ਮੁਲਕ ਲਈ ਸ਼ਹੀਦੀਆਂ ਵਿਚ ਮੋਹਰੀ ਰਹਿਣ ਵਾਲੀ ਸਿੱਖ ਕੌਮ ਨੂੰ ਹੁਕਮਰਾਨਾਂ ਵੱਲੋਂ ਜ਼ਲੀਲ ਕਰਨਾ ਅਤਿ ਸ਼ਰਮਨਾਕ ਅਤੇ ਅਸਹਿ : ਮਾਨ

ਈਸੜੂ, 15 ਅਗਸਤ ( ) “ਜਿਸ ਸਿੱਖ ਕੌਮ ਨੇ ਮੁਲਕ ਨੂੰ ਆਜ਼ਾਦ ਕਰਵਾਉਣ ਵਿਚ ਮੋਹਰਲੀਆ ਕਤਾਰਾ ਵਿਚ ਫਖ਼ਰ ਵਾਲੇ ਕਾਰਨਾਮੇ ਕਰਕੇ 90% ਸ਼ਹਾਦਤਾਂ ਦਿੱਤੀਆ ਹੋਣ, ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰਨ ਸਮੇਂ, 1962,65 ਅਤੇ 71 ਦੀਆਂ ਜੰਗਾਂ ਵਿਚ ਮੁਲਕ ਦੀ ਢਾਲ ਬਣਕੇ ਖੜ੍ਹਦੀ ਰਹੀ ਹੋਵੇ, ਜੋ ਜਰਵਾਣਿਆ ਵੱਲੋ ਹਿੰਦੂ ਧੀਆਂ-ਭੈਣਾਂ, ਬਹੂ-ਬੇਟੀਆਂ ਨੂੰ ਜ਼ਬਰੀ ਚੁੱਕ ਕੇ ਲੈਜਾਣ ਦੇ ਅਤਿ ਭੈੜੇ ਹਾਲਾਤਾਂ ਸਮੇਂ ਉਨ੍ਹਾਂ ਬਹੂ-ਬੇਟੀਆਂ ਨੂੰ ਬਾਇੱਜ਼ਤ ਮੁਗਲਾਂ ਦੇ ਚੁੰਗਲ ਵਿਚੋ ਛੁਡਵਾਕੇ ਘਰੋ-ਘਰੀ ਪਹੁੰਚਾਉਦੇ ਰਹੇ ਹੋਣ, ਇਸ ਮੁਲਕ ਦੀ ਚਹੁਪੱਖੀ ਤਰੱਕੀ ਵਿਚ ਅਤੇ ਸਮੁੱਚੇ ਮੁਲਕ ਦਾ ਢਿੱਡ ਭਰਨ ਲਈ ਆਨਾਜ ਪੈਦਾ ਕਰਨ ਵਿਚ ਮੋਹਰੀ ਰਹੀ ਹੋਵੇ, ਉਸ ਸਿੱਖ ਕੌਮ ਨੂੰ ਇਥੋ ਦੇ ਹੁਕਮਰਾਨਾਂ ਵੱਲੋ ਬਣਦਾ ਸਤਿਕਾਰ-ਮਾਣ ਨਾ ਦੇਣਾ, ਉਨ੍ਹਾਂ ਨਾਲ ਆਜ਼ਾਦੀ ਪ੍ਰਾਪਤੀ ਸੰਗਰਾਮ ਸਮੇ ਕੀਤੇ ਗਏ ਕੌਲ-ਇਕਰਾਰਾਂ, ਬਚਨਾਂ ਨੂੰ ਪੂਰਨ ਨਾ ਕਰਨਾ, ਬਲਕਿ ਬੀਤੇ 75 ਸਾਲਾਂ ਤੋਂ ਕਿਸੇ ਵੀ ਖੇਤਰ ਵਿਚ ਇਨਸਾਫ਼ ਨਾ ਦੇ ਕੇ ਜ਼ਬਰ-ਜੁਲਮ, ਬੇਇਨਸਾਫ਼ੀਆਂ, ਵਿਤਕਰੇ ਕਰਨ ਵਾਲੇ ਹੁਕਮਰਾਨਾਂ ਨੂੰ ਸ਼ਰਮ ਨਾਲ ਡੁੱਬਕੇ ਮਰ ਜਾਣਾ ਚਾਹੀਦਾ ਹੈ ਜੋ ਅੱਜ ਵੀ ਸਿੱਖ ਕੌਮ ਨੂੰ ਉਨ੍ਹਾਂ ਦੇ ਵਿਧਾਨਿਕ, ਜਮਹੂਰੀ, ਸਮਾਜਿਕ ਅਤੇ ਇਖਲਾਕੀ ਹੱਕ-ਹਕੂਕ ਪ੍ਰਦਾਨ ਕਰਨ ਤੋ ਆਨਾਕਾਨੀ ਕਰ ਰਹੇ ਹਨ । ਸਰਬੱਤ ਦਾ ਭਲਾ ਲੌੜਨ ਵਾਲੀ ਸਿੱਖ ਕੌਮ ਨੂੰ ਮੰਦਭਾਵਨਾ ਭਰੀਆ ਸਾਜਿ਼ਸਾਂ ਅਧੀਨ ਬਿਨ੍ਹਾਂ ਵਜਹ ਬਦਨਾਮ ਕਰਨ ਅਤੇ ਫਿਰ ਨਿਸ਼ਾਨਾਂ ਬਣਾਕੇ ਉਨ੍ਹਾਂ ਉਤੇ ਫ਼ੌਜੀ, ਅਰਧ ਸੈਨਿਕ ਬਲ, ਪੁਲਿਸ ਤੇ ਸਿਵਲ ਅਫਸਰਸਾਹੀ ਰਾਹੀ ਨਿੰਦਣਯੋਗ ਅਮਲ ਕਰ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਖੰਨੇ ਦੇ ਨਜ਼ਦੀਕ ਈਸੜੂ ਦੇ ਇਤਿਹਾਸਕ ਸਥਾਨ ਉਤੇ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਾਈ ਕਰਨੈਲ ਸਿੰਘ ਈਸੜੂ ਅਤੇ ਸ਼ਹੀਦ ਭਾਈ ਭੁਪਿੰਦਰ ਸਿੰਘ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਕੀਤੀ ਜਾਣ ਵਾਲੀ ਸ਼ਹੀਦੀ ਕਾਨਫਰੰਸ ਨੂੰ ਈਸੜੂ ਵਿਖੇ ਕੋਹਿਨੂਰ ਪੈਲੇਸ ਦੇ ਸਥਾਂਨ ਤੇ ਸੁਬੋਧਿਤ ਹੁੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਦੀ ਕੁੱਲ ਆਬਾਦੀ ਦਾ 2% ਆਬਾਦੀ ਵਾਲੀ ਸਿੱਖ ਕੌਮ ਦੀ ਬਹਾਦਰੀ ਅਤੇ ਜੋਖਮ ਭਰੇ 85% ਉਦਮਾਂ ਅਤੇ ਕੁਰਬਾਨੀਆਂ ਨੂੰ ਨਜ਼ਰ ਅੰਦਾਜ ਕਰਕੇ ਹੁਕਮਰਾਨ, ਫ਼ੌਜ, ਸਿਵਲ ਤੇ ਹੋਰ ਖੇਤਰਾਂ ਵਿਚ ਨਿਰੰਤਰ ਬੀਤੇ 75 ਸਾਲਾਂ ਤੋਂ ਜ਼ਬਰ-ਜੁਲਮ, ਬੇਇਨਸਾਫ਼ੀਆਂ ਤੇ ਭਾਰੀ ਵਿਤਕਰੇ ਕਰਦੇ ਆ ਰਹੇ ਹਨ । ਇਥੋ ਤੱਕ ਕਿ 25-25, 30-30 ਸਾਲਾਂ ਤੋ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਕਾਨੂੰਨ ਅਨੁਸਾਰ ਰਿਹਾਅ ਕਰਨ ਤੋ ਵੀ ਮੁੰਨਕਰ ਹੋ ਰਹੇ ਹਨ । ਇਥੇ ਹੀ ਬਸ ਨਹੀ, ਖੇਤੀ ਪ੍ਰਧਾਨ ਪੰਜਾਬ ਸੂਬੇ ਜਿਸਦਾ ਸਮੁੱਚਾ ਕਾਰ-ਵਿਹਾਰ ਇਥੋ ਦੇ ਕੀਮਤੀ ਪਾਣੀਆ, ਬਿਜਲੀ ਉਤੇ ਨਿਰਭਰ ਹੈ, ਉਹ ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਪਾਣੀਆਂ ਨੂੰ ‘ਰੀਪੇਰੀਅਨ’ ਕਾਨੂੰਨ ਦੀ ਉਲੰਘਣਾ ਕਰਕੇ ਜ਼ਬਰੀ ਖੌਹਕੇ ਦਿੱਲੀ, ਹਰਿਆਣਾ, ਰਾਜਸਥਾਂਨ ਨੂੰ ਦਿੱਤੇ ਜਾ ਰਹੇ ਹਨ । ਸਾਡੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਤੋਂ ਜ਼ਬਰੀ ਬਿਜਲੀ ਖੋਹੀ ਜਾ ਰਹੀ ਹੈ । ਫਿਰ ਇਨ੍ਹਾਂ ਸਾਧਨਾਂ ਦੀ ਰੀਅਲਟੀ ਕੀਮਤ ਵੀ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਨਹੀ ਦਿੱਤੀ ਜਾ ਰਹੀ । ਕਹਿਣ ਤੋ ਭਾਵ ਹੈ ਕਿ ਮੰਦਭਾਵਨਾ ਭਰੀ ਸੋਚ ਅਧੀਨ ਪੰਜਾਬ ਸੂਬੇ ਤੇ ਪੰਜਾਬੀਆਂ ਦੀ ਮਾਲੀ ਹਾਲਤ ਤੇ ਜੀਵਨ ਪੱਧਰ ਨੂੰ ਡਾਵਾਡੋਲ ਕਰਨ ਲਈ ਅਜਿਹੇ ਅਮਲ ਗੈਰ ਕਾਨੂੰਨੀ ਢੰਗ ਨਾਲ ਕੀਤੇ ਜਾ ਰਹੇ ਹਨ। ਜੋ ਆਜਾਦੀ ਦੇ ਸਮਰੋਹ ਨੂੰ ਮੁੱਖ ਰੱਖਕੇ ਹੁਕਮਰਾਨਾਂ ਨੇ ਸਮੁੱਚੇ ਇੰਡੀਆ ਵਿਚ ਨਫ਼ਰਤ ਫੈਲਾਉਣ ਦੀ ਮੰਦਭਾਵਨਾ ਅਧੀਨ ਤਿਰੰਗੇ ਝੰਡੇ ਨੂੰ ਹਰ ਘਰ ਉਤੇ ਜ਼ਬਰੀ ਲਗਾਉਣ ਦੇ ਅਮਲ ਕੀਤੇ ਜਾ ਰਹੇ ਹਨ । ਇਸ ਸੋਚ ਅਧੀਨ ਸਾਡੇ ਗੁਰੂਘਰਾਂ, ਸਿੱਖੀ ਸੰਸਥਾਵਾਂ ਜਿਥੇ ਸਦੀਆਂ ਤੋ ਖ਼ਾਲਸਾਈ ਝੰਡੇ ਝੂਲਦੇ ਰਹਿਣ ਦੀ ਰਵਾਇਤ ਪ੍ਰਚੱਲਿਤ ਹੈ, ਉਥੇ ਸਰਕਾਰੀ ਲਿਖਤੀ ਹੁਕਮਾਂ ਰਾਹੀ ਤਿਰੰਗੇ ਝੰਡੇ ਨੂੰ ਲਗਾਉਣ ਲਈ ਹੁਕਮਰਾਨ ਸਿਆਸੀ ਤੇ ਨਿਜਾਮੀ ਤਾਕਤ ਦੀ ਵੱਡੇ ਪੱਧਰ ਤੇ ਦੁਰਵਰਤੋ ਕਰਦੇ ਨਜ਼ਰ ਆ ਰਹੇ ਹਨ । ਅਜਿਹੇ ਅਮਲ ਤਾਂ ਪਹਿਲੋ ਹੀ ਜਖ਼ਮੀ ਹੋਏ ਸਿੱਖ ਮਨਾਂ ਤੇ ਆਤਮਾਵਾ ਦੇ ਜਖ਼ਮਾਂ ਨੂੰ ਕੁਰੇਦਣ ਅਤੇ ਘੱਟ ਗਿਣਤੀ ਸਿੱਖ ਕੌਮ ਵਿਚ ਵੱਡਾ ਬ਼ਗਾਵਤੀ ਰੋਹ ਪੈਦਾ ਕਰਨ ਵਾਲੇ ਸਮਾਜ ਤੇ ਅਮਨ ਭੰਗ ਕਰਨ ਵਿਰੋਧੀ ਕਾਰਵਾਈਆ ਹਨ ਜੋ ਸਿੱਖ ਕੌਮ ਲਈ ਅਸਹਿ ਹਨ ਅਤੇ ਸਿੱਖ ਕੌਮ ਅਜਿਹਾ ਕਦਾਚਿੱਤ ਬਰਦਾਸਤ ਨਹੀ ਕਰੇਗੀ ।

ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮਨਾਕ ਤੇ ਇਖਲਾਕ ਤੋ ਡਿੱਗੀ ਹੋਈ ਗੱਲ ਹੈ ਕਿ ਸਾਡੇ ਪਹਿਲੇ ਖ਼ਾਲਸਾ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ਤਹਿ ਦੇ ਪ੍ਰਤੀਕ ‘ਚੱਪੜ੍ਹਚਿੱੜੀ’ ਦੇ ਮਹਾਨ ਸਥਾਂਨ ਵਿਖੇ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਸੈਟਰ ਸਰਕਾਰ ਨੇ ਮਿਲੀਭੁਗਤ ਕਰਕੇ ਬੀਤੀ ਰਾਤ ਉਥੇ ਤਿਰੰਗੇ ਵਾਲੀਆ ਰੌਸਨੀਆਂ ਕਰਕੇ ਸਿੱਖ ਮਨਾਂ ਤੇ ਆਤਮਾਵਾ ਨੂੰ ਬਹੁਤ ਹੀ ਗਹਿਰਾ ਦੁੱਖ ਪਹੁੰਚਾਇਆ ਹੈ ਜਦੋਕਿ ਅਜਿਹੇ ਸਥਾਨਾਂ ਉਤੇ ਹਮੇਸ਼ਾਂ ਖ਼ਾਲਸਾਈ ਕੇਸਰੀ ਝੰਡੇ ਝੂਲਣ ਦੀ ਕੌਮੀ ਮਰਿਯਾਦਾ ਤੇ ਰਵਾਇਤ ਪ੍ਰਚੱਲਿਤ ਹੈ । ਇਹ ਹਿੰਦੂਤਵ ਹੁਕਮਰਾਨ ਹਊਮੈ ਵਿਚ ਆ ਕੇ ਸਾਡੀਆ ਪੰਥਕ ‘ਸਰਬੱਤ ਦੇ ਭਲੇ’ ਵਾਲੀਆ ਮਹਾਨ ਮਰਿਯਾਦਾਵਾ ਅਤੇ ਰਵਾਇਤਾ ਦਾ ਜ਼ਬਰੀ ਘਾਣ ਕਰਨ ਤੇ ਤੁੱਲੇ ਹੋਏ ਹਨ । ਜਦੋਕਿ ਇਨ੍ਹਾਂ ਨੂੰ ਇਹ ਵੀ ਜਾਣਕਾਰੀ ਹੈ ਕਿ ਅਜਿਹੇ ਅਮਲ ਕਰਨ ਨਾਲ ਇਥੋ ਦਾ ਸਮਾਜਿਕ ਮਾਹੌਲ ਨਫਰਤ ਭਰਿਆ ਅਤੇ ਵਿਸਫੋਟਕ ਬਣੇਗਾ । ਫਿਰ ਅਜਿਹੇ ਗੈਰ ਵਿਧਾਨਿਕ, ਗੈਰ ਜਮਹੂਰੀਅਤ, ਪੰਥਕ ਮਰਿਯਾਦਾਵਾ ਤੇ ਰਵਾਇਤਾ ਵਿਰੋਧੀ ਕਾਰਵਾਈਆ ਹੁਕਮਰਾਨ ਕਿਸ ਮੰਦਭਾਵਨਾ ਭਰੇ ਮਕਸਦ ਨੂੰ ਲੈਕੇ ਕਰ ਰਹੇ ਹਨ ਅਤੇ ਇਥੇ ਅਰਾਜਕਤਾ ਕਿਉ ਫੈਲਾਉਣਾ ਚਾਹੁੰਦੇ ਹਨ ? ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨੇ ਫਿਰਕੂ ਸੋਚ ਅਧੀਨ ਸਾਡੇ ਕੌਮੀ ਸਿੱਖੀ ਸੰਸਥਾਵਾਂ, ਗੁਰੂਘਰਾਂ ਉਤੇ ਤਿਰੰਗੇ ਝੰਡੇ ਲਗਾਉਣ ਦੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਬੰਦ ਨਾ ਕੀਤੀਆ, ਤਾਂ ਸਿੱਖ ਕੌਮ ਨੇ ਵੀ ਇਨ੍ਹਾਂ ਦੀ ਇਸ ਚੁਣੋਤੀ ਨੂੰ ਸੰਜ਼ੀਦਗੀ ਨਾਲ ਲੈਦੇ ਹੋਏ ਪੰਜਾਬ, ਇੰਡੀਆ, ਬਾਹਰਲੇ ਮੁਲਕਾਂ ਵਿਚ ਵੱਸਦੇ ਸਿੱਖਾਂ ਨੂੰ 14-15 ਅਗਸਤ ਅਤੇ ਆਉਣ ਵਾਲੇ ਦਿਨਾਂ ਵਿਚ ਖ਼ਾਲਸਾਈ ਝੰਡੇ ਝੁਲਾਉਣ ਦਾ ਪ੍ਰੋਗਰਾਮ ਤੇ ਸੰਦੇਸ ਦਿੱਤਾ ਹੋਇਆ ਹੈ ਜਿਸਨੂੰ ਸਿੱਖ ਕੌਮ ਨੇ ਪੂਰਨ ਸਿੱਦਤ ਨਾਲ ਪ੍ਰਵਾਨ ਕਰਦੇ ਹੋਏ ਇਨ੍ਹਾਂ ਹਿੰਦੂਤਵੀਆ ਦੇ ਘੱਟ ਗਿਣਤੀ ਸਿੱਖ ਵਿਰੋਧੀ ਕਾਰਵਾਈਆ ਨੂੰ ਬਿਲਕੁਲ ਵੀ ਸਹਿਣ ਨਾ ਕਰਨ ਅਤੇ ਸਿੱਖੀ ਰਵਾਇਤਾ ਉਤੇ ਪਹਿਰਾ ਦੇਣ ਦੇ ਦ੍ਰਿੜਤਾ ਨਾਲ ਅਮਲ ਕੀਤੇ ਹਨ । ਜੋ ਇਨ੍ਹਾਂ ਦੀ ਗੈਰ ਵਿਧਾਨਿਕ ਦਿੱਤੀ ਗਈ ਚੁਣੋਤੀ ਨੂੰ ਸਿੱਖ ਕੌਮ ਵੱਲੋ ਪ੍ਰਵਾਨ ਕਰਨ ਦਾ ਸੰਦੇਸ਼ ਹੈ । ਸ. ਮਾਨ ਨੇ ਸਮੁੱਚੀ ਸਿੱਖ ਕੌਮ, ਨੌਜਵਾਨੀ, ਪ੍ਰਚਾਰਕਾਂ, ਰਾਗੀਆ, ਢਾਡੀਆ, ਕਥਾਵਾਚਕਾਂ, ਡੇਰੇਦਾਰਾਂ, ਸੰਪ੍ਰਦਾਵਾ, ਟਕਸਾਲਾਂ, ਸਿੱਖ ਸਟੂਡੈਟ ਫੈਡਰੇਸ਼ਨਾਂ, ਸੁਖਮਨੀ ਸਾਹਿਬ ਸੁਸਾਇਟੀਆ ਤੇ ਸਮੁੱਚੇ ਪੰਥਕ ਸੰਗਠਨਾਂ ਨੂੰ ਇਹ ਜੋਰਦਾਰ ਅਪੀਲ ਕੀਤੀ ਕਿ ਉਹ ਖਾਲਸਾਈ ਕੇਸਰੀ ਝੰਡੇ ਲਹਿਰਾਉਣ ਦੀ ਆਪਣੀਆ ਪੰਥਕ ਰਵਾਇਤਾ ਦੀ ਜਿ਼ੰਮੇਵਾਰੀ ਨੂੰ ਪੂਰਨ ਕਰਨ । ਕਿਉਂਕਿ ਸਿੱਖ ਕੌਮ ਕਿਸੇ ਤਰ੍ਹਾਂ ਦੇ ਜ਼ਬਰ ਜਾਂ ਜ਼ਾਬਰ ਅੱਗੇ ਨਾ ਤਾਂ ਕਦੇ ਝੁਕੀ ਹੈ ਅਤੇ ਨਾ ਹੀ ਝੁਕੇਗੀ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਭਾਵੇ ਅਸੀ ਮੁਕਾਰਤਾ ਅਤੇ ਫਰੇਬੀ ਸੋਚ ਵਾਲੇ ਹੁਕਮਰਾਨਾਂ ਦੇ ਨਿਜਾਮ ਵਿਚ ਰਹਿ ਰਹੇ ਹਾਂ, ਪਰ ਅਸੀ ਆਪਣੀ ਵੱਖਰੀ ਤੇ ਅਣਖੀਲੀ ਕੌਮੀ ਪਹਿਚਾਣ ਨੂੰ ਸਦੀਆਂ ਤੋ ਬੀਤੇ ਸਮੇ ਵਿਚ ਵੀ ਕਾਇਮ ਰੱਖਿਆ ਹੈ ਅਤੇ ਆਉਣ ਵਾਲੇ ਸਮੇ ਵਿਚ ਵੀ ਕਾਇਮ ਰੱਖਾਂਗੇ ਅਤੇ ਕਿਸੇ ਤਰ੍ਹਾਂ ਦੇ ਜ਼ਬਰ ਅੱਗੇ ਸੀਸ ਨਹੀ ਝੁਕਾਵਾਂਗੇ । ਉਨ੍ਹਾਂ ਸ਼ਹੀਦ ਭਾਈ ਕਰਨੈਲ ਸਿੰਘ ਤੇ ਉਨ੍ਹਾਂ ਵਰਗੇ ਹੋਰ ਕੌਮੀ ਸ਼ਹੀਦਾਂ ਜਿਨ੍ਹਾਂ ਨੇ ਬੀਤੇ ਸਮੇ ਵਿਚ ਸਰਬੱਤ ਦੇ ਭਲੇ ਅਤੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਆਪਣਾ ਇਖਲਾਕ ਉਜਾਗਰ ਕਰਦੇ ਹੋਏ ਸਰਹੱਦਾਂ ਉਤੇ, ਆਜਾਦੀ ਸੰਗਰਾਮ ਜਾਂ ਹੋਰ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਮਹਾਨ ਸ਼ਹਾਦਤਾਂ ਦਿੱਤੀਆ ਹਨ । ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਵੱਲੋ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਬੀਤੇ ਲੰਮੇ ਸਮੇ ਤੋਂ ਲੜਾਈਆ ਲੜਦੇ ਆ ਰਹੇ ਹਾਂ । ਮੁਗਲ, ਅਫਗਾਨ, ਅੰਗਰੇਜ਼ਾਂ ਦੇ ਜ਼ਬਰ ਜੁਲਮ ਸਾਨੂੰ ਕਦੀ ਵੀ ਆਪਣੇ ਨਿਸ਼ਾਨੇ ਤੋਂ ਥਿੜਕਾ ਨਹੀ ਸਕੇ ਅਤੇ ਨਾ ਹੀ ਅਸੀ ਅਜਿਹੇ ਜਾਬਰਾਂ ਅੱਗੇ ਕਦੀ ਈਨ ਮੰਨੀ ਹੈ । ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਜਿਥੇ ਸਰਬੱਤ ਦੇ ਭਲੇ ਦੀ ਸੋਚ ਉਤੇ ਅਮਲ ਕਰਨ ਦੇ ਆਦੇਸ਼ ਦਿੱਤੇ ਹਨ, ਉਥੇ ਬਦਤਰ ਸਮਾਂ ਆਉਣ ਉਤੇ ਜ਼ਾਬਰ ਤੇ ਜਾਲਮਾਂ ਦਾ ਸਿੱਖੀ ਰਵਾਇਤਾ ਅਨੁਸਾਰ ਖਾਤਮਾ ਕਰਨ ਦੇ ਹੁਕਮ ਵੀ ਕੀਤੇ ਹਨ । ਜਦੋ ਜਾਬਰਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਸਨ ਅਤੇ ਖੁਰਾਖੋਜ ਮਿਟਾਉਣ ਦੇ ਆਦੇਸ਼ ਦਿੱਤੇ ਸਨ, ਤਾਂ ਉਸ ਸਮੇ ਸ਼ਹੀਦ ਭਾਈ ਬੋਤਾ ਸਿੰਘ, ਸ਼ਹੀਦ ਭਾਈ ਗਰਜਾ ਸਿੰਘ ਨੇ ਲਾਹੌਰ ਜੀ.ਟੀ. ਰੋਡ ਉਤੇ ਟੈਕਸ ਲਗਾਕੇ ਜ਼ਾਬਰ ਹੁਕਮਰਾਨਾਂ ਨੂੰ ਇਹ ਸੰਦੇਸ਼ ਦਿੱਤਾ ਸੀ ਕਿ ਸਿੱਖ ਕੌਮ ਨੂੰ ਖਤਮ ਕਰਨ ਵਾਲੇ ਖੁਦ ਖਤਮ ਹੋ ਗਏ । ਸਿੱਖਾਂ ਨੂੰ ਕੋਈ ਵੀ ਜਾਬਰ ਹੁਕਮਰਾਨ ਨਾ ਕਦੀ ਖਤਮ ਕਰ ਸਕਿਆ ਹੈ ਅਤੇ ਨਾ ਹੀ ਕਰ ਸਕੇਗਾ । ਇਸ ਲਈ ਆਉਣ ਵਾਲੇ ਸਮੇ ਵਿਚ ਸ਼ਹੀਦਾਂ ਅਤੇ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਸੋਚ ਤੇ ਪਹਿਰਾ ਦਿੰਦੇ ਹੋਏ ਆਪਣੀ ਆਜਾਦੀ ਖਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਲਈ ਅਡੋਲ ਵੱਧਦੇ ਜਾਓ, ਉਥੇ ਆਪਣੀਆ ਕੌਮੀ, ਇਖਲਾਕੀ ਕਦਰਾਂ-ਕੀਮਤਾਂ, ਰਵਾਇਤਾਂ ਦੀ ਦ੍ਰਿੜਤਾ ਨਾਲ ਪਾਲਣ ਕਰਨਾ ਵੀ ਕਦੀ ਵੀ ਨਾ ਭੁੱਲੋ ਕਿਉਂਕਿ ਦੋਵੇ ਦ੍ਰਿੜਤਾ ਅਤੇ ਕਦਰਾਂ-ਕੀਮਤਾਂ ਉਤੇ ਪਹਿਰਾ ਦੇਣ ਦੇ ਗੁਣ ਹੀ ਸਾਡੀ ਕੌਮੀ ਵੱਡਮੁੱਲੀ ਤਾਕਤ ਹੈ । ਜਿਸ ਰਾਹੀ ਅਸੀ ਅਵੱਸ ਆਪਣੀ ਮੰਜਿਲ ਤੇ ਪਹੁੰਚਾਂਗੇ, ਖਾਲਿਸਤਾਨ ਅਵੱਸ ਬਣੇਗਾ । ਖਾਲਸਾਈ ਝੰਡੇ ਅੱਜ ਦੀ ਤਰ੍ਹਾਂ ਹਰ ਘਰ ਉਤੇ ਝੂਲਣਗੇ ।

Leave a Reply

Your email address will not be published. Required fields are marked *