮੋਦੀ ਮੁਤੱਸਵੀ ਹਕੂਮਤ ਤੇ ਇਥੋ ਦੀਆਂ ਅਦਾਲਤਾਂ, ਜੱਜ ਜੋ ਅਕਸਰ ਹੀ ਬਹੁਗਿਣਤੀ ਹਿੰਦੂ ਕੌਮ ਨਾਲ ਸੰਬੰਧਤ ਹਨ, ਉਨ੍ਹਾਂ ਵੱਲੋਂ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਮੁਸਲਿਮ, ਸਿੱਖ, ਇਸਾਈ ਅਤੇ ਰੰਘਰੇਟਿਆ ਨੂੰ ਬਣਦਾ ਇਨਸਾਫ਼, ਸਤਿਕਾਰ-ਮਾਣ ਅਤੇ ਬਰਾਬਰਤਾ ਦੇ ਅਧਿਕਾਰ ਹੀ ਪ੍ਰਦਾਨ ਨਹੀ ਕੀਤੇ ਜਾ ਰਹੇ ਬਲਕਿ ਬਹੁਗਿਣਤੀ ਨਾਲ ਸੰਬੰਧਤ ਬੀਬੀਆਂ ਦੇ ਬਲਾਤਕਾਰ ਕਰਨ ਵਾਲੇ ਅਤੇ ਸਮੂਹਿਕ ਕਤਲ ਕਰਨ ਵਾਲੇ ਫਿਰਕੂਆਂ ਨੂੰ ਇਹ ਹੁਕਮਰਾਨ ਅਤੇ ਅਦਾਲਤਾਂ ਰਿਹਾਅ ਕਰਕੇ ਇਸ ਮੁਲਕ ਵਿਚ ਕਿਹੜੇ ਇਨਸਾਫ਼ ਦੀ ਗੱਲ ਕਰ ਰਹੀਆ ਹਨ ? ਇਹ ਤਾਂ ਜੰਗਲ ਦੇ ਰਾਜ ਵਾਲੇ ਅਮਲ ਹਨ । ਜਿਨ੍ਹਾਂ ਨੂੰ ਨਾ ਤਾਂ ਕੋਈ ਵੀ ਕੌਮਾਂਤਰੀ ਕਾਨੂੰਨ ਅਤੇ ਨਾ ਹੀ ਇਨ੍ਹਾਂ ਦੇ ਇੰਡੀਅਨ ਵਿਧਾਨ ਦਾ ਕਾਨੂੰਨ ਪ੍ਰਵਾਨਗੀ ਦਿੰਦਾ ਹੈ। ਪਰ ਸਿਆਸੀ ਤੌਰ ਤੇ ਫੈਸਲੇ ਕਰਕੇ ਬਲਾਤਕਾਰੀਆਂ ਤੇ ਕਾਤਲਾਂ ਨੂੰ ਰਿਹਾਅ ਕਰਨਾ ਤਾਂ ਹੈਵਾਨੀਅਤ ਦੀ ਪ੍ਰਤੱਖ ਮਿਸਾਲ ਹੈ ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਗੁਜਰਾਤ ਵਿਖੇ 2002 ਵਿਚ ਸਾਜ਼ਸੀ ਢੰਗ ਨਾਲ ਮੁਸਲਿਮ ਕੌਮ ਦੇ ਕੀਤੇ ਗਏ ਕਤਲੇਆਮ ਸਮੇਂ ਬੀਬੀ ਬਿਲਕੀਸ ਬਾਨੋ ਨਾਲ ਫਿਰਕੂਆਂ ਵੱਲੋਂ ਸਮੂਹਿਕ ਤੌਰ ਤੇ ਬਲਾਤਕਾਰ ਕਰਨ ਅਤੇ 14 ਪਰਿਵਾਰ ਦੇ ਮੈਬਰਾਂ ਦਾ ਕਤਲੇਆਮ ਕਰਨ ਵਾਲੇ ਕਾਤਲਾਂ ਨੂੰ ਮੋਦੀ ਹਕੂਮਤ ਅਤੇ ਅਦਾਲਤਾਂ ਵੱਲੋ ਰਿਹਾਅ ਕਰਨ ਦੀ ਅਤਿ ਸ਼ਰਮਨਾਕ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਥੇ ਘੱਟ ਗਿਣਤੀਆ ਲਈ ਕਿਸੇ ਤਰ੍ਹਾਂ ਦਾ ਇਨਸਾਫ਼ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਜਦੋ ਸ੍ਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਦੀ ਮੋਦੀ ਸਰਕਾਰ ਨੇ ਗਿਣੀਮਿੱਥੀ ਸਾਜਿਸ ਅਧੀਨ ਇਕ ਗੱਡੀ ਵਿਚ ਸਵਾਰ ਮੁਸਲਮਾਨਾਂ ਨੂੰ ਅੱਗ ਲਗਾਕੇ ਕੇਵਲ 2000 ਮੁਸਲਮਾਨਾਂ ਦਾ ਹੀ ਦਿਨ ਦਿਹਾੜੇ ਕਤਲੇਆਮ ਹੀ ਨਹੀ ਕੀਤਾ ਬਲਕਿ 19 ਸਾਲਾਂ ਦੀ ਇਸ ਬੀਬੀ ਦੀ 3 ਸਾਲਾਂ ਦੀ ਧੀ ਨੂੰ ਵੀ ਬਲਾਤਕਾਰੀਆ ਨੇ ਮਾਰ ਦਿੱਤਾ ਅਤੇ ਇਸ ਨਾਲ ਸਮੂਹਿਕ ਬਲਾਤਕਾਰ ਕੀਤਾ । ਇਥੇ ਹੀ ਬਸ ਨਹੀ ਜੋ ਇਸ ਪਰਿਵਾਰ ਦੇ 14 ਮੈਬਰਾਂ ਨੂੰ ਖਤਮ ਕੀਤਾ ਗਿਆ, ਇਹ ਤਾਂ ਸਿਰੇ ਦੀ ਗੈਰ ਇਨਸਾਨੀਅਤ ਕਾਰਵਾਈ ਸੀ । ਜਿਸਦੀ ਸਮੁੱਚੇ ਮੁਲਕ ਅਤੇ ਕੌਮਾਂਤਰੀ ਪੱਧਰ ਤੇ ਉਸ ਸਮੇਂ ਵੀ ਜੋਰਦਾਰ ਨਿੰਦਾ ਹੋਈ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਜਿਨ੍ਹਾਂ ਬਲਾਤਕਾਰੀਆ ਅਤੇ ਕਾਤਲਾਂ ਨੂੰ ਫ਼ਾਂਸੀ ਹੋਣੀ ਚਾਹੀਦੀ ਸੀ, ਉਨ੍ਹਾਂ ਨੂੰ ਮੋਦੀ ਹਕੂਮਤ ਦੇ ਸਿਆਸੀ ਦਬਾਅ ਨੂੰ ਕਬੂਲਦੇ ਹੋਏ ਅਦਾਲਤਾਂ ਨੇ ਰਿਹਾਅ ਕਰਨ ਦੇ ਹੁਕਮ ਕਰਕੇ ਇਸ ਬੀਬੀ ਦੇ ਮਨ-ਆਤਮਾ ਨੂੰ ਫਿਰ ਵਲੂੰਧਰ ਦਿੱਤਾ ਹੈ ਜੋ ਕਿ ਗੈਰ ਇਨਸਾਨੀਅਤ ਅਤੇ ਇਨਸਾਫ਼ ਵਿਰੋਧੀ ਅਮਲ ਹਨ ਅਤੇ ਜੰਗਲ ਦੇ ਰਾਜ ਵਾਲੀਆ ਕਾਰਵਾਈਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਕਬੀਲੇ, ਆਦਿਵਾਸੀਆ, ਰੰਘਰੇਟਿਆ ਨੂੰ ਇਹ ਅਤਿ ਸੰਜ਼ੀਦਗੀ ਭਰੀ ਅਪੀਲ ਕਰਨੀ ਚਾਹੇਗਾ ਕਿ ਇਸ ਹਿੰਦੂਤਵ ਮੁਲਕ ਵਿਚ ਇਥੋ ਦੀਆਂ ਅਦਾਲਤਾਂ, ਜੱਜ ਅਤੇ ਹੁਕਮਰਾਨ ਸਾਨੂੰ ਬਣਦਾ ਇਨਸਾਫ਼ ਨਹੀ ਦੇ ਸਕਦੇ ਅਤੇ ਨਾ ਹੀ ਸਾਡੇ ਮਨੁੱਖੀ ਅਧਿਕਾਰਾਂ, ਸਮਾਜਿਕ ਤੇ ਧਾਰਮਿਕ ਹੱਕਾਂ ਦੀ ਰਖਵਾਲੀ ਦੀ ਇਸ ਮੁਲਕ ਵਿਚ ਕਿਸੇ ਤਰ੍ਹਾਂ ਦੀ ਗ੍ਰਾਂਟੀ ਹੋ ਸਕਦੀ ਹੈ । ਇਸ ਲਈ ਸਭ ਵਰਗ ਅਤੇ ਕੌਮਾਂ ਜਿੰਨੀ ਜਲਦੀ ਹੋ ਸਕੇ ‘ਸਰਬੱਤ ਦਾ ਭਲਾ’ ਮੰਗਣ ਵਾਲੀ ਹਰ ਦੀਨ ਦੁੱਖੀ, ਲੋੜਵੰਦ, ਬੇਸਹਾਰਿਆ ਦੀ ਨਿਰਪੱਖਤਾ ਨਾਲ ਮਦਦ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਝੰਡੇ ਹੇਠ ਇਕੱਤਰ ਹੋ ਕੇ ਬਹੁਗਿਣਤੀ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਲਈ ਚੁਣੋਤੀ ਬਣਕੇ ਖਲੋ ਜਾਣ । ਫਿਰ ਹੀ ਇਕ ਤਾਕਤ ਹੋ ਕੇ ਅਸੀ ਸਭ ਇਨ੍ਹਾਂ ਜਾਬਰ ਅਤੇ ਨਾਦਰਸਾਹੀ ਕਾਰਵਾਈਆ ਦੇ ਮਾਲਕ ਹੁਕਮਰਾਨਾਂ ਦੀ ਗੁਲਾਮੀਅਤ ਅਤੇ ਜਲਾਲਤ ਤੋ ਛੁਟਕਾਰਾ ਪਾ ਸਕਦੇ ਹਾਂ । ਵਰਨਾ ਇਹ ਹੁਕਮਰਾਨ ਸੌੜੀਆ ਸਾਜਿਸਾਂ ਰਾਹੀ ਸਮੇ-ਸਮੇ ਤੇ ਇਕ-ਇਕ ਵਰਗ ਤੇ ਫਿਰਕੇ ਨੂੰ ਲੈਕੇ 2002 ਵਿਚ ਵਾਪਰੇ ਦੁਖਾਂਤ ਦਾ ਨਿਸਾਨਾਂ ਵੀ ਬਣਾਉਦੇ ਰਹਿਣਗੇ ਅਤੇ ਸਾਨੂੰ ਅਦਾਲਤਾਂ ਦੇ ਇਨਸਾਫ਼ ਤੋ ਵਾਂਝੇ ਵੀ ਰੱਖਣਗੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਭ ਘੱਟ ਗਿਣਤੀ ਕੌਮਾਂ ਅਤੇ ਵਰਗ ਸਾਡੀ ਸੰਜ਼ੀਦਗੀ ਭਰੀ ਅਪੀਲ ਨੂੰ ਮੁੱਖ ਰੱਖਦੇ ਹੋਏ ਅਤੇ ਇਨਸਾਫ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਇਕ ਪਲੇਟਫਾਰਮ ਤੇ ਇਕੱਤਰ ਹੋਣਗੇ । ਉਨ੍ਹਾਂ 15 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਪਲਾਜੇ ਸਾਹਮਣੇ ਪਾਰਟੀ ਵੱਲੋ ਕੌਮਾਂਤਰੀ ਜਮਹੂਰੀਅਤ ਦਿਹਾੜਾ ਮਨਾਏ ਜਾਣ ਦੇ ਦਿਨ ਉਤੇ ਸਮੁੱਚੇ ਵਰਗਾਂ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ।

Leave a Reply

Your email address will not be published. Required fields are marked *